ਸ਼ਹੀਦ ਕਿਸਾਨ ਨਵਰੀਤ ਸਿੰਘ ਡਿਬਡਿਬਾ ਦੀ ਮੌਤ ਦੀ ਨਿਆਇਕ ਜਾਂਚ ਹੋਵੇ: ਜਥੇਦਾਰ ਹਰਪ੍ਰੀਤ ਸਿੰਘ

ਸ਼ਹੀਦ ਕਿਸਾਨ ਨਵਰੀਤ ਸਿੰਘ ਡਿਬਡਿਬਾ ਦੀ ਮੌਤ ਦੀ ਨਿਆਇਕ ਜਾਂਚ ਹੋਵੇ: ਜਥੇਦਾਰ ਹਰਪ੍ਰੀਤ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ
ਦਿੱਲੀ ਵਿਚ ਕਿਸਾਨ ਪਰੇਡ ਮੌਕੇ ਪੁਲਸ ਕਾਰਵਾਈ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਨਵਰੀਤ ਸਿੰਘ ਡਿਬਡਿਬਾ ਦੀ ਮੌਤ ਦੇ ਕਾਰਨਾਂ ਦਾ ਮਸਲਾ ਉਲਝਦਾ ਜਾ ਰਿਹਾ ਹੈ। ਸਰਕਾਰ ਨੇ ਇਸ ਮੌਤ ਨੂੰ ਟਰੈਕਟਰ ਹਾਦਸਾ ਬਣਾ ਕੇ ਪੇਸ਼ ਕੀਤਾ ਸੀ ਜਦਕਿ ਕਿਸਾਨਾਂ ਦਾ ਕਹਿਣਾ ਹੈ ਕਿ ਨਵਰੀਤ ਦੀ ਮੌਤ ਪੁਲਸ ਦੀ ਗੋਲੀ ਵੱਜਣ ਨਾਲ ਹੋਈ ਹੈ। ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਵੀ ਨਵਰੀਤ ਸਿੰਘ ਡਿਬਡਿਬਾ ਦੀ ਮੌਤ ਦੀ ਨਿਆਂਇਕ ਜਾਂਚ ਦੀ ਮੰਗ ਦਾ ਸਮਰਥਨ ਕੀਤਾ ਗਿਆ ਹੈ।  ਨਵਰੀਤ ਸਿੰਘ ਦੀ ਉੱਤਰ ਪ੍ਰਦੇਸ਼ ’ਚ ਹੋਏ ਭੋਗ ਸਮਾਗਮ ’ਚ ਬੀਤੇ ਦਿਨ ਵੱਖ ਵੱਖ ਸ਼ਖਸੀਅਤਾਂ ਵੱਲੋਂ ਮੌਤ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਗਈ ਸੀ। 

ਮੀਡੀਆ ਵਲੋਂ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੁੱਛਿਆ ਗਿਆ ਕਿ ਕੀ  ਨਵਰੀਤ ਸਿੰਘ ਦੀ ਮੌਤ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤਾਂ ਉਨ੍ਹਾਂ ਸਮਰਥਨ ਕਰਦਿਆਂ ਸਪਸ਼ਟ ਆਖਿਆ ਕਿ ਇਸ ਮਾਮਲੇ ਦੀ ਨਿਰਪੱਖ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨ ਮਨਾਂ ਦੇ ਰੋਸ ਨੂੰ ਤੁਰੰਤ ਦੂਰ ਕਰਨਾ ਚਾਹੀਦਾ ਹੈ। 

ਇਸ ਮੌਕੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ, ਸਤਵਿੰਦਰ ਸਿੰਘ ਟੌਹੜਾ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਭਗਵੰਤ ਸਿੰਘ ਧਗੇੜਾ ਤੇ ਮੈਨੇਜਰ ਕਰਨੈਲ ਸਿੰਘ ਨਾਭਾ ਮੌਜੂਦ ਸਨ।