ਅਣਦੇਖਿਆ ਕਸ਼ਮੀਰ : ਮੇਰੀ ਇਕ ਧੀ ਭਾਰਤੀ, ਇਕ ਪਾਕਿਸਤਾਨੀ
ਵਹੀਦਾ ਕੁਰੈਸ਼ੀ, ਪਾਕਿਸਤਾਨ ਅਧੀਨ ਕਸ਼ਮੀਰ ‘ਚ ਵਿਆਹੀ ਭਾਰਤੀ ਕਸ਼ਮੀਰੀ। ਮੈਂ ਉਦੋਂ ਸਿਰਫ਼ 20 ਸਾਲ ਦੀ ਸੀ, ਜਦੋਂ ਇਸ ਦੇ ਪਿਤਾ ਪਾਕਿਸਤਾਨ ਤੋਂ ਆਏ ਅਤੇ ਐਲ.ਓ.ਸੀ. ‘ਤੇ ਮੇਰੇ ਪਿਤਾ ਨੂੰ ਮਿਲੇ। ਫਿਰ ਸਾਡੇ ਘਰ ਆਏ ਅਤੇ ਆਪਣੇ ਬੇਟੇ ਲਈ ਮੇਰਾ ਹੱਥ ਮੰਗ ਲਿਆ। ਮੇਰੇ ਪਤੀ ਦੇ ਪਿਤਾ ਰਿਸ਼ਤੇ ‘ਤੇ ਮੇਰੇ ਦਾਦਾ ਲੱਗਦੇ ਹਨ ਤਾਂ ਇਕ ਤਰ੍ਹਾਂ ਨਾਲ ਇਹ ਵਿਆਹ ਰਿਸ਼ਤੇਦਾਰੀ ‘ਚ ਹੀ ਹੋ ਰਿਹਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਸਾਡੇ ਪਰਿਵਾਰ ‘ਚ ਕਿਸੇ ਨੇ ਪਾਕਿਸਤਾਨ ਵਾਲੇ ਕਸ਼ਮੀਰ ‘ਚ ਵਿਆਹ ਨਹੀਂ ਕੀਤਾ ਸੀ। ਮੈਂ ਉਥੇ ਕਦੇ ਨਹੀਂ ਗਈ ਸੀ। ਪਿਤਾ ਜੀ ਜ਼ਰੂਰ ਗਏ ਸਨ ਅਤੇ ਦੱਸਦੇ ਸਨ ਕਿ ਉਥੇ ਉਨ੍ਹਾਂ ਦੇ ਬਹੁਤ ਸਾਰੇ ਰਿਸ਼ਤੇਦਾਰ ਹਨ। ਪਿਤਾ ਜੀ ਨੇ ਜੋ ਤੈਅ ਕਰ ਦਿੱਤਾ, ਉਸ ‘ਤੇ ਸਵਾਲ ਚੁੱਕਣ ਦਾ ਮੈਨੂੰ ਕੋਈ ਹੱਕ ਨਹੀਂ ਸੀ। ਬੱਸ ਸਭ ਕੁੱਝ ਅਚਾਨਕ ਹੋ ਗਿਆ। ਮੈਂ ਨਾ ਆਪਣੇ ਹੋਣ ਵਾਲੇ ਪਤੀ ਨੂੰ ਮਿਲੀ ਸੀ, ਨਾ ਗੱਲ ਕੀਤੀ ਸੀ।
ਅੰਦਾਜ਼ਾ ਨਹੀਂ ਸੀ ਮੁਸ਼ਕਲਾਂ ਦਾ :
ਜਦੋਂ ਇਹ ਸਭ ਹੋਇਆ ਤਾਂ ਮੈਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਭਾਰਤ ਦੇ ਕਸ਼ਮੀਰ ਆਉਣਾ-ਜਾਣਾ ਇੰਨਾ ਮੁਸ਼ਕਲ ਹੋਵੇਗਾ। ਮੈਂ ਭਾਰਤ ਦੀ ਨਾਗਰਿਕ ਹਾਂ ਅਤੇ ਵੀਜ਼ਾ ‘ਤੇ ਮੁਜੱਫਰਾਬਾਦ ‘ਚ ਰਹਿਣ ਲੱਗੀ। ਇੱਥੇ ਸਭ ਵੱਖ ਹੈ। ਇਸਲਾਮੀ ਤੌਰ-ਤਰੀਕ ਕਿਤੇ ਵੱਧ ਸ਼ਿੱਦਤ ਨਾਲ ਅਮਲ ‘ਚ ਲਿਆਏ ਜਾਂਦੇ ਹਨ। ਇਹ ਮੈਨੂੰ ਬਹੁਤ ਚੰਗਾ ਲੱਗਦਾ ਹੈ। ਜਿਵੇਂ ਭਾਰਤ ਦੇ ਕੁਪਵਾੜਾ ‘ਚ ਜਿੱਥੇ ਮੈਂ ਰਹਿੰਦੀ ਸੀ, ਆਮ ਤੌਰ ‘ਤੇ ਔਰਤਾਂ ਬੁਰਕਾ ਨਹੀਂ ਪਾਉਂਦੀਆਂ ਸਨ, ਇੱਥੇ ਇਹ ਲਗਭਗ ਜ਼ਰੂਰੀ ਹੈ।
ਭਾਸ਼ਾ, ਖਾਣ-ਪਾਣ, ਰੀਤੀ-ਰਿਵਾਜ ਸਭ ‘ਚ ਫ਼ਰਕ ਹੈ, ਪਰ ਹੁਣ ਆਦਤ ਪੈ ਗਈ ਹੈ। ਇਹ ਸਭ ਵਧੀਆ ਲੱਗਣ ਲੱਗਾ ਹੈ। ਸ਼ੁਰੂ ‘ਚ ਮਾਂ-ਬਾਪ ਤੋਂ ਬਿਨਾਂ ਘਬਰਾਹਟ ਹੁੰਦੀ ਸੀ, ਘਰ ਦੀ ਬਹੁਤ ਯਾਦ ਆਉਂਦੀ ਸੀ। ਕੁਪਵਾੜਾ ‘ਚ ਸਾਡਾ ਪਰਿਵਾਰ ਬਹੁਤ ਫੈਲਿਆ ਹੋਇਆ ਹੈ ਅਤੇ ਸਾਰਿਆਂ ਦੇ ਮਕਾਨ ਨਜ਼ਦੀਕ ਬਣੇ ਹੋਏ ਹਨ, ਜਿਵੇਂ ਪੂਰਾ ਮੁਹੱਲਾ ਸਾਡਾ ਹੀ ਹੈ। ਉੱਥੇ ਮੇਰੀਆਂ ਕਈ ਸਹੇਲੀਆਂ ਹਨ, ਪਰ ਇਥੇ ਘਰ ਦੇ ਅੰਦਰ ਰਹਿਣ ਦਾ ਹੀ ਰਿਵਾਜ਼ ਹੈ। ਔਰਤਾਂ ਨੂੰ ਘਰ ‘ਚ ਹੀ ਸੁਕੂਨ ਨਾਲ ਰਹਿਣਾ ਚਾਹੀਦਾ ਹੈ। ਵਿਆਹ ਤੋਂ ਪਹਿਲਾਂ ਮੈਂ ਸਕੂਲ ਛੱਡ ਕੇ ਮਦਰਸੇ ‘ਚ ਪੜ੍ਹਨ ਲੱਗੀ ਸੀ। ਪੰਜ ਸਾਲ ਬਾਅਦ ਮਹਾਰਾਸ਼ਟਰ ਦੇ ਮਾਲੇਗਾਂਵ ‘ਚ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ। ਫਿਰ ਮਦਰਸੇ ‘ਚ ਪੜ੍ਹਾਈ ਸ਼ੁਰੂ ਕਰ ਦਿੱਤਾ ਸੀ। ਇੱਥੇ ਆਈ ਤਾਂ ਪਰਿਵਾਰ ਦੀ ਸੇਵਾ ‘ਚ ਲੱਗ ਗਈ, ਤਾਂ ਸਭ ਕੁੱਝ ਪਿੱਛੇ ਰਹਿ ਗਿਆ। ਸ਼ਾਇਦ ਅੱਗੇ ਜਾ ਕੇ ਫਿਰ ਪੜ੍ਹ ਸਕਾਂ।
ਵੀਜ਼ੇ ਦੀ ਪ੍ਰੇਸ਼ਾਨੀ :
ਵਿਆਹ ਦੇ ਲਗਭਗ 9 ਮਹੀਨੇ ਬਾਅਦ ਭਾਰਤ ਵਾਪਸ ਜਾਣ ਦਾ ਮੌਕਾ ਮਿਲਿਆ। ਉਦੋਂ ਮੈਂ ਗਰਭਵਤੀ ਸੀ। ਮੇਰੀ ਪਹਿਲੀ ਬੇਟੀ ਉੱਥੇ ਪੈਦਾ ਹੋਈ। ਉਹ ਭਾਰਤ ਦੀ ਨਾਗਰਿਕ ਹੈ। ਦੂਜੀ ਬੇਟੀ ਇੱਥੇ ਮੁਜੱਫਰਾਬਾਦ ‘ਚ ਹੋਈ। ਉਹ ਪਾਕਿਸਤਾਨ ਦੀ ਨਾਗਰਿਕ ਹੈ। ਇਹ ਉਨ੍ਹਾਂ ਦੀ ਕਿਸਮਤ ਹੈ, ਜਿਵੇਂ ਮੇਰੀ ਕਿਸਮਤ ‘ਚ ਇੱਥੇ ਰਹਿਣਾ ਹੈ। ਵਧੀਆ ਲੱਗਦਾ ਹੈ ਕਿ ਇੱਥੇ ਸਾਰੇ ਆਪਣੀ ਕੌਮ ਦੇ ਹਨ। ਇੱਥੇ ਬਹੁਤ ਆਜ਼ਾਦੀ ਵੀ ਹੈ। ਘਰ ਤੋਂ ਬਾਹਰ ਨਿਕਲਣ ‘ਚ ਡਰ ਨਹੀਂ ਲੱਗਦਾ। ਫੌਜ ਦੇ ਚੈੱਕਪੋਸਟ, ਹੜਤਾਲਾਂ, ਕਰਫਿਊ, ਸਕੂਲ ਬੰਦ… ਉਹ ਸਭ ਜੋ ਕੁਪਵਾੜਾ ‘ਚ ਆਮ ਸੀ, ਉਹ ਸਭ ਇੱਥੇ ਨਹੀਂ ਹੈ, ਪਰ ਮਾਂ-ਬਾਪ ਤੋਂ ਮਿਲਣ ਲਈ ਵੀਜ਼ਾ ਅਤੇ ਆਉਣ-ਜਾਣ ‘ਚ ਪ੍ਰੇਸ਼ਾਨੀ ਬਹੁਤ ਹੈ।
ਵਾਰ-ਵਾਰ ਇਹੀ ਲੱਗਦਾ ਹੈ ਕਿ ਰਸਤੇ ਆਸਾਨ ਹੋ ਜਾਂਦੇ ਤਾਂ ਵਿਛੜੇ ਲੋਕ ਮਿਲ ਜਾਂਦੇ। ਕਦੇ ਸੋਚਦੀ ਹਾਂ ਕਿ ਮਾਂ-ਬਾਪ ਇੱਥੇ ਹੀ ਆ ਕੇ ਰਹਿਣ ਲੱਗ ਜਾਣ ਤਾਂ ਸੁੱਖ-ਦੁੱਖ ‘ਚ ਫਿਰ ਉਨ੍ਹਾਂ ਦਾ ਸਾਥ ਹੋਵੇ। ਮੈਂ ਘਰ ਦੀ ਸਭ ਤੋਂ ਵੱਡੀ ਹਾਂ। ਮੇਰਾ ਵਿਆਹ ਵੀ ਸਭ ਤੋਂ ਪਹਿਲਾਂ ਹੋਇਆ ਹੈ। ਮੈਨੂੰ ਛੋਟੇ ਪੰਜ ਭਰਾ-ਭੈਣ ਪੁੱਛਣਗੇ ਤਾਂ ਇਹੀ ਕਹਾਂਗੀ ਕਿ ਉਧਰ ਹੀ ਰਹੋ, ਆਪਣਿਆਂ ਦੇ ਨਜ਼ਦੀਕ ਰਹਿਣਾ ਹੀ ਵਧੀਆ ਹੈ।
ਕਦੇ ਭਾਰਤੀ ਕਸ਼ਮੀਰੀ ਨਾਲ ਵਿਆਹ ਨਾ ਕਰਨਾ
ਸ਼ਹਨਾਜ਼ ਭੱਟ ਭਾਰਤੀ ਨਾਲ ਵਿਆਹੀ ਪਾਕਿਸਤਾਨੀ ਔਰਤ।
”ਮੈਂ ਪਾਕਿਸਤਾਨੀ ਕਸ਼ਮੀਰ ਤੋਂ ਹਾਂ, ਪਰ ਭਾਰਤ ਦੇ ਕਸ਼ਮੀਰ ਤੋਂ ਆਏ ਹਿਜ਼ਬੁਲ ਮੁਜਾਹਿਦੀਨ ਦੇ ਇਕ ਅਤਿਵਾਦੀ ਨਾਲ ਮੇਰਾ ਵਿਆਹ ਹੋਇਆ। ਫਿਰ ਉਮਰ ਅਬਦੁੱਲਾ ਸਰਕਾਰ ਸਮੇਂ 2011 ‘ਚ ”ਸਰੈਂਡਰ ਸਕੀਮ” ਦੇ ਚੱਕਰ ‘ਚ ਮੇਰੇ ਪਤੀ ਨੇ ਭਾਰਤ ਵਾਪਸ ਆਉਣ ਦੀ ਜ਼ਿੱਦ ਕੀਤੀ ਅਤੇ ਉਨ੍ਹਾਂ ਨਾਲ ਮੈਂ ਅਤੇ ਸਾਡੇ ਬੱਚੇ ਵੀ ਭਾਰਤ ਵਾਲੇ ਕਸ਼ਮੀਰ ਆ ਗਏ। ਪਰ ਇੱਥੇ ਹੁਣ ਅਸੀਂ ਫਸ ਗਏ ਹਾਂ। ਚਾਹ ਕੇ ਵੀ ਵਾਪਸ ਉਸ ਵਾਲੇ ਕਸ਼ਮੀਰ ਨਹੀਂ ਜਾ ਸਕਦੇ। ਮੈਂ ਪਾਕਿਸਤਾਨ ਵਾਲੇ ਕਸ਼ਮੀਰ ਦੀਆਂ ਸਾਰੀਆਂ ਔਰਤਾਂ ਨੂੰ ਕਹਾਂਗੀ ਕਿ ਕਦੇ ਆਪਣਾ ਰਿਸ਼ਤਾ ਇਧਰ ਨਾ ਕਰਨਾ ਅਤੇ ਜੇ ਇਸ ਸਮੇਂ ਕੋਈ ਰਿਸ਼ਤਾ ਹੈ ਤਾਂ ਤੁਰੰਤ ਤੋੜ ਦਿਓ। ਸਰਕਾਰ ਮੇਰੇ ਪਤੀ ਨੂੰ ਅਤਿਵਾਦੀ ਮੰਨਦੀ ਹੈ, ਪਰ ਸਾਡਾ ਕੀ ਦੋਸ਼ ਹੈ। ਅਸੀਂ ਤਾਂ ਉਨ੍ਹਾਂ ਨੂੰ ਅਤਿਵਾਦੀ ਨਹੀਂ ਬਣਾਇਆ। ਅਸੀਂ ਸਿਰਫ ਵਿਆਹ ਕੀਤਾ ਅਤੇ ਫਿਰ ਇੱਥੇ ਚਲੇ ਆਏ। ਸਾਨੂੰ ਬੰਦੀ ਬਣਾ ਕੇ ਕਿਉਂ ਰੱਖਿਆ ਹੈ? ਇਨ੍ਹਾਂ 5 ਸਾਲਾਂ ‘ਚ ਇਕ ਵਾਰ ਵੀ ਵਾਪਸ ਆਪਣੇ ਦੇਸ਼, ਆਪਣੇ ਪਰਿਵਾਰ ਕੋਲ ਜਾਣ ਦਾ ਮੌਕਾ ਨਹੀਂ ਮਿਲਿਆ। ਇਸ ਦੌਰਾਨ ਮੇਰੇ ਪਿਤਾ ਗੁਜ਼ਰ ਗਏ ਅਤੇ ਮੈਨੂੰ ਇਕ ਸਾਲ ਬਾਅਦ ਇਸ ਦੀ ਖਬਰ ਮਿਲੀ। ਮੇਰੇ ਜਿਹੀਆਂ ਹਜ਼ਾਰਾਂ ਕੁੜੀਆਂ ਹਨ ਮੁਜੱਫਰਾਬਾਦ ‘ਚ, ਜਿਨ੍ਹਾਂ ਨੇ ਭਾਰਤੀ ਕਸ਼ਮੀਰੀਆਂ ਨਾਲ ਵਿਆਹ ਕੀਤਾ ਹੈ। ਆਖਰ ਦੋਵੇਂ ਹਿੱਸੇ ਹਾਂ ਤਾਂ ਇਕ ਹੀ ਕਸ਼ਮੀਰ ਦੇ।
ਸਰੈਂਡਰ ਸਕੀਮ :
ਭਾਰਤ ਤੋਂ ਇਹ ਸਾਰੇ ਕਸ਼ਮੀਰੀ ਘੱਟ ਉਮਰ ‘ਚ ਅਤਿਵਾਦੀ ਬਣਨ ਪਾਕਿਸਤਾਨ ਆਉਂਦੇ ਹਨ ਅਤੇ ਫਿਰ ਕੁੱਝ ਸਾਲ ‘ਚ ਉਹ ਸਭ ਕੁੱਝ ਛੱਡ ਕੇ ਆਮ ਜ਼ਿੰਦਗੀ ਬਿਤਾਉਣ ਲੱਗਦੇ ਹਨ। ਮੇਰੇ ਪਤੀ ਵੀ ਸਬਜ਼ੀ-ਫਲ ਦੀ ਦੁਕਾਨ ਲਗਾਉਣ ਲੱਗੇ ਸਨ। ਮਾਂ-ਬਾਪ ਦੀ ਰਜ਼ਾਮੰਦੀ ਨਾਲ ਸਾਡਾ ਵਿਆਹ ਹੋ ਗਿਆ। ਫਿਰ ਸਾਲ 2011 ‘ਚ ‘ਸਰੈਂਡਰ ਸਕੀਮ’ ਆਈ ਅਤੇ ਇਨ੍ਹਾਂ ਨੇ ਜ਼ਿੱਦ ਕੀਤੀ ਕਿ ਉਹ ਆਪਣੇ ਮਾਂ-ਬਾਪ, ਭਰਾ-ਭੈਣ ਨੂੰ ਮਿਲਣਾ ਚਾਹੁੰਦੇ ਹਨ। ਮੇਰੇ ਮਾਂ-ਬਾਪ ਨੇ ਬਹੁਤ ਮਨ੍ਹਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਡਰ ਹੈ ਕਿ ਵਾਪਸ ਆਉਣ ਦਾ ਰਸਤਾ ਨਹੀਂ ਮਿਲੇਗਾ। ਮੈਨੂੰ ਯਕੀਨ ਨਹੀਂ ਹੋਇਆ। ਮੈਨੂੰ ਭਾਰਤ ਦਾ ਕਸ਼ਮੀਰ ਵੇਖਣ ਦਾ ਬੜਾ ਸ਼ੌਕ ਵੀ ਸੀ, ਤਾਂ ਇਨ੍ਹਾਂ ਦੀ ਗੱਲ ਮੰਨ ਲਈ। ਇਹ ਚਾਹੁੰਦੇ ਸਨ ਕਿ ਉਨ੍ਹਾਂ ਦੇ ਘਰਵਾਲੇ ਵੀ ਉਨ੍ਹਾਂ ਨੂੰ ਮਿਲਣ। ਇਕ ਵਿਆਹੁਤਾ ਔਰਤ ਕੋਲ ਹੋਰ ਕੀ ਰਸਤਾ ਸੀ। ਨਾ ਕਹਿਣ ‘ਤੇ ਘਰ ਟੁੱਟ ਸਕਦਾ ਸੀ, ਜਿਸ ਕਾਰਨ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ। ਅਸੀਂ 10 ਦਸੰਬਰ 2011 ਨੂੰ ਨੇਪਾਲ ਦੇ ਰਸਤੇ ਕਸ਼ਮੀਰ ਆਏ। ‘ਸਰੈਂਡਰ ਸਕੀਮ’ ਵਿੱਚ ਦੱਸੇ ਗਏ ਆਰ ਅਧਿਕਾਰਕ ਰਸਤਿਆਂ ‘ਚ ਇਹ ਨਹੀਂ ਸੀ, ਪਰ ਉਨ੍ਹਾਂ ਰਸਤਿਆਂ ਤੋਂ ਸਾਨੂੰ ਪਾਕਿਸਤਾਨ ਪ੍ਰਸ਼ਾਸਨ ਜਾਣ ਨਹੀਂ ਦੇ ਰਿਹਾ ਸੀ। ਇੱਥੇ ਭਾਰਤ ਦੇ ਕਸ਼ਮੀਰ ‘ਚ ਆਉਣ ਤੋਂ ਬਾਅਦ ਸਾਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਨ ਦਾ ਮਾਮਲਾ ਦਾਇਰ ਕਰ ਦਿੱਤਾ। ਉਹ ਅੱਜ ਵੀ ਚੱਲ ਰਿਹਾ ਹੈ। ਮੈਂ ਜਦੋਂ ਇੱਥੇ ਆਈ ਤਾਂ ਸੋਚਿਆ ਸੀ ਕਿ ਇਕ ਮਹੀਨੇ ਬਾਅਦ ਵਾਪਸ ਚਲੀ ਜਾਵਾਂਗੀ, ਪਰ ਥਾਣੇ ਅਤੇ ਅਦਾਲਤ ਦੇ ਹੀ ਚੱਕਰ ਕੱਟ ਰਹੀ ਹਾਂ। ਹਾਲੇ ਤਕ ਪਛਾਣ ਦਾ ਕੋਈ ਕਾਰਡ ਨਹੀਂ ਮਿਲਿਆ ਹੈ। ਜਦੋਂ ਵੀ ਕੋਈ ਗੱਲ ਕਹਿੰਦ ਹਾਂ ਆਉਣ-ਜਾਣ ਦੀ, ਪਾਸਪੋਰਟ ਬਣਵਾਵੁਣ ਦੀ, ਤਾਂ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਗੈਰ-ਕਾਨੂੰਨੀ ਹੋ। ਜੇ ਅਸੀਂ ਇੰਨੇ ਹੀ ਗੈਰ-ਕਾਨੂੰਨੀ ਹਾਂ ਤਾਂ ਸਾਨੂੰ ਵਾਪਸ ਕਿਉਂ ਨਹੀਂ ਭੇਜ ਦਿੰਦੇ ਅਤੇ ਸਾਰੇ ਦੇਸ਼ਾਂ ‘ਚ ਇਹੀ ਕੀਤਾ ਜਾਂਦਾ ਹੈ। ਇਕ ਪਾਸੇ ਤਾਂ ਭਾਰਤ-ਪਾਕਿਸਤਾਨ ਦੋਸਤੀ ਦਾ ਹੱਥ ਵਧਾਉਂਦੇ ਹਨ ਅਤੇ ਫਿਰ ਆਮ ਲੋਕਾਂ ਨੂੰ ਕਿਉਂ ਮੁਕੱਦਮਿਆਂ ‘ਚ ਉਲਝਾਇਆ ਜਾਂਦਾ ਹੈ।
ਇੱਥੇ ਦੇ ਲੋਕਾਂ ‘ਤੇ ਭਰੋਸਾ ਨਹੀਂ ਹੁੰਦਾ। ਇੱਥੇ ਸਹੇਲੀਆਂ ਹਨ, ਪਰ ਦਿਲ ਦੀ ਗੱਲ ਕਿਸੇ ਨਾਲ ਨਹੀਂ ਕਰ ਪਾਉਂਦੀ ਹਾਂ। ਲੋਕਾਂ ਦੇ ਚਿਹਰੇ ਕੁੱਝ ਹੋਰ ਹਨ ਅਤੇ ਲੱਗਦਾ ਹੈ ਕਿ ਅੰਦਰ ਤੋਂ ਉਹ ਕੁੱਝ ਹੋਰ ਹਨ। ਸਾਢੇ 5 ਸਾਲਾਂ ‘ਚ ਸਾਨੂੰ ਲੱਗ ਰਿਹਾ ਹੈ ਕਿ ਅਸੀਂ ਕਿਸੇ ਜੇਲ੍ਹ ‘ਚ ਬੰਦ ਕਰ ਦਿੱਤੇ ਗਏ ਹਾਂ। ਇਸ ਵਿਚਕਾਰ ਛੋਟੇ ਭਰਾ ਦਾ ਵਿਆਹ ਹੋ ਗਿਆ ਅਤੇ ਮੈਨੂੰ ਪਤਾ ਨਹੀਂ ਲੱਗਾ। ਹਾਲੇ ਲਗਭਗ 8 ਮਹੀਨੇ ਤੋਂ ਇੰਟਰਨੈੱਟ ਅਤੇ ਵਾਟਸਐਪ ਰਾਹੀਂ ਗੱਲ ਹੋ ਜਾਂਦੀ ਹੈ, ਪਰ ਇੱਥੇ ਸਰਕਾਰ ਵਾਰ-ਵਾਰ ਇੰਟਰਨੈੱਟ ਬੰਦ ਕਰ ਦਿੰਦੀ ਹੈ ਤਾਂ ਉਸ ਦਾ ਵੀ ਆਸਰਾ ਨਹੀਂ ਰਹਿੰਦਾ। ਹਰ ਸਮੇਂ ਇੱਥੇ ਹਿੰਸਾ ਹੁੰਦੀ ਰਹਿੰਦੀ ਹੈ। ਹਰ ਸਮੇਂ ਖਤਰੇ ਦਾ ਅਹਿਸਾਸ ਰਹਿੰਦਾ ਹੈ। ਪ੍ਰੇਸ਼ਾਨੀ ਰਹਿੰਦੀ ਹੈ। ਖੇਤ ‘ਚ ਕੰਮ ਕਰਨਾ ਪੈਂਦਾ ਹੈ, ਜੋ ਪਹਿਲਾਂ ਕਦੇ ਨਹੀਂ ਕੀਤਾ। ਭਾਸ਼ਾ ਅਤੇ ਤੌਰ-ਤਰੀਕੇ ਵੀ ਵੱਖ ਹਨ। ਪਾਕਿਸਤਾਨ ‘ਚ ਵਿਛੜ ਗਏ ਪਰਿਵਾਰ ਦੀ ਕਮੀ ਉਨ੍ਹਾਂ ਨੂੰ ਮਹਿਸੂਸ ਹੁੰਦੀ ਹੈ। ਕਈ ਹੋਰ ਕੁੜੀਆਂ ਵੀ ਹਨ ਜੋ ਪਾਕਿਸਤਾਨ ਅਧੀਨ ਕਸ਼ਮੀਰ ਤੋਂ ਬਾਹਰ ਦੇ ਦੇਸ਼ ‘ਚ ਵਿਆਹ ਕਰ ਕੇ ਜਾਂਦੀਆਂ ਹਨ, ਪਰ ਉਨ੍ਹਾਂ ਨੂੰ ਵਾਪਸ ਆਉਣ ‘ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ। ਅਸੀਂ ਇਹੀ ਸੋਚਦੇ ਹਾਂ ਕਿ ਭਾਰਤ ਕਿਉਂ ਆਏ? ਇਨ੍ਹਾਂ ਲੋਕਾਂ ‘ਤੇ ਗੁੱਸਾ ਆਉਂਦਾ ਹੈ ਕਿ ਕਿਉਂ ਲਿਆਏ ਸਨ? ਸਾਨੂੰ ਝੂਠ ਬੋਲ ਕੇ ਇੱਥੇ ਕਿਉਂ ਲੈ ਆਏ? ਮਨ ਕਰਦਾ ਹੈ ਕਿ ਇਨ੍ਹਾਂ ਨਾਲ (ਆਪਣੇ ਪਤੀ ਨਾਲ) ਕੁੱਝ ਅਜਿਹਾ ਕਰਾਂ, ਅਜਿਹਾ ਇਲਾਜ ਕਰਾਂ ਕਿ ਯਾਦ ਰੱਖਣ। ਫਿਰ ਸੋਚਦੀ ਹਾਂ ਕਿ ਉਸ ਨਾਲ ਕੀ ਹੋਵੇਗਾ? ਸਭ ਕੁੱਝ ਬੱਸ ਝੂਠ ਹੀ ਲੱਗਦਾ ਹੈ।
Comments (0)