ਅੰਮਿ੍ਤਪਾਲ ਸਿੰਘ ਦੇ ਪਰਿਵਾਰ ਨੇ ਵਿਰਾਸਤੀ ਮਾਰਗ ਵਿਚ ਲਗਾਇਆ ਰੋਸ ਧਰਨਾ ਕੀਤਾ ਖਤਮ

ਅੰਮਿ੍ਤਪਾਲ ਸਿੰਘ ਦੇ ਪਰਿਵਾਰ ਨੇ ਵਿਰਾਸਤੀ ਮਾਰਗ ਵਿਚ ਲਗਾਇਆ ਰੋਸ ਧਰਨਾ ਕੀਤਾ ਖਤਮ

ਅਕਾਲ ਤਖਤ ਤੋਂ ਸ਼ੁਰੂ ਕੀਤੀ ਮੁਹਿੰਮ, ਬੀਬੀ ਖਾਲੜਾ ਨੇ ਚੋਣ ਮੁਹਿੰਮ ਸੰਭਾਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮਿ੍ਤਸਰ-ਡਿਬਰੂਗੜ੍ਹ ਜੇਲ੍ਹ ਵਿਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਸਮੇਤ ਹੋਰਨਾਂ ਬੰਦੀਆਂ ਦੀ ਰਿਹਾਈ ਲਈ ਅੰਮਿ੍ਤਪਾਲ ਸਿੰਘ ਦੇ ਪਰਿਵਾਰ ਵਲੋਂ ਵਿਰਾਸਤੀ ਮਾਰਗ ਵਿਚ ਲਗਾਇਆ ਮੋਰਚਾ ਸਵਾ ਦੋ ਮਹੀਨੇ ਬਾਅਦ ਬੀਤੇ ਦਿਨੀਂ ਸਮਾਪਤ ਕਰ ਦਿੱਤਾ ਗਿਆ। ਖਡੂਰ ਸਾਹਿਬ ਹਲਕੇ ਤੋਂ ਅੰਮਿ੍ਤਪਾਲ ਸਿੰਘ ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਣ ਦੇ ਫ਼ੈਸਲੇ ਤਹਿਤ ਉਨ੍ਹਾਂ ਦੇ ਪਿਤਾ ਤਰਸੇਮ ਸਿੰਘ, ਮਾਤਾ ਬਲਵਿੰਦਰ ਕੌਰ ਹੋਰ ਕਈ ਸਿੱਖ ਆਗੂੁਆਂ ਤੇ ਸਮਰਥਕਾਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਤੇ ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਵਿਚ ਅੰਮਿ੍ਤਪਾਲ ਸਿੰਘ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ।ਸੰਗਤ ਨੇ ਸ਼੍ਰੀ ਖਡੂਰ ਸਾਹਿਬ ਨੂੰ ਚਾਲੇ ਪਾਏ । ਸ਼੍ਰੀ ਖਡੂਰ ਸਾਹਿਬ ਸਤਿਗੁਰੂ ਅਮਰਦਾਸ ਪਾਤਸ਼ਾਹ ਦੇ ਅਸਥਾਨ ਮੇਨ ਗੁਰਦੁਆਰਾ ਖੱਡੀ ਸਾਹਿਬ ਵਿਖੇ ਮੱਥਾ ਟੇਕਿਆ ਨਾਲ ਹੀ ਗੁਰਦੁਆਰਾ ਸਾਹਿਬ ਮੱਲ ਅਖਾੜਾ ਵਿਖੇ ਵੀ ਨਤਮਸਤਕ ਹੋਏ । ਏਥੇ ਪਹੁੰਚਣ ਤੱਕ ਰਸਤੇ ਵਿੱਚ ਗੱਡੀਆਂ ਕਾਫ਼ਲੇ ਵਿੱਚ ਸ਼ਾਮਲ ਹੋਈ ਗਈਆਂ ਤੇ ਸੈਂਕੜਿਆਂ ਦੀ ਗਿਣਤੀ ਵਿੱਚ ਗੱਡੀਆਂ ਸੰਗਤਾਂ ਦੀਆਂ ਹੋ ਗਈਆਂ ।

ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਸੇਮ ਸਿੰਘ ਤੇ ਮਾਤਾ ਬਲਵਿੰਦਰ ਕੌਰ ਨੇ ਵਿਰਾਸਤੀ ਮਾਰਗ ਰੋਸ ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਮੋਰਚੇ ਨੂੰ ਸ਼ੋ੍ਮਣੀ ਕਮੇਟੀ ਸਮੇਤ ਹੋਰ ਸਿੱਖ ਸੰਸਥਾਵਾਂ ਵਲੋਂ ਕਾਫੀ ਸਹਿਯੋਗ ਦਿੱਤਾ ਗਿਆ, ਪਰ ਹੁਣ ਜਿਵੇਂ ਸਭ ਨੂੰ ਪਤਾ ਹੀ ਹੈ ਕਿ ਅੰਮਿ੍ਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਚੋਣ ਲੜ ਰਹੇ ਹਨ, ਇਸ ਲਈ ਉਨ੍ਹਾਂ ਦੀ ਚੋਣਾਂ ਵਿਚ ਫ਼ਤਹਿ ਤੇ ਚੜ੍ਹਦੀ ਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਤਰਨਤਾਰਨ ਵਿਖੇ ਚੋਣਾਂ ਦੇ ਨਵੇਂ ਮੋਰਚੇ ਲਈ ਜਾ ਰਹੇ ਹਨ ।ਇਸ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕੰਵਰ ਚੜ੍ਹਤ ਸਿੰਘ ਵੀ ਹਾਜ਼ਰ ਸਨ ।ਸੰਗਤਾਂ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਇਲੈੱਕਸ਼ਨ ਦਾ ਇਲੈੱਕਸ਼ਨ ਇੰਚਾਰਜ ਥਾਪਿਆ । ਏਥੇ ਇਸ ਦੇ ਨਾਲ ਹੀ ਗੋਇੰਦਵਾਲ ਸਾਹਿਬ ਰੋਡ ਤੇ ਸ਼੍ਰੀ ਖਡੂਰ ਸਾਹਿਬ ਵਿਖੇ ਚੋਣ ਦਫ਼ਤਰ ਖੋਲ੍ਹਿਆ ਗਿਆ ।