ਭਾਈ ਹਰਪ੍ਰੀਤ ਸਿੰਘ ਰਾਣਾ ਦੀ ਮੌਤ ਤੇ ਭਾਈ ਭਿਓਰਾ, ਭਾਈ ਤਾਰਾ ਅਤੇ ਪੰਥਕ ਜਥੇਬੰਦੀਆਂ ਵਲੋਂ ਦੁੱਖ ਦਾ ਪ੍ਰਗਟਾਵਾ

ਭਾਈ ਹਰਪ੍ਰੀਤ ਸਿੰਘ ਰਾਣਾ ਦੀ ਮੌਤ ਤੇ ਭਾਈ ਭਿਓਰਾ, ਭਾਈ ਤਾਰਾ ਅਤੇ ਪੰਥਕ ਜਥੇਬੰਦੀਆਂ ਵਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ ਟਾਈਮਜ਼    

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਇੰਗਲੈਂਡ ਵਿਖੇ ਬੀਤੇ ਐਤਵਾਰ ਨੂੰ ਨਿਕਲ ਰਹੇ ਨਗਰ ਕੀਰਤਨ ਦੌਰਾਨ ਖਾਲਿਸਤਾਨ ਦੇ ਪ੍ਰਚਾਰ ਕਰ ਰਹੇ ਭਾਈ ਹਰਪ੍ਰੀਤ ਸਿੰਘ ਰਾਣਾ ਦੀ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਹੋਈ ਬੇਵਕਤੀ ਮੌਤ ਦਾ ਬੰਦੀ ਸਿੰਘ ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਜਰਮਨ ਤੋਂ ਜਥੇਦਾਰ ਰੇਸ਼ਮ ਸਿੰਘ ਬੱਬਰ, ਕਨੈਡਾ ਤੋਂ ਭਾਈ ਹਰਦੀਪ ਸਿੰਘ ਨਿੱਝਰ, ਯੂਕੇ ਤੋਂ ਭਾਈ ਕੇਸਰ ਸਿੰਘ ਧਾਲੀਵਾਲ, ਜਰਮਨ ਤੋਂ ਭਾਈ ਸਤਨਾਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਰਾਜਿੰਦਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਬੱਬਰ, ਭਾਈ ਬਲਜਿੰਦਰ ਸਿੰਘ ਬੱਬਰ ਅਤੇ ਹੋਰ ਬਹੁਤ ਸਾਰੇ ਸਿੰਘਾਂ ਨੇ ਗਹਿਰਾ ਦੁਖ ਪ੍ਰਗਟ ਕਰਦਿਆਂ ਕਿਹਾ ਹੈ ਕਿ ਅੱਜ ਇੱਕ ਬਹੁਤ ਹੀ ਹੋਣਹਾਰ ਖਾਲਿਸਤਾਨੀ ਯੌਧਾ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਰਾਜਿਆ ਹੈ। ਉਨ੍ਹਾਂ ਕਿਹਾ ਕਿ ਇਹ ਵਿਰਸੇ ਵਿੱਚ ਮਿਲੀ ਹੋਈ ਗੁੜਤੀ ਦਾ ਅਸਰ ਹੀ ਸੀ ਕਿ ਐਨੀ ਬੇਬਾਕੀ ਨਾਲ ਖਾਲਿਸਤਾਨ ਦੀ ਅਜਾਦੀ ਲਈ ਜੂਝ ਰਿਹਾ ਸੀ, ਕਿਉਂਕਿ ਪਰਿਵਾਰ ਦੇ ਪਿਛੋਕੜ ਵਿਚੋਂ ਸ਼ਹੀਦ ਭਾਈ ਰਣਜੀਤ ਸਿੰਘ ਮਗਰੋੜ ਨੱਬੇ ਦੇ ਦਹਾਕੇ ਅੰਦਰ ਭਾਰਤੀ ਫੋਰਸਾਂ ਨਾਲ ਮੁਕਾਬਲੇ ਵਿੱਚ ਜੂਝਦੇ ਹੋਏ ਜਾਮ ਏ ਸ਼ਹਾਦਤ ਪੀ ਚੁਕੇ ਸਨ।ਆਪ ਵੀ ਆਪਣੇ ਨਿਊਯਾਰਕ ਵਿਖੇ ਰਹਿੰਦੇ ਪਰਿਵਾਰ ਨੂੰ ਛੱਡ ਕੇ ਇੰਗਲੈਂਡ ਵਿਖੇ ਚੱਲ ਰਹੇ ਖਾਲਿਸਤਾਨ ਰਿਫਰੈਂਡਮ ਵਿੱਚ ਆਪਣਾ ਯੋਗਦਾਨ ਬਾਖੂਬੀ ਨਿਭਾ ਰਹੇ ਸਨ। ਇਸ ਸੇਵਾ ਦੋਰਾਨ ਹੀ ਅੱਜ ਚੱਲਦੇ ਨਗਰ ਕੀਰਤਨ ਵਿੱਚ ਆਪਦੇ ਸ੍ਵਾਸਾਂ ਦੀ ਪੂੰਜੀ ਸਮਾਪਤ ਹੋ ਗਈ। ਇਸ ਬੇਵਕਤੀ ਮੌਤ ਤੇ ਜਿਥੇ ਪਰਿਵਾਰ ਅਤੇ ਸਿੱਖ ਫਾਰ ਜਸਟਿਸ ਨੂੰ ਨਾ ਸਹਿਣ ਯੋਗ ਘਾਟਾ ਪਿਆ ਹੈ ਉਥੇ ਹੀ ਸਿੱਖ ਸੰਘਰਸ਼ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ।

ਉਨ੍ਹਾਂ ਕਿਹਾ ਕਿ ਆਪਣੇ ਭੈਣ-ਭਰਾਵਾਂ, ਰਿਸ਼ਤੇਦਾਰਾਂ ਅਤੇ ਸਾਰੇ ਸੁਖ ਆਰਾਮ ਛੱਡ ਕੇ ਕੌਮ ਦੀ ਆਜ਼ਾਦੀ ਲਈ ਜਿਊਂਦੇ ਅਤੇ ਮਰਨ ਵਾਲੇ ਭਾਈ ਹਰਪ੍ਰੀਤ ਸਿੰਘ ਰਾਣੇ ਵਰਗੇ ਸੂਰਮੇ ਹਮੇਸ਼ਾ ਕੌਮ ਦੇ ਦਿਲਾਂ ਵਿੱਚ ਜਿਊਂਦੇ ਅਤੇ ਜਾਗਦੇ ਰਹਿੰਦੇ ਹਨ। ਇਹੋ ਜਿਹੇ ਵੀਰਾਂ ਨੂੰ ਕੌਮ ਸਦੀਆਂ ਤਕ ਯਾਦ ਕਰਦੀ ਹੈ, ਬੇਸ਼ੱਕ ਸਾਡਾ ਵੀਰ ਇਸ ਦੁਨੀਆਂ ਤੋਂ ਚਲਾ ਗਿਆ ਹੈ ਪਰ ਉਸ ਵੱਲੋਂ ਖ਼ਾਲਸਾ ਰਾਜ ਖ਼ਾਲਿਸਤਾਨ ਦੀ ਆਜ਼ਾਦੀ ਲਈ ਪਾਇਆ ਗਿਆ ਵਡਮੁੱਲਾ ਯੋਗਦਾਨ ਹਮੇਸ਼ਾਂ ਸਾਡੇ ਦਿਲ ਦਿਮਾਗ ਵਿੱਚ ਰਹੇਗਾ। ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।