ਅਮਰੀਕਾ ਦੀ ਉਪ ਰਾਸ਼ਟਰਪਤੀ ਦੀ ਭਾਣਜੀ ਨੇ ਨਵੇਂ ਟਵੀਟਾਂ ਨਾਲ ਭਾਰਤ ਵਿਚ ਹਿੰਸਕ ਰਾਸ਼ਟਰਵਾਦ 'ਤੇ ਸੱਟ ਮਾਰੀ

ਅਮਰੀਕਾ ਦੀ ਉਪ ਰਾਸ਼ਟਰਪਤੀ ਦੀ ਭਾਣਜੀ ਨੇ ਨਵੇਂ ਟਵੀਟਾਂ ਨਾਲ ਭਾਰਤ ਵਿਚ ਹਿੰਸਕ ਰਾਸ਼ਟਰਵਾਦ 'ਤੇ ਸੱਟ ਮਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

26 ਜਨਵਰੀ ਨੂੰ ਦਿੱਲੀ ਵਿਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਭਾਰਤ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੇ ਪੱਖ ਵਿਚ ਦੁਨੀਆ ਦੀਆਂ ਕਈ ਨਾਮਵਰ ਹਸਤੀਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਹੈ। ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਭਾਣਜੀ ਮੀਨਾ ਹੈਰਿਸ ਵੀ ਖੁੱਲ੍ਹ ਕੇ ਕਿਸਾਨਾਂ ਦੇ ਸਮਰਥਨ ਵਿਚ ਬੋਲ ਰਹੀ ਹੈ। ਪਰ ਭਾਰਤ ਵਿਚ ਹਿੰਦੁਤਵ ਨਾਲ ਜੁੜੀਆਂ ਅਤੇ ਭਾਜਪਾ ਦੀਆਂ ਸਮਰਥਕ ਭੀੜਾਂ ਨੂੰ ਮੀਨਾ ਹੈਰਿਸ ਦਾ ਕਿਸਾਨਾਂ ਨਾਲ ਹੇਜ ਪਚਿਆ ਨਹੀਂ। ਉਹਨਾਂ ਮੀਨਾ ਹੈਰਿਸ ਦੇ ਪੂਤਲੇ ਸਾੜਨੇ ਸ਼ੁਰੂ ਕਰ ਦਿੱਤੇ ਅਤੇ ਟਵਿੱਟਰ ਉੱਤੇ ਵੀ ਉਸ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਗਈ। ਪਰ ਇਸ ਦੇ ਜਵਾਬ ਵਿਚ ਮੀਨਾ ਹੈਰਿਸ ਨੇ ਹੋਰ ਦ੍ਰਿੜਤਾ ਨਾਲ ਕਿਸਾਨਾਂ ਦਾ ਸਮਰਥਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਉਹ ਭਾਰਤ ਵਿਚ ਵੱਧ ਰਹੀਆਂ ਫਾਸ਼ੀਵਾਦੀ ਬਿਰਤੀਆਂ ਅਤੇ ਸਿੱਖਾਂ 'ਤੇ ਹੋ ਰਹੇ ਹਮਲਿਆਂ ਬਾਰੇ ਵੀ ਬੋਲਣ ਲੱਗੀ ਹੈ। 

ਮੀਨਾ ਹੈਰਿਸ ਨੇ ਬੀਤੀ ਰਾਤ ਟਵੀਟ ਕਰਦਿਆਂ ਲਿਖਿਆ, "ਇਹ ਸਿਰਫ ਕਿਸਾਨੀ ਨੀਤੀਆਂ ਸਬੰਧੀ ਨਹੀਂ ਹੈ। ਇਹ ਅਵਾਜ਼ ਚੁੱਕਣ ਵਾਲੀ ਧਾਰਮਿਕ ਘੱਟਗਿਣਤੀ 'ਤੇ ਹੁੰਦੇ ਜ਼ੁਲਮਾਂ ਬਾਰੇ ਵੀ ਹੈ। ਇਹ ਪੁਲਿਸ ਦੀ ਹਿੰਸਾ, ਅੱਤਵਾਦੀ ਰਾਸ਼ਟਰਵਾਦ ਅਤੇ ਕਿਰਤੀਆਂ ਦੇ ਹੱਕਾਂ 'ਤੇ ਹਮਲਿਆਂ ਬਾਰੇ ਹੈ। ਇਹਨਾਂ ਨੂੰ ਆਪਣੇ ਮਸਲੇ ਦੱਸ ਕੇ ਮੈਨੂੰ ਬਾਹਰ ਰਹਿਣ ਲਈ ਨਾ ਕਹੋ। ਇਹ ਸਭ ਸਾਡੇ ਮਸਲੇ ਹਨ।"

ਦੱਸ ਦਈਏ ਕਿ ਮੀਨਾ ਹੈਰਿਸ ਨੇ 3 ਫਰਵਰੀ ਨੂੰ ਕਿਸਾਨ ਸੰਘਰਸ਼ ਦੇ ਸਮਰਥਨ 'ਚ ਟਵੀਟ ਕਰਦਿਆਂ ਲਿਖਿਆ ਸੀ, "ਇਹ ਕੋਈ ਇਤਫਾਕ ਨਹੀਂ ਕਿ ਇਕ ਮਹੀਨੇ ਤੋਂ ਵੀ ਘੱਟ ਸਮਾਂ ਹੋਇਆ ਜਦੋਂ ਦੁਨੀਆ ਦੇ ਸਭ ਤੋਂ ਪੁਰਾਣੇ ਲੋਕਤੰਤਰ (ਅਮਰੀਕਾ) 'ਤੇ ਹਮਲਾ ਕੀਤਾ ਗਿਆ ਸੀ ਅਤੇ ਹੁਣ ਦੁਨੀਆ ਦਾ ਸਭ ਤੋਂ ਵੱਡੀ ਅਬਾਦੀ ਵਾਲਾ ਲੋਕਤੰਤਰ ਹਮਲੇ ਦਾ ਸਾਹਮਣਾ ਕਰ ਰਿਹਾ ਹੈ। ਇਹ ਸਭ ਆਪਸ ਵਿਚ ਜੁੜਿਆ ਹੋਇਆ ਹੈ। ਸਾਨੂੰ ਸਭ ਨੂੰ ਭਾਰਤ ਵਿਚ ਇੰਟਰਨੈੱਟ ਪਾਬੰਦੀਆਂ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਖਿਲਾਫ ਪੁਲਿਸ ਹਿੰਸਾ 'ਤੇ ਰੋਹ ਪ੍ਰਗਟ ਕਰਨਾ ਚਾਹੀਦਾ ਹੈ।"

ਇਸ ਤੋਂ ਕੁੱਝ ਘੰਟੇ ਪਹਿਲਾਂ ਦੁਨੀਆ ਦੀ ਮਸ਼ਹੂਰ ਪੋਪ ਗਾਇਕਾ ਰਿਹਾਨਾ ਅਤੇ ਵਾਤਵਾਰਨ ਬਚਾਉਣ ਲਈ ਕਾਰਜਸ਼ੀਲ ਬੱਚੀ ਗ੍ਰੇਟਾ ਥਨਬਰਗ ਨੇ ਵੀ ਕਿਸਾਨ ਸੰਘਰਸ਼ ਦੀ ਹਮਾਇਤ ਵਿਚ ਟਵੀਟ ਕੀਤੇ ਸਨ। ਇਹਨਾਂ ਟਵੀਟਾਂ ਤੋਂ ਬਾਅਦ ਭਾਰਤ ਵਿਚ ਫਿਲਮੀ ਹਸਤੀਆਂ ਅਤੇ ਕ੍ਰਿਕਟ ਖਿਡਾਰੀਆਂ ਵੱਲੋਂ ਇਹਨਾਂ ਕੌਮਾਂਤਰੀ ਪੱਧਰ ਦੀਆਂ ਹਸਤੀਆਂ ਦੇ ਟਵੀਟਾਂ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣਾ ਦੱਸਿਆ ਗਿਆ ਅਤੇ ਇਹਨਾਂ ਖਿਲਾਫ ਟਵੀਟਾਂ ਦੀ ਇਕ ਲੜੀ ਚਲਾਈ ਗਈ। 

ਕਈ ਥਾਵਾਂ 'ਤੇ ਹਿੰਦੁਤਵੀ ਸੰਸਥਾਵਾਂ ਨਾਲ ਜੁੜੇ ਲੋਕਾਂ ਨੇ ਮੀਨਾ, ਗ੍ਰੇਟਾ, ਰਿਹਾਨਾ ਤੇ ਕਿਸਾਨ ਸੰਘਰਸ਼ ਦੇ ਸਮਰਥਨ 'ਚ ਬੋਲਣ ਵਾਲੀਆਂ ਨਾਮਵਰ ਹਸਤੀਆਂ ਦੀਆਂ ਤਸਵੀਰਾਂ ਅਤੇ ਪੁਤਲੇ ਸਾੜੇ। 

ਮੀਨਾ ਹੈਰਿਸ ਦੀ ਤਸਵੀਰ ਚੁੱਕ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਇਕ ਸਮੂਹ ਦੀ ਫੋਟੋ ਸਾਂਝੀ ਕਰਦਿਆਂ ਮੀਨਾ ਨੇ ਟਵੀਟ ਕੀਤਾ, "ਮੈਂ ਸਿਰਫ ਭਾਰਤੀ ਕਿਸਾਨਾਂ ਦੇ ਮਨੁੱਖੀ ਹੱਕਾਂ ਦੀ ਰਾਖੀ ਲਈ ਅਵਾਜ਼ ਚੁੱਕੀ ਸੀ ਤੇ ਇਹਨਾਂ ਦਾ ਜਵਾਬ ਦੇਖੋ।"

ਕਿਸਾਨ ਸੰਘਰਸ਼ ਦੇ ਨਾਲ-ਨਾਲ ਮਜ਼ਦੂਰਾਂ ਦੇ ਹੱਕਾਂ ਲਈ ਅਵਾਜ਼ ਚੁੱਕਣ ਵਾਲੀ ਨੌਦੀਪ ਕੌਰ ਦਾ ਮਸਲਾ ਵੀ ਮੀਨਾ ਹੈਰਿਸ ਨੇ ਚੁੱਕਿਆ। ਨੌਦੀਪ ਕੌਰ ਨੂੰ ਦਿੱਲੀ ਪੁਲਸ ਨੇ ਹਿਰਾਸਤ ਵਿਚ ਰੱਖਿਆ ਅਤੇ ਦਿੱਲੀ ਪੁਲਿਸ 'ਤੇ ਦੋਸ਼ ਹੈ ਕਿ ਨੌਦੀਪ ਕੌਰ ਨਾਲ ਹਿਰਾਸਤ ਵਿਚ ਸ਼ਰੀਰਕ ਸ਼ੋਸ਼ਣ ਕੀਤਾ ਗਿਆ। ਮੀਨਾ ਹੈਰਿਸ ਨੇ ਆਪਣੇ ਟਵੀਟ 'ਤੇ ਲਿਖਿਆ, "ਇਕ ਹਿੰਸਕ ਭੀੜ ਵੱਲੋਂ ਆਪਣੀ ਫੋਟੋ ਨੂੰ ਸਾੜਦਿਆਂ ਦੇਖ ਕੇ ਅਜੀਬ ਮਹਿਸੂਸ ਹੋ ਰਿਹਾ ਹੈ ਪਰ ਸੋਚੋ ਜੇ ਅਸੀਂ ਭਾਰਤ ਵਿਚ ਰਹਿੰਦੇ ਹੁੰਦੇ ਤਾਂ ਇਹ ਸਾਡੇ ਨਾਲ ਕੀ ਕਰਦੇ। ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ 23 ਸਾਲਾਂ ਦੀ ਮਜ਼ਦੂਰਾਂ ਲਈ ਕੰਮ ਕਰਨ ਵਾਲੀ ਨੌਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਗਿਆ, ਤਸ਼ੱਦਦ ਕੀਤਾ ਗਿਆ ਅਤੇ ਪੁਲਿਸ ਹਿਰਾਸਤ ਵਿਚ ਉਸ ਨਾਲ ਸ਼ਰੀਰਕ ਸ਼ੋਸ਼ਣ ਕੀਤਾ ਗਿਆ। ਉਸਨੂੰ 20 ਦਿਨ ਬਿਨ੍ਹਾਂ ਜ਼ਮਾਨਤ ਤੋਂ ਹਿਰਾਸਤ ਵਿਚ ਰੱਖਿਆ ਗਿਆ।"