ਕੈਲੀਫੋਰਨੀਆ ਦੇ ਗਵਰਨਰ ਨੂੰ ਅਹੁੱਦੇ ਤੋਂ ਹਟਾਉਣ ਲਈ ਦੁਬਾਰਾ ਵੋਟਾਂ ਪਵਾਉਣ ਬਾਰੇ ਪਟੀਸ਼ਨ ਨੂੰ ਭਰਵਾਂ ਹੁੰਗਾਰਾ

ਕੈਲੀਫੋਰਨੀਆ ਦੇ ਗਵਰਨਰ ਨੂੰ ਅਹੁੱਦੇ ਤੋਂ ਹਟਾਉਣ ਲਈ ਦੁਬਾਰਾ ਵੋਟਾਂ ਪਵਾਉਣ ਬਾਰੇ ਪਟੀਸ਼ਨ ਨੂੰ ਭਰਵਾਂ ਹੁੰਗਾਰਾ
ਡੈਮੋਕਰੈਟਿਕ ਗਵਰਨਰ ਗਾਵਿਨ ਨਿਊਸੋਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਕੈਲੀਫੋਰਨੀਆ ਦੇ ਸਕੱਤਰ ਨੇ ਐਲਾਨ ਕੀਤਾ ਹੈ ਕਿ ਡੈਮੋਕਰੈਟਿਕ ਗਵਰਨਰ ਗਾਵਿਨ ਨਿਊਸੋਮ ਨੂੰ ਅਹੁੱਦੇ ਤੋਂ ਹਟਾਉਣ ਲਈ ਦੁਬਾਰਾ ਵੋਟਾਂ ਪਵਾਉਣ ਬਾਰੇ ਪਟੀਸ਼ਨ ਉਪਰ 16 ਲੱਖ ਲੋਕਾਂ ਨੇ ਦਸਤਖਤ ਕੀਤੇ ਹਨ ਜੋ ਕਿ ਦੁਬਾਰਾ ਵੋਟਾਂ ਪਵਾਉਣ ਲਈ ਮਜਬੂਰ ਕਰਨ ਵਾਸਤੇ ਲੋੜੀਂਦੇ ਦਸਤਖਤਾਂ ਨਾਲੋਂ ਤਕਰੀਬਨ 1 ਲੱਖ ਵਧ ਹਨ। ਦੁਬਾਰਾ ਵੋਟਾਂ ਪਵਾਉਣ ਮੌਕੇ ਵੋਟਰਾਂ ਕੋਲੋਂ ਦੋ ਸਵਾਲ ਪੁੱਛੇ ਜਾਣਗੇ। ਕੀ ਨਿਊਸੋਮ ਨੂੰ ਅਹੁੱਦੇ ਤੋਂ ਹਟਾ ਦੇਣਾ ਚਾਹੀਦਾ ਹੈ ? ਉਸ ਦੀ ਜਗਾ ਕੌਣ ਲਵੇਗਾ? ਦੂਸਰੇ ਸਵਾਲ ਦੀਆਂ ਵੋਟਾਂ ਦੀ ਗਿਣਤੀ ਤਾਂ ਹੀ ਕੀਤੀ ਜਾਵੇਗੀ ਜੇਕਰ ਪਹਿਲੇ ਸਵਾਲ ਦੇ ਜਵਾਬ ਵਿਚ ਅਧਿਉਂ ਵਧ ਵੋਟਰ 'ਹਾਂ' ਵਿਚ ਜਵਾਬ ਦੇਣਗੇ। ਜਿਨਾਂ ਲੋਕਾਂ ਨੇ ਪਟੀਸ਼ਨ ਉਪਰ ਦਸਤਖਤ ਕੀਤੇ ਹਨ, ਉਨਾਂ ਕੋਲ ਦਸਤਖਤ ਵਾਪਿਸ  ਲੈਣ ਲਈ 30 ਦਿਨਾਂ ਦਾ ਸਮਾਂ ਹੈ। ਜੇਕਰ ਨਿਊਸੋਮ ਦੁਬਾਰਾ ਵੋਟਾਂ ਵਿਚ ਬਚ ਜਾਂਦੇ ਹਨ ਤਾਂ ਉਹ 2022 ਵਿਚ ਦੁਬਾਰਾ ਚੋਣ ਲੜ ਸਕਣ ਦੇ ਯੋਗ ਹੋਣਗੇ। ਇਥੇ ਜਿਕਰਯੋਗ ਹੈ ਕਿ 2003 ਵਿਚ ਡੈਮੋਕਰੈਟਿਕ ਗਵਰਨਰ ਗਰੇਅ ਡੇਵਿਸ ਨੂੰ ਦੁਬਾਰਾ ਵੋਟਾਂ ਵਿਚ ਅਹੁੱਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਉਸ ਦੀ ਜਗਾ ਰਿਪਬਲੀਕਨ ਅਰਨੋਲਡ ਸ਼ਵਰਜ਼ੇਨੇਗਰ ਗਵਰਨਰ ਬਣੇ ਸਨ।