ਸ਼ਾਹਬਾਜ਼ ਸ਼ਰੀਫ਼  ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ

ਸ਼ਾਹਬਾਜ਼ ਸ਼ਰੀਫ਼  ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਬਣੇ

ਵੋਟਿੰਗ ਤੋਂ ਪਹਿਲਾਂ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੇ  ਅਸਤੀਫ਼ੇ ਦਿੱਤੇ

*ਇਮਰਾਨ ਖ਼ਾਨ ਦਾ  ਦਾਅਵਾ ਕਿ ਉਨ੍ਹਾਂ ਨੂੰ ਅਮਰੀਕਾ ਦੇ ਇਸ਼ਾਰੇ 'ਤੇ ਇਕ ਸਾਜਿਸ਼ ਤਹਿਤ ਸੱਤਾ ਤੋਂ ਬੇਦਖ਼ਲ ਕੀਤਾ

*ਇਮਰਾਨ ਦੇ ਹਕ ਵਿਚ ਵੱਡੇ ਪੱਧਰ 'ਤੇ ਲੋਕਾਂ ਵਲੋਂ  ਪ੍ਰਦਰਸ਼ਨ 

ਮੋਦੀ ਵਲੋਂ ਸ਼ਾਹਬਾਜ਼ ਸ਼ਰੀਫ ਨੂੰ ਪਾਕਿ ਦਾ ਪ੍ਰਧਾਨ ਮੰਤਰੀ ਚੁਣੇ ਜਾਣ 'ਤੇ ਵਧਾਈ

ਅੰਮ੍ਰਿਤਸਰ ਟਾਈਮਜ਼ ਬਿਊਰੋ                                                   

ਅੰਮ੍ਰਿਤਸਰ-ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਅਤੇ ਸਾਬਕਾ ਬਰਖ਼ਾਸਤ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਪਾਕਿਸਤਾਨ ਦੇ 23ਵੇਂ ਪ੍ਰਧਾਨ ਮੰਤਰੀ ਚੁਣੇ ਗਏ ਹਨ। ਇਸ ਦੇ ਨਾਲ ਹੀ 8 ਮਾਰਚ ਨੂੰ ਇਮਰਾਨ ਖ਼ਾਨ ਦੇ ਖ਼ਿਲਾਫ਼ ਲਿਆਂਦੇ ਬੇਭਰੋਸਗੀ ਮਤੇ ਦੇ ਬਾਅਦ ਤੋਂ ਦੇਸ਼ ਵਿਚ ਆਈ ਸਿਆਸੀ ਅਨਿਸਚਿਤਤਾ ਦਾ ਅੰਤ ਹੋ ਗਿਆ। ਉਨ੍ਹਾਂ ਨੂੰ ਨੈਸ਼ਨਲ ਅਸੈਂਬਲੀ ਦੇ 174 ਮੈਂਬਰਾਂ ਨੇ ਵੋਟ ਪਾਈ, ਜਦਕਿ ਵੋਟਿੰਗ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੀਟੀਆਈ. ਦੇ ਮੁਖੀ ਇਮਰਾਨ ਖ਼ਾਨ ਸਮੇਤ ਬਾਕੀ ਸੰਸਦ ਮੈਂਬਰਾਂ ਵਲੋਂ ਬਾਈਕਾਟ ਕੀਤੇ ਜਾਣ ਕਰਕੇ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇਕ ਵੀ ਵੋਟ ਨਹੀਂ ਮਿਲੀ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਵਿਚ ਪ੍ਰਧਾਨ ਮੰਤਰੀ ਚੁਣੇ ਜਾਣ ਤੋਂ ਬਾਅਦ ਸ਼ਾਹਬਾਜ਼ ਸ਼ਰੀਫ਼ ਨੇ ਸੰਸਦ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ  ਦੇਸ਼ ਦੀ ਜਨਤਾ ਨੇ ਇਕ ਅਯੋਗ ਪ੍ਰਧਾਨ ਮੰਤਰੀ ਨੂੰ ਕੁਰਸੀ ਤੋਂ ਲਾਂਭੇ ਕਰਨ ਦਾ ਮਹੱਤਵਪੂਰਨ ਕੰਮ ਕੀਤਾ ਹੈ। ਉਨ੍ਹਾਂ ਨੇ ਪਾਕਿ ਦੀ ਸੁਪਰੀਮ ਕੋਰਟ ਦਾ ਵੀ ਧੰਨਵਾਦ ਕੀਤਾ। ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਕਿ ਵਿਦੇਸ਼ੀ ਸਾਜਿਸ਼ ਦੀ ਗੱਲ ਪੂਰੀ ਤਰ੍ਹਾਂ ਝੂਠ ਹੈ ਤੇ ਜੇਕਰ ਇਸ ਵਿਚ ਥੋੜ੍ਹੀ ਜਿਹੀ ਵੀ ਸੱਚਾਈ ਸਾਬਤ ਹੋ ਜਾਂਦੀ ਹੈ ਤਾਂ ਉਹ ਇਸ ਸਦਨ ਵਿਚ ਖ਼ੁਦਾ ਅਤੇ ਸਪੀਕਰ ਨੂੰ ਗਵਾਹ ਮੰਨ ਕੇ ਅਸਤੀਫ਼ਾ ਦੇਣ ਲਈ ਤਿਆਰ ਹਨ।  ਸ਼ਾਹਬਾਜ਼ ਸ਼ਰੀਫ਼ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਬਾਅਦ ਆਪਣੇ ਸਮੇਤ ਪੀਟੀਆਈ. ਦੇ ਬਾਕੀ ਮੈਂਬਰਾਂ ਵਲੋਂ ਨੈਸ਼ਨਲ ਅਸੈਂਬਲੀ ਤੋਂ ਸਮੂਹਿਕ ਅਸਤੀਫ਼ੇ   ਜਨਤਕ ਕਰ ਦਿੱਤੇ। ਇਮਰਾਨ ਖ਼ਾਨ  ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਮਰੀਕਾ ਦੇ ਇਸ਼ਾਰੇ 'ਤੇ ਇਕ ਸਾਜਿਸ਼ ਤਹਿਤ ਸੱਤਾ ਤੋਂ ਬੇਦਖ਼ਲ ਕੀਤਾ ਗਿਆ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸੰਸਦ ਮੈਂਬਰ ਕਦੇ ਵੀ ਵਿਰੋਧੀ ਗੱਠਜੋੜ ਨਾਲ ਅਸੈਂਬਲੀ ਵਿਚ ਨਹੀਂ ਬੈਠ ਸਕਦੇ। ਇਸ ਲਈ ਉਹ ਸਮੂਹਿਕ ਰੂਪ ਵਿਚ ਪ੍ਰਧਾਨ ਮੰਤਰੀ ਦੀ ਚੋਣ ਦਾ ਬਾਈਕਾਟ ਕਰਨਗੇ। ਸਾਬਕਾ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਵੀ ਕਿਹਾ ਕਿ ਅਸੀਂ ਅਸਤੀਫ਼ਾ ਦੇਵਾਂਗੇ ਤੇ ਆਜ਼ਾਦੀ ਲਈ ਲੜਾਂਗੇ। ਪਾਕਿਸਤਾਨ ਵਿਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਨੈਸ਼ਨਲ ਅਸੈਂਬਲੀ ਦੇ  ਇਜਲਾਸ ਵਿਚ ਪਾਕਿ ਦੇ ਵਿਰੋਧੀ ਗੱਠਜੋੜ ਵਲੋਂ ਸ਼ਾਹਬਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਲਈ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਗਿਆ, ਜਦਕਿ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਪੀਟੀਆਈ. ਵਲੋਂ ਨਾਮਜ਼ਦ ਕੀਤਾ ਗਿਆ ਸੀ। ਆਪਣੇ ਭਾਸ਼ਨ ਤੋਂ ਬਾਅਦ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਚੋਣ ਵਿਚ ਹਿੱਸਾ ਨਹੀਂ ਲੈਣਗੇ। ਉਨ੍ਹਾਂ ਕਿਹਾ ਕਿ ਪੀਟੀਆਈ. ਨੈਸ਼ਨਲ ਅਸੈਂਬਲੀ ਤੋਂ ਅਸਤੀਫ਼ਾ ਦੇ ਰਹੀ ਹੈ। ਇਸ ਦੌਰਾਨ ਰਾਸ਼ਟਰਪਤੀ ਆਰਿਫ਼ ਅਲਵੀ  ਨੇ  ਤਹਿਰੀਕ-ਏ-ਇਨਸਾਫ਼ ਪਾਰਟੀ  ਲੀਡਰਸ਼ਿਪ ਨਾਲ ਸਲਾਹ ਕਰਕੇ ਅਸਤੀਫ਼ਾ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਾਹਬਾਜ਼ ਸ਼ਰੀਫ ਨੂੰ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਚੁਣੇ ਜਾਣ 'ਤੇ ਵਧਾਈ ਦਿੱਤੀ ਤੇ ਕਿਹਾ ਹੈ ਕਿ ਭਾਰਤ ਅੱਤਵਾਦ ਮੁਕਤ ਖੇਤਰ ਵਿਚ ਸ਼ਾਂਤੀ ਤੇ ਸਥਿਰਤਾ ਚਾਹੁੰਦਾ ਹੈ।

ਨਵਾਜ਼ ਸ਼ਰੀਫ਼ ਈਦ ਤੋਂ ਬਾਅਦ ਪਰਤ ਸਕਦੇ ਹਨ ਪਾਕਿਸਤਾਨ 

ਪਾਕਿਸਤਾਨ ਦੇ ਸਾਬਕਾ ਬਰਖ਼ਾਸਤ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਗਲੇ ਮਹੀਨੇ ਈਦ ਤੋਂ ਬਾਅਦ ਲੰਡਨ ਤੋਂ ਆਪਣੇ ਵਤਨ ਵਾਪਸ ਪਰਤ ਸਕਦੇ ਹਨ। ਬੇਭਰੋਸਗੀ ਮਤੇ ਰਾਹੀਂ ਇਮਰਾਨ ਖ਼ਾਨ ਦੀ ਸਰਕਾਰ ਡੇਗਣ ਤੋਂ ਬਾਅਦ ਪਾਕਿ ਵਿਚ ਚੱਲ ਰਹੀ ਸਿਆਸੀ ਹਲਚਲ ਦਰਮਿਆਨ  ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਇਕ ਸੀਨੀਅਰ ਆਗੂ ਮੀਆਂ ਜਾਵੇਦ ਲਤੀਫ਼ ਨੇ ਇਹ ਜਾਣਕਾਰੀ ਦਿੱਤੀ।                                                      

      ਇਮਰਾਨ ਖ਼ਾਨ ਦੀ ਬਰਖ਼ਾਸਤਗੀ ਖ਼ਿਲਾਫ਼ ਪਾਕਿ ਵਿਚ ਰੋਸ ਪ੍ਰਦਰਸ਼ਨ

ਪਾਕਿਸਤਾਨ ਤਹਿਰੀਕ-ਏ-ਇਨਸਾਫ਼  ਦੇ ਸਮਰਥਕਾਂ ਨੇ ਬੇਭਰੋਸਗੀ ਮਤੇ ਰਾਹੀਂ ਇਮਰਾਨ ਖ਼ਾਨ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੇ ਵਿਰੋਧ ਵਿਚ ਦੇਸ਼ ਭਰ ਵਿਚ ਕਈ ਸ਼ਹਿਰਾਂ ਵਿਚ ਵਿਸ਼ਾਲ ਰੈਲੀਆਂ ਕੀਤੀਆਂ। ਇਮਰਾਨ ਖ਼ਾਨ ਨੇ ਇਸ ਨੂੰ ਇਕ ਹੋਰ ਸੁਤੰਤਰਤਾ ਸੰਗਰਾਮ ਦੱਸਿਆ। ਜਾਣਕਾਰੀ ਅਨੁਸਾਰ ਇਸਲਾਮਾਬਾਦ, ਕਰਾਚੀ, ਪਿਸ਼ਾਵਰ ਤੇ ਲਾਹੌਰ ਫੈਸਲਾਬਾਦ, ਮੁਲਤਾਨ, ਗੁਜਰਾਂਵਾਲਾ, ਜੇਹਲਮ ਅਤੇ ਗੁਜਰਾਤ ਜ਼ਿਲ੍ਹਿਆਂ ਵਿਚ  ਵੱਡੇ ਪੱਧਰ 'ਤੇ ਲੋਕਾਂ ਨੇ ਪ੍ਰਦਰਸ਼ਨ ਕੀਤੇ। ਇਸ ਤੋਂ ਇਲਾਵਾ ਸ਼ਿਕਾਗੋ, ਦੁਬਈ, ਟੋਰਾਂਟੋ ਤੇ ਬਰਤਾਨੀਆ ਵਿਚ ਵੀ ਪ੍ਰਦਰਸ਼ਨ ਕੀਤੇ ਗਏ। ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ ਨੇ ਇਮਰਾਨ ਖ਼ਾਨ ਦੇ ਸਾਬਕਾ ਸਲਾਹਕਾਰ ਅਤੇ ਮੁੱਖ ਸਕੱਤਰ ਵਰਗੇ ਅਧਿਕਾਰੀਆਂ ਦੇ ਨਾਂਅ 'ਸਟਾਪ ਲਿਸਟ' ਵਿਚ ਪਾ ਦਿੱਤੇ ਹਨ, ਜਿਸ ਤੋਂ ਬਾਅਦ ਉਹ ਦੇਸ਼ ਛੱਡ ਕੇ ਨਹੀਂ ਜਾ ਸਕਣਗੇ। ਇਮਰਾਨ ਖ਼ਾਨ ਦੇ ਖ਼ਾਸ ਸਾਥੀਆਂ ਸ਼ਾਹਬਾਜ਼ ਗਿੱਲ ਤੇ ਸ਼ਹਿਜ਼ਾਦ ਅਕਬਰ ਦੇ ਨਾਂਅ ਵੀ ਇਸ ਸੂਚੀ ਵਿਚ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਇਲਾਵਾ ਸਾਬਕਾ ਮੁੱਖ ਸਕੱਤਰ ਆਜ਼ਮ ਖ਼ਾਨ, ਪੀਟੀਆਈ. ਦੇ ਸੋਸ਼ਲ ਮੀਡੀਆ ਮੁਖੀ ਅਰਸਲਾਨ ਖ਼ਾਲਿਦ, ਮੁਹੰਮਦ ਰਿਜ਼ਵਾਨ ਅਤੇ ਪੰਜਾਬ ਦੇ ਡਾਇਰੈਕਟਰ ਜਨਰਲ ਗੌਹਰ ਨਫ਼ੀਸ ਦੇ ਨਾਂਅ ਵੀ ਇਸ ਸੂਚੀ ਵਿਚ ਸ਼ਾਮਿਲ ਹਨ।                                                              

ਪਾਕਿ ਵਿਚ 75 ਵਰਿ੍ਹਆਂ ਵਿਚ ਸੱਤਾ ਤੋਂ ਹਟਾਏ ਗਏ 15 ਪ੍ਰਧਾਨ ਮੰਤਰੀ

ਪਾਕਿਸਤਾਨ ਦੇ 25 ਜੁਲਾਈ, 2018 ਨੂੰ ਬਣੇ 22ਵੇਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ 3 ਸਾਲ 7 ਮਹੀਨੇ 23 ਦਿਨ ਤੱਕ ਸੱਤਾ ਦਾ ਸੁੱਖ ਭੋਗਿਆ। ਆਪਣੀ ਸਮਾਂ ਹੱਦ ਪੂਰੀ ਕਰਨ ਤੋਂ ਪਹਿਲਾਂ ਸੱਤਾ ਤੋਂ ਹਟਾਏ ਜਾਣ ਵਾਲੇ ਉਹ ਪਾਕਿ ਦੇ ਪਹਿਲੇ ਪ੍ਰਧਾਨ ਮੰਤਰੀ ਨਹੀਂ ਹਨ, ਬਲਕਿ ਪਾਕਿਸਤਾਨ ਦੇ ਹੋਂਦ ਵਿਚ ਆਉਣ ਦੇ ਬਾਅਦ ਤੋਂ ਲੈ ਕੇ ਹੁਣ ਤੱਕ ਪਾਕਿ ਦੇ ਬਣੇ 22 ਪ੍ਰਧਾਨ ਮੰਤਰੀਆਂ ਵਿਚੋਂ ਸਿਰਫ਼ 5 ਵਜ਼ੀਰੇ-ਆਜ਼ਮ (ਪ੍ਰਧਾਨ ਮੰਤਰੀ) ਹੀ ਸੇਵਾ ਮੁਕਤ ਹੋਣ ਤੱਕ ਸੱਤਾ ਦਾ ਸੁੱਖ ਭੋਗਣ ਵਿਚ ਕਾਮਯਾਬ ਹੋ ਸਕੇ ਹਨ, ਜਦਕਿ ਬਾਕੀ 17 ਵਿਚੋਂ ਇਕ ਦੀ ਕਾਰਜਕਾਲ ਦੌਰਾਨ ਹੱਤਿਆ ਕਰਵਾਈ ਗਈ, ਇਕ ਨੂੰ ਫਾਹੇ ਲਗਾਇਆ ਗਿਆ ਅਤੇ ਬਾਕੀਆਂ ਵਿਚੋਂ ਕੁੱਝ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਅਤੇ ਕੁੱਝ ਪਾਸੋਂ ਜਬਰੀ ਅਸਤੀਫ਼ਾ ਲੈ ਕੇ ਬੇਇੱਜ਼ਤ ਤਰੀਕੇ ਨਾਲ ਸੱਤਾ ਤੋਂ ਹਟਾ ਦਿੱਤਾ ਗਿਆ । ਸੱਤਾ ਸੁਖ ਭੋਗਦਿਆਂ ਇੱਜ਼ਤ ਨਾਲ ਸੇਵਾ ਮੁਕਤ ਹੋਣ ਵਾਲੇ ਪ੍ਰਧਾਨ ਮੰਤਰੀਆਂ 'ਚੋਂ ਵੀ ਜ਼ਿਆਦਾਤਾਰ ਅਸਥਾਈ ਤੌਰ 'ਤੇ ਬਣਾਏ ਗਏ ਪ੍ਰਧਾਨ ਮੰਤਰੀ ਹੀ ਹਨ ।ਇਮਰਾਨ ਖ਼ਾਨ ਤੋਂ ਪਹਿਲਾਂ ਪਨਾਮਾ ਮਾਮਲੇ ਵਿਚ ਭਿ੍ਸ਼ਟਾਚਾਰ ਦੇ ਦੋਸ਼ ਵਿਚ ਸੁਪਰੀਮ ਕੋਰਟ ਵਲੋਂ ਬਰਖ਼ਾਸਤ ਕੀਤੇ ਗਏ ਪ੍ਰਧਾਨ ਮੰਤਰੀ ਮੀਆਂ ਨਵਾਜ਼ ਸ਼ਰੀਫ਼ ਨੂੰ ਦੋ ਵਾਰ ਬਰਖ਼ਾਸਤ ਕੀਤਾ ਗਿਆ । ਨਵਾਜ਼ ਸ਼ਰੀਫ਼ ਪਾਕਿਸਤਾਨ ਦੇ 12ਵੇਂ, 14ਵੇਂ ਤੇ 20ਵੇਂ ਪ੍ਰਧਾਨ ਮੰਤਰੀ ਰਹੇ ।ਇਸ ਦੌਰਾਨ ਉਹ ਕ੍ਰਮਵਾਰ 2 ਸਾਲ 254 ਦਿਨ, 2 ਸਾਲ 237 ਦਿਨ ਅਤੇ 4 ਸਾਲ 53 ਦਿਨਾਂ ਲਈ ਪ੍ਰਧਾਨ ਮੰਤਰੀ ਰਹੇ ।ਉਨ੍ਹਾਂ ਦੇ ਇਲਾਵਾ ਪਾਕਿ ਪ੍ਰਧਾਨ ਮੰਤਰੀ ਚੌਧਰੀ ਮੁਹੰਮਦ ਅਲੀ ਤੇ ਬੇਨਜ਼ੀਰ ਭੁੱਟੋ ਵੀ ਦੋਹਰੀ ਵਾਰ ਬਰਖ਼ਾਸਤ ਕੀਤੇ ਗਏ ਸਨ ।ਉਕਤ ਦੇ ਇਲਾਵਾ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਜੋ ਕਿ 4 ਸਾਲ 63 ਦਿਨ ਤੱਕ ਪ੍ਰਧਾਨ ਮੰਤਰੀ ਰਹੇ, ਦੀ ਸੰਨ 1951 ਵਿਚ ਭੇਦਭਰੀ ਸਥਿਤੀ 'ਚ ਹੋਈ ਹੱਤਿਆ ਦੀ ਗੁੱਥੀ ਅਜੇ ਤੱਕ ਸੁਲਝ ਨਹੀਂ ਸਕੀ ।ਉਨ੍ਹਾਂ ਦੀ ਹੱਤਿਆ ਦੇ ਬਾਅਦ ਸੰਨ 1951 ਤੋਂ ਲੈ ਕੇ ਸੰਨ 1957 ਤੱਕ ਗਵਰਨਰ ਜਨਰਲ ਦੇ ਹੁਕਮ 'ਤੇ ਲਗਾਤਾਰ 6 ਪ੍ਰਧਾਨ ਮੰਤਰੀ ਬਰਖ਼ਾਸਤ ਕੀਤੇ ਗਏ ।ਇਸੇ ਤਾਨਾਸ਼ਾਹੀ ਰਵੱਈਏ ਦੇ ਚਲਦਿਆਂ ਪ੍ਰਧਾਨ ਮੰਤਰੀ ਸਰ ਖ਼ਵਾਜਾ ਨਜ਼ੀਮੁਦੀਨ (ਇਕ ਸਾਲ 182 ਦਿਨ ਪ੍ਰਧਾਨ ਮੰਤਰੀ ਰਹੇ), ਮੁਹੰਮਦ ਅਲੀ ਬੋਗਰਾ (2 ਸਾਲ 117 ਦਿਨ), ਚੌਧਰੀ ਮੁਹੰਮਦ ਅਲੀ (1 ਸਾਲ 31 ਦਿਨ), ਹੁਸੈਨ ਸ਼ਹੀਦ ਸੁਹਰਾਵਰਦੀ (1 ਸਾਲ 35 ਦਿਨ), ਇਬਰਾਹੀਮ ਇਸਮਾਈਲ ਚੁਨਦਰੀਗਰ (ਇਹ ਸਿਰਫ਼ ਦੋ ਮਹੀਨੇ ਤੱਕ ਪ੍ਰਧਾਨ ਮੰਤਰੀ ਰਹੇ), ਸਰ ਫ਼ਿਰੋਜ਼ ਖ਼ਾਨ ਨੂਨ (295 ਦਿਨ), ਨੂਰੁਲ ਅਮੀਨ (13 ਦਿਨ), ਮੁਹੰਮਦ ਖ਼ਾਨ ਜੁਨੇਜੋ (3 ਸਾਲ 66 ਦਿਨ), ਮੀਰ ਜ਼ਫ਼ਰਉੱਲਾ ਖ਼ਾਨ ਜ਼ਮਾਲੀ (1 ਸਾਲ 216 ਦਿਨ), ਚੌਧਰੀ ਸੁਜਾਤ ਹੁਸੈਨ (57 ਦਿਨ), ਸ਼ੌਕਤ ਅਜ਼ੀਜ਼ (3 ਸਾਲ 79 ਦਿਨ), ਜ਼ੁਸਫ਼ ਰਜ਼ਾ ਗਿਲਾਨੀ (4 ਸਾਲ 86 ਦਿਨ) ਤੇ ਨਵਾਜ਼ ਸ਼ਰੀਫ਼ ਵਿਚੋਂ ਕੁੱਝ ਨੂੰ ਬਰਖ਼ਾਸਤ ਕੀਤਾ ਗਿਆ ਅਤੇ ਕੁੱਝ ਪਾਸੋਂ 'ਸਵੈ-ਇੱਛਾ' ਦੇ ਨਾਂ 'ਤੇ ਜ਼ਬਰਦਸਤੀ ਅਸਤੀਫ਼ਾ ਲਿਆ ਗਿਆ । ਇਨ੍ਹਾਂ ਦੇ ਇਲਾਵਾ ਪਾਕਿ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ (11ਵੀਂ ਪ੍ਰਧਾਨ ਮੰਤਰੀ ਮੌਕੇ 1 ਸਾਲ 247 ਦਿਨ ਅਤੇ 13ਵੀਂ ਪ੍ਰਧਾਨ ਮੰਤਰੀ ਮੌਕੇ 3 ਸਾਲ 17 ਦਿਨ) ਦੇ ਪਿਤਾ ਜੁਲਫ਼ਿਕਾਰ ਅਲੀ ਭੁੱਟੋ (3 ਸਾਲ 325 ਦਿਨ) ਨੂੰ ਫ਼ੌਜੀ ਸ਼ਾਸਕ ਜਨਰਲ ਜ਼ਿਆ ਉੱਲ ਹੱਕ ਵਲੋਂ ਫਾਹੇ ਲਾਏ ਜਾਣ ਦੇ ਬਾਅਦ ਸੱਤਾ 'ਤੇ ਅਧਿਕਾਰ ਕਾਇਮ ਕੀਤਾ ਗਿਆ ।ਪਾਕਿ 'ਚ ਫ਼ੌਜ ਵਲੋਂ ਸੰਨ 1953, 1958, 1977 ਅਤੇ 1999 'ਚ ਤਖ਼ਤਾ ਪਲਟ ਕੀਤਾ ਗਿਆ । ਪਾਕਿ ਦੇ 19ਵੇਂ ਪ੍ਰਧਾਨ ਮੰਤਰੀ ਰਾਜਾ ਪ੍ਰਵੇਜ਼ ਅਸ਼ਰਫ਼ ਨੇ 275 ਦਿਨਾਂ ਲਈ ਸੱਤਾ ਦਾ ਸੁੱਖ ਭੋਗਿਆ । ਨਵਾਜ਼ ਸ਼ਰੀਫ਼ ਨੂੰ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਸ਼ਾਹਿਦ ਖ਼ਾਕਾਨ ਅੱਬਾਸੀ 303 ਦਿਨਾਂ ਤੱਕ ਪਾਕਿ ਦੇ ਵਜ਼ੀਰੇ-ਆਜ਼ਮ ਰਹੇ, ਹਾਲਾਂਕਿ ਉਨ੍ਹਾਂ ਨੂੰ 45 ਦਿਨਾਂ ਲਈ ਪਾਕਿ ਦਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਗਿਆ ਸੀ ।

ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਪਾਕਿਸਤਾਨ ਕੌਮੀ ਅਸੰਬਲੀ ਨੇ ਲੰਬੀ ਖਿੱਚੋਤਾਣ ਤੋਂ ਬਾਅਦ ਅਵਿਸ਼ਵਾਸ ਪ੍ਰਸਤਾਵ 'ਤੇ ਵੋਟਿੰਗ ਰਾਹੀਂ ਇਮਰਾਨ ਖ਼ਾਨ ਨੂੰ ਸੱਤਾ ਤੋਂ ਬੇਦਖ਼ਲ ਕਰ ਦਿੱਤਾ ਹੈ।  ਉਨ੍ਹਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਦੀ ਇਕ ਸਹੇਲੀ ਨੇ ਕਰੋੜਾਂ ਰੁਪਏ ਖਾ ਕੇ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਵਾਈਆਂ ਹਨ। ਹੋਰ ਵੀ ਕਈ ਘੁਟਾਲੇ ਹਨ, ਜਿਸ ਨਾਲ ਇਮਰਾਨ ਦੀ ਪ੍ਰਧਾਨ ਮੰਤਰੀ ਵਜੋਂ ਸ਼ਖ਼ਸੀਅਤ ਦਾਗ਼ਦਾਰ ਹੋਈ ਹੈ।ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ । ਅਗਲੀਆਂ ਚੋਣਾਂ ਉਨ੍ਹਾਂ ਦੀ ਲੋਕਪ੍ਰਿਅਤਾ ਦੀ ਪ੍ਰੀਖਿਆ ਲੈਣਗੀਆਂ, ਪਰ ਫ਼ੌਜ ਉਨ੍ਹਾਂ ਨੂੰ ਕਿਸੇ ਕੀਮਤ 'ਤੇ ਚੋਣਾਂ ਨਹੀਂ ਜਿੱਤਣ ਦੇਵੇਗੀ। ਜਨਰਲ ਬਾਜਵਾ ਉਨ੍ਹਾਂ ਨੂੰ ਮੁੜ ਸੱਤਾ ਵਿਚ ਨਹੀਂ ਦੇਖਣਾ ਚਾਹੁੰਦੇ। ਵਿਰੋਧੀ ਧਿਰ ਦਾ ਕੋਈ ਨੇਤਾ ਇਮਰਾਨ ਨਾਲ ਹਮਦਰਦੀ ਨਹੀਂ ਰੱਖਦਾ। ਉਨ੍ਹਾਂ ਲਈ ਕੋਈ ਗੱਠਜੋੜ ਬਣਾਉਣਾ ਵੀ ਮੁਸ਼ਕਿਲ ਹੈ। ਸਭ ਦੀ ਨਜ਼ਰ ਅਜੇ ਵੀ ਪਾਕਿਸਤਾਨ ਦੀ ਫ਼ੌਜ ਉੱਤੇ ਹੈ। ਨਵੀਂ ਬਣਨ ਵਾਲੀ ਸਰਕਾਰ ਦਾ ਭਵਿੱਖ ਫ਼ੌਜ ਦੀ ਸਹਿਮਤੀ ਉੱਤੇ ਨਿਰਭਰ ਕਰੇਗਾ। ਇਸ ਤੋਂ ਇਲਾਵਾ ਪਾਕਿਸਤਾਨ ਅੰਦਰ ਇਮਰਾਨ ਦੇ ਵਿਦੇਸ਼ੀ ਤਾਕਤਾਂ ਖਿ਼ਲਾਫ਼ ਲੜਨ ਦੇ ਬਿਰਤਾਂਤ ਨੂੰ ਕਿੰਨਾ ਕੁ ਸਹਿਯੋਗ ਮਿਲੇਗਾ, ਇਹ ਦੇਖਣਾ ਵੀ ਦਿਲਚਸਪ ਹੋਵੇਗਾ।