ਕੈਨੇਡਾ ਦੇ ਸ਼ਹਿਰਾਂ ਨੇ 6 ਸਤੰਬਰ ਨੂੰ "ਜਸਵੰਤ ਸਿੰਘ ਖਾਲੜਾ ਦਿਹਾੜਾ" ਐਲਾਨਿਆ

ਕੈਨੇਡਾ ਦੇ ਸ਼ਹਿਰਾਂ ਨੇ 6 ਸਤੰਬਰ ਨੂੰ
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਵਿਚ ਭਾਰਤੀ ਰਾਜ ਦੀ ਪੁਸ਼ਤਪਨਾਹੀ ਹੇਠ ਪੰਜਾਬ ਪੁਲਸ ਵੱਲੋਂ ਕਤਲ ਕੀਤੇ ਗਏ ਮਨੁੱਖੀ ਹੱਕਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਨੂੰ ਪੱਛਮੀ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਮਨੁੱਖੀ ਹੱਕਾਂ ਦੇ ਨਾਇਕ ਵਜੋਂ ਯਾਦ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਸ਼ਹਿਰ ਬਰਨਬੀ ਅਤੇ ਨਿਊ ਵੈਸਟਮਿਨਸਟਰ ਵੱਲੋਂ 6 ਸਤੰਬਰ ਨੂੰ ਜਸਵੰਤ ਸਿੰਘ ਖਾਲੜਾ ਦਿਹਾੜੇ ਵਜੋਂ ਯਾਦ ਕੀਤਾ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਭਾਰਤੀ ਸੁਰੱਖਿਆ ਬਲਾਂ ਅਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਸਿੱਖ ਕਤਲੇਆਮ ਦੇ ਸਬੂਤ ਦੁਨੀਆ ਸਾਹਮਣੇ ਲਿਆਉਣ ਵਾਲੇ ਮਨੁੱਖੀ ਹੱਕਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਨੂੰ ਅਗਵਾ ਕਰਕੇ ਤਸ਼ੱਦਦ ਕਰਨ ਮਗਰੋਂ ਪੰਜਾਬ ਪੁਲਸ ਨੇ 6 ਸਤੰਬਰ, 1995 ਨੂੰ ਸ਼ਹੀਦ ਕਰ ਦਿੱਤਾ ਸੀ। ਜਸਵੰਤ ਸਿੰਘ ਖਾਲੜਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਹਨਾਂ ਹਜ਼ਾਰਾਂ ਦੀ ਗਿਣਤੀ 'ਚ ਉਹਨਾਂ ਅਣਪਛਾਤੀਆਂ ਲਾਸ਼ਾਂ ਦਾ ਸੱਚ ਸਾਹਮਣੇ ਲਿਆਂਦਾ ਸੀ ਜਿਹਨਾਂ ਸਿੱਖਾਂ ਨੂੰ ਪੰਜਾਬ ਪੁਲਿਸ ਅਤੇ ਭਾਰਤੀ ਸੁਰੱਖਿਆ ਬਲਾਂ ਨੇ ਝੂਠੇ ਮੁਕਾਬਲਿਆਂ 'ਚ ਕਤਲ ਕਰਕੇ ਖਪਾ ਦਿੱਤਾ ਸੀ।

ਬਰਨਬੀ ਅਤੇ ਨਿਊ ਵੈਸਟਮਿਨਸਟਰ ਦੇ ਮੇਅਰਾਂ ਮਾਈਕ ਹਰਲੇ ਅਤੇ ਜੋਨਾਥਨ ਐਕਸ ਕੋਟ ਵੱਲੋਂ ਜਾਰੀ ਕੀਤੇ ਐਲਾਨਨਾਮੇ ਵਿਚ ਕਿਹਾ ਗਿਆ ਹੈ ਕਿ ਜਸਵੰਤ ਸਿੰਘ ਖਾਲੜਾ ਸਿੱਖ ਭਾਈਚਾਰੇ ਦੇ ਅਤਿ ਸਤਿਕਾਰਯੋਗ ਆਗੂ ਸਨ ਜਿਹਨਾਂ ਨੇ ਸਿੱਖਾਂ ਅਤੇ ਹੋਰ ਲੋਕਾਂ ਦੇ ਮਨੁੱਖੀ ਹੱਕਾਂ ਅਤੇ ਸਨਮਾਨ ਲਈ ਸੰਘਰਸ਼ ਕੀਤਾ।