ਬਰਗਾੜੀ ਬੇਅਦਬੀ ਮਾਮਲੇ ਵਿੱਚ ਕੈਪਟਨ ਦਾ ਸੀਬੀਆਈ 'ਤੇ ਸਖਤ ਹਮਲਾ

ਬਰਗਾੜੀ ਬੇਅਦਬੀ ਮਾਮਲੇ ਵਿੱਚ ਕੈਪਟਨ ਦਾ ਸੀਬੀਆਈ 'ਤੇ ਸਖਤ ਹਮਲਾ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਮਾਮਲੇ ਵਿੱਚ ਸੀਬੀਆਈ ਵੱਲੋਂ ਕੀਤੀ ਗਈ ਕਾਰਵਾਈ 'ਤੇ ਭੜਕਦਿਆਂ ਕਿਹਾ ਕਿ ਸੀਬੀਆਈ ਨੇ ਇਸ ਬਰਗਾੜੀ ਬੇਅਦਬੀ ਮਾਮਲੇ ਨੂੰ ਘਟਾ ਕੇ ਇੱਕ ਬੁਝਾਰਤ ਬਣਾ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਸੀਬੀਆਈ 'ਤੇ ਵੱਡਾ ਦੋਸ਼ ਲਾਉਂਦਿਆਂ ਕਿਹਾ ਕਿ ਸੀਬੀਆਈ ਨੇ ਇਹ ਸਭ ਆਪਣੇ ਅਕਾਵਾਂ ਭਾਵ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕੀਤਾ ਹੈ ਅਤੇ ਇਹ ਸਭ ਰਾਜਨੀਤਕ ਫਾਇਦੇ ਲਈ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਸੀਬੀਆਈ ਨੇ ਬਰਗਾੜੀ ਬੇਅਦਬੀ ਮਾਮਲੇ ਵਿਚ ਅਦਾਲਤ ਅੰਦਰ ਕੇਸ ਬੰਦ ਕਰਨ ਦੀ ਅਰਜ਼ੀ ਦਾਖਲ ਕਰ ਦਿੱਤੀ ਸੀ ਜਿਸ ਖਿਲਾਫ ਸਿੱਖ ਸੰਗਤਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਪੁਲਿਸ ਸਬੂਤਾਂ ਸਮੇਤ ਇਸ ਗੱਲ ਦਾ ਖੁਲਾਸਾ ਕਰ ਚੁੱਕੀ ਹੈ ਕਿ ਇਹਨਾਂ ਬੇਅਦਬੀਆਂ ਪਿੱਛੇ ਡੇਰਾ ਸਿਰਸਾ ਨਾਲ ਜੁੜੇ ਲੋਕਾਂ ਦਾ ਹੱਥ ਸੀ। 

ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਇਆ ਕਿ ਸੀਬੀਆਈ ਵੱਲੋਂ ਮਾਮਲਾ ਬੰਦ ਕਰਨ ਦੀ ਰਿਪੋਰਟ ਦਾਖਲ ਕਰਨ ਪਿੱਛੇ ਮੁੱਖ ਮਕਸਦ ਪੰਜਾਬ ਸਰਕਾਰ ਦੀ ਐੱਸਆਈਟੀ ਨੂੰ ਮਾਮਲੇ ਦੀ ਜਾਂਚ ਕਰਨ ਤੋਂ ਰੋਕਣਾ ਹੈ। 

ਦੱਸ ਦਈਏ ਕਿ ਸੀਬੀਆਈ ਵੱਲੋਂ ਦਰਜ ਕੀਤੀ ਗਈ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ ਅਤੇ ਵਿਰੋਧ ਹੋਣ ਮਗਰੋਂ ਹੁਣ ਸੀਬੀਆਈ ਨੇ ਅੱਗੇ ਜਾਂਚ ਕਰਨ ਦੀ ਗੱਲ ਕਹੀ ਹੈ। ਕੈਪਟਨ ਦਾ ਕਹਿਣਾ ਹੈ ਕਿ ਸੀਬੀਆਈ ਦੁਬਾਰਾ ਜਾਂਚ ਕਰਨ ਦਾ ਬਹਾਨਾ ਲਾ ਕੇ ਮਾਮਲੇ ਦੀ ਜਾਂਚ ਨੂੰ ਲਮਕਾ ਰਹੀ ਹੈ। 

ਕੈਪਟਨ ਨੇ ਸਵਾਲ ਖੜ੍ਹਾ ਕੀਤਾ ਕਿ ਆਖਰ ਅਜਿਹਾ ਕੀ ਹੈ ਉਸ ਰਿਪੋਰਟ ਵਿੱਚ ਜਿਸ ਨੂੰ ਸੀਬੀਆਈ ਲਕੋ ਰਹੀ ਹੈ।