ਮਾਮਲਾ ਬੇਅਦਬੀ ਮਾਮਲੇ ਬੰਦ ਕਰਨ ਦਾ: ਸੀਬੀਆਈ ਦਾ ਦਫਤਰ ਘੇਰਣ ਗਏ ਸਿੱਖਾਂ 'ਤੇ ਪੁਲਸੀਆ ਕਹਿਰ; ਕਈ ਜ਼ਖਮੀ

ਮਾਮਲਾ ਬੇਅਦਬੀ ਮਾਮਲੇ ਬੰਦ ਕਰਨ ਦਾ: ਸੀਬੀਆਈ ਦਾ ਦਫਤਰ ਘੇਰਣ ਗਏ ਸਿੱਖਾਂ 'ਤੇ ਪੁਲਸੀਆ ਕਹਿਰ; ਕਈ ਜ਼ਖਮੀ

ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲਿਆਂ ਵਿੱਚ ਸੀਬੀਆਈ ਵੱਲੋਂ ਅਦਾਲਤ ਅੰਦਰ ਕੇਸ ਬੰਦ ਕਰਨ ਦੀ ਰਿਪੋਰਟ (ਕਲੋਜ਼ਰ ਰਿਪੋਰਟ) ਦਾਖਲ ਕਰਨ ਦੇ ਰੋਸ ਵਜੋਂ ਅੱਜ ਸਿੱਖ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਸਥਿਤ ਸੀਬੀਆਈ ਦਫਤਰ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਜਿਸ ਲਈ ਮੋਹਾਲੀ ਸਥਿਤ ਗੁਰਦੁਆਰਾ ਅੰਬ ਸਾਹਿਬ ਤੋਂ ਇੱਕ ਸ਼ਾਂਤਮਈ ਮਾਰਚ ਸ਼ੁਰੂ ਕੀਤਾ ਗਿਆ। ਇਹ ਮਾਰਚ ਜਦੋਂ ਚੰਡੀਗੜ੍ਹ ਵਿੱਚ ਦਾਖਲ ਹੋਣ ਲਈ ਹੱਦ 'ਤੇ ਪਹੁੰਚਿਆ ਤਾਂ ਉੱਥੇ ਤੈਨਾਤ ਚੰਡੀਗੜ੍ਹ ਪੁਲਿਸ ਵੱਲੋਂ ਰੋਕਾਂ ਲਾ ਕੇ ਸਿੱਖਾਂ ਨੂੰ ਰੋਕ ਲਿਆ ਗਿਆ। ਇਸ ਦੌਰਾਨ ਸਿੱਖ ਸੰਗਤਾਂ ਵੱਲੋਂ ਪੁਲਿਸ ਦੀਆਂ ਰੋਕਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਰੋਕਣ ਲਈ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੀ ਵਰਤੋਂ ਕੀਤੀ। ਇਸ ਪੁਲਸੀਆ ਕਾਰਵਾਈ ਵਿੱਚ ਕਈ ਸਿੱਖ ਜ਼ਖਮੀ ਹੋ ਗਏ ਹਨ। ਜ਼ਖਮੀਆਂ ਵਿੱਚੋਂ ਇੱਕ ਸਿੰਘ ਦੀ ਲੱਤ ਟੁੱਟ ਗਈ, ਇੱਕ ਦੀ ਬਾਂਹ ਟੁੱਟ ਗਈ ਤੇ ਇੱਕ ਸਿੰਘ ਦੇ ਕੰਨ ਵਿੱਚ ਪਾਣੀ ਦੀ ਤੇਜ਼ ਧਾਰ ਵੱਜਣ ਨਾਲ ਕੰਨ ਦਾ ਪਰਦਾ ਪਾਟ ਗਿਆ। ਇਹਨਾਂ ਜ਼ਖਮੀ ਸਿੰਘਾਂ ਨੂੰ ਜਲੰਧਰ ਵਿਖੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 

ਇਸ ਤੋਂ ਬਾਅਦ ਪੰਜ ਸਿੰਘਾਂ ਨੂੰ ਪੁਲਿਸ ਵੱਲੋਂ ਸੀਬੀਆਈ ਦਫਤਰ ਲਿਜਾਇਆ ਗਿਆ ਤੇ ਸਿੱਖਾਂ ਦਾ ਮੰਗ ਪੱਤਰ ਸੀਬੀਆਈ ਨੂੰ ਦਿੱਤਾ ਗਿਆ। ਮੰਗ ਪੱਤਰ ਦੇਣ ਗਏ ਪੰਜ ਸਿੰਘਾਂ ਦੇ ਜਥੇ ਵਿੱਚ ਸੁਖਜੀਤ ਸਿੰਘ ਖੋਸਾ, ਪਰਮਿੰਦਰ ਸਿੰਘ ਗੱਜਣਵਿੰਡੀ, ਜਸਵਿੰਦਰ ਸਿੰਘ ਲੁਧਿਆਣਾ, ਤਜਿੰਦਰ ਸਿੰਘ ਨਿਮਾਣਾ, ਰੁਪਿੰਦਰ ਸਿੰਘ ਪੰਜਗਰਾਈਂ ਸ਼ਾਮਿਲ ਸਨ। ਸਿੱਖਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਸੀਬੀਆਈ ਅਦਾਲਤ ਵਿੱਚ ਦਾਖਲ ਕੀਤੀ ਕਲੋਜ਼ਰ ਰਿਪੋਰਟ ਨੂੰ ਵਾਪਿਸ ਲਵੇ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ।

ਦੱਸ ਦਈਏ ਕਿ 2015 ਵਿੱਚ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕੀਤੇ ਗਏ ਸਨ ਤੇ ਕੁੱਝ ਸਮੇਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਪਾੜ੍ਹ ਕੇ ਸੁੱਟਿਆ ਗਿਆ ਸੀ ਤੇ ਕੰਧਾਂ 'ਤੇ ਇਸ਼ਤਿਹਾਰ ਲਾ ਕੇ ਸਿੱਖਾਂ ਨੂੰ ਵੰਗਾਰਿਆ ਗਿਆ ਸੀ। ਇਹਨਾਂ ਤਿੰਨਾਂ ਮਾਮਲਿਆਂ ਦੀ ਜਾਂਚ ਉਸ ਸਮੇਂ ਦੀ ਪੰਜਾਬ ਸਰਕਾਰ ਨੇ ਸੀਬੀਆਈ ਨੂੰ ਦੇ ਦਿੱਤੀ ਸੀ। ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਇਹਨਾਂ ਮਾਮਲਿਆਂ ਵਿੱਚ ਡੇਰਾ ਸਿਰਸਾ ਪ੍ਰੇਮੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਾਜਿਸ਼ ਨੂੰ ਬੇਨਕਾਬ ਕਰ ਦਿੱਤਾ ਗਿਆ ਸੀ। ਪਰ ਹੁਣ ਬੀਤੇ ਮਹੀਨੇ ਸੀਬੀਆਈ ਨੇ ਇਹਨਾਂ ਮਾਮਲਿਆਂ ਵਿੱਚ ਸਬੂਤ ਹੋਣ ਦੇ ਬਾਵਜੂਦ ਅਦਾਲਤ ਵਿੱਚ ਇਹਨਾਂ ਮਾਮਲਿਆਂ ਨੂੰ ਬੰਦ ਕਰਨ ਦੀ ਰਿਪੋਰਟ ਦਾਖਲ ਕਰ ਦਿੱਤੀ ਹੈ। ਇਸ ਖਿਲਾਫ ਸਿੱਖਾਂ ਵਿੱਚ ਰੋਸ ਫੈਲ ਰਿਹਾ ਹੈ ਤੇ ਸੀਬੀਆਈ ਦੀ ਇਸ ਕਾਰਵਾਈ ਖਿਲਾਫ ਸੰਘਰਸ਼ ਉਲੀਕਣ ਦੀ ਤਿਆਰੀ ਕੀਤੀ ਜਾ ਰਹੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ