ਗੈਂਗਸਟਰ ਦੁਨੀਆਂ ਵਿਚ ਜਾ ਰਹੇ ਪੰਜਾਬੀ ਪੁੱਤਾਂ ਦੇ ਨਾਂ ਖੁੱਲ੍ਹਾ ਖ਼ਤ

ਗੈਂਗਸਟਰ ਦੁਨੀਆਂ ਵਿਚ ਜਾ ਰਹੇ ਪੰਜਾਬੀ ਪੁੱਤਾਂ ਦੇ ਨਾਂ ਖੁੱਲ੍ਹਾ ਖ਼ਤ

ਭੱਖਦਾ ਮੱਸਲਾ

ਪਿਆਰਿਓ ਦੁਲਾਰਿਓ ਕੁਝ ਅੰਬਰੋਂ ਟੁੱਟੇ ਤਾਰਿਓ, ਪੰਜਾਬ ਦੀਆਂ ਮਾਵਾਂ ਦੀ ਕਿੱਡੀ ਤ੍ਰਾਸਦੀ ਹੈ ਕਿ ਆਪਣੇ ਹੀ ਪੁੱਤਾਂ ਨਾਲ ਗੱਲ ਕਰਨ ਲਈ ਕੋਈ ਸ਼ਬਦ ਨਹੀਂ ਅਹੁੜ ਰਹੇ। ਪੰਜਾਬ ਦੇ ਹਿੱਤੂ ਕਹਿ ਰਹੇ ਹਨ ਕਿ ਪੰਜਾਬ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਤੇ ਇਸ ਤੋਂ ਮਿਰਚਾਂ ਵਾਰੋ। ਜ਼ਰਾ ਸੋਚੋ, ਉਹ ਮਿਰਚਾਂ ਅਸੀਂ ਕਿੱਥੋਂ ਲਿਆਈਏ ਜਿਹੜੀਆਂ ਆਪੇ ਲਾਈ ਨਜ਼ਰ ਨੂੰ ਲਾਹ ਸੁੱਟਣ?

ਗੁਰੂਆਂ-ਪੀਰਾਂ ਦੀ ਧਰਤੀ ’ਤੇ ਜਦੋਂ ਅਨਹੋਣੀਆਂ ਵਾਪਰਨ ਲੱਗ ਪੈਣ, ਉਹ ਰੱਬੀ ਕਹਿਰ ਹੁੰਦਾ ਹੈ, ਕੋਈ ਨਜ਼ਰ ਨਹੀਂ ਹੁੰਦੀ। ਪੁੱਤਰੋ! ਤੁਸੀਂ ਉਨ੍ਹਾਂ ਗੁਰੂਆਂ, ਬਾਦਸ਼ਾਹ ਦਰਵੇਸ਼ਾਂ ਦੀ ਵਰੋਸਾਈ ਧਰਤੀ ਦੇ ਜੰਮੇ-ਜਾਏ ਹੋ ਜਿਨ੍ਹਾਂ ਨੇ ਦੂਜੇ ਧਰਮਾਂ ਦੂਜੇ ਲੋਕਾਂ ਦੇ ਭਲੇ ਲਈ ਸੀਸ ਦਿੱਤੇ, ਸਰਬੰਸ ਵਾਰੇ। ਤੁਹਾਡੀ ਮੱਤ ਨੂੰ ਕੀ ਮਾਰ ਵਗ ਗਈ ਹੈ ਕਿ ਤੁਸੀਂ ਆਪਣੇ ਹੀ ਭਰਾਵਾਂ ਦਾ ਕਤਲੇਆਮ ਕਰ ਰਹੇ ਹੋ? ਆਪਣੀਆਂ ਹੀ ਮਾਵਾਂ ਨੂੰ ਖ਼ੂਨ ਦੇ ਹੰਝੂ ਰੁਆ ਰਹੇ ਹੋ ਤੇ ਆਪਣੇ ਬੁੱਢੇ ਬਾਪੂਆਂ ਦੇ ਲੱਕ-ਮੋਢੇ ਤੋੜ ਰਹੇ ਹੋ।

ਉਨ੍ਹਾਂ ਨੂੰ ਗੱਭਰੂ ਪੁੱਤਾਂ ਦੀਆਂ ਅਰਥੀਆਂ ਚੁੱਕਣ ਤੇ ਚਿਖਾ ਨੂੰ ਅਗਨੀ ਦਿਖਾਉਣ ਦੀ ਦਿਲ ਕੰਬਾਊ ਸਜ਼ਾ ਦੇ ਰਹੇ ਹੋ। ਮਾਵਾਂ ਦੇ ‘ਸੂਰਮੇ ਪੁੱਤਰੋ! ਇਸ ’ਵਿਚ ਕੋਈ ਸ਼ੱਕ ਨਹੀਂ ਕਿ ਤੁਸੀਂ ਬੜੇ ਸਿਆਣੇ ਹੋ। ਸਿਆਣਪ ਦੇ ਜ਼ੋਰ ’ਤੇ ਹੀ ਤੁਸੀਂ ਆਪਣੇ ਭਰਾਵਾਂ ਨੂੰ, ਇਕ-ਦੂਜੇ ਨੂੰ ਮਾਰ-ਮੁਕਾਉਣ ਦੀਆਂ ਕੋਝੀਆਂ ਸਾਜ਼ਿਸ਼ਾਂ ਘੜਦੇ ਹੋ। ਕਦੇ ਕਿਸੇ ਕਾਰ ਵਿਚ ਜਾਂਦੇ ਨੂੰ ਪੰਛੀ-ਪੰਖੇਰੂਆਂ ਵਾਂਗ ਫੁੰਡ ਲੈਂਦੇ ਹੋ, ਕਦੇ ਐਕਸੀਡੈਂਟ ਦਾ ਡਰਾਮਾ ਰਚ ਲੈਂਦੇ ਹੋ, ਕਦੇ ਮਾਵਾਂ ਦੇ ਦੁੱਧ-ਮੱਖਣਾਂ ਨਾਲ ਪਾਲੇ ਗੁੰਦਵੇਂ ਸਰੀਰ ਵਾਲੇ ਜਵਾਨ ਪੁੱਤ ਨੂੰ ਕਬੱਡੀ ਖੇਡਦਿਆਂ ਢੇਰੀ ਕਰ ਦਿੰਦੇ ਹੋ ਤੇ ਕਦੇ ਕਿਸੇ ਮਾਮੇ-ਮਾਸੀ ਨੂੰ ਮਿਲਣ ਚੱਲੇ ਕਿਸੇ ਮਾਂ ਦੇ ਕੜੀ ਵਰਗੇ ਸ਼ੇਰ ਪੁੱਤ ਗੱਭਰੂ ਦੀ ਚੌੜੀ ਛਾਤੀ ਨੂੰ ਗੋਲ਼ੀਆਂ ਨਾਲ ਛਲਣੀ ਕਰ ਦਿੰਦੇ ਹੋ। ਇਹ ਗੋਲ਼ੀਆਂ ਸਿਰਫ਼ ਉਸ ਦਾ ਸੀਨਾ ਛਲਣੀ ਨਹੀਂ ਕਰਦੀਆਂ ਬਲਕਿ ਉਸ ਦੇ ਮਾਪਿਆਂ, ਮਿੱਤਰ-ਪਿਆਰਿਆਂ ਤੇ ਅਨੇਕਾਂ ਚਾਹੁਣ ਵਾਲਿਆਂ ਦੇ ਕਲੇਜੇ ਵੀ ਪੁਣ ਕੇ ਰੱਖ ਦਿੰਦੀਆਂ ਹਨ। ਕਮਲਿਓ!

ਕਿਹੜੀ ਗੱਲੋਂ ਇਹ ਕਮ-ਅਕਲੀਆਂ ਕਰਦੇ ਹੋ? ਕਿਉਂ ਲੋਕਾਂ ਦੀਆਂ ਬਦਦੁਆਵਾਂ ਲੈਂਦੇ ਹੋ? ਕਿਹੜਾ ਤੁਹਾਡਾ ਜ਼ਰ-ਜ਼ੋਰੂ ਜਾਂ ਜ਼ਮੀਨ ਦਾ ਝਗੜਾ ਹੈ? ਮਾਵਾਂ ਦੇ ਜਿਗਰ ਦੇ ਟੁਕੜਿਓ! ਬਚਪਨ ਵਿਚ ਵੀ ਤਾਂ ਤੁਸੀਂ ਦੋਸਤ -ਮਿੱਤਰ ਆਪਸ ਵਿਚ ਲੜਦੇ ਸੀ। ਸਕੂਲੋਂ ਆਉਂਦੇ-ਜਾਂਦੇ ਆਪਸ ਵਿਚ ਖਹਿੰਦੇ ਸੀ। ਘਰ ਆ ਕੇ ਫਿਰ ਰੀਠੇ, ਬੰਟੇ-ਗੋਲੀਆਂ, ਗੁੱਲੀ ਡੰਡਾ ਤੇ ਬਾਂਦਰ ਕੀਲਾ ਖੇਡਦੇ ਤੁਸੀਂ ਵੀਹ ਵਾਰੀ ਲੜਦੇ ਸੀ ਪਰ ਮਨਾਂ ਵਿਚ ਵੈਰ ਨਹੀਂ ਸੀ ਰੱਖਦੇ। ਸਵੇਰੇ ਲੜੇ, ਦੁਪਹਿਰੇ ਇਕੱਠੇ ਤੇ ਦੁਪਹਿਰੇ ਲੜੇ ਸ਼ਾਮੀਂ ਇਕ-ਮਿਕ।

ਕੀ ਤੁਸੀਂ ਪੰਜ ਦਰਿਆਵਾਂ ਦੇ ਦਰਿਆਦਿਲ ਓਹੀ ਪੰਜਾਬੀ ਪੁੱਤ ਨਹੀਂ ਹੋ? ਜਾਂ ਫਿਰ ਤੁਹਾਡੇ ’ਤੇ ਹੁਣ ਕੋਈ ਅਨੋਖੀ ਅਵੈੜੀ ਜਵਾਨੀ ਚੜ੍ਹੀ ਹੈ ਜਿਹੜੀ ਤੁਹਾਨੂੰ ਆਪਣੇ-ਪਰਾਏ, ਚੰਗੇ-ਮਾੜੇ ਤੇ ਮਨੁੱਖੀ ਫ਼ਰਜ਼ਾਂ ਤੋਂ ਹੀ ਬੇਮੁੱਖ ਕਰ ਰਹੀ ਹੈ। ਜਿਹੜੀ ਸੂਝ ਦੇ ਘੋੜੇ ਦੌੜਾ ਕੇ ਤੁਸੀਂ ਕਤਲਾਂ ਦੇ ਰਾਹ ਤੁਰ ਪਏ ਹੋ ਜੇ ਉਸ ਨੂੰ ਲਗਾਮ ਪਾ ਕੇ ਦੋਸਤੀਆਂ ਦਾ, ਜ਼ਿੰਦਗੀ ਦਾ ਸੱਚ ਪਛਾਣੋ ਤਾਂ ਪੰਜਾਬ ਦੇ ਵਿਹੜਿਆਂ ਵਿਚ ਨਿੱਤ ਸੱਥਰ ਨਾ ਵਿਛਣ। ਤੁਸੀਂ ਆਪਾ ਤੇ ਅਪਣੱਤ ਦੋਵੇਂ ਭੁਲਾ ਬੈਠੇ ਹੋ।

ਭੁੱਲੜੋ! ਕੁਰਾਹੀਓ!! ਕਦੇ ਵੈਰ ਛੱਡ ਕੇ ਰਲ-ਬੈਠ ਕੇ ਮਸਲੇ ਵਿਚਾਰਨ ਵੱਲ ਵੀ ਧਿਆਨ ਦਿਉ। ਅਭਾਗੀਆਂ ਮਾਵਾਂ ਦੇ ਕਲੇਜੇ ਦੇ ਟੁਕੜਿਓ! ਜਿਨ੍ਹਾਂ ਹੱਥਾਂ ਵਿਚ ਹਥਿਆਰ ਚੁੱਕੀ ਫਿਰਦੇ ਹੋ, ਉਨ੍ਹਾਂ ਹੱਥਾਂ ਨਾਲ ਕਦੇ ਦੂਜੇ ਦਾ ਹੱਥ ਫੜ ਕੇ ਮੋਹ-ਮੁਹੱਬਤ ਦਾ ਨਿੱਘ ਮਹਿਸੂਸ ਕਰੋ। ਜਿਨ੍ਹਾਂ ਬਾਹਵਾਂ ਤੇ ਛਾਤੀਆਂ ਦੇ ਤਾਣ ਤੁਸੀਂ ਆਪਣੇ ਹੀ ਭਰਾਵਾਂ ਨੂੰ ਮਾਰ ਰਹੇ ਹੋ, ਕਦੇ ਉਹੀ ਬਾਹਵਾਂ ਦੀ ਗਲਵੱਕੜੀ ਉਨ੍ਹਾਂ ਦੇ ਗਲ ਪਾ ਕੇ ਉਨ੍ਹਾਂ ਨੂੰ ਛਾਤੀ ਨਾਲ ਲਾ ਕੇ ਤਾਂ ਦੇਖੋ। ਤੁਹਾਡੀਆਂ ਰਗਾਂ ਵਿਚ ਇੱਕੋ ਜਿਹਾ ਖ਼ੂਨ ਹੈ। ਫਿਰ ਕਿਉਂ ਉਸ ਨੂੰ ਸੜਕਾਂ ’ਤੇ ਡੋਲ੍ਹਦੇ ਹੋ? ਠੀਕ ਹੈ ਕਿਤੇ ਵਿਚਾਰਾਂ ਦਾ ਟਕਰਾਅ ਹੋ ਜਾਂਦਾ ਹੈ, ਕਦੇ ਕਿਸੇ ਤੋਂ ਕੋਈ ਭੁੱਲ-ਚੁੱਕ ਹੋ ਜਾਂਦੀ ਹੈ ਪਰ ਕੀ ਨਤੀਜੇ ਐਨੇ ਭਿਆਨਕ ਹੋਣੇ ਚਾਹੀਦੇ ਨੇ? ਆਪਣੀਆਂ ਜੰਮਣ ਵਾਲੀਆਂ ਨੂੰ, ਆਪਣੇ ਮਿਹਨਤਾਂ ਕਰ ਕੇ ਮਿੱਟੀ ਨਾਲ ਮਿੱਟੀ ਹੋ ਕੇ ਪਾਲਣਹਾਰਿਆਂ ਨੂੰ ਪੁੱਛ ਕੇ ਦੇਖੋ ਕਿ ਔਲਾਦ ਦੇ ਜਵਾਨੀਓਂ ਟੁੱਟਣ ਦਾ ਸੱਲ ਕਿੰਨਾ ਕਹਿਰਵਾਨ, ਕਿੰਨਾ ਅਸਹਿ ਹੁੰਦਾ ਹੈ।

ਇਕ ਜੋਬਨ ਰੁੱਤੇ ਰਾਖ ਹੋ ਜਾਂਦੇ ਨੇ, ਦੂਜਿਆਂ ਦੀ ਜਵਾਨੀ ਜੇਲ੍ਹਾਂ ਵਿਚ ਰੁਲਦੀ ਹੈ। ਜੇ ਤੁਰ ਗਿਆਂ ਦੇ ਮਾਪਿਆਂ ਦੇ ਕਾਲਜੇ ਰੁੱਗ ਭਰ ਕੇ ਕੱਢੇ ਜਾਂਦੇ ਹਨ ਤਾਂ ਜੇਲ੍ਹਾਂ ਵਿਚ ਬੈਠਿਆਂ ਦੇ ਮਾਪੇ ਵੀ ਸੁੱਖ ਦੀ ਨੀਂਦ ਨਹੀਂ ਸੌਂਦੇ। ਉਹ ਵੀ ਹਰ ਸਾਹ ਨਾਲ ਹਉਕੇ ਭਰਦੇ ਹਨ। ਜੇ ਅਨਹੋਣੀ ਦਾ ਸ਼ਿਕਾਰ ਹੋਏ ਪੁੱਤ ਦੇ ਮਾਪਿਆਂ ਦੀਆਂ ਆਸਾਂ ਤੇ ਸੱਧਰਾਂ ਉਸ ਦੀ ਚਿਖਾ ’ਚ ਸੜ ਕੇ ਸੁਆਹ ਹੋ ਜਾਂਦੀਆਂ ਹਨ ਤਾਂ ਮਾਰਨ ਵਾਲਿਆਂ ਦੇ ਮਾਪੇ ਵੀ ਪੱਟ ਦੇ ਪੰਘੂੜੇ ਨਹੀਂ ਝੂਟਦੇ, ਉਹ ਅਭਾਗੇ ਵੀ ਸੰਤਾਪ ਹੰਢਾਉਂਦੇ ਹਨ।

ਇਹ ਵੀ ਚੇਤੇ ਰੱਖੋ ਕਿ ਜੇ ਕਿਸੇ ਚੋਬਰ ਦਾ ਜਨਾਜਾ ਉਸ ਦੇ ਹੀ ਕਹਿਣ ਅਨੁਸਾਰ ਜਵਾਨੀ ਵਿਚ ਉੱਠਦਾ ਹੈ ਤੇ ਉਸ ਦੇ ਦਿਲ ਦੀ ਮਲਕਾ ਚੁੰਨੀਆਂ ਨੂੰ ਗੋਟੇ-ਕਿਨਾਰੀਆਂ ਲਾਉਂਦੀ ਤੇ ਆਪਣੇ ਮਹਿਬੂਬ ਦੇ ਵਿਹੜੇ ’ਚ ਛਣਕਾਉਣ ਲਈ ਝਾਂਜਰਾਂ ਘੜਾਉਂਦੀ ਅਰਸ਼ੋਂ-ਫਰਸ਼ ’ਤੇ ਆ ਡਿੱਗਦੀ ਹੈ ਤਾਂ ਸਲਾਖਾਂ ਪਿੱਛੇ ਬੈਠਿਆਂ ਦੇ ਦਿਲਾਂ ਦੀਆਂ ਰਾਣੀਆਂ ਵੀ ਪਲ-ਪਲ ਬਿਰਹੋਂ ਦੀ ਅੱਗ ਵਿਚ ਸੜਦੀਆਂ ਹਨ। ਵਿੱਛੜ ਜਾਣ ਵਾਲੇ ਜਾਂ ਜਬਰੀ ਵਿਛੋੜ ਦਿੱਤੇ ਜਾਣ ਵਾਲੇ ਦੇ ਮਾਪੇ, ਮਿੱਤਰ-ਪਿਆਰੇ, ਉਸ ਦੇ ਲੜ ਲੱਗੀ ਜਾਂ ਲੱਗਣ ਦੇ ਸੁਪਨੇ ਲੈਂਦੀ ਹਰ ਘੜੀ ਉਹਦੇ ਕਦਮਾਂ ਦੀ ਆਹਟ ਦੇ ਭੁਲੇਖੇ ਖਾਂਦੀ ਹੈ ਤਾਂ ਤੁਹਾਡੇ ਪਿਆਰੇ ਵੀ ਇਹ ਪੀੜ ਹੰਢਾਉਂਦੇ ਹਨ। ਦੋਵਾਂ ਧਿਰਾਂ ਦੇ ਹਾਲਾਤ ਵਿਚ ਇਕ ਅਹਿਮ ਤੇ ਸੁਖਾਵਾਂ ਅੰਤਰ ਹੈ ਕਿ ਜਿਊਂਦੇ ਜੀਆਂ ਦੇ ਮਿਲਣ ਦੀ ਆਸ ਸਬੰਧਤਾਂ ਨੂੰ ਇਕ ਸਹਾਰਾ, ਇਕ ਲਾਰਾ ਲਾ ਕੇ ਵਰਚਾਈ ਰੱਖਦੀ ਹੈ ਜਦੋਂ ਕਿ ਦੂਜੀ ਧਿਰ ਕੋਲ ਅਜਿਹਾ ਕੋਈ ਠੁੰਮ੍ਹਣਾ ਨਹੀਂ ਹੁੰਦਾ।

ਇਹ ਵੀ ਨਾ ਭੁੱਲੋ ਕਿ ਜੇਕਰ ਤੁਸੀਂ ਕਿਸੇ ਦੇ ਸੁਪਨਿਆਂ ਦੇ ਮਹਿਲ ਨੂੰ ਵਸਣ ਤੋਂ ਪਹਿਲਾਂ ਹੀ ਉਜਾੜ ਦਿੰਦੇ ਹੋ ਤਾਂ ਤੁਹਾਡੇ ਮਹਿਲੀਂ ਵੀ ਰੌਣਕ ਨਹੀਂ, ਖ਼ੌਫ਼ ਹੈ, ਚਿੰਤਾ ਦਾ ਵਾਸਾ ਹੈ। ਕੀ ਖੱਟਦੇ ਹੋ ਇਸ ਸਾਰੇ ਆਲ-ਜੰਜਾਲ ਵਿੱਚੋਂ? ਪੰਜਾਬ ਦਾ ਮਾਣ ਬਣਨਾ ਸੀ ਤੁਸੀਂ ਪਰ ਤੁਸੀਂ ਨੇਕਨਾਮੀਆਂ ਦੀ ਥਾਂ ਖੁਨਾਮੀਆਂ ਖੱਟ ਲਈਆਂ।

ਤੁਹਾਡੀਆਂ ਨਾਦਾਨੀਆਂ ਨੇ ਆਪਣੀਆਂ ਜਵਾਨੀਆਂ ਦਾ ਹੀ ਘਾਣ ਤੇ ਅਪਮਾਨ ਕਰ ਸੁੱਟਿਆ। ਨਾਦਾਨ ਪੁੱਤਰੋ! ਸੰਭਲ ਜਾਓ, ਅਜੇ ਵੀ ਵਕਤ ਹੈ। ਪੰਜਾਬ ਦੀ ਧਰਤੀ ਦੀ ਹਿੱਕ ਤਾਂ ਸੰਤਾਲੀ ਤੇ ਚੁਰਾਸੀ ਤੋਂ ਚੁਰੰਨਵੇਂ ਤਕ ਦੇ ਦਹਾਕੇ ਦੇ ਮਚਦੇ ਸਿਵਿਆਂ ਦੇ ਸੇਕ ਨੇ ਹੀ ਬਥੇਰੀ ਲੂਹੀ ਸੀ। ਮੁੜ ਨਸ਼ਿਆਂ, ਕਰਜ਼ਿਆਂ ਤੇ ਬੇਰੁਜ਼ਗਾਰੀ ਦੇ ਮਾਰਿਆਂ ਦੀਆਂ ਮੜ੍ਹੀਆਂ ’ਚ ਨਿੱਤ ਲਟ-ਲਟ ਬਲਦੀਆਂ ਦੇਹਾਂ ਨੇ ਧਰਤੀ ਦੀ ਰੂਹ ਤਕ ਲੂਹ ਛੱਡੀ। ਮਨ ਵਿਚ ਵਾਰ-ਵਾਰ ਇਕ ਲਾਟ ਉੱਠਦੀ ਹੈ, ਇਕ ਚੀਸ ਪੈਂਦੀ ਹੈ ਕਿ ਜਿਸ ਮਨੁੱਖਾ ਜਨਮ ਨੂੰ ਵੇਦ-ਕਤੇਬ ਚੁਰਾਸੀ ਲੱਖ ਜੂਨਾਂ ਤੋਂ ਬਾਅਦ ਮਿਲਿਆ ਦੱਸਦੇ ਹਨ, ਤੁਸੀਂ ਉਸ ਨੂੰ ਕਾਣੀ ਕੌਡੀ ਕਰ ਕੇ ਰੱਖ ਦਿੱਤਾ ਹੈ। ਖ਼ੁਦ ਜੀਓ ਤੇ ਦੂਜਿਆਂ ਨੂੰ ਜੀਣ ਦਿਉ। ਮੇਰੇ ਬੱਚਿਓ! ਮੈਂ ਚਾਹੁੰਦੀ ਹਾਂ ਕਿ ਜੇਕਰ ਕੋਈ ਹੋਰ ਜਨਮ ਹੁੰਦਾ ਹੈ ਤਾਂ ਤੁਸੀਂ ਉਸ ਵਿਚ ਔਰਤ ਬਣੋ, ਮਾਂ ਬਣੋ। ਤਾਂ ਹੀ ਤੁਹਾਨੂੰ ਅਹਿਸਾਸ ਹੋਵੇਗਾ ਕਿ ਜਿਨ੍ਹਾਂ ਮਾਵਾਂ ਦੀਆਂ ਆਂਦਰਾਂ ਕੱਢੀਆਂ-ਵੱਢੀਆਂ ਜਾਂਦੀਆਂ ਹਨ ਤੇ ਜਿਨ੍ਹਾਂ ਦੇ ਗ਼ਲਤ ਰਾਹ ਪਏ ਪੁੱਤਰ ਲੁਕ-ਛਿਪ ਕੇ ਦਿਨ ਕੱਟਦੇ ਜਾਂ ਜੇਲ੍ਹੀਂ ਬੰਦ ਨੇ ਉਹ ਕਿਵੇਂ ਜਿਊਂਦੀਆਂ ਨੇ? ਕਿਵੇਂ ਦਿਨ-ਰਾਤ ਗਿੱਲੀ ਲੱਕੜ ਵਾਂਗ ਧੁਖਦੀਆਂ ਨੇ। ਜ਼ਰਾ ਸੋਚੋ ਬੱਚਿਓ! ਇਹ ਗੈਂਗਸਟਰ ਨਾਂ ਦੀ ਬਲਾ ਕਿੱਥੋਂ ਸਾਡੇ ਗਲ ਆ ਪਈ ਹੈ?

ਇਸ ਨੇ ਆਪਣਾ ਜੀਣਾ ਹਰਾਮ ਕਰ ਦਿੱਤਾ ਹੈ। ਤੁਸੀਂ ਸਿਰਫ਼ ਜੋਸ਼ ਅਤੇ ਕ੍ਰੋਧ ਵਿਚ ਗ਼ਲਤ ਫ਼ੈਸਲੇ ਲੈਂਦੇ ਹੋ। ਹਕੂਮਤ ਤੇ ਪੰਜਾਬ ਵਿਰੋਧੀ ਤਾਕਤਾਂ ਨੇ ਤੁਹਾਨੂੰ ਆਪਣੇ ਮੱਕੜਜਾਲ ਵਿਚ ਫਸਾ ਲਿਆ ਹੈ। ਤੁਹਾਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਿਆ ਗਿਆ, ਬਣਵਾਸ ਦਿੱਤਾ ਗਿਆ ਜਿਸ ਨੂੰ ਇਹ ਪਰਵਾਸ ਕਹਿੰਦੇ ਹਨ ਤੇ ਅਖ਼ੀਰ ਨੂੰ ਆਪਸ ਵਿਚ ਲੜਾ ਕੇ ਮਾਰਨ ਦੀ ਚਾਲ ਖੇਡੀ ਜਾ ਰਹੀ ਹੈ।

ਤੁਹਾਡੇ ਘਰ, ਤੁਹਾਡਾ ਪੰਜਾਬ ਉੱਜੜ ਰਿਹਾ ਹੈ ਤੇ ਉਜਾੜਨ ਵਾਲੇ ਰੰਗੀਂ ਵਸਦੇ ਤੁਹਾਡੇ ਉਜਾੜੇ ਦੇ ਜਸ਼ਨ ਮਨਾਉਂਦੇ ਹਨ। ਪਿਆਰਿਓ-ਦੁਲਾਰਿਓ, ਕੁਝ ਅੰਬਰੋਂ ਟੁੱਟੇ ਤਾਰਿਓ! ਨਾ ਅੰਬਰੋਂ ਟੁੱਟੇ ਤਾਰੇ ਮੁੜ ਅੰਬਰ ਦੇ ਸੀਨੇ ਨਾਲ ਜੜੇ ਜਾਂ ਸਕਦੇ ਹਨ ਤੇ ਨਾ ਮੋਏ ਪੁੱਤ ਮੁੜ ਮਾਪਿਆਂ ਦੀ ਹਿੱਕ ਨਾਲ ਲੱਗਦੇ ਹਨ। ਕਦੋਂ ਤਕ ਮਾਵਾਂ ਸਦੀਵੀ ਨੀਂਦ ਸੁੱਤੇ ਪਏ ਪੁੱਤਰ ਦੇ ਕੇਸ ਗੁੰਦਣ ਦੇ, ਸਿਹਰੇ ਬੰਨ੍ਹਣ ਦੇ ਮਾਤਮ ਭਰੇ ਸ਼ਗਨ ਕਰਨ ਦਾ ਜਿਗਰਾ ਕਰਨਗੀਆਂ?

ਸੁੱਟ ਦਿਉ ਤੁਸੀਂ ਹੱਥੋਂ ਇਹ ਹਥਿਆਰ। ਨਾ ਕਰੋ ਗੀਤਾਂ ਜਾਂ ਗੱਲਾਂ ਵਿਚ ਇਨ੍ਹਾਂ ਦਾ ਜ਼ਿਕਰ ਜਿਹੜੇ ਭਰਾ ਤੋਂ ਭਰਾ ਨੂੰ ਮਰਵਾਉਂਦੇ ਨੇ ਤੇ ਕਦੇ ਔਖੇ ਵੇਲੇ ਜਾਨ ਬਚਾਉਣ ਦੇ ਕੰਮ ਵੀ ਨਹੀਂ ਆਉਂਦੇ। ਇਹ ਮੇਰੀ ਇਕੱਲੀ ਦੀ ਨਹੀਂ, ਸਾਰੀਆਂ ਤੜਫਦੀਆਂ ਹੋਈਆਂ ਬੇਵੱਸ ਮਾਵਾਂ ਦੀ ਤੁਹਾਨੂੰ ਡੂੰਘੇ ਵੈਣਾਂ ਵਰਗੀ ਇਕ ਹੂਕ ਵਰਗੀ ਧੁਰ ਅੰਦਰੋਂ ਨਿਕਲੀ ਬਹੁੜੀ ਹੈ। ਭਟਕੇ ਤੇ ਵਿਛੜੇ ਸਾਰੇ ਪੁੱਤਰਾਂ ਦੀ ਅਭਾਗੀ ਤੇ ਫਰਿਆਦੀ ਮਾਂ।

 

ਪਰਮਜੀਤ ਕੌਰ ਸਰਹਿੰਦ

-ਮੋਬਾਈਲ : 98728-98599