ਦਾਖਾਂ ਨੇ ਕੈਲੀਫੋਰਨੀਆ ਦੇ ਕਿਸਾਨਾਂ ਦੇ ਮੂੰਹ ਕੀਤੇ ਕੌੜੇ - ਘੱਟ ਕੀਮਤਾਂ ਕਾਰਨ ਬੂੱਟੇ ਪੁੱਟਣ ਲਈ ਮਜ਼ਬੂਰ

ਦਾਖਾਂ ਨੇ ਕੈਲੀਫੋਰਨੀਆ ਦੇ ਕਿਸਾਨਾਂ ਦੇ ਮੂੰਹ ਕੀਤੇ ਕੌੜੇ - ਘੱਟ ਕੀਮਤਾਂ ਕਾਰਨ ਬੂੱਟੇ ਪੁੱਟਣ ਲਈ ਮਜ਼ਬੂਰ

ਫਰਿਜ਼ਨੋ (ਸੁਰਿੰਦਰ ਸਿੰਘ ਟਾਕਿੰਗ ਪੰਜਾਬ): ਕੈਲੀਫੋਰਨੀਆ ਦੇ ਖੇਤੀਬਾੜੀ ਦੀ ਪੈਦਾਵਾਰ ਨਾਲ ਭਰਪੂਰ ਇਲਾਕੇ ਫਰਿਜ਼ਨੋ ਦੇ ਅੰਗੂਰ ਉਤਪਾਦਕ ਅੱਜ ਕੱਲ੍ਹ ਔਖੇ ਦਿਨਾਂ 'ਚੋਂ ਲੰਘ ਰਹੇ ਹਨ। ਬੰਪਰ ਝਾੜ ਪੈਦਾ ਹੋਣ ਦੇ ਬਾਵਜੂਦ ਕਿਸਾਨ ਅੰਗੂਰਾਂ ਦੇ ਬੂਟੇ ਜੜ੍ਹੋਂ ਪੁੱਟਣ ਲਈ ਮਜ਼ਬੂਰ ਹਨ। ਇਸ ਦਾ ਕਾਰਨ ਇਹ ਹੈ ਕਿ ਦਾਖਾਂ ਦੇ ਉਤਪਾਦਕ ਕਿਸਾਨਾਂ ਨੂੰ ਆਪਣੀ ਉਪਜ ਦਾ ਸਹੀ ਭਾਅ ਨਹੀਂ ਮਿਲ ਰਿਹਾ। ਕੈਲੀਫੋਰਨੀਆ ਦੀ ਸੈਂਟਰਲ ਵੈਲੀ 'ਚ ਪੈਂਦੇ ਸੈਲਮਾ ਨੂੰ ਹੁਣ ਤੱਕ ਦਾਖਾਂ ਦੇ ਵਿਸ਼ਵ ਦੀ ਰਾਜਧਾਨੀ ਮੰਨਿਆ ਜਾਂਦਾ ਹੈ। ਸੈਲਮਾ ਇਲਾਕਾ ਦਾਖਾਂ ਦੀ ਰਾਜਧਾਨੀ ਕਦੋਂ ਤੱਕ ਰਹੇਗਾ ਹੁਣ ਇਹ ਸਵਾਲ ਖੜ੍ਹਾ ਹੋ ਗਿਆ ਹੈ। ਦਾਖਾਂ ਦੇ ਉਤਪਾਦਨ ਅਤੇ ਇਸ ਨਾਲ ਜੁੜੀਆਂ ਸਮਸਿਆਵਾਂ ਬਾਰੇ ਅੰਮ੍ਰਿਤਸਰ ਟਾਈਮਜ਼ ਦੇ ਨਾਮਾਨਿਗਾਰ ਸੁਰਿੰਦਰ ਸਿੰਘ ਨੇ ਦਾਖਾਂ ਦੇ ਉਤਪਾਦਕ ਕੁਝ ਪੰਜਾਬੀ ਕਿਸਾਨਾਂ ਅਤੇ 'ਰੇਜ਼ਨ ਬਰਗੇਨਿੰਗ ਐਸੋਸੀਏਸ਼ਨ' ਦੇ ਡਾਇਰੈਕਟਰ ਨਾਲ ਗਲਬਾਤ ਕੀਤੀ ਅਤੇ ਸਾਰੀ ਸਥਿਤੀ ਦਾ ਅਧਿਐਨ ਕੀਤਾ।

ਇਲਾਕੇ ਦੇ ਦਾਖਾਂ ਦੇ ਉਤਪਾਦਕ ਮੋਹਤਬਰ ਕਿਸਾਨਾਂ 'ਚ ਚਰਨਜੀਤ ਬਾਠ, ਅਜੀਤ ਸਿੰਘ ਗਿੱਲ, ਗਿੱਲ ਬ੍ਰਦਰਜ਼, ਪ੍ਰੀਤਮ ਟੁੱਟ, ਨਿੱਝਰ ਬ੍ਰਦਰਜ਼, ਬੱਲ ਫਾਰਮਜ਼, ਜਸਵੰਤ ਬੱਲ, ਗੁਰਪ੍ਰੀਤ ਦੋਸਾਂਝ, ਗੁਰਮੇਲ ਚਾਹਲ, ਨਿਰਮਲ ਸਿੰਘ ਸਹੋਤਾ ਅਤੇ ਖੇਤੀਬਾੜੀ ਕਰਨ ਵਾਲੇ ਕੁੱਲ ਕਿਸਾਨਾਂ ਦਾ 35% ਹਿੱਸਾ ਪੰਜਾਬੀਆਂ ਦਾ ਬਣਦਾ ਹੈ। ਆਪਣੀ ਅਮਰੀਕਾ ਸਥਾਪਤੀ ਤੋਂ ਲੈ ਕੇ ਖੇਤੀ ਕਰਦੇ ਆ ਰਹੇ ਕਿਸਾਨ ਨਿਰਮਲ ਸਿੰਘ ਸਹੋਤਾ ਨੇ ਜਾਣਕਾਰੀ ਦਿਤੀ ਕਿ ਅੰਗੂਰਾਂ ਦੇ ਚੰਗੇ ਖਾਸੇ ਝਾੜ ਦੇ ਬਾਵਜੂਦ ਉਹਨਾਂ ਦਾ ਕੋਈ ਵਧੀਆ ਹਾਲ ਨਹੀਂ ਹੈ। ਸਹੋਤਾ ਦਾ ਕਹਿਣਾ ਹੈ ਕਿ ਤਕਰੀਬਨ 100 ਸਾਲਾਂ ਤੋਂ ਕਿਸਾਨਾਂ ਦੀ ਉਪਜ ਨੂੰ ਗ੍ਰਾਹਕਾਂ ਅਤੇ ਹੋਰਨਾਂ ਮੁਲਕਾਂ 'ਚ ਸਪਲਾਈ ਕਰਨ ਵਾਲੀ ਸਾਲਸ ਕੰਪਨੀ 'ਸਨਮੇਡ' ਦੀ ਅਜ਼ਾਰੇਦਾਰੀ ਉਹਨਾਂ ਦੀ ਫਸਲ ਦਾ ਭਾਅ ਤੈਅ ਕਰਨ ਵੇਲੇ ਮਾਰੂ ਸਾਬਤ ਹੁੰਦੀ ਹੈ। ਇਸੇ ਕਾਰਨ ਸਥਾਨਕ ਕਿਸਾਨ ਚੰਗਾ ਖ਼ਾਸਾ ਝਾੜ ਦੇਣ ਵਾਲੇ ਬੂਟੇ ਪੁੱਟਣ ਲਈ ਮਜ਼ਬੂਰ ਹੋਏ ਹਨ। ਤਕਰੀਬਨ 500 ਏਕੜਾਂ 'ਚ ਦਾਖਾਂ ਪੈਦਾ ਕਰਨ ਵਾਲੇ ਨਿਰਮਲ ਸਿੰਘ ਸਹੋਤਾ ਨੇ ਦੱਸਿਆ ਕਿ ਜਿਥੇ ਹਰ ਸਾਲ ਅੰਗੂਰਾਂ ਦੀ ਖੇਤੀ ਮਹਿੰਗੀ ਹੁੰਦੀ ਜਾ ਰਹੀ ਹੈ ਉਥੇ ਦਾਖਾਂ ਦੀ ਖਰੀਦ 'ਸਨਮੇਡ' ਕੰਪਨੀ ਰਾਹੀਂ ਸਸਤੀ ਹੋਣ ਨਾਲ ਕਿਸਾਨਾਂ ਦਾ ਕਚੂੰਬਰ ਨਿਕਲਦਾ ਜਾ ਰਿਹਾ ਹੈ। ਚਰਨਜੀਤ ਬਾਠ ਅਤੇ ਅਜੀਤ ਸਿੰਘ ਗਿੱਲ ਵਰਗੇ ਇਲਾਕੇ ਦੇ ਕਈ ਹੋਰ ਵੱਡੇ ਜ਼ਿਮੀਂਦਾਰ ਵੀ ਦਾਖਾਂ ਦੀ ਖਰੀਦ 'ਚ ਚੱਲ ਰਹੀ ਇਸ ਮੰਦੀ ਦਾ ਸ਼ਿਕਾਰ ਹੋਣੋਂ ਨਹੀਂ ਬਚ ਸਕੇ। ਆਰ.ਬੀ.ਏ. ਦੇ ਸਥਾਨਕ ਡਾਇਰੈਕਟਰ ਨਿੱਕ ਸਹੋਤਾ ਨੇ ਦੱਸਿਆ ਕਿ ਪਿਛਲੇ 55 ਸਾਲਾਂ 'ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਦਾਖਾਂ ਦਾ ਭਾਅ ਤੈਅ ਨਹੀਂ ਕੀਤਾ ਗਿਆ ਅਤੇ ਇਸ ਤਰਾਂ ਕਰਕੇ ਕੰਪਨੀ ਨੇ ਸਥਾਨਕ ਪੱਧਰ 'ਤੇ ਅਸਿਧੇ ਤੌਰ 'ਤੇ ਇਸ਼ਾਰਾ ਕੀਤਾ ਹੈ ਕਿ ਕਿਸਾਨਾਂ ਨੂੰ ਅੰਗੂਰਾਂ ਦੀ ਥਾਂ ਹੁਣ ਕੋਈ ਹੋਰ ਚੀਜ਼ ਉਗਾਉਣੀ ਚਾਹੀਦੀ ਹੈ। ਅਜੀਤ ਸਿੰਘ ਗਿੱਲ ਨੇ ਦੱਸਿਆ ਕਿ ਜੇ ਕੰਪਨੀ ਦੇ ਇਸ਼ਾਰੇ ਮੁਤਾਬਕ ਅਸੀਂ ਆਪਣੀ ਫਸਲ ਨੂੰ ਬਦਲ ਕੇ ਕੁਝ ਹੋਰ ਵੀ ਉਗਾਵਾਂਗੇ ਤਾਂ ਉਦਾਹਰਣ ਦੇ ਤੌਰ 'ਤੇ ਬਦਾਮਾਂ ਦੇ ਬੂਟੇ ਹੀ ਆਪਣਾ ਆਕਾਰ ਗ੍ਰਿਹਣ ਕਰਨ ਲਈ ਘੱਟੋ ਘੱਟ 4-5 ਸਾਲ ਦਾ ਵਕਤ ਲੈ ਲੈਂਦੇ ਹਨ। ਇਸ ਲਈ ਦਾਖਾਂ ਛੱਡ ਕੇ ਬਦਲਵੀਂ ਫਸਲ ਦਾ ਸੁਪਨਾ ਲੈਣਾ ਵੀ ਇੱਕ ਤਰਾਂ ਕਿਸਾਨਾਂ ਦਾ ਦੋਹਰਾ ਨੁਕਸਾਨ ਹੋਣ ਦੇ ਬਰਾਬਰ ਹੈ।   

'ਸਨਮੇਡ' ਕੰਪਨੀ ਦਾਅਵਾ ਕਰਦੀ ਹੈ ਕਿ ਤੁਰਕੀ ਅਤੇ ਈਰਾਨ ਦੇ ਨਾਲ ਨਾਲ ਭਾਰਤ 'ਚ ਦਾਖਾਂ ਦੀ ਪੈਦਾਵਾਰ ਵਧਣ ਨਾਲ ਕੌਂਮਾਂਤ੍ਰੀ ਮਾਰਕੀਟ 'ਚ ਮੰਦੀ ਦਾ ਅਸਰ ਅਮਰੀਕਾ ਦੇ ਫਰਿਜ਼ਨੋ ਵੈਲੀ ਦੇ ਕਿਸਾਨਾਂ 'ਤੇ ਪੈਣਾ ਸੁਭਾਵਿਕ ਹੈ ਅਤੇ ਇਸ ਲਈ ਕੰਪਨੀ ਕਤਈ ਤੌਰ 'ਤੇ ਜ਼ਿੰਮੇਵਾਰ ਨਹੀਂ ਹੈ। ਆਪਣੀ 107ਵੀਂ ਸਲਾਨਾ ਮੀਟਿੰਗ 'ਚ ਪੇਸ਼ ਕੀਤੇ ਗਏ ਅੰਕੜਿਆਂ ਅਤੇ ਤੱਥਾਂ ਮੁਤਾਬਕ ਕੰਪਨੀ ਵੱਲੋਂ ਇਸ ਗੱਲ ਨੂੰ ਕਿਸਾਨਾਂ 'ਚ ਪੇਸ਼ ਕੀਤਾ ਗਿਆ ਕਿ ਉਹ ਸਥਾਨਕ ਪੱਧਰ 'ਤੇ ਦਾਖ ਉਤਪਾਦਕਾਂ ਦੀ ਬੇਹਤਰੀ ਲਈ ਜੁਟੇ ਹੋਏ ਹਨ। ਕੰਪਨੀ ਦੇ ਪ੍ਰੈਜ਼ੀਡੈਂਟ ਅਤੇ ਸੀ.ਈ.ਓ. ਹੈਰੀ ਓਵਰਲੀ ਨੇ ਇਸ ਮੀਟਿੰਗ 'ਚ ਜਾਣਕਾਰੀ ਦਿਤੀ ਕਿ ਦੁਨੀਆ 'ਚ ਦਾਖਾਂ ਦੀ ਪੈਦਾਵਾਰ ਹੜ੍ਹ ਆ ਜਾਣ ਕਾਰਨ ਮਾਰਕੀਟ ਹੇਠਾਂ ਡਿੱਗ ਪਈ ਹੈ। ਜਿਸ ਦਾ ਅਮਰੀਕਾ 'ਚ ਕੈਲੀਫੋਰਨੀਆ ਦੇ ਕਿਸਾਨਾਂ 'ਤੇ ਵਧੇਰੇ ਅਸਰ ਪਿਆ ਹੈ। ਹੈਰੀ ਓਵਰਲੀ ਕਾਰਪੋਰੇਟ ਜਗਤ ਦੇ ਤੇਜ਼ ਤਰਾਰ ਪ੍ਰਬੰਧਕ ਵੱਜੋਂ ਜਾਣੇ ਜਾਂਦੇ ਹਨ ਅਤੇ ਉਹ ਸਾਂਵੀਂ ਚੱਲ ਰਹੀ ਸਨਮੇਡ ਕੰਪਨੀ ਦੀ ਝੋਲੀ ਨੂੰ ਮੋਟੇ ਮੁਨਾਫ਼ੇ ਨਾਲ ਭਰਨਾ ਲੋਚਦੇ ਹਨ। ਇਸ ਬਾਰੇ ਆਰ.ਬੀ.ਏ. ਦੇ ਦੇ ਸੀ.ਈ.ਓ. ਕਾਲੇਮ ਐਚ. ਬੇਰਸਰੀਏਨ ਦਾ ਕਹਿਣਾ ਹੈ ਕਿ ਸਨਮੇਡ ਆਪਣਾ ਮੁਨਾਫ਼ਾ ਤਾਂ ਦੇਖ ਰਹੀ ਹੈ ਪਰ ਸਥਾਨਕ ਕਿਸਾਨਾਂ ਬਾਰੇ ਉਹ ਕੋਈ ਪ੍ਰਵਾਹ ਨਹੀਂ ਕਰ ਰਹੀ। 

ਅਮਰੀਕਾ 'ਚ ਦਾਖਾਂ ਦੀ ਕੁਲ ਪੈਦਾਵਾਰ ਦਾ 45% ਹਿੱਸਾ ਇੱਕਲੇ 'ਸਨਮੇਡ' ਵੱਲੋਂ ਖਰੀਦਿਆ ਜਾਂਦਾ ਹੈ। ਲੰਘੇ ਸਾਲ 2019 ਵਿਚ 320,000 ਟਨ ਦਾਖਾਂ ਦੀ ਪੈਦਾਵਾਰ ਨਾਲ ਤੁਰਕੀ ਦੁਨੀਆ 'ਚ ਪਹਿਲੇ ਸਥਾਨ 'ਤੇ ਅਤੇ 250,000 ਟਨ ਨਾਲ ਅਮਰੀਕਾ ਦਾ ਕੈਲੀਫੋਰਨੀਆ ਦੂਜੇ ਨੰਬਰ 'ਤੇ ਰਿਹਾ। ਇਸ ਤੋਂ ਪਹਿਲਾਂ ਦਾਖਾਂ 'ਚ ਕੇਵਲ ਅਮਰੀਕਾ ਦੀ ਝੰਡੀ ਰਹੀ ਹੈ। 2019 ਵਿਚ ਹੀ ਚੀਨ ਤੋਂ 200,000 ਟਨ, ਈਰਾਨ ਤੋਂ 190,000 ਟਨ, ਭਾਰਤ ਤੋਂ 150,000 ਟਨ ਦਾ ਉਤਪਾਦਨ ਦੁਨੀਆ ਦੀ ਉਪਭੋਗਤਾ ਮੰਡੀ 'ਚ ਵਿਕਣ ਲਈ ਪੁੱਜਿਆ। ਇਹਨਾਂ ਵੱਡੇ ਉਤਪਾਦਕਾਂ ਦੇ ਨਾਲ ਉਜ਼ਬੇਕਿਸਤਾਨ 80,000, ਦੱਖਣੀ ਅਫ਼ਰੀਕਾ 65,000, ਚਿੱਲੀ 65,000, ਅਰਜਨਟੀਨਾ 40,000, ਅਤੇ ਆਸਟ੍ਰੇਲੀਆ ਨੇ 20,000 ਟਨ ਦਾਖਾਂ ਦਾ ਆਪਣਾ ਹਿੱਸਾ ਵਿਸ਼ਵ ਦੀ ਮੰਡੀ 'ਚ ਪਾਇਆ। ਕੈਲੀਫੋਰਨੀਆ ਦੇ ਕਿਸਾਨਾਂ ਨੇ ਸਨਮੇਡ ਵੱਲੋਂ ਜਾਰੀ ਕੀਤੇ ਗਏ ਇਹਨਾਂ ਤੱਥਾਂ ਬਾਰੇ ਗ਼ੈਰਯਕੀਨੀ ਪ੍ਰਗਟ ਕਰਦਿਆਂ ਕਿਹਾ ਕਿ ਇਰਾਨ 'ਤੇ ਕੌਮਾਂਤਰੀ ਪਬੰਦੀਆਂ ਕਾਰਨ ਉਥੋਂ ਦੀ ਪੈਦਾਵਾਰ ਮੰਡੀ 'ਚ ਨਹੀਂ ਆ ਰਹੀ ਇਸ ਲਈ ਕੰਪਨੀ ਅੰਕੜਿਆਂ ਨੂੰ ਜਾਣਬੁਝ ਕੇ ਆਪਣੇ ਪੱਖ 'ਚ ਭੁਗਤਾ ਰਹੀ ਹੈ। ਉੱਘੇ ਕਿਸਾਨ ਅਜੀਤ ਸਿੰਘ ਗਿੱਲ ਦਾ ਕਹਿਣਾ ਹੈ ਕਿ ਲੋਕਾਂ ਦੇ ਖਾਣ ਲਈ ਕੈਲੀਫੋਰਨੀਆ ਦੀਆਂ ਦਾਖਾਂ ਵਿਸ਼ਵ 'ਚ ਸਭ ਤੋਂ ਵੱਧ ਸਾਫ ਅਤੇ ਸੁਰਖਿਅਤ ਮੰਨੀਆਂ ਜਾਂਦੀਆਂ ਹਨ ਕਿਉਂਕਿ ਉਹ ਫਸਲ 'ਤੇ ਖਾਦਾਂ ਅਤੇ ਕੀਟਨਾਸ਼ਕਾਂ ਦਾ ਘੱਟੋ ਘੱਟ ਛਿੜਕਾਅ ਕਰਦੇ ਹਨ। ਜਦਕਿ ਦੂਜੇ ਮੁਲਕਾਂ ਦੀ ਮਾਰਕੀਟ 'ਚ ਆ ਰਹੀ ਪੈਦਾਵਾਰ ਦੀ ਸਟੈਪਿੰਗ ਤਸਦੀਕਸ਼ੁਦਾ ਨਹੀਂ ਹੈ। ਗਿੱਲ ਨੇ ਕਿਹਾ ਕਿ ਮਿਆਰੀ ਉਤਪਾਦਨ ਹੋਣ ਦੇ ਬਾਵਜੂਦ ਚੰਗਾ ਭਾਅ ਨਾ ਮਿਲਣਾ ਦਿਲ ਤੋੜਨ ਵਾਂਗ ਹੈ।

ਦਾਖਾਂ ਦੇ ਭਾਅ ਬਾਰੇ ਬਾਰਗੇਨਿੰਗ ਕਰਨ ਵਾਲੀ 350 ਤੋਂ ਵੱਧ ਅੰਗੂਰ ਪੈਦਾ ਕਰਨ ਵਾਲੇ ਕਿਸਾਨਾਂ ਦੀ ਕੋ-ਅਪ੍ਰੇਟਿਵ ਜਥੇਬੰਦੀ ਰੇਜ਼ਨ ਬਰਗੇਨਿੰਗ ਐਸੋਸੀਏਸ਼ਨ (ਆਰ.ਬੀ.ਏ.) ਦੇ ਮੁਖੀ ਕਾਲੇਮ ਐਚ. ਬੇਰਸਰੀਏਨ ਕੋਲੋਂ ਜਾਣਕਾਰੀ ਲੈਣ ਲਈ ਸੰਪਰਕ ਕੀਤਾ ਗਿਆ ਸੀ ਪਰ ਉਹਨਾਂ ਨਾਲ ਰਾਬਤਾ ਨਹੀਂ ਹੋ ਸਕਿਆ। ਕਾਲੇਮ ਐਚ. ਬੇਰਸਰੀਏਨ ਨੇ ਪਿੱਛੇ ਜਿਹੇ ਜਥੇਬੰਦੀ ਦੇ ਹਿੱਸੇਦਾਰ ਕਿਸਾਨਾਂ ਨੂੰ ਇੱਕ ਪੱਤਰ ਜਾਰੀ ਕੀਤਾ ਸੀ ਜਿਸ ਮੁਤਾਬਕ 'ਸਨਮੇਡ' ਨੇ ਉਹਨਾਂ ਦੇ ਉਤਪਾਦਨ ਦਾ ਭਾਅ 1800 ਡਾਲਰ ਪ੍ਰਤੀ ਟਨ ਤੈਅ ਕੀਤਾ ਹੈ ਜਦਕਿ ਇਹ ਭਾਅ ਘੱਟੋ ਘੱਟ 2150 ਡਾਲਰ ਵਾਰਾ ਖਾਂਦਾ ਹੈ। ਹਾਲਾਂਕਿ ਸਨਮੇਡ ਸਮੇਤ 11 ਹੋਰਨਾਂ ਪੈਕਰ ਕੰਪਨੀਆਂ ਨੇ 2150 ਡਾਲਰਾਂ ਦੇ ਭਾਅ 'ਤੇ ਆਪਣੀ ਸਹਿਮਤੀ ਦੇ ਦਿਤੀ ਸੀ ਪਰ ਸਨਮੇਡ ਨੇ ਅਚਾਨਕ ਇਸ ਸਾਂਝ ਤੋਂ ਪਾਸਾ ਵੱਟ ਲਿਆ ਅਤੇ ਪਹਿਲੇ ਤੈਅ ਕੀਤੇ ਗਏ 2150 ਡਾਲਰਾਂ ਦੇ ਐਲਾਨ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ। ਸਨਮੇਡ ਵੱਲੋਂ ਭਾਅ ਘੱਟ ਕੀਤੇ ਜਾਣ ਦੇ 12 ਮਹੀਨਿਆਂ ਦੇ ਅੰਦਰ ਹੀ ਕੈਲੀਫੋਰਨੀਆ ਤੋਂ ਦਾਖਾਂ ਦਾ ਅਗਲਾ ਉਤਪਾਦਨ 262,463 ਟਨਾਂ ਤੋਂ 55,451 ਟਨ ਘਟ ਕੇ 207,012 ਟਨਾਂ ਤੱਕ ਰਹਿ ਗਿਆ। ਪੈਕਿੰਗ ਕੰਪਨੀ ਵੱਲੋਂ ਦਬਾਅ ਬਣਾ ਕੇ ਸਖਤੀ ਵਾਲਾ ਇਹ ਫੈਸਲਾ ਲਿਆ ਗਿਆ ਕਿ ਉਹ ਇੱਕ ਤੈਅਸ਼ੁਦਾ ਭਾਅ ਨਹੀਂ ਮਿਥਣਗੇ ਬਲਕਿ ਇਸ ਲਈ ਮਾਰਕੀਟ ਦਾ ਉਤਰਾਅ ਚੜ੍ਹਾਅ ਮੱਦੇਨਜ਼ਰ ਰਖਿਆ ਜਾਵੇਗਾ। ਕਾਲੇਮ ਐਚ. ਬੇਰਸਰੀਏਨ ਮੁਤਾਬਕ ਦਾਖਾਂ ਦੀ ਇੰਡਸਟਰੀ ਇਸ ਵੇਲੇ ਔਖੇ ਸਮੇਂ 'ਚੋਂ ਲੰਘ ਰਹਿ ਹੈ ਅਤੇ ਅੱਗੇ ਕੋਈ ਹੱਲ ਨਜ਼ਰੀਂ ਨਹੀਂ ਪੈਂਦਾ।

ਵੈਲੀ ਦੀ ਰੇਜ਼ਨ ਇੰਡਸਟਰੀ 'ਤੇ ਮੰਡਰਾਅ ਰਹੇ ਖਤਰੇ ਦੇ ਬੱਦਲਾਂ ਦਾ ਹਾਲ ਦੀ ਘੜੀ ਕੋਈ ਸਾਰਥਕ ਹੱਲ ਦਿਖਾਈ ਨਹੀਂ ਦੇ ਰਿਹਾ। ਖਿੱਤੇ 'ਚ ਪਾਣੀ ਦੀ ਘਾਟ ਹਰ ਸਾਲ ਪਹਿਲੇ ਨਾਲੋਂ ਵਧਦੀ ਜਾ ਰਹੀ ਹੈ। ਮੌਸਮ ਦੇ ਬਦਲਣ ਨਾਲ ਵੀ ਫਸਲਾਂ ਦੇ ਝਾੜ ਬਾਰੇ ਪੱਕ ਨਾਲ ਪੇਸ਼ਨਿਗੋਈ ਨਹੀਂ ਕੀਤੀ ਜਾ ਸਕਦੀ ਇਸ ਲਈ ਸਿਰਫ ਦਾਖਾਂ ਹੀ ਨਹੀਂ ਬਦਾਮ, ਅਖਰੋਟ ਅਤੇ ਹੋਰਨਾਂ ਫਸਲਾਂ 'ਤੇ ਵੀ ਇਸ ਦਾ ਪਰਛਾਵਾਂ ਪੈਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਅਜਿਹੇ 'ਚ ਆਰ.ਬੀ.ਏ. ਅਤੇ ਸਥਾਨਕ ਪੱਧਰ ਦੇ ਦੂਜੇ ਪੈਕਰਾਂ ਵੱਲੋਂ ਰੇਜ਼ਨ ਇੰਡਸਟਰੀ ਨੂੰ ਬਚਾਈ ਰੱਖਣ ਦਾ ਹੰਭਲਾ ਮਾਰੀਆ ਜਾ ਰਿਹਾ ਹੈ. ਆਉਂਦੇ 3-4 ਸਾਲਾਂ ਤੱਕ ਇਸ ਦਾ ਕੋਈ ਹੱਲ ਨਿਕਲ ਆਉਣ ਬਾਰੇ ਆਸ ਕੀਤੀ ਜਾ ਰਹੀ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।