ਬਹਿਰਾਮਪੁਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਬੇਅਦਬੀ ਦੀ ਘਟਨਾ ਬੇਹੱਦ ਮੰਦਭਾਗੀ : ਪਰਮਜੀਤ ਸਿੰਘ ਸਰਨਾ
ਗੁਰੂ ਘਰਾਂ ਦੇ ਪ੍ਰਬੰਧ ਸੁਚਾਰੂ ਢੰਗ ਨਾਲ ਬਣਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਗੁਰਸਿੱਖਾਂ ਦੀ ਕਮੇਟੀ ਦਾ ਕਰਣ ਗਠਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 18 ਜੁਲਾਈ : ਗੁਰਦਾਸਪੁਰ ਦੇ ਪਿੰਡ ਬਹਿਰਾਮਪੁਰ ਵਿਖੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾਲ ਬੇਅਦਬੀ ਦੀ ਘਟਨਾ ਬੇਹੱਦ ਮੰਦਭਾਗੀ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਇਸ ਬੇਹੱਦ ਮੰਦਭਾਗੀ ਘਟਨਾ ਨੇ ਇੱਕ ਵਾਰ ਫੇਰ ਤੋਂ ਸਮੁੱਚੀ ਸਿੱਖ ਕੌਮ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ । ਜਿੱਥੇ ਇੱਕ ਪਾਸੇ ਪੰਜਾਬ ਹੜ੍ਹਾਂ ਨਾਲ ਦੋ ਚਾਰ ਹੋ ਰਿਹਾ ਹੈ । ਉੱਥੇ ਹੀ ਅਜਿਹੀ ਹਿਰਦੇ ਵਲੂੰਧਰਨ ਵਾਲੀ ਘਟਨਾ ਨੇ ਸਿੱਖ ਕੌਮ ਨੂੰ ਡੂੰਘੀ ਠੇਸ ਪਹੁੰਚਾਈ ਹੈ ।
ਸਰਦਾਰ ਪਰਮਜੀਤ ਸਿੰਘ ਸਰਨਾ ਨੇ ਇੱਕ ਬਿਆਨ ’ਚ ਕਿਹਾ ਕਿ ਸਾਡੇ ਲਈ ਇਹ ਸਚਮੁੱਚ ਬੇਹੱਦ ਔਖਾ ਤੇ ਵਿਚਾਰਨ ਦਾ ਵੇਲਾ ਹੈ। ਕਿਉਂਕਿ ਪੰਜਾਬ ਜੋ ਕਿ ਗੁਰੂਆਂ ਦੀ ਧਰਤੀ ਹੈ ਉੱਥੇ ਨਿੱਤ ਦਿਨ ਗੁਰੂ ਸਾਹਿਬ ਤੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਨਹੀਂ ਰੁੱਕ ਰਹੀਆਂ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਫੌਰੀ ਤੌਰ ਤੇ ਗੁਰਸਿੱਖਾਂ ਦੀ ਇੱਕ ਕਮੇਟੀ ਦਾ ਗਠਨ ਕਰਨ ਜੋ ਹਰ ਗੁਰੂ ਘਰ ਵਿੱਚ ਜਾਂ ਜਿੱਥੇ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ । ਉਹਨਾਂ ਅਸਥਾਨਾਂ ਦੀ ਜਾਂਚ ਪੜਤਾਲ ਕਰੇ ਅਤੇ ਇਹ ਤਸੱਲੀ ਕਰੇ ਕਿ ਜਿੱਥੇ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਕੀ ਉੱਥੇ ਸਹੀ ਰੂਪ ਵਿੱਚ ਮਰਿਯਾਦਾ ਨਿਭਾਈ ਜਾ ਰਹੀ ਹੈ ਤੇ ਕੀ ਉੱਥੇ ਗੁਰੂ ਸਾਹਿਬ ਦਾ ਅਦਬ ਬਹਾਲ ਰੱਖਣ ਲਈ ਪੂਰੇ ਪ੍ਰਬੰਧ ਹਨ ਤੇ ਗ੍ਰੰਥੀ ਸਿੰਘ ਤੇ ਸੇਵਾਦਾਰ ਪੱਕੇ ਰੂਪ ਵਿੱਚ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹਨ । ਜੇਕਰ ਕਿਤੇ ਵੀ ਕੋਈ ਤਰੁੱਟੀ ਪਾਈ ਜਾਵੇ ਤਾਂ ਉਸ ਸਥਾਨ ਤੋਂ ਮਹਾਰਾਜ ਦੇ ਸਰੂਪ ਕਿਤੇ ਸਹੀ ਥਾਂ ਤੇ ਲਿਜਾਏ ਜਾਣ ਜਿਥੇ ਗੁਰੂ ਸਾਹਿਬ ਦਾ ਪੂਰਾ ਅਦਬ ਸਤਿਕਾਰ ਹੋਵੇ।
ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਲਈ ਪੂਰੇ ਪ੍ਰਬੰਧ ਕਰਵਾ ਕਿ ਹੀ ਉਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ, ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਵੀ ਪੱਕਾ ਕੀਤਾ ਜਾਵੇ ਕਿ ਕਿਤੇ ਵੀ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਣਦੀ ਤਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਲਈ ਜਾਵੇ ਤਾਂ ਜੋ ਪਹਿਲਾਂ ਤੋਂ ਹੀ ਨਿਰਧਾਰਤ ਕੀਤਾ ਜਾ ਸਕੇ ਕਿ ਉਸ ਗੁਰੂ ਘਰ ਵਿੱਚ ਗੁਰੂ ਸਾਹਿਬ ਦੇ ਅਦਬ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਰਹੇ, ਭਾਵੇਂ ਕਿ ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਤੋਂ ਪਹਿਲਾ ਹੀ ਅੰਦੇਸ਼ ਜਾਰੀ ਹੋ ਚੁੱਕੇ ਹਨ ਪਰ ਸਮੱਚੀ ਕੌਮ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਯਤਨ ਕਰੇ ।
ਸਰਦਾਰ ਸਰਨਾ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਵਰ੍ਹਦਿਆਂ ਕਿਹਾ ਕਿ ਗੁਰੂਘਰਾਂ ਵਿਚ ਦਖਲਅੰਦਾਜ਼ੀ ਕਰਨ ਦੀ ਬਜਾਏ ਮੁੱਖਮੰਤਰੀ ਭਗਵੰਤ ਮਾਨ ਬੇਅਦਬੀ ਰੋਕਣ ਦੇ ਲਈ ਸਖ਼ਤ ਕਾਨੂੰਨ ਬਣਾਵੇ ਜਿਸ ਵਿੱਚ ਦੋਸ਼ੀ ਨੂੰ ਘੱਟੋ ਘੱਟ ਉਮਰ ਕੈਦ ਦੀ ਸਜ਼ਾ ਜ਼ਰੂਰ ਮਿਲੇ ਤੇ 4- 5 ਸਾਲ ਜ਼ਮਾਨਤ ਨਾ ਹੋਵੇਂ, ਤਾਂ ਜੋ ਕਿਸੇ ਦਾ ਵੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਦਾ ਹੀਆ ਨਾ ਪਵੇ ।
Comments (0)