ਪ੍ਰਮੁੱਖ ਡੇਰਿਆਂ ਦੀ ਜਾਣਕਾਰੀ

ਪ੍ਰਮੁੱਖ ਡੇਰਿਆਂ ਦੀ ਜਾਣਕਾਰੀ

ਡੇਰਾ ਸੱਚਾ ਸੌਦਾ ਦਾ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ ਦੇ ਸਿਰਸਾ ਨਾਲ ਸਬੰਧ ਹੈ।

ਸਾਲ 2008 ਦੌਰਾਨ ਸਿਰਸਾ ਦੇ ਡੇਰਾ ਮੁਖੀ ਉਸ ਸਮੇਂ ਵਿਵਾਦਾਂ ਵਿਚ ਆ ਗਏ ਸਨ ਜਦੋਂ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਵਾਲਾ ਬਾਣਾ ਧਾਰ ਕੇ ‘ਅੰਮ੍ਰਿਤ’ ਛਕਾਉਣ ਦਾ ਸਵਾਂਗ ਰਚਿਆ ਸੀ। ਪੰਜਾਬ ਦੇ ਸਿੱਖਾਂ ਨੇ ਇਸ ਦਾ ਤਿੱਖਾ ਵਿਰੋਧ ਕੀਤਾ ਸੀ ਜਿਸ ਕਾਰਨ ਡੇਰਾ ਮੁਖੀ ਦਾ ਵੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਸੀ। ਇਸ ਡੇਰੇ ਦਾ ਮੁਖੀ   ਰਾਮ ਰਹੀਮ ਇਸ ਸਮੇਂ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਕੱਟ ਰਿਹਾ ਹੈ।ਸਾਲ ਸਿੰਘ ਸਾਹਿਬਾਨ ਵੱਲੋਂ ਹੁਕਮਰਾਨਾਂ ਦੇ ਦਬਾਅ ਹੇਠ ਹੁਕਮਨਾਮਾ ਵਾਪਸ ਲੈ ਲਿਆ ਗਿਆ ਜਿਸ ਨਾਲ ਦੁਨੀਆ ਭਰ ਦੇ ਸਿੱਖਾਂ ‘ਚ ਰੋਸ ਦੀ ਲਹਿਰ ਫੈਲ ਗਈ। ਸਿੱਖ ਸੜਕਾਂ ‘ਤੇ ਆ ਗਏ ਅਤੇ ਪੰਜ ਪਿਆਾਰਿਆਂ ਨੇ ਵੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਖ਼ਿਲਾਫ਼ ਬਗ਼ਾਵਤ ਦਾ ਝੰਡਾ ਚੁੱਕ ਲਿਆ। ਸਿੱਖਾਂ ਦੇ ਵਧਦੇ ਰੋਸ ਨੂੰ ਦੇਖਦਿਆ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਮੁਆਫ਼ੀਨਾਮਾ ਵਾਪਸ ਲੈਣਾ ਪਿਆ।ਸਾਲ 2017 ਵਿੱਚ ਜਦੋਂ ਸੌਦਾ ਸਾਧ ਨੂੰ ਸਜ਼ਾ ਸੁਣਾਈ ਗਈ ਤਾਂ ਉਸ ਦੇ ਪੈਰੋਕਾਰਾਂ ਵੱਲੋਂ ਪੰਜਾਬ ਅਤੇ ਹਰਿਆਣਾ ਵਿੱਚ ਕਾਫ਼ੀ ਹਿੰਸਾ ਕੀਤੀ ਗਈ, ਜਿਸ ਦੌਰਾਨ 38 ਲੋਕਾਂ ਦੀ ਮੌਤ ਹੋਈ ਸੀ।ਇਸ ਡੇਰੇ ਦੇ ਪੈਰੋਕਾਰਾਂ ਦੇ ਨਾਮ ਸਾਲ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਿਤ ਬੇਅਦਬੀ ਦੇ ਕੇਸਾਂ ਵਿੱਚ ਵੀ ਆਉਂਦੇ ਰਹੇ ਹਨ।ਡੇਰਾ ਸੱਚਾ ਸੌਦਾ ਦਾ ਪ੍ਰਭਾਵ ਪੰਜਾਬ ਦੇ ਮਾਲਵਾ ਇਲਾਕੇ ਦੇ ਜ਼ਿਲ੍ਹਾ ਸੰਗਰੂਰ, ਮਾਨਸਾ, ਬਠਿੰਡਾ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਗੈਰਾ ਵਿੱਚ ਪਾਇਆ ਜਾਂਦਾ ਹੈ।ਪਰ ਪਿਛਲੇ ਸਮੇਂ ਹੋਈਆਂ ਇਹਨਾਂ ਘਟਨਾਵਾਂ ਤੋਂ ਬਾਅਦ ਡੇਰੇ ਦੇ ਕਾਫ਼ੀ ਪੈਰੋਕਾਰਾਂ ਨੇ ਉੱਥੇ ਜਾਣਾ ਛੱਡ ਦਿੱਤਾ ਸੀ।

ਡੇਰੇ ਵੱਲੋਂ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕੀਤਾ ਗਿਆ ਸੀ। ਇਸ ਸਾਲ ਕਾਂਗਰਸ ਸੱਤਾ ਵਿੱਚ ਆਈ ਸੀ।ਸਾਲ 2007 ਵਿੱਚ ਵੀ ਡੇਰੇ ਨੇ ਕਾਂਗਰਸ ਦਾ ਸਮਰਥਨ ਕੀਤਾ ਪਰ ਕਾਂਗਰਸ ਹਾਰ ਗਈ ਸੀ।

ਡੇਰਾ ਰਾਧਾ ਸੁਆਮੀ ਬਿਆਸ ਦੀ ਵੈਬ ਸਾਇਟ ਮੁਤਾਬਕ ਇਸ ਦੀ ਸਥਾਪਨਾ 1891 ਵਿੱਚ ਹੋਈ ਅਤੇ ਅੱਜ ਇਸ ਦੇ ਪੈਰੋਕਾਰ 90 ਦੇਸ਼ਾਂ ਵਿੱਚ ਮੌਜੂਦ ਹਨ।ਇਸ ਡੇਰੇ ਦੇ ਪੰਜਾਬ ਅਤੇ ਹਰਿਆਣਾ ਸਣੇ ਸਮੁੱਚੇ ਭਾਰਤ ਦੇ ਲਗਭਗ ਹਰ ਸ਼ਹਿਰ, ਕਸਬੇ ਵਿੱਚ ਸਤਿਸੰਗ ਘਰ ਹਨ, ਜਿਨ੍ਹਾਂ ਵਿੱਚ ਹਰ ਹਫ਼ਤਾਵਾਰੀ ਇਕੱਠ ਹੁੰਦੇ ਹਨ।

ਡੇਰਾ ਸੱਚਖੰਡ ਬੱਲਾਂ ਪੰਜਾਬ ਦੇ ਦੁਆਬਾ ਖਿੱਤੇ ਦੇ ਵੱਡੇ ਧਾਰਮਿਕ ਡੇਰਿਆਂ ਵਿੱਚੋਂ ਇੱਕ ਹੈ। ਇਸ ਡੇਰੇ ਵਿੱਚ ਦਲਿਤ ਸਮਾਜ ਤੇ ਖ਼ਾਸ ਕਰਕੇ ਰਵਿਦਾਸੀਆ ਭਾਈਚਾਰੇ ਨਾਲ ਸਬੰਧਤ ਵੱਡੀ ਗਿਣਤੀ ਲੋਕ ਧਾਰਮਿਕ ਆਸਥਾ ਰੱਖਦੇ ਹਨ।ਇਸ ਦਾ ਮੁੱਖ ਅਸਰ ਜਲੰਧਰ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟਾਂ ਉੱਤੇ ਪੈਂਦਾ ਹੈ।ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿੱਚ ਇਸ ਦਾ ਵੱਡਾ ਡੇਰਾ ਹੋਣ ਕਰਕੇ ਇਸ ਦੀ ਪੈਂਠ ਪੰਜਾਬ ਤੋਂ ਬਾਹਰ ਵੀ ਰਵੀਦਾਸੀਆਂ ਭਾਈਚਾਰੇ ਵਿੱਚ ਦੇਖੀ ਜਾ ਸਕਦੀ ਹੈ।ਇਹ ਡੇਰਾ ਜਲੰਧਰ ਸ਼ਹਿਰ ਤੋਂ 13 ਕਿਲੋਮੀਟਰ ਬਾਹਰਵਾਰ ਪਠਾਨਕੋਟ ਰੋਡ ’ਤੇ, ਪਿੰਡ ਬੱਲਾਂ ਵਿੱਚ ਨਹਿਰ ਦੇ ਕੰਢੇ ਬਣਿਆ ਹੋਇਆ ਹੈ।ਇਸ ਦੇ ਨਾਲ-ਨਾਲ ਵੱਡੇ ਸਿਆਸੀ ਆਗੂ ਖਾਸਕਰ ਚੋਣਾਂ ਦੇ ਨੇੜੇ ਜਿਵੇਂ ਡੇਰੇ ਵਿੱਚ ਪਹੁੰਚਦੇ ਹਨ।

ਸੰਤ ਨਿਰੰਕਾਰੀ ਮਿਸ਼ਨ ਦੀ ਸਥਾਪਨਾ ਬੂਟਾ ਸਿੰਘ ਦੁਆਰਾ 1929 ਵਿੱਚ ਕੀਤੀ ਗਈ ਸੀ। ਸਤਿਗੁਰੂ ਬਾਬਾ ਹਰਦੇਵ ਸਿੰਘ ਦੀ ਪੁੱਤਰੀ ਮਾਤਾ ਸੁਦੀਕਸ਼ਾ 17 ਜੁਲਾਈ 2018 ਤੋਂ ਮਿਸ਼ਨ ਦੀ ਛੇਵੀਂ ਅਧਿਆਤਮਿਕ ਮੁਖੀ ਹਨ। ਬਾਬਾ ਬੂਟਾ ਸਿੰਘ ਨੇ ਆਪਣਾ ਅਹੁਦਾ ਸ਼ਹਿਨਸ਼ਾਹ ਬਾਬਾ ਅਵਤਾਰ ਸਿੰਘ ਨੂੰ ਸੌਂਪ ਦਿੱਤਾ ਸੀ। ਵੰਡ ਤੋਂ ਬਾਅਦ ਬਾਬਾ ਅਵਤਾਰ ਸਿੰਘ ਦਿੱਲੀ ਚਲੇ ਗਏ। 1962 ਵਿਚ ਉਨ੍ਹਾਂ ਦੇ ਪੁੱਤਰ ਗੁਰਬਚਨ ਸਿੰਘ ਨੇ ਉਨ੍ਹਾਂ ਦੀ ਥਾਂ ਲੈ ਲਈ। ਬਾਬਾ ਗੁਰਬਚਨ ਸਿੰਘ ਦੀ 24 ਅਪ੍ਰੈਲ 1980 ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਨ੍ਹਾਂ ਦੀ ਸਿਆਸੀ ਸਰਗਰਮੀਆਂ ਜ਼ਿਆਦਾ ਪ੍ਰਭਾਵੀ ਨਹੀਂ ਹਨ ਪਰ ਇਹ ਅੰਦਰਖਾਤੇ ਕਾਫ਼ੀ ਅਸਰ ਰੱਖ਼ਦੇ ਹਨ।1978 ਦੀ ਵਿਸਾਖੀ ਮੌਕੇ ਅੰਮ੍ਰਿਤਸਰ ‘ਚ 13 ਸਿੱਖਾਂ ਦੀ ਹੱਤਿਆ ਤੋਂ ਬਾਅਦ ਸ੍ਰੀ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰਕੇ ਨਿਰੰਕਾਰੀਆਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਸੀ। ਇਹ ਸੱਦਾ ਅਜੇ ਵੀ ਵਾਪਸ ਨਹੀਂ ਲਿਆ ਗਿਆ ਹਾਲਾਂਕਿ ਸਮੇਂ ਦੇ ਗੁਜ਼ਰਨ ਨਾਲ ਇਸ ਸੰਤ ਨਿਰੰਕਾਰੀ ਮੰਡਲ ਤੇ ਸਿੱਖ ਭਾਈਚਾਰੇ ਦਰਮਿਆਨ ਕਸ਼ੀਦਗੀ ਵੀ ਖ਼ਤਮ ਹੋ ਗਈ ਹੈ।

ਦਿਵਿਆ ਜਾਗ੍ਰਿਤੀ ਸੰਸਥਾਨ ਦਾ ਮੁੱਖ ਦਫਤਰ ਨੂਰਮਹਿਲ, ਜਲੰਧਰ ਵਿੱਚ ਹੈ। ਅੱਠ ਵਿਧਾਨ ਸਭਾ ਹਲਕਿਆਂ ਵਿੱਚ ਇਸ ਡੇਰੇ ਦਾ ਪ੍ਰਭਾਵ ਹੈ। ਆਸ਼ੂਤੋਸ਼ ਮਹਾਰਾਜ ਨੇ 1983 ਵਿੱਚ ਨੂਰਮਹਿਲ ਵਿੱਚ ਸੰਸਥਾ ਦੀ ਸਥਾਪਨਾ ਕੀਤੀ। ਸੰਸਥਾ ਮੁਤਾਬਕ ਦੇਸ਼-ਵਿਦੇਸ਼ ‘ਚ ਉਨ੍ਹਾਂ ਦੇ ਤਿੰਨ ਕਰੋੜ ਫਾਲੋਅਰਜ਼ ਹਨ। ਇਸ ਦੀਆਂ 350 ਸ਼ਾਖਾਵਾਂ ਹਨ, ਜੋ 15 ਦੇਸ਼ਾਂ ਵਿੱਚ ਫੈਲੀਆਂ ਹੋਈਆਂ ਹਨ। ਆਸ਼ੂਤੋਸ਼ ਮਹਾਰਾਜ 29 ਜਨਵਰੀ 2014 ਨੂੰ ਸਮਾਧੀ ਵਿੱਚ ਚਲੇ ਗਏ ਸਨ। ਉਨ੍ਹਾਂ ਦੇ ਪੈਰੋਕਾਰਾਂ ਦਾ ਮੰਨਣਾ ਹੈ ਕਿ ਉਹ ਜਿਉਂਦੇ ਹਨ ਅਤੇ ਸਮਾਧੀ ਜਾਂ ਡੂੰਘੇ ਧਿਆਨ ਦੀ ਅਵਸਥਾ ਵਿੱਚ ਹਨ। ਉਨ੍ਹਾਂ ਦਾ ਸ਼ਰੀਰ 1 ਦਸੰਬਰ 2014 ਤੋਂ ਫਰੀਜ਼ਰ ਵਿਚ ਰੱਖਿਆ ਹੋਇਆ ਹੈ।ਇਹ ਡੇਰਾ ਜਲੰਧਰ ਤੋਂ ਕਰੀਬ 34 ਕਿਲੋਮੀਟਰ ਦੂਰ ਨੂਰਮਹਿਲ ਵਿੱਚ ਹੈ। ਇਹ ਡੇਰਾ ਆਪਣਾ ਕਾਫ਼ੀ ਪ੍ਰਭਾਵ ਰੱਖਦਾ ਹੈ।ਡੇਰੇ ਵਿੱਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਜਾਂਦੇ ਰਹੇ ਹਨ। ਡੇਰੇ ਦਾ ਅਸਰ ਜਲੰਧਰ ਅਤੇ ਪਟਿਆਲਾ ਦੀਆਂ ਸੀਟਾਂ ਉੱਤੇ ਦੇਖਿਆ ਜਾ ਸਕਦਾ ਹੈ।

ਚੰਡੀਗੜ੍ਹ ਸਥਿਤ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨਿਕੇਸ਼ਨ ਦੀ ਰਿਸਰਚ ਮੁਤਾਬਕ ਪੰਜਾਬ ਦੀਆਂ ਕੁੱਲ 117 ਸੀਟਾਂ ਵਿਧਾਨ ਸਭਾ ਸੀਟਾਂ ਵਿੱਚੋਂ ਇਹ ਡੇਰੇ 56 ਸੀਟਾਂ ਵਿੱਚ ਅਸਰ ਰੱਖਦੇ ਹਨ ਤੇ ਚੋਣ ਨਤੀਜਿਆਂ ਉੱਤੇ ਅਸਰ ਪਾ ਸਕਦੇ ਹਨ। 1920 ਦੇ ਦਹਾਕੇ ਵਿੱਚ ਹੁਸ਼ਿਆਰਪੁਰ ਤੇ ਜਲੰਧਰ ਇਲਾਕੇ ਵਿੱਚ ਕਈ ਡੇਰੇ ਬਣੇ।”

ਡੇਰਿਆਂ ਵਾਂਗ ਕਈ ਸਿੱਖ ਸੰਪਰਦਾਵਾਂ ਵੀ ਸਰਗਰਮ ਹਨ। ਇਨ੍ਹਾਂ ਵਿਚੋਂ ਨਾਨਕਸਰ ਕਲੇਰਾਂ ਕਾਫ਼ੀ ਮਸ਼ਹੂਰ ਹੈ। ਸੰਤ ਈਸ਼ਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਸ ਦੀ ਵੰਡ ਹੋ ਗਈ ਅਤੇ ਹੁਣ ਇਸ ਦੇ ਤਿੰਨ ਮੁਖੀ ਹਨ ਪਰ ਹੈੱਡਕੁਆਰਟਰ ਨਾਨਕਸਰ ਕਲੇਰਾਂ ਵਿਚ ਹੀ ਹੈ।

ਮਾਲਵਾ ਖ਼ਿੱਤੇ ‘ਵਿਚ ਗੋਨਿਆਣਾ ਮੰਡੀ ‘ਚ ਪੈਂਦੀ ਸੇਵਾਪੰਥੀ ਸੰਪਰਦਾ ਦੀ ਵੀ ਮਹੱਤਤਾ ਹੈ।  ਮਾਲਵੇ ਦੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਸੰਤ ਦਲੇਰ ਸਿੰਘ ਖੇੜੀ ਦੇ ਡੇਰਿਆਂ ਦੇ ਪੈਰੋਕਾਰਾਂ ਦੀ ਗਿਣਤੀ ਵੀ ਕਾਫ਼ੀ ਜ਼ਿਆਦਾ ਹੈ। ਮਾਝੇ ਵਿਚ ਸੰਤ ਭਿੰਡਰਾਂਵਾਲਿਆਂ ਦੀ ਸੰਪਰਦਾ ਟਕਸਾਲ ਦੀ ਵੀ ਮਹਾਨਤਾ ਹੈ।