ਗੁਰਦਾਸ ਮਾਨ ਵੱਲੋਂ ਗੁਰਬਾਣੀ ਦੀ ਬੇਅਦਬੀ ਕਰਨ ਦਾ ਮਾਮਲਾ ਅਕਾਲ ਤਖ਼ਤ ਸਾਹਿਬ 'ਤੇ ਪਹੁੰਚਿਆ

ਗੁਰਦਾਸ ਮਾਨ ਵੱਲੋਂ ਗੁਰਬਾਣੀ ਦੀ ਬੇਅਦਬੀ ਕਰਨ ਦਾ ਮਾਮਲਾ ਅਕਾਲ ਤਖ਼ਤ ਸਾਹਿਬ 'ਤੇ ਪਹੁੰਚਿਆ

ਪਟਿਆਲਾ: ਗੁਰਦਾਸ ਮਾਨ ਵੱਲੋਂ ਦਸਮ ਪਾਤਸ਼ਾਹ ਵੱਲੋਂ ਉਚਾਰੇ ਸ਼ਬਦ "ਦੇਹਿ ਸ਼ਿਵਾ ਵਰ ਮੋਹਿ ਇਹੈ" ਵਿੱਚ ਹਿੰਦੂ ਸ਼ਬਦ "ਓਮ ਨਮਹੁ ਸ਼ਿਵਾਏ" ਵਾੜ੍ਹ ਕੇ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਮਾਮਲਾ ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਗਿਆ ਹੈ। ਕੇਂਦਰੀ ਪੰਜਾਬੀ ਸਭਾ ਸੇਖੋਂ ਦੇ ਪ੍ਰਧਾਨ ਡਾ. ਤੇਜਵੰਤ ਸਿੰਘ ਮਾਨ ਤੇ ਸਰਪ੍ਰਸਤ ਡਾ. ਸਵਰਾਜ ਸਿੰਘ ਨੇ ਕਿਹਾ ਕਿ ਗੁਰਦਾਸ ਮਾਨ ਨੇ ਕੈਨੇਡਾ ਵਿਚ ਇਕ ਲਾਈਵ ਸ਼ੋਅ ਦੌਰਾਨ ਅਜਿਹਾ ਕਰਕੇ ਗੁਰਬਾਣੀ ਅਤੇ ਦਸਵੇਂ ਪਾਤਸ਼ਾਹ ਦਾ ਨਿਰਾਦਰ ਕੀਤਾ ਹੈ ਅਤੇ ਸਿੱਖ ਭਾਵਨਾਵਾਂ ਨੂੰ ਸੱਟ ਮਾਰੀ ਹੈ।

ਇਹਨਾਂ ਆਗੂਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕੀਤੀ ਹੈ ਕਿ ਗੁਰਦਾਸ ਮਾਨ ਨੂੰ ਸਿੱਖ ਰਵਾਇਤਾਂ ਤੋਂ ਜਾਣੂ ਕਰਵਾਇਆ ਜਾਵੇ। ਸਭਾ ਦੇ ਬੁਲਾਰੇ ਡਾ. ਭਗਵੰਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਗੁਰਮਤਿ ਆਸ਼ੇ ਤੇ ਪੰਥਕ ਰਵਾਇਤਾਂ ਦੀ ਤੌਹੀਨ ਕਰ ਰਹੇ ਗੁਰਦਾਸ ਮਾਨ ਵਿਰੁੱਧ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ।

ਸਭਾ ਦਾ ਕਹਿਣਾ ਹੈ ਕਿ ਗੁਰਦਾਸ ਮਾਨ ਨੇ ਕੈਨੇਡਾ ਦੇ ਲਾਈਵ ਸ਼ੋਅ ਦੌਰਾਨ ਉਸ ਵੱਲੋਂ ਪੰਜਾਬੀ ਵਿਰੁੱਧ ਕੀਤੀਆਂ ਗਈਆਂ ਗੱਲਾਂ ਦਾ ਵਿਰੋਧ ਦਰਜ ਕਰਵਾ ਰਹੇ ਨੌਜਵਾਨਾਂ ਲਈ ਜੋ ਸ਼ਬਦਾਵਲੀ ਵਰਤੀ ਗਈ ਸੀ ਉਹ ਸ਼ਬਦਾਵਲੀ ਗੁਰਮਤਿ ਆਸ਼ੇ ਅਤੇ ਭਾਰਤੀ ਦਰਸ਼ਨ ਦੇ ਬਿਲਕੁਲ ਵਿਰੁੱਧ ਸੀ। ਅਜਿਹੇ ਵਿਚ ਪੰਜਾਬੀ ਸਾਹਿਤ ਜਗਤ ਨੂੰ ਵੀ ਗੁਰਦਾਸ ਮਾਨ ਦਾ ਬਾਈਕਾਟ ਕਰਨਾ ਚਾਹੀਦਾ ਹੈ। 

ਪੰਜਾਬ ਪਹੁੰਚਿਆ ਗੁਰਦਾਸ ਮਾਨ
ਕੈਨੇਡਾ ਵਿੱਚ ਪੰਜਾਬੀ ਬੋਲੀ ਦੇ ਵਿਰੁੱਧ ਪ੍ਰਚਾਰ ਕਰਕੇ ਅਤੇ ਪੰਜਾਬੀਆਂ ਨੂੰ ਗਾਲ੍ਹਾਂ ਕੱਢ ਕੇ ਗੁਰਦਾਸ ਮਾਨ ਬੀਤੇ ਕੱਲ੍ਹ ਪੰਜਾਬ ਪਹੁੰਚਿਆ। ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ਤੋਂ ਬਾਹਰ ਨਿਕਲਣ ਮੌਕੇ ਗੁਰਦਾਸ ਮਾਨ ਨੂੰ ਖਾਸ ਸੁਰੱਖਿਆ ਮੁਹੱਈਆ ਕਰਵਾਈ ਗਈ ਸੀ। ਇੱਥੇ ਉਹ ਪੱਤਰਕਾਰਾਂ ਦੇ ਸਵਾਲਾਂ ਤੋਂ ਬਚ ਕੇ ਲੰਘ ਗਿਆ। ਇੱਕ ਸਵਾਲ ਦੇ ਜਵਾਬ ਵਿਚ ਉਸਨੇ ਕਿਹਾ ਕਿ ਪੰਜਾਬੀ ਪ੍ਰੇਮੀਆਂ ਵੱਲੋਂ ਉਸ ਖਿਲਾਫ ਕੀਤੇ ਜਾ ਰਹੇ ਵਿਰੋਧ ਦਾ ਉਸਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਪੰਜਾਬੀ ਪੰਜਾਬ ਵਿੱਚ ਗੁਰਦਾਸ ਮਾਨ ਖਿਲਾਫ ਕੀ ਵਤੀਰਾ ਅਪਣਾਉਂਦੇ ਹਨ ਇਹ ਦੇਖਣਾ ਹੋਵੇਗਾ।