ਮਿਸਤਰੀ ਬਣਕੇ ਪਿੰਡ ਤੋਂ ਦੁਬਈ ਤੱਕ 

ਮਿਸਤਰੀ ਬਣਕੇ ਪਿੰਡ ਤੋਂ ਦੁਬਈ ਤੱਕ 

ਕਦੇ ਵੀ ਕਿਸੇ ਤੇ ਝੁਠਾ ਇਲਜ਼ਾਮ ਨਾ ਲਾਓ. ਪਤਾ ਨਹੀਂ ਤੁਹਾਨੂੰ ਉਸ ਇਨਸਾਨ ਦੀ ਲੋੜ ਵਾਹਿਗੁਰੂ ਜੀ ਨੇ ਕਿਸ ਮੋੜ ਤੇ ਪਾ ਦੇਣੀ ਹੈ.

ਘਰ   ਵਿੱਚ ਬਹੁਤ ਗਰੀਬੀ ਸੀ.   ਮੈਂ,  ਮੇਰੀ ਦੋ ਭੈਣਾਂ, ਮਾਤਾ ਪਿਤਾ ਅਸੀਂ ਪੰਜ ਜਾਣੇ ਇੱਕ ਹੀ ਕਮਰੇ ਵਿੱਚ ਗੁਜ਼ਾਰਾ ਕਰਦੇ ਸੀ. ਬਾਪੂ ਜੀ ਅਕਸਰ ਕਿਹਾ ਕਰਦੇ ਸੀ ਪੁੱਤਰਾ ਤੂੰ ਉਹ ਕੰਮ  ਸਿਖਲੈ ਜੋ ਪਲਾਸ ਅਤੇ ਪਾਨੇ ਨਾਲ਼  ਹੋ ਸਕੇ . ਮੇਰੀ ਗ਼ਰੀਬ ਦੀ ਹਿੰਮਤ ਨਹੀਂ ਮੈਂ  ਤੈਨੂੰ ਕੋਈ ਕੰਮ  ਸਿੱਖਣ ਨੂੰ ਪੈਸੇ  ਦੇਵਾ ਜਾ ਫੇਰ ਕੋਈ ਕੰਮ  ਖੋਲਕੇ  ਦੇਣ ਲਈ  ਪੈਸੇ  ਲੱਗਣ.   ਮੈਂ ਅਜੇ ਬਾਰਵੀਂ ਦੇ ਇਮਤਿਹਾਨ ਦੇਣੇ ਸਨ ਏਨੇ ਨੂੰ ਦੁਬਈ  ਵਾਲਾ ਮਾਸੜ ਛੁੱਟੀ ਆਇਆ . ਮਾਸੜ ਨੇ ਮੇਰੇ ਬਾਪੂ ਜੀ ਨੂੰ ਕਿਹਾ ਮੁੰਡੇ ਨੂੰ ਮਿਸਤਰੀ ਦਾ ਕੰਮ  ਸਿਖਾਓ . ਮੈਂ   ਇਸਨੂੰ ਦੁਬਈ  ਲੈ ਜਾਵਾਂਗਾ. ਮੇਰੀ ਰੁਚੀ ਅੱਗੇ ਪੜ੍ਹਨ ਦੀ ਸੀ ਪਰ ਜਦੋ  ਮਾਸੜ ਨੇ ਦੁਬਈ  ਵਾਲੀ ਗੱਲ ਕਰ ਦਿੱਤੀ  ਮੈਂ  ਵੀ ਮਿਸਤਰੀ ਬਣਨ ਦਾ ਸੋਚਣ  ਲੱਗ  ਪਿਆ. ਪੇਪਰ ਪਾਉਣ ਤੋਂ  ਬਾਅਦ ਬਾਪੂ ਜੀ ਨੇ ਮੈਨੂੰ  ਨਵਾਂਸ਼ਹਿਰ ਇਕ  ਮਿਸਤਰੀ ਦੀ ਦੁਕਾਨ ਤੇ ਕੰਮ  ਸਿੱਖਣ ਲਈ ਲਾ  ਦਿੱਤਾ. ਮੇਰੇ ਉਸਤਾਦ ਸ਼ੱਬੀ ਮਿਸਤਰੀ  ਜਿਸ ਕੋਲੋਂ ਮੈਂ  ਇੱਕ  ਸਾਲ ਵਿੱਚ  ਟਰੱਕ  ਅਤੇ ਟ੍ਰੈਕਟਰ ਦਾ ਸਾਰਾ ਕੰਮ ਚੰਗੀ ਤਰਾਂ ਸਿੱਖ ਗਿਆ . 

ਕੰਮ  ਸਿੱਖਣ ਤੋਂ ਬਾਅਦ ਜਦੋ ਬਾਪੂ ਜੀ ਨੇ ਮਾਸੜ ਨਾਲ ਗੱਲ ਕੀਤੀ ਮਾਸੜ ਨੇ ਮਨਾ ਕਰ ਦਿੱਤਾ .   ਚਲੋ ਕਰ ਕਰਾਕੇ ਮੈਨੂੰ  ਇੱਕ  ਨਿੱਕੀ  ਜਹੀ ਦੁਕਾਨ ਖੋਲ ਦਿੱਤੀ. ਮੇਰਾ ਕੰਮ  ਬਹੁਤ  ਵਧੀਆ ਚੱਲਣ ਲੱਗ  ਪਿਆ ਸੀ. ਕੁਝ ਸਾਲ ਬਾਅਦ ਮੇਰਾ ਵਿਆਹ ਹੋ ਗਿਆ. 3 ਕੁ ਸਾਲ ਬਾਅਦ ਮੈਂ ਜੁੜਵਾ   ਬੱਚਿਆਂ ਦਾ ਪਿਤਾ ਬਣ ਗਿਆ . ਘਰ  ਵਿੱਚ ਬਹੁਤ ਬਰਕਤ ਸੀ ਅਤੇ ਸਾਰਾ ਪਰਿਵਾਰ ਬਹੁਤ ਪਿਆਰ ਨਾਲ ਰਹਿੰਦਾ ਸੀ. ਇੱਕ  ਰਾਤ ਮੈਂਨੂੰ ਦੁਕਾਨ ਤੋਂ ਘਰ  ਜਾਣ ਲਈ ਬਹੁਤ ਕਵੇਲ਼ਾ  ਹੋ ਗਿਆ. ਪਿੰਡ ਜਾਂਦੇ ਰਸਤੇ ਵਿੱਚ ਇੱਕ  ਆਦਮੀ ਸੜਕ ਦੇ ਵਿਚਕਾਰ ਖੜਾ ਸੀ , ਉਹਦੇ  ਨਾਲ  ਬੱਚੇ  ਤੇ ਘਰ   ਵਾਲੀ ਵੀ ਸੀ. ਜੋ ਗੱਡੀ ਦੇ ਪਾਸ ਹੀ ਖੜੇ  ਸਨ. ਮੈਂ  ਕੋਲੋਂ ਦੀ ਲੰਘਣ  ਲੱਗਿਆ ਤਾਂ ਦੇਖਿਆ  ਉਹਨਾਂ ਦੀ ਗੱਡੀ ਖ਼ਰਾਬ ਹੋ ਗਈ ਸੀ. ਮੈਂ ਮੋਟਰਸਾਈਕਲ  ਰੋਕ ਕੇ ਮੱਦਦ ਲਈ ਪੁੱਛਿਆ ਤਾਂ  ਭਾਈ ਸਾਹਿਬ ਕਹਿੰਦੇ ਕਿਰਪਾ ਕਰਕੇ ਕਰਾ ਦਿਓ ਜੀ ਮੱਦਦ. ਅਸੀਂ ਪਟਿਆਲੇ  ਜਾਣਾ ਹੈ ਤੇ ਇੱਥੇ ਸਾਡੀ ਗੱਡੀ ਧੁਆ ਮਾਰ ਗਈ. ਮੁੜ੍ਹਕੇ ਚੱਲ ਨੀ ਰਹੀ . ਮੇਰੇ ਰੋਟੀ ਵਾਲ਼ੇ ਝੋਲੇ ਵਿੱਚ ਪਲਾਸ ਤੇ ਪਾਨਾ ਹਰ ਵਕ਼ਤ ਮੇਰੇ ਨਾਲ਼ ਹੀ ਹੁੰਦੇ ਸਨ. ਚੱਲੋ ਮੈਂ ਕੋਈ ੩੦-੪੦ ਮਿੰਟ ਲਾਏ ਤਾਂ ਵਾਹਿਗੁਰੂ ਦੀ ਕਿਰਪਾ ਸਦਕਾ ਗੱਡੀ ਚੱਲ ਪਈ . ਭਾਈ ਸਾਹਿਬ ਬਹੁਤ ਖੁਸ਼ ਹੋਏ ਤੇ ਮੈਨੂੰ  ਪੈਸੇ ਪੁੱਛਣ ਲੱਗੇ . ਮੈਂ ਪੈਸੇ ਲੈਣ ਤੋਂ ਮਨਾ ਕਰ ਦਿੱਤਾ. ਦੱਸਣ ਲੱਗੇ ਕੀ ਉਹ ਦੁਬਈ ਵਿੱਚ ਬਹੁਤ ਵੱਡਾ ਕਾਰੋਬਾਰ ਕਰਦੇ ਹਨ . ਮੈਨੂੰ  ਆਪਣੇ ਪਤੇ ਅਤੇ ਫੋਨ ਨੰਬਰ ਵਾਲਾ ਕਾਰਡ ਦੇ ਗਏ . ਮੈਂ  ਵੀ ਆਪਣੇ ਘਰ  ਦਾ ਪਤਾ ਅਤੇ ਪਿੰਡ ਵਾਲੀ ਐਕਸਚੇਂਜ ਦਾ ਟੈਲੀਫ਼ੋਨ ਨੰਬਰ ਲਿਖ ਕੇ ਦੇ ਦਿੱਤਾ. ਕੋਈ ਛੇ ਮਹੀਨੇ ਬਾਅਦ   ਉਸ ਭਾਈ ਸਾਹਿਬ ਨੇ ਐਕਸਚੇਂਜ ਦੇ ਟੈਲੀਫ਼ੋਨ ਨੰਬਰ ਤੇ ਮੈਨੂੰ ਫੋਨ ਕੀਤਾ  ਤੇ ਮੇਰੇ ਕੋਲੋਂ ਪਾਸਪੋਰਟ  ਦੀ ਕਾਪੀ ਮੰਗੀ. ਉਹਨਾਂ ਮੈਨੂੰ ਕੰਮ ਦੇ ਅਧਾਰ ਤੇ ਇੱਕ  ਸਾਲ ਦਾ ਵੀਜ਼ਾ ਅਤੇ ਟਿਕਟ ਭੇਜ  ਦਿੱਤੀ. ਮੈਂ  ਦੁਕਾਨ ਕਿਸੇ ਨੂੰ ਕਿਰਾਏ ਤੇ ਦੇਕੇ ਦੁਬਈ  ਆ ਗਿਆ . ਭਾਈ  ਸਾਹਿਬ ਨੇ ਮੈਨੂੰ  ਮੰਗਵਾਇਆ ਤਾਂ ਕਿਸੇ ਹੋਰ ਦੁਕਾਨ ਤੇ ਕੰਮ ਕਰਨ ਲਈ ਸੀ. ਫ਼ੇਰ  ਉਹਨਾਂ ਮੇਰੀ  ਥੋੜੀ ਮੱਦਦ ਕਰਕੇ ਇੱਕ  ਮੇਰੇ ਨਾਮ  ਤੇ ਦੁਕਾਨ ਖੋਲ  ਦਿੱਤੀ. ਵਾਹਿਗੁਰੂ ਦੀ ਕਿਰਪਾ ਨਾਲ ਮੇਰਾ ਕੰਮ  ਦਿਨੋਂ ਦਿਨ ਵਧੀਆ   ਹੋਣ ਲੱਗਿਆ . ਜਦੋ ਮੈਂ  ਕਾਰ ਲੈ ਲਈ ਤਾਂ  ਮੈਂ 130 ਕਿਲੋਮੀਟਰ ਤੇ ਰਹਿੰਦੇ ਮਾਸੜ ਨੂੰ ਮਿਲਣ ਗਿਆ . ਮਾਸੜ ਨੇ ਕੋਈ ਚੰਗੀ   ਤਰਾਂ ਗੱਲ ਨਾ ਕੀਤੀ . ਆਉਦੇ ਸਿਆਲ ਮਾਮੇ ਦੇ ਮੁੰਡੇ ਦਾ ਵਿਆਹ ਸੀ. ਮੈਂ ਵਿਆਹ ਤੇ ਆਪਣੇ ਸਾਰੇ ਪਰਿਵਾਰ ਨਾਲ ਨਾਨਕੇ ਪਿੰਡ ਗਿਆ. ਉੱਥੇ ਮੈਨੂੰ  ਦੇਖ ਕੁਝ ਰਿਸ਼ਤੇਦਾਰ ਅੱਖਾਂ ਕੱਢਦੇ ਅਤੇ ਮੇਰੇ ਵੱਲ  ਵੇਖ  ਫੁਸਰ-ਫੁਸਰ ਕਰਦੇ ਮਹਿਸੂਸ ਹੋਏ .   ਅਖ਼ੀਰ ਨਾਨੀ ਮਾਂ   ਨੇ ਮੈਨੂੰ  ਕਿਹਾ ਵੇ ਸੁੱਖੀ ਪੁੱਤ ਤੂੰ ਸ਼ਰਾਬ  ਪੀਣੀ ਬੰਦ  ਕਰਦੇ  ਨਾਲੇ ਆਪਣੀ ਵਹੁਟੀ ਵੱਲ ਵੇਖ , ਜਦੋ ਤੂੰ ਉਥੇ  ਜ਼ਨਾਨੀ ਨਾਲ ਰਹਿਣਾ ਸੀ ਤਾਂ ਇਸ ਵੇਚਾਰੀ ਦੀ ਜਿੰਦਗੀ ਕਿਉਂ ਖ਼ਰਾਬ  ਕਰਨੀ ਸੀ. ਨਾਨੀ ਦੀ ਗੱਲ ਸੁਣਕੇ ਮੇਰਾ ਪਾਰਾ ਉਪਰ  ਚੜ ਗਿਆ . ਮੈਂ ਆਪਣੇ ਮਾਤਾ -ਬਾਪੂ , ਮਾਮਾ-ਮਾਮੀ , ਮਾਸੀ ਮਾਸੜ ਸਾਰੇ ਬਿਠਾਂ ਲਏ ਤੇ ਪੁੱਛਿਆ ਕਿ ਇਹ ਸ਼ਰਾਬ ਵਾਲੀ ਤੇ ਜਨਾਨੀ ਰੱਖਣ ਵਾਲੀ ਗੱਲ ਤੁਹਾਨੂੰ ਕਿਸਨੇ ਦੱਸੀ? ਸਾਰੇ ਚੁੱਪ ਚਾਪ ਦੇਖਣ  ਇੱਕ ਦੂਜੇ ਦੇ ਮੂੰਹ  ਵੱਲ.  ਅਖੀਰ  ਨਾਨੀ ਬੋਲੀ ਕੀ ਤੇਰੇ ਮਾਸੜ ਨੇ ਦੱਸਿਆ ਪੁੱਤਰ . ਮੈਂ  ਕਿਸੇ ਨੂੰ ਕੋਈ ਸਫਾਈ ਨਾ ਦਿੱਤੀ ਤੇ ਨਾਨੀ , ਮਾਮਾ-ਮਾਮੀ  ਅਤੇ ਮਾਸੀ ਦੇ ਪੈਰੀ ਪੈਣਾ ਕਰਕੇ ਆਪਣੇ ਪਰਿਵਾਰ ਨਾਲ ਆਪਣੇ ਪਿੰਡ ਆ ਗਿਆ . ਆਉਣ ਲੱਗੇ ਆਖ ਦਿੱਤਾ  ਕਿ ਅੱਜ ਤੋਂ ਬਾਅਦ ਮਾਸੜ ਨਾਲ ਮੇਰਾ ਕੋਈ ਰਿਸ਼ਤਾ  ਨਹੀਂ.   ਅੱਠ ਸਾਲ ਬੀਤ ਗਏ ਮਾਸੜ ਨਾਲ ਕੋਈ ਰਿਸ਼ਤਾ ਨਹੀਂ ਸੀ. ਅਖੀਰ  ਮਾਸੜ ਪੰਜ  ਹਫਤੇ ਪਹਿਲੇ  ਬਿਮਾਰ ਹੋ ਗਿਆ . ਮਾਸੀ ਦੀ ਕੁੜੀ ਨੇ ਕਨੇਡਾ ਤੋਂ ਆਨਲਾਈਨ , ਮੁੰਡੇ ਨੇ ਅਮਰੀਕਾ ਤੋਂ ਆਨਲਾਈਨ ਤੇ ਮਾਸੜ ਦੇ ਭਰਾ  ਨੇ ਇਗਲੈਡ ਤੋਂ ਮਾਸੜ ਨੂੰ  ਹਸਪਤਾਲ ਦਾਖਲ  ਕਰਾਉਣ ਲਈ  ਕੋਸ਼ਿਸ਼ ਕੀਤੀ, ਪਰ ਕਿਸੇ ਵੀ ਹਸਪਤਾਲ  ਨਾਲ ਸੰਪਰਕ ਨਾ ਹੋ ਸਕੀਆ. ਮਾਸੜ ਦਾ ਬਿਮਾਰ  ਦਾ ਸਾਰੇ ਪਰਿਵਾਰ ਨੂੰ ਪਤਾ ਸੀ. ਫੇਰ ਇਕ  ਦਿਨ ਸਭ   ਨੇ ਮਾਸੜ ਨੂੰ ਫੋਨ ਲਾਈਆਂ ਤਾਂ ਮਾਸੜ ਫ਼ੋਨ ਨਾ ਚੁੱਕੇ .  ਰੋਂਦੀ ਹੋਈ ਮਾਸੀ ਦਾ ਫ਼ੋਨ ਮੈਨੂੰ  ਆਈਆਂ.  ਮਾਸੀ ਕਹਿੰਦੀ ਪੁੱਤ ਮਾਸੜ ਫੋਨ ਨੀ ਚੁੱਕਦਾ,  ਲੱਗਦਾ  ਤੇਰਾ ਮਾਸੜ ਹੈਨੀ ਹੁਣ ਦੁਨੀਆ ਵਿੱਚ. ਮੈਂ  ਗਰਾਜ  ਬੰਦ ਕੀਤੀ ਤੇ ਮਾਸੜ ਕੋਲ ਫੇਰ 130ਕਿਲੋਮੀਟਰ ਤੇ ਜਾ ਪਹੁੰਚਿਆ.  ਜਦੋ ਮੈਂ  ਦੇਖਿਆ ਤਾਂ ਮਾਸੜ ਲੱਗਦਾ  ਸੀ ਦੁਨੀਆ ਛੱਡ  ਗਿਆ. ਮੈਂ  ਗੱਡੀ ਵਿੱਚ ਕਿਸੇ ਤਰਾਂ ਪਾ ਕੇ ਆਪਣੇ ਕੋਲ ਵਾਲੇ ਹਸਪਤਾਲ ਲੈ ਆਈਆਂ. ਮਾਸੜ ਦੇ ਇਲਾਜ਼ ਸਮੇ  ਖ਼ੂਨ ਦੀ ਲੋੜ ਪਈ ਮੈਂ  ਆਪਣਾ ਖੂਨ ਵੀ ਦਿੱਤਾ. ਅਖੀਰ  ਚਲੋ    ਵੀਹ ਦਿਨਾਂ ਬਾਅਦ ਮਾਸੜ ਬਿਲਕੁਲ ਤੰਦਰੁਸਤ  ਹੋ ਗਿਆ .  ਮੈਂ  ਹਰ ਰੋਜ਼ ਤਿੰਨ ਵਾਰ ਮਾਸੜ ਨੂੰ ਦੇਖਣ ਆਉਦਾ ਤੇ ਕੋਈ ਚੀਜ਼ ਚਾਹਿਦੀ ਹੁੰਦੀ ਉਹ ਵੀ ਲਿਆਉਂਦਾ. ਅੱਜ  ਮਾਸੜ ਨੂੰ ਛੁੱਟੀ  ਹੋਈ ਤਾਂ ਮਾਸੜ ਮੇਰੇ ਕੋਲੋਂ ਮੁਆਫੀ ਮੰਗਣ ਲੱਗਿਆ . ਮੈਂ  ਕਿਹਾ ਮਾਸੜ ਜੀ ਬਾਕੀ ਸਭ   ਮਨਜੂਰ ਸੀ ਮੈ  ਅਮ੍ਰਿਤਧਾਰੀ ਬੰਦਾ  ਸੀ. ਤੁਸੀਂ ਮੇਰੇ ਤੇ ਸ਼ਰਾਬ  ਦੀ ਤੋਹਮਤ  ਲਾ ਦਿੱਤੀ, ਦੂਜਾ ਮੈਂ ਵਿਆਹਿਆ ਵਰ੍ਹਿਆਂ  ਦੋ ਬੱਚਿਆਂ ਦਾ ਪਿਓ ਤੁਸੀਂ ਗੈਰ ਜਨਾਨੀ ਵਾਲੀ ਤੋਹਮਤ  ਲਾ ਦਿੱਤੀ ਸੀ. ਤੁਸੀਂ ਆਪ ਹੀ ਦੱਸੋ ਕਿਸ ਤਰਾਂ ਮੈਂ   ਆਪਣੇ ਤੇ ਲੱਗੀ ਤੋਹਮਤ  ਸਹਿ ਸਕਦਾ ਸੀ? ਤੇ ਉਸ ਤੋਂ ਵੀ ਵੱਡੀ ਗੱਲ ਮੇਰੇ ਗੁਰੂ ਦੀ ਦਿੱਤੀ ਸਿੱਖੀ ਦਾ ਤੁਸੀਂ ਨਿਰਾਦਰ ਕੀਤਾ ਸੀ. ਮੈਂ  ਕਿੰਝ ਬਰਦਾਸ਼ ਕਰਦਾ ? ਮਾਸੜ ਨੇ ਦੋਵੇ ਹੱਥ ਜੋੜ੍ਹੇ ਤੇ ਕਿਹਾ ਪੁੱਤਰ  ਹੁਣ ਮੈਨੂੰ ਮੁਆਫ਼ ਕਰ ਤੇ  ਇੱਕ ਉਪਕਾਰ ਹੋਰ ਕਰ. ਮੇਰੀ ਭਾਰਤ ਦੀ ਟਿਕਟ ਕਰਾ ਦੇ. ਮੈਂ   ਆਪਣੇ ਕੀਤੇ ਗੁਨਾਹਾਂ ਦੀ ਸਜ਼ਾ ਤੇਰੇ ਮਾਤਾ-ਪਿਤਾ ਕੋਲੋਂ ਵੀ ਮੰਗ ਲਵਾ ਤੇ ਗੁਰੂ ਕੋਲੋਂ ਵੀ ਜਿਸਦੇ ਸਿੱਖ ਨੂੰ ਮੈਂ ਇਲਜ਼ਾਮ ਲਾਕੇ ਦੁੱਖੀ ਕੀਤਾ ਸੀ. 

ਮੈਂ  ਤੁਹਾਨੂੰ ਸਾਰੀਆਂ ਨੂੰ ਬੇਨਤੀ ਕਰਦਾ ਹਾਂ ਕਿ ਕਦੇ ਵੀ ਕਿਸੇ ਤੇ ਝੁਠਾ ਇਲਜ਼ਾਮ ਨਾ ਲਾਓ. ਪਤਾ ਨਹੀਂ ਤੁਹਾਨੂੰ ਉਸ ਇਨਸਾਨ ਦੀ ਲੋੜ ਵਾਹਿਗੁਰੂ ਜੀ ਨੇ ਕਿਸ ਮੋੜ ਤੇ ਪਾ ਦੇਣੀ ਹੈ. ਮੈਂ  ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਵਾਹਿਗੁਰੂ ਜੀ ਦੀ ਕਿਰਪਾ ਨਾਲ  ਅੱਜ ਮੇਰੇ ਕੋਲ ਹਰ ਸੁੱਖ ਸਹੂਲਤ ਹੈ ਜੋ ਇੱਕ ਚੰਗੀ ਜ਼ਿੰਦਗੀ ਜਿਉਣ ਲਈ ਲੋੜੀਂਦਾ ਹਨ. ਬਸ ਵਾਹਿਗੁਰੂ ਤੇ ਭਰੋਸਾ, ਮਾਤਾ-ਪਿਤਾ ਦਾ ਅਸ਼ੀਰਵਾਦ, ਪਤਨੀ ਅਤੇ ਭੈਣਾਂ ਦਾ ਵਿਸ਼ਵਾਸ , ਮੇਰੇ ਬੱਚਿਆ ਵੱਲੋਂ ਦਿੱਤਾ ਸਤਿਕਾਰ ਹਰ ਪਲ ਮੇਰੇ ਨਾਲ ਹਨ ਜੋ ਮੈਨੂੰ ਹਰ ਪਲ ਹਿੰਮਤ ਅਤੇ ਹੌਸਲਾ ਦਿੰਦੇ ਹਨ.  

 

ਸਰਬਜੀਤ ਸਿੰਘ