ਜਥੇਦਾਰ ਇਕਬਾਲ ਸਿੰਘ ਨੂੰ ਹੁਣ ਡਰ ਲੱਗਦਾ ਏ ਸੁਖਬੀਰ ਤੇ ਹਿੱਤ ਤੋਂ
n ਬਿਹਾਰ ਤੇ ਪੰਜਾਬ ਸਰਕਾਰ ਕੋਲੋਂ ਮੰਗੀ ਸੁਰੱਖਿਆ
n ਅਕਾਲ ਤਖ਼ਤ ਵੱਲੋਂ ਬਣਾਈ ਕਮੇਟੀ 'ਤੇ ਕੀਤਾ ਕਿੰਤੂ
n ਸੌਦਾ ਸਾਧ ਨੂੰ ਮਾਫੀ ਮਾਮਲੇ 'ਚ ਸੁਖਬੀਰ ਬਾਦਲ, ਗਿਆਨੀ ਗੁਰਮੁਖ ਸਿੰਘ ਤੇ ਗਿਆਨੀ ਗੁਰਬਚਨ ਸਿੰਘ ਨੂੰ ਤਲਬ ਕਰਨ ਦੀ ਮੰਗ
n ਗੁਰੂ ਗਰੰਥ ਸਾਹਿਬ ਦੀ ਬੇਅਦਬੀ ਬਾਰੇ ਸਿੱਟ ਨੂੰ ਸਹਿਯੋਗ ਦੇਣ ਦਾ ਵੀ ਐਲਾਨ
ਅੰਮ੍ਰਿਤਸਰ/ਏਟੀ ਨਿਊਜ਼ :
ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਨੇ ਪੰਜਾਬ ਅਤੇ ਬਿਹਾਰ ਦੇ ਮੁੱਖ ਮੰਤਰੀਆਂ ਨੂੰ ਵੱਖ ਵੱਖ ਪੱਤਰ ਭੇਜ ਕੇ ਆਪਣੀ ਜਾਨ ਨੂੰ ਖਤਰਾ ਦੱਸਦਿਆਂ ਸੁਰੱਖਿਆ ਮੰਗੀ ਹੈ। ਗਿਆਨੀ ਇਕਬਾਲ ਸਿੰਘ ਨੇ ਬੀਤੇ ਦਿਨ ਪ੍ਰਬੰਧਕੀ ਬੋਰਡ ਵਲੋਂ ਸੇਵਾਮੁਕਤ ਕਰ ਦਿੱਤਾ ਗਿਆ ਸੀ। ਇਸ ਮਗਰੋਂ ਸਾਬਕਾ ਜਥੇਦਾਰ ਨੇ ਇਕ ਬਿਆਨ ਰਾਹੀਂ ਉਨ੍ਹਾਂ ਖ਼ਿਲਾਫ਼ ਮੁੜ ਸ਼ੁਰੂ ਕੀਤੀ ਜਾਂਚ ਨੂੰ ਇਕ ਸਾਜਿਸ਼ ਕਰਾਰ ਦਿੱਤਾ ਸੀ। ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੱਖ ਵੱਖ ਪੱਤਰ ਭੇਜ ਕੇ ਆਖਿਆ ਕਿ ਉਨ੍ਹਾਂ ਦੀ ਜਾਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖਤਰਾ ਹੈ। ਉਨ੍ਹਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸ ਲਈ ਸਰਕਾਰ ਵੱਲੋਂ ਵਿਸ਼ੇਸ਼ ਸੁਰੱਖਿਆ ਮੁਹੱਈਆ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਤਖਤ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਅਤੇ ਬੋਰਡ ਦੇ ਮੈਂਬਰ ਕਮਿੱਕਰ ਸਿੰਘ ਮੁਕੰਦਪੁਰ ਤੋਂ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਉਨ੍ਹਾਂ ਲਿਖਿਆ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਬਿਨਾਂ ਮੰਗੇ ਦਿੱਤੀ ਮੁਆਫੀ ਦਾ ਸੱਚ ਉਜਾਗਰ ਕਰਨ ਕਰਕੇ ਹੀ ਉਨ੍ਹਾਂ ਖ਼ਿਲਾਫ਼ ਇਹ ਸਾਜਿਸ਼ਾਂ ਰਚੀਆਂ ਗਈਆਂ ਹਨ।
ਦੂਜੇ ਪਾਸੇ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਇਕਬਾਲ ਸਿੰਘ ਵੱਲੋਂ ਲਾਏ ਦੋਸ਼ਾਂ ਨੂੰ ਰੱਦ ਕੀਤਾ। ਉਨ੍ਹਾਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਡੇਰਾ ਸਿਰਸਾ ਦੇ ਮੁਖੀ ਨੂੰ ਦਿੱਤੀ ਮੁਆਫੀ ਦੇ ਮਾਮਲੇ ਵਿਚ ਸਾਬਕਾ ਜਥੇਦਾਰ ਗਿਆਨੀ ਗੁਰਮੁਖ ਸਿੰਘ, ਗਿਆਨੀ ਗੁਰਬਚਨ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖ਼ਤ 'ਤੇ ਸੱਦਣ।
ਸਿੱਟ ਨੂੰ ਦੇਣਗੇ ਸਹਿਯੋਗ-
ਇਕਬਾਲ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੌਦਾ ਸਾਧ ਨੂੰ ਮੁਆਫੀ ਦੇਣ ਦਾ ਵਿਰੋਧ ਕਰਨ 'ਤੇ ਉਨ੍ਹਾਂ ਨੂੰ ਬਦਨਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਦੀ ਮੁਆਫ਼ੀ ਨੂੰ ਗਿਆਨੀ ਗੁਰਮੁਖ ਸਿੰਘ ਤੇ ਗੁਰਬਚਨ ਸਿੰਘ ਨੇ 'ਸੰਪਾਦਤ' ਕੀਤਾ ਸੀ ਤੇ ਮੁਆਫੀ ਨੂੰ ਜਾਇਜ਼ ਠਹਿਰਾਉਣ ਲਈ 90 ਲੱਖ ਦੇ ਇਸ਼ਤਿਹਾਰ ਵੀ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਧਾਰਮਿਕ ਸੰਸਥਾਵਾਂ ਤੇ ਸਿਆਸੀ ਪਾਰਟੀਆਂ ਦੇ ਗਠਜੋੜ ਦੀ ਪੋਲ ਵੀ ਖੋਲ੍ਹ ਦਿੱਤੀ। ਇਸ ਲਈ ਗਿਆਨੀ ਗੁਰਮੁਖ ਸਿੰਘ ਤੇ ਗੁਰਬਚਨ ਸਿੰਘ ਨੂੰ ਤਲਬ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਉਹ ਆਪਣੇ ਇਲਜ਼ਾਮਾਂ ਬਾਰੇ ਸਪੱਸ਼ਟੀਕਰਨ ਤਿੰਨ ਮੈਂਬਰੀ ਕਮੇਟੀ ਨੂੰ ਦੇ ਚੁੱਕੇ ਹਨ ਤੇ ਹੁਣ ਅਸਤੀਫੇ ਮਗਰੋਂ ਵੀ ਜਾਂਚ ਸ਼ੁਰੂ ਹੋਣਾ, ਕਿਸੇ ਸਾਜ਼ਿਸ਼ ਦਾ ਹਿੱਸਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਘਟਨਾਕ੍ਰਮ 'ਤੇ ਪੜਤਾਲ ਕਰ ਰਹੀ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਕੋਈ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਉਹ ਉਸ ਨੂੰ ਸਭ ਕੁਝ ਸੱਚ ਦੱਸ ਦੇਣਗੇ।
ਕਮੇਟੀ 15 ਦਿਨਾਂ 'ਚ ਕਰੇਗੀ ਜਾਂਚ-
ਗਿਆਨੀ ਇਕਬਾਲ ਸਿੰਘ ਦੇ ਕੇਸ ਸਬੰਧੀ ਸ਼ਿਕਾਇਤਾਂ ਦੀ ਜਾਂਚ ਕਮੇਟੀ ਨੂੰ 15 ਦਿਨ ਦਾ ਸਮਾਂ ਹੋਰ ਦਿੱਤਾ ਹੈ। ਸਿੰਘ ਸਾਹਿਬ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਹੁਸ਼ਿਆਰਪੁਰ ਵਿਖੇ ਤਿੰਨ ਨੌਜਵਾਨਾਂ (ਅਰਵਿੰਦਰ ਸਿੰਘ, ਸੁਰਜੀਤ ਸਿੰਘ ਅਤੇ ਰਣਜੀਤ ਸਿੰਘ) ਨੂੰ ਸਿਰਫ ਧਾਰਮਿਕ ਸਾਹਿਤ ਰੱਖਣ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਕਰ ਦਿੱਤੀ ਗਈ। ਇਸ ਕਾਰਵਾਈ 'ਤੇ ਅਫਸੋਸ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਉਨ੍ਹਾਂ ਨੌਜਵਾਨਾਂ ਦੀ ਕਾਨੂੰਨੀ ਅਤੇ ਆਰਥਿਕ ਸਹਾਇਤਾ ਕੀਤੀ ਜਾਵੇ।
ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਵੱਲੋਂ ਪੁੱਜੀ ਬੇਨਤੀ ਦੇ ਅਧਾਰ 'ਤੇ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਦੀ ਚੋਣ ਕਰਨ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਸ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿਤ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ, ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਇਕਬਾਲ ਸਿੰਘ ਮੈਂਬਰ ਹੋਣਗੇ। ਇਸ ਕਮੇਟੀ ਦੇ ਕੋ-ਅਰਡੀਨੇਟਰ ਪ੍ਰਬੰਧਕ ਕਮੇਟੀ ਤਖ਼ਤ ਪਟਨਾ ਸਾਹਿਬ ਦੇ ਮੈਂਬਰ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ ਹੋਣਗੇ। ਇਹ ਕਮੇਟੀ ਸਮੂਹ ਸਿੱਖ ਜਥੇਬੰਦੀਆਂ ਨਾਲ ਸੰਪਰਕ ਕਰ ਕੇ 2 ਨਾਵਾਂ ਦੀ ਸਿਫ਼ਾਰਸ਼ ਕਰੇਗੀ।
ਪਤਨੀ ਨੇ ਇਕਬਾਲ ਸਿੰਘ 'ਤੇ ਲਗਾਏ ਦੋਸ਼-
ਵੱਖ-ਵੱਖ ਦੋਸ਼ਾਂ ਵਿਚ ਘਿਰੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਮੁਸ਼ਕਲਾਂ ਵਿਚ ਦਿਨ ਪ੍ਰਤੀਦਿਨ ਵਾਧਾ ਹੁੰਦਾ ਜਾ ਰਿਹਾ ਹੈ। ਦਿੱਲੀ ਤੋਂ ਔਰਤਾਂ ਦਾ ਇਕ ਵਫ਼ਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਸ਼ਿਕਾਇਤ ਲੈ ਕੇ ਪੁੱਜਾ। ਇਹ ਵਫ਼ਦ ਪਹਿਲਾਂ ਵੀ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਪਣੀ ਸ਼ਿਕਾਇਤ ਦੇ ਚੁੱਕਾ ਹੈ। ਵਫ਼ਦ ਦੀ ਅਗਵਾਈ ਕਰ ਰਹੀ ਬੀਬੀ ਸੁਰਬੀਰ ਕੌਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਬੀਬੀ ਬਲਜੀਤ ਕੌਰ ਨਾਲ ਧੋਖੇ ਨਾਲ ਵਿਆਹ ਕੀਤਾ ਹੈ । ਮਾਰਕੁੱਟ ਕਰਨ ਤੋਂ ਬਾਅਦ ਹੁਣ ਬੀਬੀ ਬਲਜੀਤ ਕੌਰ ਨੂੰ ਘਰੋਂ ਵੀ ਕੱਢ ਦਿੱਤਾ ਹੈ । ਇਸ ਸੰਬੰਧ ਵਿਚ ਉਨ੍ਹਾਂ ਬੀਬੀ ਬਲਜੀਤ ਕੌਰ ਤਰਫੋਂ ਇਕ ਫਰਵਰੀ ਨੂੰ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਵਿਖੇ ਪਹਿਲਾਂ ਵੀ ਦਿੱਤੀ ਸੀ। ਹੁਣ ਉਹ ਦੁਬਾਰਾ ਸ਼ਿਕਾਇਤ ਲੈ ਕੇ ਆਏ ਹਨ ਤਾਂ ਕਿ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਧਾਰਮਿਕ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਬੀਬੀ ਬਲਜੀਤ ਕੌਰ ਨੇ ਉਨ੍ਹਾਂ ਦੇ ਨਾਲ ਆਉਣਾ ਸੀ ਪਰ ਬੀਮਾਰ ਹੋਣ ਕਾਰਨ ਉਹ ਨਹੀਂ ਆ ਸਕੇ । ਇਸ ਮੌਕੇ ਉਨ੍ਹਾਂ ਨਾਲ ਅਕਾਲੀ ਦਲ ਦਿੱਲੀ ਸਟੇਟ ਇਸਤਰੀ ਵਿੰਗ ਦੀ ਉਪ-ਪ੍ਰਧਾਨ ਬੀਬੀ ਰਵਿੰਦਰ ਕੌਰ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਗਿਆਨੀ ਇਕਬਾਲ ਸਿੰਘ ਨੂੰ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ ਜਾਵੇ। ਇਸ ਸਬੰਧ ਵਿਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਜਾਂਚ ਕਮੇਟੀ ਜਾਂਚ ਕਰ ਰਹੀ ਹੈ , ਜਿਸ ਦੀ ਰਿਪੋਰਟ 15 ਦਿਨਾਂ ਤੱਕ ਉਨ੍ਹਾਂ ਦੇ ਕੋਲ ਪੁੱਜ ਜਾਵੇਗੀ। ਇਸ ਵਿਚ ਬੀਬੀ ਬਲਜੀਤ ਕੌਰ ਸਬੰਧੀ ਸ਼ਿਕਾਇਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤੇ ਬੀਬੀ ਬਲਜੀਤ ਕੌਰ ਨੂੰ ਇਨਸਾਫ਼ ਮਿਲੇਗਾ।
ਇਕਬਾਲ ਸਿੰਘ ਨੂੰ ਪੰਥ ਵਿਚੋਂ ਛੇਕਣ ਦੀ ਮੰਗ ਉਠੀ-
ਅਖੰਡ ਕੀਰਤਨੀ ਜਥੇ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਅਹੁਦੇ ਤੋਂ ਲਾਹੇ ਗਏ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਸਿੱਖ ਪੰਥ ਵਿਚੋਂ ਛੇਕਣ ਦੀ ਮੰਗ ਕੀਤੀ ਹੈ। ਅਖੰਡ ਕੀਰਤਨੀ ਜਥੇ ਦੇ ਮੁਖੀ ਭਾਈ ਬਖ਼ਸ਼ੀਸ਼ ਸਿੰਘ ਅਤੇ 31 ਮੈਂਬਰੀ ਵਿਸ਼ਵ ਵਿਆਪੀ ਕਮੇਟੀ ਨੇ ਇੱਥੋਂ ਜਾਰੀ ਕੀਤੇ ਬਿਆਨ ਵਿਚ ਕਿਹਾ ਕਿ ਸਿੱਖ ਪੰਥ ਵਿਚ ਤਖ਼ਤ ਸਾਹਿਬਾਨ ਦੇ ਜਥੇਦਾਰ ਦੀ ਪਦਵੀ ਸਨਮਾਨਯੋਗ ਹੈ ਪਰ ਇਕਬਾਲ ਸਿੰਘ ਨੇ ਕਦੇ ਵੀ ਆਪਣੀ ਪਦਵੀ ਦੇ ਸਨਮਾਨ ਦਾ ਖ਼ਿਆਲ ਨਹੀਂ ਰੱਖਿਆ ਸਗੋਂ ਉਹ ਕਦੇ ਤਿੰਨ-ਤਿੰਨ ਵਿਆਹ ਕਰਵਾਉਣ, ਕਦੇ ਹੰਕਾਰ ਵਿਚ ਆ ਕੇ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦੇਣ ਅਤੇ ਪੰਥ ਦੇ ਪੰਜ ਤਖ਼ਤ ਸਾਹਿਬਾਨ ਦੇ ਸਨਮਾਨ ਵਿਚ ਫ਼ਰਕ ਪਾਉਣ ਤੇ ਕਦੇ ਆਪਣੇ ਪੁੱਤਰ ਦੇ ਸਿੱਖੀ ਕਿਰਦਾਰ ਤੋਂ ਡਿੱਗੇ ਗ਼ੈਰ-ਇਖ਼ਲਾਕੀ ਕਾਰਨਾਮਿਆਂ ਕਾਰਨ ਵਿਵਾਦਾਂ ਵਿਚ ਰਹੇ।
ਹੁਣ ਜਦੋਂ ਇਸ ਦੇ ਕਾਲੇ ਕਾਰਨਾਮਿਆਂ ਦਾ ਚਿੱਠਾ ਪੂਰੀ ਕੌਮ ਅੱਗੇ ਜ਼ਾਹਿਰ ਹੋ ਚੁੱਕਾ ਹੈ ਤਾਂ ਇਸ ਨੇ ਪੰਥ ਦੀ ਕਚਹਿਰੀ ਵਿਚ ਆਪਣੇ ਗੁਨਾਹ ਕਬੂਲ ਕਰਨ ਦੀ ਬਜਾਇ ਸੀਨਾ-ਜ਼ੋਰੀ ਵਿਚ ਸਿੱਖ ਕੌਮ ਨੂੰ ਧਮਕੀ ਦਿੱਤੀ ਹੈ ਕਿ ਇਹ ਅਦਾਲਤ ਵਿਚ ਜਾ ਕੇ ਪੰਥ ਦੇ ਫ਼ੈਸਲੇ ਨੂੰ ਚੁਣੌਤੀ ਕਰੇਗਾ। ਇਸ ਤੋਂ ਸਪਸ਼ਟ ਹੈ ਕਿ ਸਿੱਖ ਵਿਰੋਧੀ ਤਾਕਤਾਂ ਦਾ ਇਹ ਹੱਥ ਠੋਕਾ ਬਣ ਚੁੱਕਾ ਹੈ।
Comments (0)