ਜ਼ਿੰਦਗੀ ’ਚ ਸਿਆਣਪ ਅਤੇ ਚੰਗਾ ਕਿਰਦਾਰ  ਨਿਭਾਓ

ਜ਼ਿੰਦਗੀ ’ਚ ਸਿਆਣਪ ਅਤੇ ਚੰਗਾ ਕਿਰਦਾਰ  ਨਿਭਾਓ

ਸਾਡਾ ਸਮਾਜ

-ਪ੍ਰਿੰਸੀਪਲ ਵਿਜੈ ਕੁਮਾਰ

ਕਿਸੇ ਵਿਦਵਾਨ ਵਿਅਕਤੀ ਦਾ ਕਹਿਣਾ ਹੈ ਕਿ ਜ਼ਿੰਦਗੀ ਦੇ ਮੰਚ ’ਤੇ ਆਪਣੇ ਕਿਰਦਾਰ ਨੂੰ ਇਸ ਤਰ੍ਹਾਂ ਨਿਭਾਓ ਕਿ ਮਰਨ ਤੋਂ ਬਾਅਦ ਵੀ ਲੋਕ ਤੁਹਾਡੇ ਲਈ ਤਾੜੀਆਂ ਮਾਰਦੇ ਰਹਿਣ। ਮਨੁੱਖੀ ਕਿਰਦਾਰ ਦੇ ਦੋ ਪਹਿਲੂ ਹੁੰਦੇ ਹਨ-ਚੰਗਾ ਤੇ ਮੰਦਾ। ਅਕਿ੍ਰਤਘਣ, ਈਰਖਾਲੂ, ਝਗੜਾਲੂ, ਚੁਗਲਖੋਰ ਲੋਕਾਂ ਦਾ ਕਿਰਦਾਰ ਮਾੜੇ ਪੱਖ ਦਾ ਪ੍ਰਤੀਕ ਹੁੰਦਾ ਹੈ। ਚੰਗਾ ਕਿਰਦਾਰ ਨਿਭਾਉਣ ਲਈ ਮਨੁੱਖ ਨੂੰ ਅੰਦਰ ਦੀ ਹਉਮੈ ਨੂੰ ਮਾਰਨਾ ਪੈਂਦਾ ਹੈ। ਨਿਮਰਤਾ ਅਪਨਾ ਕੇ ਨੀਵਾਂ ਹੋ ਕੇ ਚੱਲਣਾ ਪੈਂਦਾ ਹੈ। ਚੰਗੇ-ਮਾੜੇ, ਨੇਕੀ-ਬਦੀ, ਗ਼ਲਤ-ਠੀਕ, ਪਾਪ-ਪੁੰਨ ਦੀ ਵਿੱਥ ਨੂੰ ਸੂਖਮ ਬੁੱਧੀ ਨਾਲ ਸਮਝਣਾ ਪੈਂਦਾ ਹੈ। ਮਨੁੱਖੀ ਜ਼ਿੰਦਗੀ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਚੰਗੇ -ਮਾੜੇ ਕਿਰਦਾਰ ਨੂੰ ਸਮਝਦਿਆਂ ਹੋਇਆ ਵੀ ਉਸ ਦਾ ਝੁਕਾਅ ਮਾੜੇ ਪਾਸੇ ਵੱਲ ਨੂੰ ਹੋ ਜਾਂਦਾ ਹੈ। ਚੰਗਾ-ਮਾੜਾ ਕਿਰਦਾਰ ਹੋਣਾ ਇਸ ਗੱਲ ’ਤੇ ਵੀ ਨਿਰਭਰ ਕਰਦਾ ਹੈ ਕਿ ਬੰਦੇ ਦੇ ਪਰਿਵਾਰ ਦਾ ਮਾਹੌਲ ਕਿਹੋ ਜਿਹਾ ਹੈ। ਉਸ ਨੂੰ ਪੜ੍ਹਾਉਣ ਵਾਲੇ ਅਧਿਆਪਕ ਕਿਹੋ ਜਿਹੇ ਸਨ। ਉਸ ਨੂੰ ਸੰਸਕਾਰ ਕਿਹੋ ਜਿਹੇ ਮਿਲੇ ਹਨ ਤੇ ਉਸ ਦੀ ਸੰਗਤ ਕਿਹੋ ਜਿਹੀ ਹੈ।ਮੈਂ ਇਕ ਅਜਿਹੇ ਉੱਚ ਅਧਿਕਾਰੀ ਨੂੰ ਜਾਣਦਾ ਹਾਂ ਜੋ ਸਰਕਾਰੀ ਗੱਡੀ ਨੂੰ ਆਪਣੀ ਸਰਕਾਰੀ ਕੋਠੀ ਤਕ ਨਹੀਂ ਲਿਆਉਂਦਾ। ਉਹ ਘਰੋਂ ਦਫ਼ਤਰ ਨੂੰ ਪੈਦਲ ਜਾਂਦਾ ਹੈ। ਉਸ ਨੇ ਸਰਕਾਰੀ ਤਨਖ਼ਾਹ ਵਾਲਾ ਦਰਜਾ ਚਾਰ ਮੁਲਾਜ਼ਮ ਵੀ ਆਪਣੇ ਘਰ ਦੇ ਕੰਮ ਕਰਨ ਲਈ ਨਹੀਂ ਰੱਖਿਆ ਹੋਇਆ। ਮੈਂ ਉਸ ਨੂੰ ਪੁੱਛਿਆ ਕਿ ਜਦੋਂ ਸਾਰੇ ਉੱਚ ਅਧਿਕਾਰੀ ਇਨ੍ਹਾਂ ਸਰਕਾਰੀ ਸਹੂਲਤਾਂ ਦਾ ਆਨੰਦ ਮਾਣਦੇ ਹਨ, ਫਿਰ ਤੁਸੀਂ ਕਿਉਂ ਨਹੀਂ? ਉਸ ਨੇ ਜੋ ਜਵਾਬ ਦਿੱਤਾ, ਉਸ ’ਚੋਂ ਉਸ ਦਾ ਤਾੜੀਆਂ ਮਾਰਨ ਵਾਲਾ ਕਿਰਦਾਰ ਝਲਕਦਾ ਸੀ। ਉਸ ਦਾ ਕਹਿਣਾ ਸੀ ਕਿ ਮੈਂ ਆਪਣੀ ਅਫ਼ਸਰੀ ਦਫ਼ਤਰ ਵਿਚ ਹੀ ਛੱਡ ਆਉਂਦਾ ਹਾਂ। ਇਸ ਨਾਲ ਫਤੂਰ ਨਹੀਂ ਚੜ੍ਹਦਾ। ਮੈਂ ਅਧਿਆਪਕ ਦਾ ਪੁੱਤਰ ਹਾਂ। ਮੈਨੂੰ ਵਿਰਸੇ ਵਿਚ ਅਸੂਲਾਂ ਅਤੇ ਇਮਾਨਦਾਰੀ ਨਾਲ ਜ਼ਿੰਦਗੀ ਜਿਊਣ ਦੀ ਦੌਲਤ ਮਿਲੀ ਹੈ।

ਚੰਗੇ ਕਿਰਦਾਰ ਵਾਲੇ ਲੋਕ ਹੀ ਮੀਲ ਪੱਥਰ ਸਥਾਪਿਤ ਕਰ ਜਾਂਦੇ ਹਨ। ਲੰਬੇ ਸਮੇਂ ਤਕ ਉਨ੍ਹਾਂ ਦੇ ਕਿਰਦਾਰ ਦੀ ਚਰਚਾ ਹੁੰਦੀ ਰਹਿੰਦੀ ਹੈ ਪਰ ਦੂਜਿਆਂ ਲਈ ਆਦਰਸ਼ ਬਣਨ ਲਈ ਭੀੜ ਤੋਂ ਅੱਡ ਹੋ ਕੇ ਤੁਰਨਾ ਪੈਂਦਾ ਹੈ। ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਸੱਚ ਉੱਤੇ ਖੜ੍ਹੇ ਰਹਿਣਾ ਪੈਂਦਾ ਹੈ। ਸੰਘਰਸ਼ ਕਰਨਾ ਪੈਂਦਾ ਹੈ ਪਰ ਇਕ ਸਮਾਂ ਅਜਿਹਾ ਵੀ ਆਉਂਦਾ ਹੈ ਜਿਸ ਦਿਨ ਤੁਸੀਂ ਨਾਇਕ ਬਣ ਜਾਂਦੇ ਹੋ। ਇਤਿਹਾਸ ਲਿਖਦੇ ਤੁਸੀਂ ਹੋ, ਪੜ੍ਹਦਾ ਕੋਈ ਹੋਰ ਹੈ। ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਜਦੋਂ ਤੁਸੀਂ ਨਵੀਆਂ ਪੈੜਾਂ ਪਾਉਂਦੇ ਹੋ ਤਾਂ ਪਹਿਲਾਂ ਲੋਕ ਤੁਹਾਡੀ ਆਲੋਚਨਾ ਕਰਦੇ ਹਨ, ਉਸ ਤੋਂ ਬਾਅਦ ਤੁਹਾਡਾ ਵਿਰੋਧ ਕਰਦੇ ਹਨ ਪਰ ਕੁਝ ਸਮੇਂ ਬਾਅਦ ਤੁਹਾਡੇ ਨਾਲ ਤੁਰ ਪੈਂਦੇ ਹਨ। ਜਰਮਨ ਦੇ ਵਿਦਵਾਨ ਫਰੈਡਰਿਕ ਨੀਤਸੇ ਨੇ ਕਿਹਾ ਸੀ ਕਿ ਜੇਕਰ ਤੁਹਾਡੇ ਕੋਲ ਸ਼ਬਦ ਹਨ ਤੇ ਤੁਹਾਡੇ ਵਿਚ ਬੋਲਣ ਦੀ ਹਿੰਮਤ ਹੈ ਤਾਂ ਉੱਚੀ-ਉੱਚੀ ਬੋਲੋ, ਹੋ ਸਕਦਾ ਹੈ ਕਿ ਤੁਹਾਡੀ ਮੌਤ ਤੋਂ ਬਾਅਦ ਵੀ ਤੁਹਾਡੇ ਸ਼ਬਦ ਲੋਕਾਂ ਦੇ ਰਾਹ ਦਸੇਰੇ ਬਣ ਜਾਣ।ਸੰਨ 2021 ਦੀਆਂ ਓਲੰਪਿਕ ਖੇਡਾਂ ਵਿਚ ਬਹੁਤ ਹੀ ਸੰਵੇਦਨਸ਼ੀਲ ਮਿਸਾਲ ਕਾਇਮ ਹੋਈ ਹੈ। ਮੁਤਾਜ ਈਸਾ ਬਰਸਿਮ ਆਖਰੀ ਗੇੜ ਦੀ ਉੱਚੀ ਛਾਲ ਮਾਰ ਰਿਹਾ ਸੀ। ਉਸ ਦੇ ਮੁਕਾਬਲੇ ਵਿਚ ਇਟਲੀ ਦਾ ਖਿਡਾਰੀ ਜਿਆਂਬ ਮਾਰਕੋ ਤਾਂਬਰੀ ਫੱਟੜ ਹੋ ਗਿਆ। ਮੁਤਾਜ ਈਸਾ ਬਰਸਿਮ ਨੇ ਮਨੁੱਖੀ ਚੇਤਨਾ ਅਤੇ ਆਪਣੇ ਕਿਰਦਾਰ ਦੀ ਮਿਸਾਲ ਕਾਇਮ ਕਰਦਿਆਂ ਉੱਚੀ ਛਾਲ ਮਾਰਨ ਤੋਂ ਨਾਂਹ ਕਰਦਿਆਂ ਆਯੋਜਕਾਂ ਨੂੰ ਸੋਨੇ ਦੇ ਤਗ਼ਮੇ ਨੂੰ ਅੱਧਾ-ਅੱਧਾ ਵੰਡਣ ਲਈ ਕਹਿ ਦਿੱਤਾ। ਜਦੋਂ ਮੀਡੀਆ ਨੇ ਉਸ ਨੂੰ ਪੁੱਛਿਆ ਕਿ ਉਸ ਨੇ ਛਾਲ ਮਾਰਨ ਤੋਂ ਨਾਂਹ ਕਿਉਂ ਕੀਤੀ ਤਾਂ ਉਸ ਨੇ ਜਿਹੜਾ ਜਵਾਬ ਦਿੱਤਾ,ਉਸ ਨਾਲ ਉਸ ਨੇ ਲੋਕਾਂ ਦੇ ਦਿਲ ਜਿੱਤ ਲਏ। ਉਸ ਨੇ ਕਿਹਾ ਕਿ ਇਕ ਫੱਟੜ ਖਿਡਾਰੀ ਦੇ ਮੁਕਾਬਲੇ ਮੈਂ ਸੋਨ ਤਗ਼ਮਾ ਜਿੱਤ ਕੇ ਵੀ ਹਾਰ ਜਾਣਾ ਸੀ। ਗੋਲਡ ਮੈਡਲ ਤਾਂ ਮੈਂ ਫਿਰ ਵੀ ਜਿੱਤ ਲਵਾਂਗਾ ਪਰ ਇਨਸਾਨੀਅਤ ਦਾ ਇਹ ਤਗ਼ਮਾ ਮੈਂ ਕਦੇ ਵੀ ਨਹੀਂ ਜਿੱਤ ਸਕਣਾ ਸੀ। ਉਸ ਦੇ ਕਿਰਦਾਰ ਨੂੰ ਸਲਾਮ।ਮਾੜੇ ਕਿਰਦਾਰ ਨਿਭਾਉਣ ਵਾਲੇ ਲੋਕ ਕਦੇ ਵੀ ਆਪ ਨੂੰ ਭੈੜਾ, ਮੂਰਖ, ਧੋਖੇਬਾਜ਼ ਨਹੀਂ ਕਹਿੰਦੇ ਕਿਉਂਕਿ ਉਨ੍ਹਾਂ ਦੇ ਦਿਲੋ-ਦਿਮਾਗ ਉੱਤੇ ਸਵਾਰਥ, ਲਾਲਚ, ਪਦਾਰਥਵਾਦ ਅਤੇ ਮੌਕਾਪ੍ਰਸਤੀ ਨੇ ਕਬਜ਼ਾ ਕੀਤਾ ਹੁੰਦਾ ਹੈ। ਕੋਈ ਵੀ ਵਿਅਕਤੀ ਨਹੀਂ ਚਾਹੁੰਦਾ ਕਿ ਉਸ ਦੇ ਹੱਥੋਂ ਕੋਈ ਬੁਰਾ ਕੰਮ ਹੋਵੇ ਜਾਂ ਉਹ ਕਿਸੇ ਨਾਲ ਧ੍ਰੋਹ ਕਮਾ ਕੇ ਕਿਸੇ ਦਾ ਮਨ ਦੁਖਾਵੇ ਜਾਂ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਨੀਵਾਂ ਹੋਵੇ ਪਰ ਲਾਲਚ, ਈਰਖਾ, ਦੂਜੇ ਨੂੰ ਨੀਵਾਂ ਵਿਖਾਉਣ ਦੀ ਆਦਤ ਅਤੇ ਵੱਧ ਤੋਂ ਵੱਧ ਧਨ ਇਕੱਠਾ ਕਰਨ ਦੀ ਲਾਲਸਾ ਉਸ ਨੂੰ ਗੁਮਰਾਹ ਕਰ ਕੇ ਉਸ ਦੇ ਕਿਰਦਾਰ ਨੂੰ ਮਾੜਾ ਕਰ ਦਿੰਦੀ ਹੈ। ਕਿਸੇ ਸੰਤ ਨੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਕਿਸੇ ਦਾ ਮਾੜਾ ਨਹੀਂ ਕਰਦੇ, ਕਿਸੇ ਦਾ ਭਲਾ ਕਰ ਦਿੰਦੇ ਹੋ ਅਤੇ ਕਿਸੇ ਦਾ ਬੁਰਾ ਨਹੀਂ ਤੱਕਦੇ ਤਾਂ ਘਰ ਬੈਠੇ ਹੀ ਪਾਠ ਕਰ ਲਿਆ ਕਰੋ, ਉਹ ਸਤਿਸੰਗ ਨਾਲੋਂ ਵੀ ਪੁਨੀਤ ਹੈ।ਇਕ ਪਿੰਡ ਵਿਚ ਆਪਣੇ ਮੁੰਡੇ ਦਾ ਰਿਸ਼ਤਾ ਕਰ ਰਹੇ ਸੱਜਣ ਨੇ ਉਸ ਪਿੰਡ ਦੇ ਸਰਪੰਚ ਨੂੰ ਉਸ ਕੁੜੀ ਬਾਰੇ ਪੁੱਛਿਆ ਜਿਸ ਨਾਲ ਉਸ ਦੇ ਮੁੰਡੇ ਦਾ ਰਿਸ਼ਤਾ ਹੋਣਾ ਸੀ। ਕੁੜੀ ਦੇ ਪਰਿਵਾਰ ਵਾਲਿਆਂ ਨੇ ਸਰਪੰਚੀ ਦੀ ਚੋਣ ਵਿਚ ਉਸ ਦਾ ਵਿਰੋਧ ਕੀਤਾ ਸੀ। ਸਰਪੰਚ ਨੇ ਮੁੰਡੇ ਵਾਲਿਆਂ ਨੂੰ ਕਿਹਾ ਕਿ ਕੁੜੀ ਵਾਲੇ ਭਾਵੇਂ ਮੇਰੇ ਸਿਆਸੀ ਵਿਰੋਧੀ ਹਨ ਪਰ ਇਹ ਸਮਝੋ ਕਿ ਉਹ ਮੇਰੀ ਧੀ ਹੈ, ਅੱਖਾਂ ਮੀਟ ਕੇ ਰਿਸ਼ਤਾ ਕਰੋ। ਵਿਆਹ ਤੋਂ ਬਾਅਦ ਜਦੋਂ ਕੁੜੀ ਵਾਲਿਆਂ ਨੂੰ ਪਤਾ ਲੱਗਾ ਕਿ ਸਰਪੰਚ ਨੇ ਉਨ੍ਹਾਂ ਦੀ ਕੁੜੀ ਬਾਰੇ ਕੀ ਸ਼ਬਦ ਕਹੇ ਸਨ ਤਾਂ ਉਹ ਉਸ ਦਾ ਧੰਨਵਾਦ ਕਰਨ ਲਈ ਗਏ। ਸਰਪੰਚ ਨੇ ਉਨ੍ਹਾਂ ਨੂੰ ਕਿਹਾ, ‘‘ਉਹ ਤੁਹਾਡਾ-ਮੇਰਾ ਸਿਆਸੀ ਮੱਤਭੇਦ ਸੀ। ਹੁਣ ਮੈਂ ਸਰਪੰਚ ਹਾਂ। ਤੁਹਾਡੀ ਕੁੜੀ ਦੀ ਤਾਰੀਫ਼ ਕਰ ਕੇ ਮੈਂ ਪਿੰਡ ਦੀ ਇੱਜ਼ਤ ਵਧਾਈ ਹੈ। ਉਸ ਸਰਪੰਚ ਦੇ ਕਿਰਦਾਰ ਨੂੰ ਸਿਜਦਾ।ਚੰਗੇ ਕਿਰਦਾਰ ਨਿਭਾਉਣ ਲਈ ਆਪਣੇ-ਆਪ ਨੂੰ ਮਾਰਨਾ ਪੈਂਦਾ ਹੈ। ਆਪਣੇ ਮਨ ਨੂੰ ਕਾਬੂ ਕਰਨਾ ਪੈਂਦਾ ਹੈ। ਜਿੱਤਾਂ ਛੱਡ ਕੇ ਹਾਰਾਂ ਕਬੂਲਣੀਆਂ ਪੈਂਦੀਆਂ ਹਨ। ਹੰਕਾਰ ਅਤੇ ਬਦਲੇ ਦੀ ਭਾਵਨਾ ਤੋਂ ਮੁਕਤੀ ਪਾਉਣੀ ਪੈਂਦੀ ਹੈ। ਸਿਆਣਪ ਅਤੇ ਚੰਗਾ ਕਿਰਦਾਰ ਇਕ-ਦੂਜੇ ਨਾਲ ਜੁੜੇ ਹੋਏ ਹੁੰਦੇ ਹਨ। ਸਿਆਣਪ ਮੁੱਲ ਨਹੀਂ ਵਿਕਦੀ ਤੇ ਨਾ ਹੀ ਸਿੱਖੀ ਜਾਂਦੀ ਹੈ। ਸਿਆਣਪ ਮਨੁੱਖ ਦੇ ਅੰਦਰੋਂ ਉਦੋਂ ਉਪਜਦੀ ਹੈ ਜਦੋਂ ਉਹ ਚਲਾਕ, ਖ਼ੁਦਗਰਜ਼ ਅਤੇ ਤੰਗਦਿਲ ਹੋਣ ਦੀ ਥਾਂ ਮਨੁੱਖੀ ਕਦਰਾਂ-ਕੀਮਤਾਂ ਨਾਲ ਜੁੜ ਕੇ ਰਹਿੰਦਾ ਹੈ। ਚੰਗੇ ਕਿਰਦਾਰ ਵਾਲੇ ਲੋਕ ਮਰਨ ਤੋਂ ਬਾਅਦ ਵੀ ਜਿਊਂਦੇ ਰਹਿੰਦੇ ਹਨ ਕਿਉਂਕਿ ਉਹ ਲੋਕਾਂ ਦੇ ਦਿਲਾਂ ਵਿਚ ਵਸੇ ਹੋਏ ਹੁੰਦੇ ਹਨ। ਉਨ੍ਹਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਤੋਂ ਬਾਅਦ ਵੀ ਉਨ੍ਹਾਂ ਦੇ ਚੰਗੇ ਕਿਰਦਾਰ ਦੀ ਗੱਲ ਤੁਰਦੀ ਰਹਿੰਦੀ ਹੈ। ਮਾੜੇ ਬੰਦਿਆਂ ਨੂੰ ਲੋਕ ਦੁਨੀਆਦਾਰੀ ਰੱਖਣ ਲਈ ਭਾਵੇਂ ਬੁਰਾ ਨਾ ਕਹਿਣ ਪਰ ਉਨ੍ਹਾਂ ਦੀ ਪਿੱਠ ਪਿੱਛੇ ਉਨ੍ਹਾਂ ਦੀ ਬੁਰਾਈ ਜ਼ਰੂਰ ਹੁੰਦੀ ਹੈ। ਝੂਠੀ ਸ਼ਾਨੋ-ਸ਼ੌਕਤ ਦੇ ਮੁਕਾਬਲੇ ਚੰਗੇ ਕਿਰਦਾਰ ਦਾ ਰੁਤਬਾ ਹਮੇਸ਼ਾ ਉੱਚਾ ਹੀ ਹੁੰਦਾ ਹੈ। ਚੰਗੇ ਕਿਰਦਾਰ ਵਾਲੇ ਲੋਕਾਂ ਦੀ ਅਰਦਾਸ ਬੜੀ ਛੇਤੀ ਸੁਣੀ ਜਾਂਦੀ ਹੈ।