ਕੈਪਟਨ ਨੇ ਹਰਸਿਮਰਤ ਬਾਦਲ ਨੂੰ ਮੂਰਖ ਕਹਿ ਕੇ ਸੰਬੋਧਨ ਕੀਤਾ

ਕੈਪਟਨ ਨੇ ਹਰਸਿਮਰਤ ਬਾਦਲ ਨੂੰ ਮੂਰਖ ਕਹਿ ਕੇ ਸੰਬੋਧਨ ਕੀਤਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਫੇਸਬੁੱਕ ਖਾਤੇ 'ਤੇ ਇੱਕ ਪਸਟ ਸਾਂਝੀ ਕਰਦਿਆਂ ਮੈਂਬਰ ਪਾਰਲੀਮੈਂਟ ਅਤੇ ਬਾਦਲ ਪਰਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਮੂਰਖ ਕਹਿ ਦਿੱਤਾ। ਸ਼੍ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਵੱਲੋਂ ਜੀਐੱਸਟੀ ਦੀ ਰਾਸ਼ੀ ਜਾਰੀ ਕਰਨ ਸਬੰਧੀ ਚੱਲ ਰਹੀ ਆਪਸੀ ਬਿਆਨਬਾਜ਼ੀ 'ਚ ਕੈਪਟਨ ਨੇ ਕੁੱਝ ਸਮਾਂ ਪਹਿਲਾਂ ਹਰਸਿਮਰਤ ਕੌਰ ਬਾਦਲ ਵੱਲੋਂ ਕੈਪਟਨ ਸਰਕਾਰ 'ਤੇ ਪੈਸਾ ਜਾਰੀ ਨਾ ਕਰਨ ਦੇ ਲਾਏ ਦੋਸ਼ਾਂ ਦੇ ਜਵਾਬ ਵਿੱਚ ਕੈਪਟਨ ਨੇ ਲਿਖਿਆ, "ਹਰਸਿਮਰਤ ਕੌਰ ਮੈਂ ਤੁਹਾਨੂੰ ਜਿੰਨਾ ਮੂਰਖ ਸਮਝਦਾ ਸੀ ਤੁਸੀਂ ਉਸ ਤੋਂ ਕਿਤੇ ਵੱਧ ਹੋ। ਮੈਂ ਸਾਫ਼ ਸਾਫ਼ ਕਿਹਾ ਹੈ ਕਿ ਦਾਅਵਾ ਕੀਤੀ ਗਈ ਰਕਮ ਉਹ ਸੀ ਜੋ ਅਸੀਂ ਜਾਰੀ ਕੀਤੀ ਹੈ। ਮੈਂ ਹੈਰਾਨ ਹਾਂ ਕਿ ਤੁਸੀਂ ਸਾਰਿਆਂ ਨੇ ਕਿਸ ਤਰ੍ਹਾਂ ਸਰਕਾਰ ਚਲਾਈ? ਜਿਸ ਵਿੱਚ ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਦਾਅਵਾ ਕੀਤੇ ਜਾਣ 'ਤੇ ਹੀ ਪੈਸਾ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਵੀ ਇੱਕ ਨਿਰਧਾਰਤ ਸਮਾਂ ਲੱਗਦਾ ਹੈ। ਅਸੀਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਮਈ ਮਹੀਨੇ ਤੋਂ 4 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਅਲਾਟ ਕਰ ਦਿੱਤੀ ਗਈ ਹੈ। ਤੁਸੀਂ ਜਿਹੜੀਆਂ ਬਿਨਾਂ ਸਿਰ-ਪੈਰ ਦੀਆਂ ਗੱਲ਼ਾਂ ਕਰ ਰਹੇ ਹੋ ਇਹ ਤੁਹਾਡੀ ਮੂਰਖਤਾ ਨੂੰ ਦਰਸਾ ਰਹੀਆਂ ਹਨ।"

ਦੱਸ ਦਈਏ ਕਿ ਕੁੱਝ ਘੰਟੇ ਪਹਿਲਾਂ ਹਰਸਿਮਰਤ ਬਾਦਲ ਨੇ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ ਸੀ, "ਆਖ਼ਿਰਕਾਰ ਲੰਗਰ 'ਤੇ ਲੱਗ ਰਹੇ ਸੂਬਾ ਜੀਐੱਸਟੀ ਦੀ 1.96 ਕਰੋੜ ਰੁਪਏ ਵਾਲੀ ਪਹਿਲੀ ਕਿਸ਼ਤ ਅੱਜ ਜਾਰੀ ਕਰਕੇ ਤੁਸੀਂ ਮੈਨੂੰ ਸਹੀ ਸਾਬਤ ਕਰ ਦਿੱਤਾ ਹੈ ਕਿ ਹੁਣ ਤੱਕ ਤੁਹਾਡੇ ਵਲੋਂ ਸਿਰਫ ਦਾਅਵੇ ਕੀਤੇ ਜਾ ਰਹੇ ਸੀ ਪਰ ਰਕਮ ਨਹੀਂ ਸੀ ਜਾਰੀ ਕੀਤੀ ਗਈ । ਇਸ ਗੱਲ ਲਈ ਤੁਹਾਡਾ ਧੰਨਵਾਦ ਕੈਪਟਨ ਅਮਰਿੰਦਰ ਸਿੰਘ ਜੀ। 

ਪਰ ਮੁੱਖ ਮੰਤਰੀ ਸਾਹਿਬ ਯਾਦ ਕਰਵਾ ਦਿਆਂ ਕਿ ਅਦਾਇਗੀ ਦੀ ਰਕਮ ਦਾ ਕੁੱਲ ਬਕਾਇਆ 3.27 ਕਰੋੜ ਰੁਪਏ ਸੀ। ਸੋ, ਸਿੱਖ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੋ ਅਤੇ ਗੁਰੂ ਘਰ ਦੀ ਬਾਕੀ ਬਚਦੀ ਰਕਮ ਵੀ ਜਲਦ ਤੋਂ ਜਲਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਰੀ ਕਰੋ।"

ਹਰਸਿਮਰਤ ਬਾਦਲ ਦੇ ਇਸ ਬਿਆਨ ਤੋਂ ਪਹਿਲਾਂ ਕੈਪਟਨ ਨੇ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ ਸੀ, "ਹਰਸਿਮਰਤ ਕੌਰ ਬਾਦਲ ਨੂੰ ਪਤਾ ਘੱਟ ਹੁੰਦਾ ਪਰ ਉਹ ਬੋਲਦੇ ਜ਼ਿਆਦਾ ਹਨ, ਉਹ ਆਦਤਨ ਝੂਠੇ ਹਨ। ਅਗਰ ਮੈਂ ਨਰੇਂਦਰ ਮੋਦੀ ਦੀ ਜਗ੍ਹਾ ਹੁੰਦਾ ਤਾਂ ਉਹਨਾਂ ਨੂੰ ਕਦੋਂ ਦਾ ਕੱਢ ਚੁੱਕਿਆ ਹੁੰਦਾ ਕਿਉਂਕਿ ਉਹ ਪੂਰੀ ਤਰ੍ਹਾਂ ਆਪਣੇ ਅਹੁਦੇ, ਕੰਮ ਲਈ ਅਯੋਗ ਹਨ।"

ਦਰਅਸਲ ਹਰਸਿਮਰਤ ਕੌਰ ਬਾਦਲ ਵੱਲੋਂ ਪੰਜਾਬ ਸਰਕਾਰ ਦੇ ਹਿੱਸੇ ਵਾਲੀ ਸ਼੍ਰੌਮਣੀ ਕਮੇਟੀ ਨੂੰ ਜਾਰੀ ਕੀਤੀ ਜਾਣੀ ਜੀਐੱਸਟੀ ਦੀ ਰਕਮ ਨਾ ਜਾਰੀ ਹੋਣ ਕਰਕੇ ਬਿਆਨ ਦਿੱਤਾ ਗਿਆ ਸੀ।