ਮੈਡੀਟਰੇਨਿਅਨ ਸਮੁੰਦਰ ਵਿਚ ਤੁਰਕ ਅਤੇ ਯੂਰਪੀਨ ਆਹਮੋ-ਸਾਹਮਣੇ ਹੋਏ

ਮੈਡੀਟਰੇਨਿਅਨ ਸਮੁੰਦਰ ਵਿਚ ਤੁਰਕ ਅਤੇ ਯੂਰਪੀਨ ਆਹਮੋ-ਸਾਹਮਣੇ ਹੋਏ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਿੱਥੇ ਇਕ ਪਾਸੇ ਪ੍ਰਸ਼ਾਂਤ ਮਹਾਸਾਗਰ ਦੇ ਦੱਖਣੀ ਚੀਨ ਸਮੁੰਦਰ ਵਿਚ ਵੱਡੀ ਸਿਆਸੀ ਜੱਦੋਜਹਿਦ ਚੱਲ ਰਹੀ ਹੈ ਉੱਥੇ ਹੁਣ ਯੂਰਪ ਦਾ ਮੈਡੀਟਰੇਨਿਅਨ ਸਮੁੰਦਰ ਵਿਚ ਵੀ ਸਿਆਸੀ ਹਿਲਜੁਲ ਸ਼ੁਰੂ ਹੋ ਗਈ ਹੈ। ਤੁਰਕੀ ਵੱਲੋਂ ਮੈਡੀਟਰੇਨੀਅਨ ਸਮੁੰਦਰ ਵਿਚ ਗੈਸ ਕੱਢਣ ਲਈ ਪਟਾਈ ਸ਼ੁਰੂ ਕਰਨ ਤੋਂ ਬਾਅਦ ਯੂਰਪੀ ਮੁਲਕਾਂ ਸਾਈਪਰਸ ਅਤੇ ਗਰੀਸ ਨਾਲ ਤੁਰਕੀ ਦਾ ਵਿਵਾਦ ਭਖ ਗਿਆ ਹੈ। ਇਹ ਦੋਵੇਂ ਮੁਲਕ ਤੁਰਕੀ ਦੀ ਇਸ ਪਟਾਈ ਨੂੰ ਉਹਨਾਂ ਦੇ ਖੁਦਮੁਖਤਿਆਰ ਇਲਾਕੇ ਦੀ ਉਲੰਘਣਾ ਦਸ ਰਹੇ ਹਨ। 

ਦੋਵੇਂ ਧਿਰਾਂ ਦਰਮਿਆਨ ਤਣਾਅ ਇਸ ਹੱਦ ਤਕ ਵਧ ਗਿਆ ਹੈ ਕਿ ਦੋਵਾਂ ਨੇ ਸਬੰਧਿਤ ਇਲਾਕੇ ਵਿਚ ਇਕ ਦੂਜੇ ਸਾਹਮਣੇ ਆਪਣੇ ਜੰਗੀ ਬੇੜੇ ਤੈਨਾਤ ਕਰ ਦਿੱਤੇ ਹਨ। ਇੱਥੇ ਲੱਗੀ ਕੋਈ ਨਿੱਕੀ ਜਿਹੀ ਚੰਗਾਰੀ ਵੱਡੀ ਜੰਗ ਦੇ ਭਾਂਬੜ ਬਾਲ ਸਕਦੀ ਹੈ। 

ਇਹ ਮੁਲਕ ਉੱਤਰੀ ਅਮਰੀਕਾ ਅਤੇ ਯੂਰਪੀ ਮੁਲਕਾਂ ਦੇ ਸਾਂਝੇ ਫੌਜੀ ਮੰਚ ਨਾਟੋ ਦੇ ਮੈਂਬਰ ਹਨ। ਹੁਣ ਨਾਟੋ ਵੱਲੋਂ ਇਹਨਾਂ ਦਰਮਿਆਨ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਟੋ ਦੇ ਮੁਖੀ ਜੇਨਸ ਸਟੋਲਟਨਬਰਗ ਨੇ ਕਿਹਾ ਕਿ ਤੁਰਕੀ ਅਤੇ ਗਰੀਸ ਨਾਟੋ ਦੇ ਮੰਚ ਰਾਹੀਂ ਇਸ ਵਿਵਾਦ ਬਾਰੇ ਗੱਲ ਕਰਨ ਲਈ ਤਿਆਰ ਹੋ ਗਏ ਹਨ। 

ਪਰ ਗਰੀਸ ਦੇ ਉੱਚ ਅਧਿਕਾਰੀਆਂ ਦੇ ਹਵਾਲੇ ਨਾਲ ਛਪੀਆਂ ਰਿਪੋਰਟਾਂ ਮੁਤਾਬਕ ਗਰੀਸ ਤੁਰਕੀ ਦੀਆਂ ਸਮੁੰਦਰ ਵਿਚਲੀਆਂ ਕਾਰਵਾਈਆਂ ਬੰਦ ਹੋਣ ਤੋਂ ਘੱਟ ਕਿਸੇ ਗੱਲ 'ਤੇ ਸਹਿਮਤ ਨਹੀਂ ਹੋਵੇਗਾ। 

ਤੁਰਕੀ ਦਾ ਕਹਿਣਾ ਹੈ ਕਿ ਇਸ ਗੱਲਬਾਤ ਦਾ ਅਧਾਰ ਸਿਰਫ ਫੌਜੀ ਟਕਰਾਅ ਨੂੰ ਟਾਲਣਾ ਹੈ ਤੇ ਤੁਰਕੀ ਦੇ ਗੈਸ ਦੀ ਪਟਾਈ ਵਾਲੇ ਕੰਮ ਬਾਰੇ ਕੋਈ ਗੱਲਬਾਤ ਨਹੀਂ ਹੋਵੇਗੀ।

ਇਸਲਾਮ ਜਗਤ ਦੇ ਨਵੇਂ ਆਗੂ ਵਜੋਂ ਉੱਭਰ ਰਹੇ ਤੁਰਕੀ ਵਿਚ ਇਸ ਗੈਸ ਕੱਢਣ ਦੇ ਪ੍ਰਜੈਕਟ ਨੂੰ ਵੱਡੇ ਪੱਧਰ 'ਤੇ ਪ੍ਰਚਾਰਿਆ ਗਿਆ ਹੈ ਅਤੇ ਤੁਰਕੀ ਦੇ ਰਾਸ਼ਟਰਪਤੀ ਏਰਡੋਗਨ ਨੇ ਇਸ ਪ੍ਰਜੈਕਟ ਨੂੰ ਦੇਸ਼ ਦੇ ਮਾਣ ਨਾਲ ਜੋੜ ਦਿੱਤਾ ਹੈ। ਤੁਰਕੀ ਦਾ ਦਾਅਵਾ ਹੈ ਕਿ ਸਬੰਧਿਤ ਸਮੁੰਦਰੀ ਇਲਾਕਾ ਉਸਦੇ ਅਤੇ ਤੁਰਕਿਸ਼ ਰਿਪਬਲਿਕ ਆਫ ਉੱਤਰੀ ਸਾੲਪੀਰਸ ਦੇ ਹੱਕੀ ਇਲਾਕੇ ਵਿਚ ਪੈਂਦਾ ਹੈ। ਤੁਰਕਿਸ਼ ਰਿਪਬਲਿਕ ਆਫ ਉੱਤਰੀ ਸਾਈਪਰਸ ਇਕ ਸਵੈ-ਐਲਾਨਿਆ ਮੁਲਕ ਹੈ ਜਿਸ ਨੂੰ ਸਿਰਫ ਤੁਰਕੀ ਨੇ ਮਾਨਤਾ ਦਿੱਤੀ ਹੈ। ਸਾਈਪਰਸ ਤੁਰਕੀ ਦੇ ਦੱਖਣ ਵਿਚ ਇਕ ਸਮੁੰਦਰੀ ਟਾਪੂ (ਦੇਸ਼) ਹੈ, ਜਿਸ ਵਿਚੋਂ ਤੁਰਕੀ ਮੂਲ ਦੇ ਲੋਕਾਂ ਨੇ ਟਾਪੂ ਦੇ ਉੱਤਰੀ ਹਿੱਸੇ ਨੂੰ 15 ਨਵੰਬਰ 1983 ਨੂੰ ਸਾਈਪਰਸ ਤੋਂ ਵੱਖਰਾ ਦੇਸ਼ ਐਲਾਨ ਦਿੱਤਾ ਸੀ। 

ਪੂਰਬੀ ਮੇਡੀਟਰੇਨੀਅਨ ਸਮੁੰਦਰ ਵਿਚ ਗੈਸ ਦੇ ਵੱਡੇ ਭੰਡਾਰ ਹਨ ਜਿਹਨਾਂ 'ਤੇ ਗ੍ਰੀਸ ਅਤੇ ਸਾਈਪਰਸ ਵੀ ਦਾਅਵਾ ਕਰਦੇ ਹਨ। ਤੁਰਕੀ ਅਤੇ ਗ੍ਰੀਸ ਦੀ ਇਸ ਆਪਣੀ ਜੱਦੋਜਹਿਦ ਵਿਚ ਯੂਰਪੀਨ ਯੂਨੀਅਨ ਗ੍ਰੀਸ ਦੇ ਨਾਲ ਖੜੀ ਹੈ। ਯੂਰਪੀਨ ਯੂਨੀਅਨ ਤੁਰਕੀ ਨੂੰ ਆਪਣੀਆਂ ਇਹ ਕਾਰਵਾਈਆਂ ਬੰਦ ਕਰਨ ਲਈ ਕਈ ਵਾਰ ਕਹਿ ਚੁੱਕੀ ਹੈ ਅਤੇ ਕਾਰਵਾਈਆਂ ਜਾਰੀ ਰੱਖਣ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਦੀ ਧਮਕੀ ਵੀ ਦੇ ਚੁੱਕੀ ਹੈ।