ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਤੇ ਕੈਪਟਨ ਸਰਕਾਰ ਨੇ ਬੇਅਦਬੀ ਘਟਨਾਵਾਂ ਨੂੰ ਲੁਕਾਇਆ
ਅੰਮ੍ਰਿਤਸਰ ਟਾਈਮਜ਼
ਜੈਤੋ: ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਬਰਗਾੜੀ ਵਿੱਚ ਬੀਤੇ ਐਤਵਾਰ ਨੂੰ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ ‘ਪੰਥ, ਗ੍ਰੰਥ ਤੇ ਕਿਸਾਨ ਬਚਾਓ’ ਬੈਨਰ ਹੇਠ ਇਕੱਠ ਕੀਤਾ ਗਿਆ, ਜਿਸ ਵਿੱਚ ਆਗੂਆਂ ਨੇ ਆਜ਼ਾਦ ਭਾਰਤ ਦੀਆਂ ਹਕੂਮਤਾਂ ’ਤੇ ਸਿੱਖਾਂ ਪ੍ਰਤੀ ਬੇਗਾਨਗੀ ਵਾਲਾ ਵਤੀਰਾ ਅਪਣਾਉਣ ਦਾ ਦੋਸ਼ ਲਾਉਂਦਿਆਂ ਲੋਕਾਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੇ ਦਲ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ (ਬਾਦਲ)-ਭਾਜਪਾ ਅਤੇ ਕੈਪਟਨ ਸਰਕਾਰ ਬੇਅਦਬੀ ਦੀਆਂ ਘਟਨਾਵਾਂ ’ਤੇ ਪਰਦਾਪੋਸ਼ੀ ਕਰਦੀਆਂ ਰਹੀਆਂ ਹਨ ਤੇ ਚੰਨੀ ਸਰਕਾਰ ਦੀ ਕਾਰਗੁਜ਼ਾਰੀ ਹਾਲੇ ਭਵਿੱਖ ਵਿਚ ਛੁਪੀ ਹੋਈ ਹੈ। ਉਨ੍ਹਾਂ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਵਿਚ ਹੋ ਰਹੀ ਦੇਰੀ ਪਿੱਛੇ ਵੀ ਮੋਦੀ ਸਰਕਾਰ ਤੇ ਬਾਦਲਾਂ ਦੀ ਮਿਲੀਭੁਗਤ ਹੋਣ ਦੀ ਗੱਲ ਆਖੀ।ਸਿਮਰਨਜੀਤ ਮਾਨ ਨੇ ਕਿਸਾਨਾਂ ਨੂੰ ਅੰਦੋਲਨ ਦੀ ਜਿੱਤ ’ਤੇ ਵਧਾਈ ਦਿੱਤੀ ਤੇ ਹਮ-ਖ਼ਿਆਲੀਆਂ ਦੇ ਸਹਿਯੋਗ ਨਾਲ ਪਿੰਡ-ਪਿੰਡ ਵਿੱਚ ਪੰਜ ਮੈਂਬਰੀ ‘ਗੁਰੂ ਕੀ ਫੌਜ’ ਬਣਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ਲੱਖਾ ਸਿਧਾਣਾ ਨੇ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਐੱਮਐੱਸਪੀ ’ਤੇ ਕਾਨੂੰਨ ਨਹੀਂ ਬਣਾਉਂਦੀ, ਉਦੋਂ ਤੱਕ ਕਿਸਾਨ ਮੋਰਚਾ ਖਤਮ ਨਹੀਂ ਕਰਨਾ ਚਾਹੀਦਾ।
Comments (0)