7 ਲੋਕ ਸਭਾ ਹਲਕਿਆਂ ਨੂੰ ਪ੍ਰਭਾਵਿਤ ਕਰੇਗੀ ਡੇਰਿਆਂ ਦੀ ਵੋਟ

7 ਲੋਕ ਸਭਾ ਹਲਕਿਆਂ ਨੂੰ ਪ੍ਰਭਾਵਿਤ ਕਰੇਗੀ ਡੇਰਿਆਂ ਦੀ ਵੋਟ

ਡੇਰਾ ਸਿਰਸਾ ਤੇ ਰਾਧਾਸਵਾਮੀ ਦੀ ਭਾਜਪਾ ਦੇ ਹੱਕ ਵਿਚ ਭੁਗਤਣ ਦੀ ਸੰਭਾਵਨਾ

ਪੰਜਾਬ ਵਿੱਚ ਡੇਰੇ ਕੋਈ ਨਵਾਂ ਵਰਤਾਰਾ ਨਹੀਂ ਹੈ। ਇਹ ਸਿੱਖ ਧਰਮ ਦੀ ਹੋਂਦ ਤੋਂ ਪਹਿਲਾਂ ਦੇ ਵੀ ਹਨ, ਜਿਵੇਂ ਨਾਥਾਂ, ਸਿੱਧ ਤੇ ਯੋਗੀਆਂ ਦੇ ਡੇਰੇ ਹਨ।ਸਿੱਖ ਧਰਮ ਦੇ ਹੋਂਦ ਵਿੱਚ ਆਉਣ ਨਾਲ-ਨਾਲ ਹੀ ਨਵੇਂ ਡੇਰਿਆਂ ਦੇ ਹੋਂਦ ਵਿੱਚ ਆਉਣ ਦਾ ਸਿਲਸਿਲਾ ਵੀ ਸ਼ੁਰੂ ਹੁੰਦਾ ਹੈ। ਇਨ੍ਹਾਂ ਵਿੱਚ ਉਦਾਸੀ, ਨਿਰਮਲੇ, ਨਿੰਰਕਾਰੀ, ਨਾਮਧਾਰੀ ਆਦਿ ਜ਼ਿਕਰਯੋਗ ਹਨ।ਇਸ ਵੇਲੇ ਪੰਜਾਬ ਵਿਚ ਇਕ ਹਜ਼ਾਰ ਤੋਂ ਵੱਧ ਛੋਟੇ-ਵੱਡੇ ਡੇਰੇ ਹਨ।ਪਰ ਜਾਣਕਾਰ ਮੰਨਦੇ ਹਨ 300 ਦੇ ਕਰੀਬ ਵੱਡੇ ਡੇਰੇ ਹਨ। ਪੰਜਾਬ ਦੇ 12 ਹਜ਼ਾਰ ਤੋਂ ਵੱਧ ਪਿੰਡਾਂ ਵਿੱਚੋਂ ਸ਼ਾਇਦ ਹੀ ਕੋਈ ਪਿੰਡ ਅਜਿਹਾ ਹੋਵੇ ਜਿੱਥੇ ਕੋਈ ਛੋਟਾ-ਮੋਟਾ ਡੇਰਾ ਨਾ ਹੋਵੇ। ਇਨ੍ਹਾਂ ਵਿੱਚ ਸਿੱਖ, ਹਿੰਦੂ, ਸੂਫ਼ੀ ਅਤੇ ਇਸਾਈ ਪਾਦਰੀਆਂ ਦੇ ਨਿੱਜੀ ਡੇਰੇ ਵੀ ਸ਼ਾਮਲ ਹਨ।ਇਨ੍ਹਾਂ ਡੇਰਿਆਂ ਦੇ ਪੈਰੋਕਾਰਾਂ ਦੀ ਗਿਣਤੀ ਲੱਖਾਂ ਵਿਚ ਹੈ। ਪੰਜਾਬ ਦੀ ਕੁੱਲ ਆਬਾਦੀ ਦਾ 70 ਫੀਸਦੀ ਹਿੱਸਾ ਕਿਸੇ ਨਾ ਕਿਸੇ ਡੇਰੇ ਵਿਚ ਯਕੀਨ ਰੱਖਦਾ ਹੈ।ਪੰਜਾਬ ਵਿਚ ਆਨੰਦਪੁਰ ਸਾਹਿਬ ਇਲਾਕਾ ਅਜਿਹਾ ਹੈ ਜਿੱਥੇ ਸਭ ਤੋਂ ਵੱਧ 69 ਡੇਰੇ ਹਨ।ਰਵੀਦਾਸ ਭਾਈਚਾਰੇ ਵਿਚ ਸਭ ਤੋਂ ਵੱਧ ਚਰਚਾ ਵਿੱਚ ‘ਡੇਰਾ ਸੱਚਖੰਡ ਬੱਲਾਂ’ ਹੈ ਜੋਂ ਪੰਜਾਬ ਦੇ ਦੁਆਬਾ ਇਲਾਕੇ ਵਿੱਚ ਜਲੰਧਰ ਨੇੜੇ ਸਥਿਤ ਹੈ।

ਚੰਡੀਗੜ੍ਹ ਸਥਿਤ ਇੰਸਟੀਚਿਊਟ ਫਾਰ ਡੈਵਲੇਪਮੈਂਟ ਐਂਡ ਕਮਿਊਨਿਕੇਸ਼ਨ ਦੀ ਰਿਸਰਚ ਮੁਤਾਬਕ ਪੰਜਾਬ ਦੀਆਂ ਕੁੱਲ 117 ਸੀਟਾਂ ਵਿਧਾਨ ਸਭਾ ਸੀਟਾਂ ਵਿੱਚੋਂ ਇਹ ਡੇਰੇ 56 ਸੀਟਾਂ ਵਿੱਚ ਅਸਰ ਰੱਖਦੇ ਹਨ ਅਤੇ ਚੋਣ ਨਤੀਜਿਆਂ ਉੱਤੇ ਅਸਰ ਪਾ ਸਕਦੇ ਹਨ। ਲੋਕ ਸਭਾ ਦੀਆਂ ਸੀਟਾਂ ਦੇ ਹਿਸਾਬ ਨਾਲ ਸਮਝੀਏ ਤਾਂ ਇਹ 

7 ਸੀਟਾਂ ਉੱਤੇ ਅਸਰ ਪਾ ਸਕਦੇ ਹਨ।ਜ਼ਾਹਿਰ ਹੈ ਕਿ ਇਹੀ ਕਾਰਨ ਹੈ ਕਿ ਚੋਣਾਂ ਆਉਂਦੇ ਹੀ ਸਿਆਸੀ ਦਲ ਦੇ ਨੇਤਾਵਾਂ ਵਿੱਚ ਇਨ੍ਹਾਂ ਡੇਰਿਆਂ ਦਾ ਸਮਰਥਨ ਹਾਸਿਲ ਕਰਨ ਦੀ ਹੋੜ ਲੱਗ ਜਾਂਦੀ ਹੈ।

ਡੇਰਿਆਂ ਵਲ ਸਿਆਸੀ ਲੀਡਰਾਂ ਦੀ ਪਰਕਰਮਾ

 ਪਿਛਲੇ ਕਈ ਮਹੀਨਿਆਂ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ,  ਗ੍ਰਹਿ ਮੰਤਰੀ ਅਮਿਤ ਸ਼ਾਹ, ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ,  ਪੰਜਾਬ ਦੇ  ਡੇਰਿਆਂ ਦਾ ਦੌਰਾ ਕਰ ਚੁੱਕੇ ਹਨ।ਪੰਜਾਬ ਦੇ ਮਾਲਵਾ ਖੇਤਰ ਨਾਲ ਸੰਬੰਧਿਤ 7 ਲੋਕ ਸਭਾ ਹਲਕਿਆਂ ਫ਼ਿਰੋਜ਼ਪੁਰ, ਫ਼ਰੀਦਕੋਟ, ਬਠਿੰਡਾ,ਸੰਗਰੂਰ ,ਪਟਿਆਲਾ, ਫ਼ਤਹਿਗੜ੍ਹ ਸਾਹਿਬ ਵਿਚ ਚੋਣ ਸਰਗਰਮੀਆਂ ਜ਼ੋਰ ਫੜ੍ਹ ਰਹੀਆਂ ਹਨ । ਮਾਲਵੇ ਦੇ ਇਨ੍ਹਾਂ ਸੱਤਾਂ ਹਲਕਿਆਂ ਡੇਰਾ ਸਿਰਸਾ, ਡੇਰਾ ਬਿਆਸ, ਨਿਰੰਕਾਰੀ ਮਿਸ਼ਨ ਤੇ ਨਾਮਧਾਰੀ ਪੰਥ ਦਾ ਚੰਗਾ ਪ੍ਰਭਾਵ ਮੰਨਿਆ ਜਾਂਦਾ ਹੈ । ਡੇਰਾ ਸਿਰਸਾ ਦੇ ਹਰ ਵਿਧਾਨ ਸਭਾ ਹਲਕੇ ਵਿਚ 5 ਤੋਂ 8 ਹਜ਼ਾਰ ਤੱਕ ਵੋਟ ਮੰਨੀ ਜਾਂਦੀ ਹੈ । ਹਰ ਲੋਕ ਸਭਾ ਹਲਕੇ ਵਿਚ 9 ਵਿਧਾਨ ਸਭਾ ਹਲਕੇ ਹਨ ।ਇੰਜ ਡੇਰਾ ਸਿਰਸਾ ਦੀ ਹਰ ਲੋਕ ਸਭਾ ਹਲਕੇ ਵਿਚ 40 ਤੋਂ 50 ਹਜ਼ਾਰ ਵੋਟ ਮੰਨੀ ਜਾਂਦੀ ਹੈ ।ਇਸ ਤੋਂ ਪਹਿਲਾਂ ਡੇਰੇ ਦੇ ਰਾਜਨੀਤਕ ਵਿੰਗ ਵਲੋਂ ਚੋਣਾਂ ਤੋਂ ਇਕ ਦਿਨ ਪਹਿਲਾਂ ਰਾਤੋ-ਰਾਤ ਆਪੋ-ਆਪਣੇ ਪੈਰੋਕਾਰਾਂ ਨੂੰ ਸੁਨੇਹੇ ਭੇਜ ਕੇ ਵਿਸ਼ੇਸ਼ ਪਾਰਟੀ ਜਾਂ ਵਿਸ਼ੇਸ਼ ਉਮੀਦਵਾਰ ਨੂੰ ਵੋਟ ਭੁਗਤਾਉਣ ਬਾਰੇ ਸੰਦੇਸ਼ ਜਾਰੀ ਕਰ ਦਿੱਤਾ ਜਾਂਦਾ ਹੈ, ਪਰ ਹੁਣ ਡੇਰੇ ਦਾ ਰਾਜਨੀਤਕ ਵਿੰਗ ਭੰਗ ਕਰ ਦਿੱਤਾ ਗਿਆ ਹੈ । ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਡੇਰਾ ਭਾਜਪਾ ਦੇ ਨੇੜੇ ਹੈ ,ਉਸਦੇ ਹੱਕ ਵਿਚ ਭੁਗਤੇਗਾ। ਇਸ ਪਿਛੇ ਸਿਆਸੀ ਮਾਹਿਰਾਂ ਵਲੋਂ ਕਾਰਣ ਦਸਿਆ ਜਾ ਰਿਹਾ ਹੈ ਕਿ ਭਾਜਪਾ ਡੇਰਾ ਮੁਖੀ ਉਪਰ ਦਿਆਲ ਹੈ।ਪੰਜਾਬ ਦੇ ਨਾਲ ਲੱਗਦੇ ਹਰਿਆਣਾ ਵਿੱਚ ਉਮਰ ਕੈਦ ਕੱਟ ਰਹੇ ਡੇਰਾ  ਸੌਦਾ ਮੁਖੀ  ਰਾਮ ਰਹੀਮ ਨੂੰ ਜਨਵਰੀ 2024 ਤੱਕ 9 ਵਾਰ ਪੈਰੋਲ ਦਿੱਤੀ ਗਈ ਹੈ।ਡੇਰਾ ਮੁਖੀ  ਰਾਮ ਰਹੀਮ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਕੱਟ ਰਿਹਾ ਹੈ।ਭਾਜਪਾ ਅੰਦਰ ਇਸ ਗੱਲ 'ਤੇ ਕਾਫ਼ੀ ਮੰਥਨ ਹੋਇਆ ਹੈ ਕਿ ਜੇ ਪਿੰਡਾਂ ਵਿਚ ਕਿਸਾਨ ਜਥੇਬੰਦੀਆਂ ਦੀ ਵਿਰੋਧਤਾ ਕਾਰਨ ਚੋਣ ਪ੍ਰਚਾਰ ਖੁੱਲ੍ਹ ਕੇ ਨਹੀਂ ਹੋ ਰਿਹਾ ਤਾਂ ਡੇਰਾ ਪ੍ਰੇਮੀ ਇਸ ਪੈਣ ਵਾਲੇ ਖਪੇ ਨੂੰ ਪੂਰਨ ਵਿਚ ਸਹਾਈ ਹੋ ਸਕਦੇ ਹਨ ।ਹੁਣ ਤੱਕ ਦੀਆਂ ਕਨਸੋਆਂ ਅਨੁਸਾਰ ਡੇਰਾ ਸਿਰਸਾ ਦੇ ਪ੍ਰੇਮੀ ਜ਼ਿਆਦਾਤਰ ਪੇਂਡੂ ਹਨ, ਇਸ ਲਈ ਉਹ ਖੁੱਲ੍ਹ ਕੇ ਚੱਲਣ ਦੀ ਥਾਂ ਖ਼ਾਮੋਸ਼ ਰਹਿ ਕੇ ਆਪਣਾ ਰਾਹ ਅਖ਼ਤਿਆਰ ਕਰਨਗੇ ।ਅਕਾਲੀ ਦਲ (ਬ) ਤੇ ਅਕਾਲੀ ਦਲ (ਅ) ਦੇ ਉਮੀਦਵਾਰ ਤੇ ਆਗੂ ਇਸ ਡੇਰੇ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ ।ਇਸੇ ਤਰ੍ਹਾਂ ਡੇਰਾ ਬਿਆਸ ਨੇ ਕਦੇ ਵੀ ਖੁੱਲ੍ਹੇ ਤੌਰ 'ਤੇ ਕਿਸੇ ਪਾਰਟੀ ਜਾਂ ਉਮੀਦਵਾਰ ਦਾ ਸਮਰਥਨ ਨਹੀਂ ਕੀਤਾ, ਪਰ ਇਸ ਵਾਰ ਭਾਜਪਾ ਇਸ ਡੇਰੇ ਦੀ ਵੋਟ ਪ੍ਰਤੀ ਵੱਧ ਉਤਸ਼ਾਹਿਤ ਨਜ਼ਰ ਆ ਰਹੀ ਹੈ । ਸੰਘ ਦੇ ਮੁਖੀ ਭਾਗਵਤ ,ਪ੍ਰਧਾਨ ਮੰਤਰੀ ਮੋਦੀ ਤੇ ਅਮਿਤ ਸ਼ਾਹ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ  ਨੂੰ ਕਈ ਵਾਰ ਮਿਲ ਚੁਕੇ ਹਨ। 5 ਨਵੰਬਰ 2022 ਨੂੰ ਪ੍ਰਧਾਨ ਮੰਤਰੀ ਮੋਦੀ ਡੇਰਾ ‘ਰਾਧਾ ਸੁਆਮੀ ਸਤਸੰਗ ਬਿਆਸ’ ਪਹੁੰਚੇ ਸਨ। ਉਨ੍ਹਾਂ ਨੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਅਤੇ ਡੇਰੇ ਵਿੱਚ ਘੁੰਮ ਕੇ ਉੱਥੇ ਚੱਲ ਰਹੇ ਕਾਰਜਾਂ ਬਾਰੇ ਜਾਣਿਆ।ਇਸ ਡੇਰੇ ਦਾ ਮਾਲਵਾ ਖੇਤਰ ਵਿਚ ਵਿਸ਼ੇਸ਼ ਪ੍ਰਭਾਵ ਮੰਨਿਆ ਜਾਂਦਾ ਹੈ ।ਡੇਰਾ ਬਿਆਸ ਦੀ ਮਾਲਵੇ ਦੇ ਤਕਰੀਬਨ ਹਰ ਹਲਕੇ 'ਚ 25 ਤੋਂ 30 ਹਜ਼ਾਰ ਵੋਟ ਮੰਨੀ ਜਾਂਦੀ ਹੈ ।ਨਾਮਧਾਰੀ ਸੰਪਰਦਾ ਤੇ ਨਿਰੰਕਾਰੀ ਮਿਸ਼ਨ ਦੇ ਪੈਰੋਕਾਰਾਂ ਦੀ ਗਿਣਤੀ ਵੀ ਅਣਗੌਲੀ ਨਹੀਂ ਕੀਤੀ ਜਾ ਸਕਦੀ ।ਇਨ੍ਹਾਂ ਦੋਵਾਂ ਮਿਸ਼ਨਾਂ ਵਲੋਂ ਕਦੇ ਕਿਸੇ ਉਮੀਦਵਾਰ ਜਾਂ ਪਾਰਟੀ ਵਿਸ਼ੇਸ਼ ਲਈ ਹੁਣ ਤੱਕ ਕੋਈ ਸੰਦੇਸ਼ ਦੇਣ ਦੀ ਪਰੰਪਰਾ ਨਹੀਂ ਰਹੀ, ਪਰ ਇਨ੍ਹਾਂ ਦਾ ਝੁਕਾਅ ਭਾਜਪਾ ਵਲ ਦਸਿਆ ਜਾ ਰਿਹਾ ਹੈ।

ਡੇਰਿਆਂ ਵਿਚ ਦਲਿਤ ਭਾਈਚਾਰੇ ਦਾ ਝੁਕਾਅ ਕਿਉਂ?

ਪੰਜਾਬ ਵਿੱਚ ਕਰੀਬ 32 ਫ਼ੀਸਦੀ ਦਲਿਤ ਵਸੋਂ ਹੈ ਅਤੇ ਡੇਰਿਆਂ ਨਾਲ ਜੁੜੇ ਹੋਏ ਲੋਕ ਜ਼ਿਆਦਾਤਰ ਦਲਿਤ ਭਾਈਚਾਰੇ ਨਾਲ ਸਬੰਧ ਰੱਖਦੇ ਹਨ।ਅਜਿਹਾ ਮੰਨਿਆ ਜਾਂਦਾ ਹੈ ਕਿ ਪੰਜਾਬ ਵਿਚ ਡੇਰਿਆਂ ਦੀ ਸ਼ੁਰੂਆਤ ਦਾ ਵੱਡਾ ਕਾਰਨ ਸਮਾਜਿਕ ਭੇਦਭਾਵ ਹੈ ਅਤੇ ਇਹੀ ਕਾਰਨ ਹੈ ਕਿ ਇਨ੍ਹਾਂ ਡੇਰਿਆਂ ਦੇ ਜ਼ਿਆਦਾਤਰ ਸਮਰਥਕ ਸਮਾਜ ਦੇ ਹੇਠਲੇ ਤਬਕੇ ਤੋਂ ਆਉਂਦੇ ਹਨ।ਇਹ ਡੇਰੇ ਲੋਕਾਂ ਨੂੰ ਭਜਨ ਕਰਨ, ਸ਼ਰਾਬ ਛੱਡਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਔਰਤਾਂ ਦਾ ਸਨਮਾਨ ਕਰਨ ਵਰਗੇ ਸੰਦੇਸ਼ ਦਿੰਦੇ ਹਨ।ਭਾਵੇਂ ਕਈ ਡੇਰਿਆਂ ਵਿਚ ਔਰਤਾਂ ਨਾਲ ਸ਼ੋਸ਼ਣ ਹੋ ਚੁਕੇ ਹਨ। 

ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੱਤਰਕਾਰੀ ਵਿਭਾਗ ਦੇ ਸਾਬਕਾ ਪ੍ਰੋਫੈਸਰ ਨਰਿੰਦਰ ਕਪੂਰ ਦਾ ਮੰਨਣਾ ਹੈ ਕਿ ਸਮਾਜਿਕ ਵਿਤਕਰੇ ਕਾਰਨ ਕੁਝ ਭਾਈਚਾਰਿਆਂ ਦੇ ਲੋਕਾਂ ਨੇ ਡੇਰਿਆਂ ਵੱਲ ਰੁਖ਼ ਕੀਤਾ।ਨਰਿੰਦਰ ਕਪੂਰ ਕਹਿੰਦੇ ਹਨ, “ ਡੇਰੇ ਦੀ ਆਪਣੀ ਸਿਆਸਤ ਹੋ ਸਕਦੀ ਹੈ ਪਰ ਇਹ ਜ਼ਰੂਰੀ ਨਹੀਂ ਕਿ ਪੈਰੋਕਾਰ ਡੇਰੇ ਦੇ ਕਹਿਣ ਉਪਰ ਵੋਟ ਪਾ ਦੇਣ।