ਵਿਕਸਤ, ਵਿਕਾਸਸ਼ੀਲ ਬਨਾਮ ਆਮ ਆਦਮੀ

ਵਿਕਸਤ, ਵਿਕਾਸਸ਼ੀਲ ਬਨਾਮ ਆਮ ਆਦਮੀ

                                    ਵਿਸ਼ੇਸ਼ ਮੁਦਾ                                         

ਇਹ ਦੋ ਸ਼ਬਦ ਵਿਸ਼ਵ ਦੇ ਸਾਰੇ ਲੋਕਾਂ ’ਤੇ ਆਪਣਾ ਅਸਰ ਦਿਖਾਉਂਦੇ ਹਨ ਪਰ ਅਸੀਂ ਇਨ੍ਹਾਂ ਦੋਂਹ ਸ਼ਬਦਾਂ ਨੂੰ ਹਮੇਸ਼ਾ ਹੀ ਅਣਗੌਲਿਆ ਕੀਤਾ ਹੋਇਆ ਹੈ। ਸਾਡੀ ਇਹੋ ਤ੍ਰਾਸਦੀ ਹੈ ਅਸੀਂ ਹਮੇਸ਼ਾ ਹੀ ਨੇੜੇ ਦੀ ਸੋਚਦੇ ਹਾਂ ਪਰ ਅੰਗਰੇਜ਼ਾਂ ਦੀ ਸੋਚ ਸਾਡੀ ਸੋਚ ਤੋਂ 100 ਸਾਲ ਅੱਗੇ ਹੈ। ਇਸ ਲਈ ਹੀ ਉਹ ਸਾਡੇ ਉੱਤੇ 100 ਸਾਲ ਰਾਜ ਕਰ ਗਏ। ਅਤੇ ਜਾਂਦੇ ਜਾਂਦੇ ਸਾਡੇ ਸਿਆਸਤਦਾਨਾਂ ਨੂੰ ਪਾੜੋ ਤੇ ਰਾਜ ਕਰੋ ਦੀ ਨੀਤੀ ਦਾ ਪਾਠ ਪੱਕਾ ਕਰਾ ਗਏ। ਅੰਗਰੇਜ਼ਾਂ ਦੀ ਸੋਚ ਭਾਵੇਂ 100 ਸਾਲ ਅੱਗੇ ਸੀ ਪਰ ਉਨ੍ਹਾਂ ਨੂੰ ਵੀ ਭਾਰਤ ਤੇ 100 ਸਾਲ ਰਾਜ ਕਰਨ ਤੋਂ ਬਾਅਦ ਹੀ ਅਕਲ ਆਈ ਹੈ। ਸਿਆਣੇ ਕਹਿੰਦੇ ਹਨ ਕਿ ਜੇ ਮਨੁੱਖ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ, ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਸਾਡੇ ਭਾਰਤ ਵਿੱਚ ਉਲਟੀ ਗੰਗਾ ਪਹੋਏ ਨੂੰ ਵਾਲੀ ਗੱਲ ਹੈ। ਅਸੀਂ ‘ਹਮ ਨਹੀਂ ਸੁਧਰੇਂਗੇ’ ਦੀ ਕਸਮ ਖਾਧੀ ਹੋਈ ਹੈ। ਇਸਦੇ ਉਲਟ ਅੰਗਰੇਜ਼ਾਂ ਨੇ ਆਪਣੀ ਕੀਤੀ ਹੋਈ ਗਲਤੀ ਨੂੰ ਸੁਧਾਰ ਲਿਆ ਹੈ। ਉਨ੍ਹਾਂ ਨੂੰ ਸਮਝ ਆ ਗਈ ਸੀ ਕਿ ਅਸੀਂ ਭਾਰਤ ਨੂੰ ਲੁੱਟਣਾ ਹੈ। ਇੱਧਰ ਰਹਿ ਕੇ ਵਿਰੋਧ ਸਹਿਣ ਦੀ ਬਜਾਏ ਆਪਣੀ ਨੀਤੀ ਬਦਲ ਲਈ। 100 ਸਾਲਾਂ ਦੇ ਰਾਜ ਦੌਰਾਨ ਉਨ੍ਹਾਂ ਨੇ ਸਾਡੀਆਂ ਕਮਜ਼ੋਰੀਆਂ ਨੂੰ ਵੇਖ ਲਿਆ ਸੀ ਕਿ ਅਸੀਂ ਕਿੰਨੀ ਕੁ ਬੁੱਧੀ ਦੇ ਮਾਲਕ ਹਾਂ। ਉਹ ਸਾਡੀਆਂ ਪੱਥਰ ਯੁਗ ਦੀਆਂ ਆਦਤਾਂ ਤੋਂ ਜਾਣੂ ਹੋ ਗਏ ਸਨ। ਉਨ੍ਹਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਸਾਡੇ ਵਿੱਚ ਆਤਮ ਵਿਸ਼ਵਾਸ ਦੀ ਘਾਟ ਹੈ। ਅਸੀਂ ਤਾਂ ਕਿਸੇ ਅਖੌਤੀ ਰੱਬ ਅੱਗੇ ਅਰਦਾਸਾਂ, ਆਰਤੀਆਂ ਕਰਕੇਮ ਪੱਥਰਾਂ ਦੀਆਂ ਬਣਾਈਆਂ ਮੂਰਤੀਆਂ ਅੱਗੇ ਮੱਥੇ ਘਸਾ ਘਸਾ ਕੇ ਕੁਝ ਨਾ ਕੁਝ ਮੰਗ ਰਹੇ ਹਾਂ। ਅੰਗਰੇਜ਼ ਸਮਝ ਗਏ ਕਿ ਇਹਨਾਂ ਨੂੰ ਮੰਗਣ ਦੇ ਸਿਵਾਏ ਹੋਰ ਕੁਝ ਵੀ ਨਹੀਂ ਆਉਂਦਾ। ਇਹ ਹੱਥੀਂ ਕਿਰਤ ਕਮਾਈ ਕਰਨ ਵਿੱਚ ਵਿਸ਼ਵਾਸ ਹੀ ਨਹੀਂ ਕਰ ਸਕਦੇ। ਇਸੇ ਕਰਕੇ ਉਹ ਸਮਝ ਇਹ ਵੀ ਗਏ ਕਿ ਭਾਰਤ ’ਤੇ ਸਿੱਧਾ ਰਾਜ ਕਰਨ ਦੀ ਬਜਾਏ ਇਸ ਨੂੰ ਟੇਢੇ ਢੰਗ ਨਾਲ ਲੁੱਟਿਆ ਜਾਵੇ।

ਹੁਣ ਆਪਣੇ ਅੱਖੀਂ ਦੇਖ ਲਵੋ, ਅੰਗਰੇਜ਼ਾਂ ਨੇ ਆਪਣੇ ਦੇਸ਼ ਵਿੱਚ ਬੈਠ ਕੇ ਹੀ ਭਾਰਤ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਸਾਡੇ ਨੌਜਵਾਨ ਧੀਆਂ ਪੁੱਤਰ ਸਾਡੇ ਕੋਲੋਂ ਖੋਹ ਲਏ ਹਨ। ਉਲਟਾ ਸਾਡੇ ਤੋਂ ਉਹ ਫੀਸਾਂ ਦੇ ਰੂਪ ਵਿੱਚ ਕਰੋੜਾਂ ਰੁਪਏ ਆਪਣੇ ਦੇਸ਼ਾਂ ਵਿੱਚ ਮੰਗਵਾ ਰਹੇ ਹਨ। ਹੋਰ ਤਾਂ ਹੋਰ, ਉਨ੍ਹਾਂ ਤੋਂ ਮਜ਼ਦੂਰੀਆਂ ਕਰਵਾ ਕੇ ਖੁਦ ਐਸ਼ ਪ੍ਰਸਤੀ ਕਰ ਰਹੇ ਹਨ। ਸਾਡੇ ਕੋਲ ਇੱਕੋ ਬਹਾਨਾ ਹੈ ਕਿ ਇੱਧਰ ਕੰਮ ਨਹੀਂ ਮਿਲਦਾ। ਜਦ ਕਿ ਕੌੜਾ ਸੱਚ ਤਾਂ ਇਹ ਹੈ ਕਿ ਅਸੀਂ ਕੰਮ ਕਰਨਾ ਹੀ ਨਹੀਂ ਚਾਹੁੰਦੇ। ਡਾਕਟਰ, ਇੰਜਨੀਅਰ, ਪ੍ਰੋਫੈਸਰ ਤਕ ਵਿਦੇਸ਼ਾਂ ਵਿੱਚ ਜਾ ਕੇ ਸਟਾਅ ਬੇਰੀਆਂ ਤੋੜਦੇ ਆਮ ਹੀ ਦੇਖੇ ਜਾ ਸਕਦੇ ਹਨ। ਭਾਰਤ ਵਿੱਚ ਬਜ਼ੁਰਗ ਸੱਥਾਂ ਵਿੱਚ ਵਿਹਲੇ ਬੈਠ ਕੇ ਤਾਸ਼ ਖੇਡਦੇ ਹਨ ਜਾਂ ਫਿਰ ਆਉਣ ਜਾਣ ਵਾਲਿਆਂ ਤੇ ਵਾਲੀਆਂ ਨੂੰ ਤੱਕਣ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਕਰਦੇ। ਪਰ ਵਿਦੇਸ਼ਾਂ ਵਿੱਚ ਉਹ ਵਿਹਲੇ ਬੈਠ ਹੀ ਨਹੀਂ ਸਕਦੇ ਅਤੇ ਉਨ੍ਹਾਂ ਦੇ ਧੀਆਂ ਪੁੱਤਰ ਹੀ ਉਨ੍ਹਾਂ ਨੂੰ ਵਿਹਲੇ ਬੈਠਣ ਨਹੀਂ ਦਿੰਦੇ। ਭਾਰਤ ਦੇ ਨੌਜਵਾਨ ਬੇਰੁਜ਼ਗਾਰੀ ਦੇ ਕਾਰਨ ਵਿਦੇਸ਼ਾਂ ਵਿੱਚ ਗੁਲਾਮੀ ਦਾ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਇਹ ਵੀ ਸੱਚ ਹੈ ਵਿਦੇਸ਼ਾਂ ਵਿੱਚ ਨੌਜਵਾਨ ਤੇ ਬਜ਼ੁਰਗ ਉਹ ਕੰਮ ਵੀ ਕਰਦੇ ਹਨ ਜਿਨ੍ਹਾਂ ਨੂੰ ਉਹ ਆਪਣੇ ਵਿਕਾਸਸ਼ੀਲ ਮੁਲਕ ਭਾਰਤ ਵਿੱਚ ਕਰਨ ਤੋਂ ਕੰਨੀ ਕਤਰਾਉਂਦੇ ਹਨ। ਵਿਦੇਸ਼ਾਂ ਵਿੱਚ ਜਾ ਕੇ ਉਨ੍ਹਾਂ ਦੀ ਹਾਲਤ ਉਸ ਤੋਤੇ ਵਾਂਗ ਹੋ ਜਾਂਦੀ ਹੈ ਜੋ ਬਾਗਾਂ ਵਿੱਚ ਆਜ਼ਾਦ ਉਡਾਰੀਆਂ ਮਾਰਨ ਦੀ ਬਜਾਏ ਲੋਹੇ ਦੇ ਪਿੰਜਰੇ ਵਿੱਚ ਇਸ ਲਈ ਕੈਦ ਹੋ ਗਿਆ ਸੀ ਕਿ ਉਸ ਦਾ ਮਾਲਕ ਉਸ ਨੂੰ ਚੂਰੀ ਦੀ ਚੁਟਕੀ ਪਾ ਦਿੰਦਾ ਹੈ।

ਇਹ ਵਿਕਸਿਤ ਅਤੇ ਵਿਕਾਸਸ਼ੀਲ ਦੀ ਖੇਡ ਵੀ ਬਹੁਤ ਚਲਾਕੀ ਨਾਲ ਖੇਡੀ ਜਾ ਰਹੀ ਹੈ। ਪੱਛਮੀ ਮੁਲਕ ਆਪਣੇ ਆਪ ਨੂੰ ਵਿਕਸਤ ਮੁਲਕ ਸਮਝਦੇ ਹਨ ਅਤੇ ਸਚਾਈ ਇਹ ਵੀ ਹੈ ਕਿ ਉਹ ਸੱਚਮੁੱਚ ਵਿਕਸਤ ਹਨ। ਗਰੀਬ ਮੁਲਕਾਂ ਨੂੰ ਵਿਕਾਸਸ਼ੀਲ ਦੇਸ਼ਾਂ ਦਾ ਰੁਤਬਾ ਦਿੱਤਾ ਗਿਆ ਹੈ। ਭਾਵ ਇਹ ਹੈ ਕਿ ਇਹ ਮੁਲਕ ਵਿਕਾਸ ਕਰ ਰਹੇ ਹਨ। ਵਿਕਸਤ ਮੁਲਕਾਂ ਕੋਲ ਸਿਰਫ਼ ਇੱਕ ਗਾਡ (ਯਿਸੂ ਮਸੀਹ) ਹੈ ਪਰ ਸਾਡੇ ਵਿਕਾਸਸ਼ੀਲ ਮੁਲਕ ਭਾਰਤ ਕੋਲ਼ 33 ਕਰੋੜ ਦੇਵੀ ਦੇਵਤਿਆਂ ਤੋਂ ਇਲਾਵਾ ਪਤਾ ਨਹੀਂ ਹੋਰ ਕਿੰਨੇ ਕੁ ਗੁਰੂ, ਪੀਰ ਫਕੀਰ, ਬਾਬੇ, ਬਾਪੂ, ਸਵਾਮੀ, ਸੰਤ ਮਹਾਰਾਜ ਅਤੇ ਸ੍ਰੀ ਸ੍ਰੀ ਹਨ, ਜਿਨ੍ਹਾਂ ਦੀ ਪੂਜਾ ਅਰਚਨਾ ਕਰਨ ਤੋਂ ਹੀ ਸਾਨੂੰ ਵਿਹਲ ਨਹੀਂ ਮਿਲਦੀ। ਸਾਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਣ ਦਿੱਤਾ ਜਾ ਰਿਹਾ ਕਿ ਅਸੀਂ ਗੁਲਾਮ ਹਾਂ, ਜਾਂ ਆਜ਼ਾਦ ਹਾਂ। ਵਿਕਸਤ ਮੁਲਕਾਂ ਅਤੇ ਵਿਕਾਸਸ਼ੀਲ ਮੁਲਕਾਂ ਦੇ ਮੁਖੀਆਂ ਵੱਲੋਂ ਰਲ਼ ਮਿਲ਼ ਕੇ ਸਾਨੂੰ ਬੁੱਧੂ ਬਣਾ ਕੇ ਲੁੱਟਿਆ ਜਾ ਰਿਹਾ ਹੈ। ਵਿਕਸਤ ਮੁਲਕਾਂ ਨੇ ਰਲ਼ਕੇ ਇੱਕ ਬੈਂਕ ਬਣਾਇਆ ਹੈ, ਜਿਸ ਨੂੰ ਵਰਲਡ ਬੈਂਕ ਕਿਹਾ ਜਾਂਦਾ ਹੈ। ਵਿਕਾਸਸ਼ੀਲ ਮੁਲਕਾਂ ਦੇ ਮੁਖੀ ਇਸ ਵਰਲਡ ਬੈਂਕ ਤੋਂ ਵਿਕਾਸ ਦੇ ਨਾਂ ’ਤੇ ਕਰਜ਼ਾ ਲੈਂਦੇ ਹਨ ਅਤੇ ਉਸ ਕਰਜ਼ੇ ਨਾਲ ਐਸ਼ ਪ੍ਰਸਤੀ ਕਰਦੇ ਹਨ ਅਤੇ ਉਸ ਕਰਜ਼ੇ ਵਿੱਚੋਂ ਕੁਝ ਬੁਰਕੀਆਂ ਸਾਨੂੰ ਮੁਫ਼ਤ ਅਤੇ ਮੁਆਫ਼ ਦੇ ਰੂਪ ਵਿੱਚ ਸਾਡੇ ਅੱਗੇ ਪਰੋਸ ਦਿੰਦੇ ਹਨ। ਅਸੀਂ ਇਹ ਮੁਫ਼ਤ ਅਤੇ ਮੁਆਫ਼ ਦੀਆਂ ਬੁਰਕੀਆਂ ਖਾਣ ਗਿੱਝ ਗਏ ਹਾਂ। ਵਿਕਸਤ ਮੁਲਕ ਕਰਜ਼ੇ ਦੀ ਆੜ ਹੇਠਾਂ ਵਿਕਾਸਸ਼ੀਲ ਮੁਲਕਾਂ ਵਿੱਚ ਆਪਣੀਆਂ ਨੀਤੀਆਂ ਲਾਗੂ ਕਰਵਾਉਂਦੇ ਹਨਪਿਛਲੇ ਸਮੇਂ ਵਿੱਚ ਗੈਟ ਸਮਝੌਤੇ ਦਾ ਬਹੁਤ ਵੱਡਾ ਰੌਲਾ ਪਿਆ ਸੀ ਅਤੇ ਸੰਵਿਧਾਨ ਵਿੱਚ 73ਵੀਂ ਅਤੇ 74ਵੀਂ ਸੋਧ ਦਾ ਬਹੁਤ ਵੱਡਾ ਬਵਾਲ ਖੜ੍ਹਾ ਹੋਇਆ ਸੀ। ਬਜਟ ਬਾਰੇ ਸਾਡੀ ਇਹ ਧਾਰਨਾ ਹੈ ਕਿ ਇਹ ਬਜਟ ਭਾਰਤ ਸਰਕਾਰ ਬਣਾਉਂਦੀ ਹੈ, ਜਦ ਕਿ ਕੌੜਾ ਸੱਚ ਤਾਂ ਇਹ ਹੈ ਕਿ ਇਹ ਬਜਟ ਸੰਸਾਰ ਬੈਂਕ ਦੀਆਂ ਹਦਾਇਤਾਂ ਅਤੇ ਸਮਝੌਤਿਆਂ ਅਨੁਸਾਰ ਹੀ ਬਣਾਇਆ ਜਾਂਦਾ ਹੈ। ਕਿਉਂਕਿ ਗੈਟ ਸਮਝੌਤੇ ਤਹਿਤ ਜੋ ਲਾਈਨ ਵਿਕਾਸਸ਼ੀਲ ਮੁਲਕਾਂ ਅਤੇ ਵਿਕਸਤ ਮੁਲਕਾਂ ਵੱਲੋਂ ਸੰਸਾਰ ਬੈਂਕ ਤਕ ਵਿਛਾਈ ਗਈ ਹੈ, ਉਸ ’ਤੇ ਚੱਲਣ ਵਾਲੇ ਇੰਜਣ ’ਤੇ ਜਿਹੜਾ ਮਰਜ਼ੀ ਡਰਾਈਵਰ ਬੈਠ ਜਾਵੇ, ਉਹ ਆਪਣੀ ਮਰਜ਼ੀ ਨਾਲ ਇੰਜਣ ਕਿਸੇ ਹੋਰ ਪਾਸੇ ਲਿਜਾ ਹੀ ਨਹੀਂ ਸਕਦਾ। ਅਸੀਂ ਗੈਟ ਸਮਝੌਤੇ ਅਤੇ ਸੋਧਾਂ ਭੁੱਲ ਭੁਲਾ ਚੁੱਕੇ ਹਾਂ। ਉਸ ਸਮਝੌਤੇ ਅਤੇ ਸੋਧਾਂ ਦਾ ਅਸਰ ਸਾਡੇ ਮੱਧ ਵਰਗ ਨੂੰ ਖਤਮ ਕਰਨ ’ਤੇ ਪਿਆ ਸੀ ਅਤੇ ਹੁਣ ਵੀ ਪੈ ਰਿਹਾ ਹੈ। ਸਭ ਕੁਝ ਪ੍ਰਾਈਵੇਟ ਹੱਥਾਂ ਵਿੱਚ ਦੇਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਮੁਲਾਜ਼ਮਾਂ ਨੂੰ ਠੇਕੇ ’ਤੇ ਭਰਤੀ ਕਰਨਾ ਵੀ ਉਨ੍ਹਾਂ ਸੋਧਾਂ ਨਾਲ ਹੀ ਸੰਬੰਧਤ ਹੈ। ਕੁਦਰਤ ਨੇ ਸਾਰੀ ਦੁਨੀਆਂ ਵਿੱਚ ਆਪਣੀਆਂ ਨਿਆਮਤਾਂ ਵਰਤਣ ਲਈ ਹਰ ਇੱਕ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੈ। ਪਰ ਚਲਾਕ ਅਤੇ ਬੇਈਮਾਨ ਲੋਕਾਂ ਨੇ ਇਸ ’ਤੇ ਕਬਜ਼ਾ ਕਰਕੇ ਆਮ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ। ਹੁਣ ਵੇਖਿਆ ਜਾਵੇ ਤਾਂ ਪਹਿਲਾਂ ਪਾਣੀ ਨੂੰ ਬੋਤਲਾਂ ਵਿੱਚ ਪਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਸੀ। ਕਿਸੇ ਨੇ ਵੀ ਇਸਦਾ ਵਿਰੋਧ ਨਹੀਂ ਕੀਤਾ। ਉਲਟਾ ਬਹੁਤੇ ਬੜੀ ਸ਼ਾਨ ਨਾਲ ਵੱਖ ਵੱਖ ਕੰਪਨੀਆਂ ਦੀਆਂ ਬੋਤਲਾਂ ਵਿਚਲਾ ਪਾਣੀ ਪੀਂਦੇ ਹਨ ਅਤੇ ਬਾਕੀ ਬਚਦੇ ਪਾਣੀ ਦੀ ਬੋਤਲ ਨੂੰ ਆਪਣੇ ਬੈਗਾਂ ਵਿੱਚ ਪਾ ਕੇ ਮੋਢਿਆਂ ’ਤੇ ਲਟਕਾ ਲੈਂਦੇ ਹਨ। ਹੁਣ ਇੱਕ ਕੌਮੀ ਜਲ ਨੀਤੀ ਵਰਲਡ ਬੈਂਕ ਵੱਲੋਂ ਸਾਡੇ ਸਿਰ ’ਤੇ ਠੋਸੀ ਜਾ ਰਹੀ ਹੈ, ਜਿਸ ਅਧੀਨ ਪਾਣੀ ’ਤੇ ਵੀ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ। ਇਹ ਨੀਤੀ ਪਹਿਲਾਂ ਤੋਂ ਹੀ ਸਾਡੇ ’ਤੇ ਲਾਗੂ ਕੀਤੀ ਹੋਈ ਹੈ, ਜਿਸ ਨੂੰ ਅਸੀਂ ਸਮਝ ਹੀ ਨਹੀਂ ਸਕੇ।

ਵਿਕਸਤ ਮੁਲਕ ਆਪਣੀਆਂ ਨੀਤੀਆਂ ਸਾਡੇ ’ਤੇ ਠੋਸ ਰਹੇ ਹਨ। ਸਭ ਨੂੰ ਪਤਾ ਹੈ ਕਿ ਹਰੇਕ ਸਰਕਾਰੀ ਮਹਿਕਮਾ ਵੇਚਿਆ ਜਾ ਰਿਹਾ ਹੈ ਪਰ ਅਸੀਂ ਸਾਰੇ ਚੁੱਪ ਚਾਪ ਬੈਠ ਕੇ ਤਮਾਸ਼ਾ ਵੇਖ ਰਹੇ ਹਾਂ। ਇਸਦਾ ਖਮਿਆਜ਼ਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ। ਅੱਜ ਇਹਨਾਂ ਨੀਤੀਆਂ ਦਾ ਵਿਰੋਧ ਕਰਨ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਸੱਚ ਤਾਂ ਇਹ ਵੀ ਹੈ ਕਿ ਵਿਕਸਤ ਅਤੇ ਵਿਕਾਸਸ਼ੀਲ ਮੁਲਕਾਂ ਦੇ ਮੁਖੀ ਆਪ ਤਾਂ ਰਲ਼ ਮਿਲ਼ ਕੇ ਮਲਾਈਆਂ ਖਾ ਰਹੇ ਹਨ ਪਰ ਆਮ ਲੋਕਾਂ ਲਈ ਇਹ ਲੱਸੀ ਛੱਡ ਰਹੇ ਹਨ। ਅਸੀਂ ਲੱਸੀ ਨੂੰ ਵਰਤਣ ਲਈ ਆਪਸ ਵਿੱਚ ਹੀ ਲੜੀ ਜਾਂਦੇ ਹਾਂ। ਮੇਰੇ ਦੇਸ਼ ਵਾਸੀਓ, ਮੁਫ਼ਤ ਅਤੇ ਮੁਆਫ਼ ਦੀਆਂ ਬੁਰਕੀਆਂ ਖਾਣ ਦੀ ਬਜਾਏ ਸਾਨੂੰ ਇਹਨਾਂ ਵਿਕਸਤ ਅਤੇ ਵਿਕਾਸਸ਼ੀਲ ਮੁਲਕਾਂ ਦੇ ਮੁਖੀਆਂ ਤੋਂ ਸੁਚੇਤ ਹੋਣ ਦੀ ਲੋੜ ਹੈ। ਅੱਗੇ ਤੁਹਾਡੀ ਆਪਣੀ ਮਰਜ਼ੀ ਹੈ। ਸਿਆਣੇ ਮਨੁੱਖ ਨੂੰ ਸਿਰਫ਼ ਇਸ਼ਾਰੇ ਦੀ ਲੋੜ ਹੁੰਦੀ ਹੈ।

 

ਸੁਖਮਿੰਦਰ ਬਾਗ਼ੀ

ਸਮਰਾਲਾ.