ਸੰਸਾਰ ਦੀ ਸਭ ਤੋਂ ਖ਼ੂਬਸੂਰਤ ਇਮਾਰਤ 'ਮਿਊਜ਼ੀਅਮ ਆਫ਼ ਦਾ ਫਿਊਚਰ'

ਸੰਸਾਰ ਦੀ ਸਭ ਤੋਂ ਖ਼ੂਬਸੂਰਤ ਇਮਾਰਤ 'ਮਿਊਜ਼ੀਅਮ ਆਫ਼ ਦਾ ਫਿਊਚਰ'

ਵਿਰਾਸਤ

ਦੁਬਈ ਇਕ ਅਜਿਹਾ ਦੇਸ਼ ਹੈ ਜਿਸ ਨੇ ਬਹੁਤ ਹੀ ਤੇਜ਼ੀ ਨਾਲ ਤਰੱਕੀ ਕੀਤੀ ਹੈ। ਯੂ.ਏ.ਈ. ਟੂਰਿਜ਼ਮ ਵਿਚ ਲੋਕਾਂ ਦੀ ਪਹਿਲੀ ਪਸੰਦ ਬਣ ਰਿਹਾ ਹੈ। ਦੁਬਈ ਵਿਚ ਤਕਨਾਲੋਜੀ ਨੇ ਅਜਿਹੇ ਨਾ-ਮੁਨਕਿਨ ਨਮੂਨਿਆਂ ਦਾ ਨਿਰਮਾਣ ਕੀਤਾ ਹੈ ਜਿਨ੍ਹਾਂ ਦੀ ਹੋਂਦ ਇਨਸਾਨੀ ਦਿਮਾਗ ਦੀਆਂ ਸਿਖ਼ਰਾਂ ਅਤੇ ਬੁਰਜ ਖਲੀਫ਼ਾ ਜਿਹੇ ਨਿਰਮਾਣ ਅਸਮਾਨੀ ਸਿਖ਼ਰ ਨੂੰ ਛੂਹਣ ਦੀ ਨਿਸ਼ਾਨੀ ਹੈ।

ਕੁਝ ਦਿਨ ਪਹਿਲਾਂ ਦੁਬਈ ਵਿਚ ਇਕ ਹੋਰ ਚੁਣੌਤੀ ਭਰਪੂਰ ਇਮਾਰਤ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਉਦਘਾਟਨ ਕੀਤਾ ਗਿਆ ਹੈ। ਇਹ ਇਮਾਰਤ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ, ਜਿਸ ਨੂੰ ਸੰਸਾਰ ਦੀ ਸਭ ਤੋਂ ਖ਼ੂਬਸੂਰਤ ਇਮਾਰਤ ਕਿਹਾ ਜਾ ਰਿਹਾ ਹੈ ਅਤੇ ਜਿਸ ਨੂੰ ਵਿਲੱਖਣ ਕਿਸਮ ਦਾ ਨਾਂ ਮਿਊਜ਼ੀਅਮ ਆਫ਼ ਦਾ ਫਿਊਚਰ ਦਿੱਤਾ ਗਿਆ ਹੈ। ਜਿਵੇਂ ਕਿ ਨਾਂ ਤੋਂ ਹੀ ਅਸੀਂ ਇਹ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਦੁਨੀਆ ਦੀ ਸਭ ਤੋਂ ਸੁੰਦਰ ਇਮਾਰਤ ਕਿਉਂ ਹੋਵੇਗੀ ਕਿਉਂਕਿ ਇਸ ਦਾ ਨਿਰਮਾਣ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ ਅਤੇ ਇਸ ਇਮਾਰਤ ਵਿਚ ਭਵਿੱਖ ਨੂੰ ਨੇੜਿਓਂ ਅਹਿਸਾਸ ਕਰਨ ਦੇ ਉਪਰਾਲੇ ਕੀਤੇ ਗਏ ਹਨ। ਆਉ, ਇਸ ਦੁਨੀਆ ਦੀ ਸਭ ਤੋਂ ਸੁੰਦਰ ਇਮਾਰਤ ਦੇ ਰੂ-ਬਰੂ ਹੁੰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇਸ ਦਾ ਨਿਰਮਾਣ ਕਿਸ ਨੇ ਕੀਤਾ ਇਸ ਇਮਾਰਤ ਦਾ ਨਿਰਮਾਣ ਦੁਬਈ ਦੀ ਹੀ ਇਕ ਕੰਪਨੀ ਕਿਲਾ ਡਿਜ਼ਾਈਨ ਨੇ ਆਪਣੀ ਮਿਹਨਤ ਤੇ ਦ੍ਰਿੜ੍ਹ ਇਰਾਦੇ ਸਦਕਾ ਅਜਿਹੀ ਕਲਾ ਰਾਹੀਂ ਕਰ ਦਿਖਾਇਆ ਹੈ ਜੋ ਕਿ ਦੁਬਈ ਦੀ ਸ਼ਾਨ ਬਣ ਗਈ ਹੈ। ਇਹ ਸੱਤ ਮੰਜ਼ਿਲਾਂ ਵਿਚ ਬਣੀ ਹੋਈ ਹੈ। ਇਸ ਦੀ ਉਚਾਈ 77 ਮੀਟਰ ਹੈ। ਇਸ ਇਨਸਾਨੀ ਅੱਖਨੁਮਾ ਇਮਾਰਤ ਨੂੰ ਦੁਬਈ ਦੇ ਸ਼ੇਖ ਨੇ ਜੈਧ ਰੋਡ ਉੱਤੇ ਬਣਾਇਆ। ਜਿਸ ਤੋਂ ਕੁਝ ਦੂਰੀ 'ਤੇ ਹੀ ਸੰਸਾਰ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫ਼ਾ ਵੀ ਮੌਜੂਦ ਹੈ। ਦੁਬਈ ਨੇ ਇਸ ਨੂੰ ਬਣਾਉਣ ਲਈ ਸਭ ਗੱਲਾਂ ਨੂੰ ਧਿਆਨ ਵਿਚ ਰੱਖਿਆ ਹੈ। ਜ਼ਿਆਦਾਤਰ ਧਿਆਨ ਟੂਰਿਜ਼ਮ ਨੂੰ ਵਧਾਉਣ ਵੱਲ ਤੇ ਦੁਬਈ ਨੂੰ ਹੋਰ ਹਰਮਨ ਪਿਆਰਾ ਬਣਾਉਣ 'ਤੇ ਲਾਇਆ ਗਿਆ ਹੈ। ਇਸ ਇਮਾਰਤ ਦੇ ਢਾਂਚੇ ਨੂੰ ਬਣਾਉਣ ਲਈ ਸਟੈਨਲੈਸ ਸਟੀਲ ਦੀ ਵਰਤੋਂ ਕੀਤੀ ਗਈ ਹੈ। ਜਿਸ ਕੰਪਨੀ ਨੇ ਇਸ ਨੂੰ ਬਣਾਇਆ ਹੈ, ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਇਮਾਰਤ ਨੂੰ ਬਣਾਉਣ ਲਈ ਪੈਨਲਾਂ ਅਤੇ ਹੋਰ ਸਮੱਗਰੀ ਅਤੇ ਬੀ.ਆਈ.ਐਮ ਤਕਨੀਕ ਦੀ ਵਰਤੋਂ ਕੀਤੀ ਗਈ ਹੈ ਤੇ ਥ੍ਰੀ ਡੀ ਮਾਡਲ ਵਜੋਂ ਤਿਆਰ ਕੀਤਾ ਗਿਆ ਹੈ। ਇਹ ਮਿਊਜ਼ੀਅਮ ਬਾਹਰੋਂ ਅਤੇ ਅੰਦਰੋਂ ਵੱਖਰੇ-ਵੱਖਰੇ ਦ੍ਰਿਸ਼ ਪੇਸ਼ ਕਰਦਾ ਹੈ। ਬਾਹਰੋਂ ਇਹ ਹੈਰਤਅੰਗੇਜ਼ ਇੰਜੀਨੀਅਰਿੰਗ ਦਾ ਸਬੂਤ ਦਿੰਦਾ ਹੈ ਅਤੇ ਅੰਦਰੋਂ ਦੁਨੀਆ ਦੇ ਭਵਿੱਖ ਦੀਆਂ ਕਲਾ ਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਨੂੰ ਅਸੀਂ ਇਕ ਭਵਿੱਖ ਦਾ ਐਕਜ਼ੀਬੀਸ਼ਨ ਬਿੰਦੂ ਵੀ ਕਹਿ ਸਕਦੇ ਹਾਂ ਕਿਉਂਕਿ ਇਸ ਦੇ ਨਿਰਮਾਣ ਕਾਰਜਾਂ ਦਾ ਜਾਂ ਦੁਬਈ ਦੇ ਸੂਤਰਾਂ ਦਾ ਕਹਿਣਾ ਹੈ ਕਿ ਦੁਨੀਆ ਦੇ ਭਵਿੱਖ ਲਈ ਜੋ ਵੀ ਨਿਰਮਾਣ ਕਾਰਜ ਲਈ ਪ੍ਰਦਰਸ਼ਨੀ ਹੋਵੇਗੀ ਉਸ ਦੀ ਸ਼ੂਰੁਆਤ ਮਿਊਜ਼ੀਅਮ ਆਫ਼ ਫਿਊਚਰ ਵਿਚੋਂ ਹੀ ਹੋਵੇਗੀ। ਇਸ ਨੂੰ ਬਣਾਉਣ ਲਈ ਜ਼ਿਆਦਾਤਰ ਰੋਬੋਟਾਂ ਦੀ ਵਰਤੋਂ ਕੀਤੀ ਗਈ ਹੈ। ਇਸ ਦੀ ਬਾਹਰੀ ਬਣਤਰ ਇਸ ਤਰੀਕੇ ਨਾਲ ਬਣਾਈ ਗਈ ਹੈ ਕਿ ਇਸ ਦੇ ਬਾਹਰੀ ਢਾਂਚੇ ਉੱਪਰ ਅਰਬੀ ਭਾਸ਼ਾ ਵਿਚ ਕੁਝ ਲਿਖਿਆ ਹੋਇਆ ਹੈ। ਉਹ ਜੋ ਵੀ ਪੰਕਤੀਆਂ ਲਿਖੀਆਂ ਹੋਈਆਂ ਹਨ, ਉਨ੍ਹਾਂ ਦਾ ਅਜੇ ਪੱਕੇ ਤੌਰ 'ਤੇ ਨਹੀਂ ਦੱਸਿਆ ਜਾ ਰਿਹਾ ਉਹ ਕਿ ਲਿਖਿਆ ਹੈ ਪਰ ਕਈਆਂ ਦਾ ਕਹਿਣਾ ਹੈ ਕਿ ਇਹ ਦੁਬਈ ਦੇ ਸ਼ੇਖ ਦੀ ਇਕ ਕਵਿਤਾ ਦੀਆਂ ਪੰਕਤੀਆਂ ਹਨ। ਇਹ ਬਾਹਰੀ ਦੀਵਾਰਾਂ 'ਤੇ ਉੱਕਰੀਆਂ ਹੋਈਆਂ ਹਨ ਅਤੇ ਇਹ ਦੁਬਈ ਦੇ ਹੋਰ ਬੁਲੰਦੀਆਂ ਨੂੰ ਛੂਹਣ 'ਤੇ ਦੁਨੀਆ ਦਾ ਨੰਬਰ ਇਕ ਦੇਸ਼ ਬਣਨ ਬਾਰੇ ਦੱਸਦੀਆਂ ਹਨ। ਇਸ ਇਮਾਰਤ ਨੂੰ ਦੇਖਣ ਲਈ ਆਮ ਜਨਤਾ ਲਈ ਸਮਾਂ ਸਾਰਣੀ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਦੀ ਰੱਖੀ ਗਈ ਹੈ। ਇਸ ਮਿਊਜ਼ੀਅਮ ਦਾ ਰਕਬਾ ਲਗਭਗ 30 ਹਜ਼ਾਰ ਵਰਗ ਮੀਟਰ ਵਿਚ ਹੈ। ਇਸ ਨੂੰ ਮੁਕੰਮਲ ਕਰਨ ਵਿਚ ਲਗਭਗ 9 ਸਾਲਾਂ ਦਾ ਲੰਬਾ ਸਮਾਂ ਲੱਗਿਆ ਹੈ। ਇਸ ਵਿਚਲੀਆਂ ਮੰਜ਼ਿਲਾਂ 'ਤੇ ਵੱਖੋ-ਵੱਖਰੀ ਕਿਸਮ ਦੇ ਵਿਲੱਖਣ ਕਿਸਮ ਦੇ ਨਜ਼ਾਰੇ ਦੇਖਣ ਲਈ ਬਣਾਏ ਗਏ ਹਨ। ਇਸ ਮਿਊਜ਼ੀਅਮ ਵਿਚ ਸਾਲ 2071 ਦੇ ਭਵਿੱਖ ਨੂੰ ਭਾਂਪ ਕੇ ਲੋਕਾਂ ਨੂੰ ਕਈ ਦਹਾਕੇ ਬਾਅਦ ਦੀ ਦੁਨੀਆ ਬਾਰੇ ਦੱਸਿਆ ਗਿਆ ਹੈ ਕਿ ਉਸ ਸਮੇਂ ਸਾਡੀ ਪ੍ਰਿਥਵੀ ਕਿਹੋ ਜਿਹੀ ਤਕਨਾਲੋਜੀ ਅਤੇ ਵਿਗਿਆਨ ਨਾਲ ਲੈਸ ਹੋਵੇਗੀ। ਸਾਡੀ ਸਿੱਖਿਆ ਅਤੇ ਸਿਹਤ ਸਹੂਲਤਾਂ ਕਿਹੋ ਜਿਹੀਆਂ ਹੋਣਗੀਆਂ। ਜ਼ਿਆਦਾਤਰ ਦੁਨੀਆ ਇਕ ਗ਼ੈਰ-ਮਨੁੱਖਤਾ 'ਤੇ ਨਿਰਭਰ ਹੋ ਜਾਵੇਗੀ ਭਾਵ ਰੋਬੋਟ ਹੀ ਜ਼ਿਆਦਾ ਕੰਮਾਂ ਨੂੰ ਕਰਿਆ ਕਰਨਗੇ। ਇਸ ਇਮਾਰਤ ਵਿਚ ਸਾਡੇ ਸੌਰ ਮੰਡਲ ਦੀ ਰੂਪ-ਰੇਖਾ ਨੂੰ ਇਕ ਪੂਰੇ ਮਾਡਲ ਦੇ ਰੂਪ ਵਿਚ ਪੇਸ਼ ਕਰਨ ਦੀ ਪ੍ਰਕਿਰਿਆ ਦਿਖਾਈ ਗਈ ਹੈ, ਜਿਸ ਤੋਂ ਇਹ ਪਤਾ ਲਗਦਾ ਹੈ ਕਿ ਬ੍ਰਹਿਮੰਡ ਵਿਚ ਸੌਰ ਢਾਂਚਾ ਕਿਸ ਤਰ੍ਹਾਂ ਕੰਮ ਕਰਦਾ ਹੈ।

ਅਜਿਹੇ ਥ੍ਰੀ ਡੀ ਮਾਡਲ ਬਣਾਏ ਗਏ ਹਨ, ਜਿਨ੍ਹਾਂ ਰਾਹੀਂ ਸਾਨੂੰ ਇਹ ਅਸਲ ਵਾਂਗ ਪ੍ਰਤੀਤ ਹੁੰਦਾ ਹੈ ਕਿ ਅਸੀਂ ਅਸਲ ਵਿਚ ਸੌਰ ਮੰਡਲ ਦੀ ਸੈਰ ਕਿਸੇ ਰਾਕੇਟ ਰਾਹੀਂ ਕਰਕੇ ਧਰਤੀ 'ਤੇ ਵਾਪਸ ਆਏ ਹਾਂ। ਦੂਜੇ ਜ਼ੋਨ ਵਿਚ ਇਹ ਦਿਖਾਇਆ ਜਾਂਦਾ ਹੈ ਕਿ ਦੁਬਈ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਕਾਰਾਂ ਲਗਭਗ ਖ਼ਤਮ ਹੋ ਜਾਣਗੀਆਂ, ਸਿਰਫ਼ ਉਡਣ ਵਾਲੇ ਡਰੋਨ ਹੀ ਵਰਤੋਂ ਵਿਚ ਆਉਣਗੇ। ਇਸ ਵਿਚ ਇਕ ਡੀ. ਐਨ. ਏ. ਲਾਇਬ੍ਰੇਰੀ ਵੀ ਹੈ, ਜਿਸ ਵਿਚ ਜਾਨਵਰਾਂ ਅਤੇ ਪੌਦਿਆਂ ਬਾਰੇ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਇਸ ਵਿਚ ਇਕ ਹਜ਼ਾਰ ਤੋਂ ਜ਼ਿਆਦਾ ਹੋਰ ਵੀ ਕਲਾਕ੍ਰਿਤੀਆਂ ਰੱਖੀਆਂ ਹੋਈਆਂ ਹਨ। ਵਾਤਾਵਰਨ ਅਤੇ ਜੰਗਲਾਂ ਦੇ ਭਵਿੱਖ ਦੀ ਪੂਰਨ ਜਾਣਕਾਰੀ ਇਸ ਵਿਚੋਂ ਲਈ ਜਾ ਸਕਦੀ ਹੈ। ਇਸ ਦਾ ਅੰਦਰੂਨੀ ਹਿੱਸਾ ਭਵਿੱਖ ਦੀ ਜੋ ਅਸੀਂ ਕਲਪਨਾ ਕਰ ਸਕਦੇ ਹਾਂ, ਉਸ ਨੂੰ ਅਮਲੀ ਜਾਮਾ ਪਹਿਨਾਉਂਦਾ ਹੈ। ਦੁਬਈ ਵਿਚ ਇਸ ਇਮਾਰਤ ਦਾ ਨਿਰਮਾਣ ਭਵਿੱਖ ਦੀਆਂ ਬੁਲੰਦੀਆਂ ਤੋਂ ਪਾਰ ਜਾਣ ਦੀ ਨਿਸ਼ਾਨੀ ਹੈ, ਕਿਉਂਕਿ ਸਾਲ 2071 ਤੱਕ ਸਾਡੀ ਧਰਤੀ 'ਤੇ ਬਹੁਤ ਕੁਝ ਬਦਲ ਜਾਵੇਗਾ। ਮਨੁੱਖੀ ਕਿਰਤ ਦੇ ਯੁੱਗ ਦਾ ਅੰਤ ਹੋ ਕੇ ਨਵਾਂ ਹੀ ਮਸ਼ੀਨੀ ਯੁੱਗ ਜਾਂ ਰੋਬੋਟ ਯੁੱਗ ਦੀ ਸ਼ੁਰੂਆਤ ਹੋ ਚੁੱਕੀ ਹੋਵੇਗੀ। ਕਾਫ਼ੀ ਬਦਲਾਅ ਵਾਤਾਵਰਨ ਅਤੇ ਮਨੁੱਖਤਾ ਵਿਚ ਆ ਚੁੱਕੇ ਹੋਣਗੇ। ਰਫ਼ਤਾਰ ਦੀ ਸੀਮਾ ਹੋਰ ਵੀ ਵਧ ਗਈ ਹੋਵੇਗੀ। ਇਸ ਇਮਾਰਤ ਅੰਦਰ ਤੈਰਦੇ ਕੁਝ ਅਜਿਹੇ ਕਲਾ ਦੇ ਨਮੂਨੇ ਛੱਡੇ ਗਏ ਹਨ ਜੋ ਕਿ ਇਕ ਵੱਖਰੀ ਦੁਨੀਆ ਦਾ ਨਜ਼ਾਰਾ ਪੇਸ਼ ਕਰਦੇ ਹਨ। ਵੱਖਰੀ ਕਿਸਮ ਦੇ ਸੈਂਕੜੇ ਰੋਬੋਟ ਇਹੋ ਦੱਸਦੇ ਹਨ ਕਿ ਸਾਡਾ ਭਵਿੱਖ ਇਕ ਕਲਪਨਾ ਦਾ ਸੰਸਾਰ ਹੀ ਹੋਵੇਗਾ। ਤਕਨਾਲੋਜੀ ਵਿਚ ਵਾਧਾ ਸਾਡੀਆਂ ਸਹੂਲਤਾਂ ਵਿਚ ਵਾਧਾ ਤਾਂ ਕਰ ਰਿਹਾ ਹੈ ਪਰ ਕਿਤੇ ਨਾ ਕਿਤੇ ਇਸ ਦੇ ਕੁਝ ਨੁਕਸਾਨ ਵੀ ਹਨ। ਇਥੇ ਇਹੋ ਉਮੀਦ ਨਾਲ ਗੱਲ ਖ਼ਤਮ ਕਰਦੇ ਹਾਂ ਕਿ ਅਸੀਂ ਭਵਿੱਖ ਵੱਲ ਤਾਂ ਤਰੱਕੀ ਦਿਨ ਦੁੱਗਣੀ ਤੇ ਰਾਤ ਚੌਗੁਣੀ ਕਰੀਏ ਪਰ ਇਹ ਜ਼ਰੂਰ ਯਕੀਨੀ ਬਣਾਈਏ ਕਿ ਮਨੁੱਖਤਾ ਦੀ ਪੂਰਨ ਆਜ਼ਾਦੀ ਜਾਂ ਜੀਵਨ ਦੀ ਤੰਦਰੁਸਤੀ ਅਤੇ ਵਾਤਾਵਰਨ ਦਾ ਵੀ ਮੁਕੰਮਲ ਤੌਰ 'ਤੇ ਪੂਰਨ ਧਿਆਨ ਰੱਖਿਆ ਜਾਵੇ।

 

ਭੁਪਿੰਦਰ ਵੀਰ ਸਿੰਘ