ਪੰਥਕ ਫਰੰਟ ਵਿਚ ਸ਼ਾਮਲ ਪਾਰਟੀਆਂ ਨੇ ਆਪੋ-ਆਪਣੇ ਰਾਹ ਚੁਣੇ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਥਕ ਫਰੰਟ ਵਿੱਚ ਸ਼ਾਮਲ ਦੋਹਾਂ ਪਾਰਟੀਆਂ ਨੇ ਆਪੋ ਆਪਣੇ ਰਾਹ ਚੁਣ ਲਏ ਹਨ। ਚੋਣਾਂ ਲੜਨ ਬਾਰੇ ਸਹਿਮਤੀ ਨਾ ਹੋਣ ਤੋਂ ਬਾਅਦ ਅਕਾਲੀ ਦਲ (ਯੂਨਾਈਟਿਡ) ਨੇ ਚੋਣਾਂ ਨਾ ਲੜਣ ਦਾ ਫ਼ੈਸਲਾ ਲਿਆ ਹੈ। ਦੋ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਧਿਆਨ ਸਿੰਘ ਮੰਡ ਨੇ ਦੋਹਾਂ ਧਿਰਾਂ ਨੂੰ ਨੇੜੇ ਲਿਆਉਣ ਲਈ ਚਾਰਾਜ਼ੋਈ ਸ਼ੁਰੂ ਕਰ ਦਿੱਤੀ ਹੈ। ਅਕਾਲੀ ਦਲ (ਯੂਨਾਈਟਿਡ) ਦੇ ਰਾਮਪੁਰਾ ਫੂਲ ਤੋਂ ਉਮੀਦਵਾਰ ਗੁਰਦੀਪ ਸਿੰਘ ਨੇ ਚੋਣ ਮੈਦਾਨ ਵਿੱਚੋਂ ਲਾਂਭੇ ਹੋਣ ਦਾ ਫ਼ੈਸਲਾ ਲਿਆ ਹੈ।
ਪੰਥਕ ਫਰੰਟ ਦੀ ਮੁੱਖ ਧਿਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵਿਧਾਨ ਸਭਾ ਹਲਕਾ ਬਰਨਾਲਾ ਅਤੇ ਅਮਰਗੜ੍ਹ ਤੋਂ ਚੋਣ ਲੜ ਰਹੇ ਹਨ। ਪੰਥਕ ਫਰੰਟ 55 ਸੀਟਾਂ ਤੋਂ ਉਮੀਦਵਾਰ ਐਲਾਨ ਚੁੱਕਿਆ ਹੈ। ਅਕਾਲੀ ਦਲ (ਯੂਨਾਈਟਿਡ) ਵੱਲੋਂ ਪਾਸਾ ਵੱਟਣ ਕਰਨ ਹਾਲ ਦੀ ਘੜੀ ਹੋਰ ਉਮੀਦਵਾਰਾਂ ਦੀ ਸੂਚੀ ਰੋਕ ਲਈ ਗਈ ਹੈ। ਪਤਾ ਲੱਗਿਆ ਹੈ ਕਿ ਪੰਥਕ ਫਰੰਟ ਵਿੱਚ ਸ਼ਾਮਲ ਦੋਹਾਂ ਪਾਰਟੀਆਂ ਦੀ ਅਸਹਿਮਤੀ ਦਾ ਮੁੱਖ ਕਾਰਨ ਵਿਧਾਨ ਸਭਾ ਚੋਣਾਂ ਬਣੀਆਂ ਹਨ।
ਅਕਾਲੀ ਦਲ (ਯੂਨਾਈਟਿਡ) ਵੱਲੋਂ 117 ਦੀ ਥਾਂ ਚੋਣਵੀਆਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ, ਜਦਕਿ ਅਕਾਲੀ ਦਲ (ਅੰਮ੍ਰਿਤਸਰ) ਸਾਰੀਆਂ ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰਨ ‘ਤੇ ਅੜਿਆ ਹੋਇਆ ਹੈ। ਯੂਨਾਈਟਿਡ ਦਲ ਦੇ ਭਾਈ ਮੋਹਕਮ ਸਿੰਘ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਦਾ ਇਰਾਦਾ ਚੋਣਵੀਆਂ ਸੀਟਾਂ ‘ਤੇ ਤਕੜੀ ਟੱਕਰ ਦੇਣ ਦਾ ਹੈ, ਜਦਕਿ ਸਿਮਰਨਜੀਤ ਸਿੰਘ ਮਾਨ ਚੋਣ ਨਿਸ਼ਾਨ ਬਚਾਉਣ ਲਈ ਨਿਰਧਾਰਤ ਵੋਟਾਂ ਲੈਣ ਦੇ ਰੌਂਅ ਵਿਚ ਹਨ। ਦੂਜਾ ਕਾਰਨ ਸ੍ਰੀ ਮਾਨ ਵੱਲੋਂ ਦਿੱਤਾ ਬਿਆਨ ਹੈ। ਉਨ੍ਹਾਂ ਨੇ ਸਰਕਾਰ ਬਣਨ ‘ਤੇ ਵਿਧਾਨ ਸਭਾ ਵਿੱਚ ਖ਼ਾਲਿਸਤਾਨ ਦਾ ਮਤਾ ਪਾਸ ਕਰਨ ਦਾ ਬਿਆਨ ਦਿੱਤਾ ਸੀ। ਉਂਜ ਯੂਨਾਈਟਿਡ ਅਕਾਲੀ ਦਲ, ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਜ਼ਰੂਰ ਕਰੇਗਾ। ਬਹੁਜਨ ਸਮਾਜ ਪਾਰਟੀ ਦੇ ਬਾਨੀ ਕਾਂਸ਼ੀ ਰਾਮ ਦਾ ਭਾਣਜਾ ਚਰਨਜੀਤ ਸਿੰਘ ਆਜ਼ਾਦ ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਦਲ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਿਹਾ ਹੈ। ਦਲਿਤ ਕ੍ਰਾਂਤੀ ਦਲ ਵੀ ਸਿਮਰਨਜੀਤ ਸਿੰਘ ਮਾਨ ਨਾਲ ਜੁੜ ਚੁੱਕਿਆ ਹੈ। ਯੂਨਾਈਟਿਡ ਅਕਾਲੀ ਦਲ ਵੱਲੋਂ ਆਮ ਆਦਮੀ ਪਾਰਟੀ ਨਾਲ ਰਲ ਕੇ ਚੋਣ ਲੜਨ ਨੂੰ ਪਹਿਲ ਦਿੱਤੀ ਜਾ ਰਹੀ ਸੀ, ਪਰ ਗੱਲ ਸਿਰੇ ਨਹੀਂ ਲੱਗ ਸਕੀ।
ਇਸੇ ਦੌਰਾਨ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕਿ ਉਨ੍ਹਾਂ ਦੇ ਚੋਣ ਲੜਨ ਨਾਲ ਅਕਾਲੀ ਦਲ (ਬਾਦਲ) ਨੂੰ ਲਾਭ ਮਿਲੇਗਾ ਤੇ ਉਹ ਅਜਿਹਾ ਨਹੀਂ ਚਾਹੁੰਦੇ। ਉਹ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿਚ ਚੋਣ ਲੜ ਰਹੇ ਉਮੀਦਵਾਰ ਦੀ ਹਮਾਇਤ ਕਰਨਗੇ। ਭਾਈ ਮੋਹਕਮ ਸਿੰਘ ਦਾ ਕਹਿਣਾ ਹੈ ਕਿ ਉਹ ਹਾਲੇ ਕੁਝ ਵੀ ਕਹਿਣ ਦੇ ਹੱਕ ਵਿਚ ਨਹੀਂ ਹਨ ਅਤੇ ਪਾਰਟੀ ਦੀ ਨੀਤੀ ਦਾ ਖਾਲਸਾ ਛੇਤੀ ਹੀ ਕੀਤਾ ਜਾਵੇਗਾ।
Comments (0)