ਸਰਕਾਰ ਦੇ ਇਤਬਾਰ ਨਾਂ ਦੀ ਵੀ ਕੋਈ ਸ਼ੈਅ ਹੁੰਦੀ ਹੈ?

ਸਰਕਾਰ ਦੇ ਇਤਬਾਰ ਨਾਂ ਦੀ ਵੀ ਕੋਈ ਸ਼ੈਅ ਹੁੰਦੀ ਹੈ?

ਪੁਰਾਣੇ ਭਾਰਤ ਵਿੱਚ ਅਰਥ ਸ਼ਾਸਤਰ ਨੂੰ ਵਿਗਿਆਨ, ਚਾਹੇ ਅਨਿਸ਼ਚਿਤ ਵਿਗਿਆਨ ਹੀ ਸਹੀ, ਸਮਝਿਆ ਜਾਂਦਾ ਸੀ ਅਤੇ ਅਰਥਸ਼ਾਸਤਰੀਆਂ ਨੂੰ ਆਪਣੇ ਖੇਤਰ ਦੇ ਗਿਆਨ ਤੇ ਅੰਦਰੂਨੀ ਆਰਥਿਕ ਸਰਗਰਮੀਆਂ ਅਤੇ ਆਲਮੀ ਸ਼ਕਤੀਆਂ ਦਰਮਿਆਨ ਸਬੰਧ ਦੇਖ ਸਕਣ ਦੀ ਸਮਰੱਥਾ ਕਾਰਨ ਅਰਥਸ਼ਾਸਤਰੀਆਂ ਦਾ ਸਤਿਕਾਰ ਕੀਤਾ ਜਾਂਦਾ ਸੀ। ਦੂਜੇ ਪਾਸੇ ਨਵੇਂ ਭਾਰਤ ਵਿੱਚ ਹਾਰਵਰਡ ਦੇ ਅਰਥਸ਼ਾਸਤਰੀਆਂ ਦਾ ਮਖੌਲ ਉਡਾਇਆ ਜਾਂਦਾ ਹੈ ਜਦੋਂਕਿ ਆਮ ਸਿੱਧੇ ਸਾਦੇ ਸਿਆਸੀ ਬਿਆਨਾਂ ਨੂੰ ਸਤਿ ਧਰਮ ਦੀ ਗੱਲ ਵਜੋਂ ਦਰਸਾਉਣ ‘ਤੇ ਜ਼ੋਰ ਦਿੱਤਾ ਜਾਂਦਾ ਹੈ।

ਹਰੀਸ਼ ਖਰੇ
(ਈਮੇਲ: kaffeeklatsch@tribuneindia.com)

ਹਰਿਆਣਾ ਵਿੱਚ ਪੁਲੀਸ ਗੋਲੀਬਾਰੀ ਵਿੱਚ 38 ਵਿਅਕਤੀਆਂ ਦੇ ਮਾਰੇ ਜਾਣ ਮਗਰੋਂ ਵੀ ਜੇਕਰ ਸੱਤਾਧਾਰੀ ਪਾਰਟੀ ਦੇ ਅਹੁਦੇਦਾਰ ਸਥਿਤੀ ਨਾਲ ਵਧੀਆ ਢੰਗ ਨਾਲ ਨਜਿੱਠਣ ਲਈ ਆਪਣੀ ਪਿੱਠ ਥਾਪੜ ਰਹੇ ਹਨ ਤਾਂ ਸਾਡੇ ਸਮਾਜ ਅਤੇ ਸਾਡੀ ਸਿਆਸਤ ਵਿੱਚ ਕੁਝ ਗ਼ਲਤ, ਸਗੋਂ ਬਹੁਤ ਕੁਝ ਗ਼ਲਤ ਜ਼ਰੂਰ ਹੋਵੇਗਾ। ਸਿਆਸਤਦਾਨਾਂ ਅਤੇ ਉਨ੍ਹਾਂ ਦੇ ਗਲੀਜ਼ ਨੀਤੀਘਾੜਿਆਂ ਅਤੇ ਭਾੜੇ ਦੇ ਹਮਾਇਤੀਆਂ ਨੇ ਤਾਂ ਇਹ ਦਲੀਲ ਦੇਣੀ ਹੀ ਹੈ ਕਿ ਪਿਛਲੇ ਹਫ਼ਤੇ ਸਰਕਾਰੀ ਵਿਵਸਥਾ ਦੀ ਸ਼ਰਮਨਾਕ ਨਾਕਾਮੀ ਤੋਂ ਬਾਅਦ ਵੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਅਸਤੀਫ਼ਾ ਦੇਣ ਦੀ ਜ਼ਰੂਰਤ ਨਹੀਂ ਭਾਵੇਂ ਕਿ ਕੈਮਰਿਆਂ ਰਾਹੀਂ ਰਿਕਾਰਡ ਹੋਇਆ ਇਹ ਘਟਨਾਕ੍ਰਮ ਪੂਰੀ ਦੁਨੀਆ ਵਿਚਲੇ ਦਰਸ਼ਕਾਂ ਨੇ ਦੇਖਿਆ। ਪਰ ਜਿਹੜੀ ਗੱਲ ਗੰਭੀਰ ਚਿੰਤਾ ਅਤੇ ਸ਼ਰਮ ਦਾ ਮੁੱਦਾ ਹੋਣੀ ਚਾਹੀਦੀ ਹੈ, ਉਹ ਇਹ ਹੈ ਕਿ ਇਸ ਬੇਲੋੜੀ ਹਿੰਸਾ ਤੇ ਘੜਮੱਸ ਅਤੇ ਇੰਨੀਆਂ ਜਾਨਾਂ ਜਾਣ ਉੱਤੇ ਵੀ ਕਿਸੇ ਨੂੰ ਕੋਈ ਇਖਲਾਕੀ ਪਛਤਾਵਾ ਹੋਇਆ ਨਹੀਂ ਜਾਪਦਾ। ਆਪਣੇ ਆਪ ਨੂੰ ਚਤੁਰ-ਸੁਜਾਨ ਸਮਝਣ ਵਾਲੇ ਤਾਂ ਸਾਡੇ ਕੰਨਾਂ ਵਿੱਚ ਇਹ ਫੂਕਾਂ ਮਾਰਦੇ ਆ ਰਹੇ ਹਨ ਕਿ ਸਥਿਤੀ ਨਾਲ ਵਧੀਆ ਢੰਗ ਨਾਲ ਨਜਿੱਠਿਆ ਗਿਆ। ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਜਿਵੇਂ ਹੋਇਆ ਉਵੇਂ ਨਾ ਕੀਤਾ ਜਾਂਦਾ ਤਾਂ ਮੌਤਾਂ ਦੀ ਗਿਣਤੀ ਇਸ ਤੋਂ ਕਿਤੇ ਵਧੇਰੇ ਹੋਣੀ ਸੀ। ਹੈਰਾਨੀ ਹੁੰਦੀ ਹੈ ਅਜਿਹੇ ਸਨਕਪੁਣੇ ‘ਤੇ! ਏਨੀ ਬਦਇਖ਼ਲਾਕੀ ‘ਤੇ!
ਬਹੁਤੀ ਪੁਰਾਣੀ ਗੱਲ ਨਹੀਂ ਹੈ ਕਿ ਸਾਡੇ ਨਾਗਰਿਕਾਂ ਨੂੰ ਸਾਡੇ ਜਨਤਕ ਜੀਵਨ ਵਿੱਚੋਂ ਨੈਤਿਕਤਾ ਦੇਖਣ ਲਈ ਪ੍ਰੇਰਿਤ ਕੀਤਾ ਗਿਆ ਸੀ। ਸਾਨੂੰ ‘ਰਾਮ ਰਾਜ’ ਦੇ ਨਾਅਰੇ ਨਾਲ ਲਲਚਾਇਆ ਗਿਆ ਸੀ। ਫਿਰ ਪਿਛਲੇ ਕੁਝ ਸਾਲਾਂ ਵਿੱਚ ਸੁਸ਼ਾਸਨ ਆਖੀ ਜਾਂਦੀ ਕੋਈ ਸ਼ੈਅ ਦੇਣ ਦਾ ਵਾਅਦਾ ਕੀਤਾ ਗਿਆ ਸੀ। ਅੰਨਾ ਹਜ਼ਾਰੇ ਦੀ ਨੈਤਿਕ ਲਾਮਬੰਦੀ ਲਈ ਪੁਕਾਰ ਦੇ ਹੁੰਗਾਰੇ ਵਜੋਂ ਅਸੀਂ ਸਾਰਿਆਂ ਨੇ ਰਾਮ ਲੀਲਾ ਮੈਦਾਨ ਵੱਲ ਵਹੀਰਾਂ ਘੱਤ ਲਈਆਂ ਸਨ।
ਸਾਨੂੰ ਕਿਹਾ ਗਿਆ ਸੀ ਕਿ ਸਿਰਫ਼ ਚੰਗੇ, ਇਮਾਨਦਾਰ, ਸੁਹਿਰਦ ਆਦਮੀਆਂ ਨੂੰ ਜਨਤਕ ਅਹੁਦੇ ਦੇਣ ਦੀ ਜ਼ਰੂਰਤ ਹੈ ਅਤੇ ਉਹ ਆਪਣੇ ਆਪ ‘ਸੁਸ਼ਾਸਨ’ ਦੇਣਗੇ- ਅਸਮਰੱਥਾ ਅਤੇ ਭ੍ਰਿਸ਼ਟਾਚਾਰ ਤੋਂ ਨਿਜਾਤ ਦਿਵਾਉਣ ਦੇ ਨਾਲ ਨਾਲ ਸਿਆਸਤ ਨੂੰ ‘ਹਿੰਦੂ ਸ਼ਾਸਕ ਦੀ ਦਰ’ ਦੀਆਂ ਗੱਲਾਂ ਤੋਂ ਪਰ੍ਹਾਂ ਲਿਜਾਣਗੇ। ਇਹ ਭਰੋਸਾ ਦੋ ਵਾਰ ਤੋੜਿਆ ਗਿਆ ਹੈ- ਪਹਿਲੀ ਵਾਰ, 2016 ਦੇ ਜਾਟ ਅੰਦੋਲਨ ਸਮੇਂ ਅਤੇ ਦੂਜੀ ਵਾਰ, ਹੁਣ ਪੰਚਕੂਲਾ ਵਿੱਚ ਵਾਪਰੇ ਘਟਨਾਕ੍ਰਮ ਸਮੇਂ।
ਸਰਕਾਰ ਦੇ ਇਤਬਾਰ ਨਾਂ ਦੀ ਵੀ ਕੋਈ ਸ਼ੈਅ ਹੁੰਦੀ ਹੈ? ਇਹ ਇੱਕ ਵਾਰ ਗੁੰਮ ਹੋ ਜਾਵੇ ਤਾਂ ਸੁਖਾਲਿਆਂ ਮੁੜ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਸ੍ਰੀ ਖੱਟਰ ਦਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਰਾਜ ਨੂੰ ਅਰਾਜਕ ਤੱਤਾਂ ਤੋਂ ਮੁੜ ਚੁਣੌਤੀ ਮਿਲੇਗੀ ਜੋ ਸਰਕਾਰ ਅਤੇ ਇਸ ਦੇ ਇਕਬਾਲ ਤੋਂ ਹੁਣ ਭੈਅ ਨਹੀਂ ਖਾਂਦੇ।
ਬੇਸ਼ੱਕ, ਸਿਆਸੀ ਵਿਵਾਦ ਕਰਨ ਵਾਲੇ ਪੇਸ਼ੇਵਰ ਲੋਕ ਅਤੇ ਤਰਜਮਾਨ ਕਿਸੇ ਨਾ ਕਿਸੇ ਸਰਕਾਰ ਦੀ ਕਾਮਯਾਬੀ ਜਾਂ ਨਾਕਾਮੀ ਬਾਰੇ ਫਿਕਰੇਬਾਜ਼ੀ ਕਰਦੇ ਹੀ ਰਹਿਣਗੇ। ਸਾਨੂੰ ਸਬਜ਼ਬਾਗ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿਣਾ ਅਤੇ ਸਮੱਸਿਆਵਾਂ ਦੇ ਨੁਕਸਦਾਰ ਹੱਲ ਪੇਸ਼ ਕਰਨਾ ਤਾਂ ਸਿਆਸਤਦਾਨਾਂ ਦਾ ਕੰਮ ਹੈ। ਇਹ ਤਾਂ ਆਮ ਵਾਂਗ ਅਨੈਤਿਕ ਅਤੇ ਸਵੈ-ਕੇਂਦਰਿਤ ਸਿਆਸਤ ਹੈ। ਹੋਰ ਕਿਸੇ ਵੀ ਤਰ੍ਹਾਂ ਦੇ ਨੈਤਿਕ ਵਿਚਾਰਾਂ ਨੂੰ ਤਜ ਕੇ ਚੋਣਾਂ ਦਾ ਅਗਲਾ ਗੇੜ ਜਿੱਤਣਾ ਹੀ ਸਭ ਤੋਂ ਪ੍ਰਮੁੱਖ ਰੁਝੇਵਾਂ ਬਣ ਗਿਆ ਹੈ। ਜੇਕਰ ਕੋਈ ਆਗੂ ਕੋਈ ਵੀ ਹਰਬਾ ਵਰਤ ਕੇ ਆਪਣੀ ਪਾਰਟੀ ਨੂੰ ਚੋਣਾਂ ਵਿੱਚ ਜਿੱਤ ਦਿਵਾਉਂਦਾ ਹੈ ਤਾਂ ਉਸ ਨੂੰ ‘ਚਾਣਕਯ’ ਦਰਸਾਉਂਦਿਆਂ ਉਸ ਦੇ ਸੋਹਲੇ ਗਾਏ ਜਾਂਦੇ ਹਨ।
ਚਾਲਾਕ ਲੋਕ ਬਾਬੇ ਵੱਲੋਂ ਕੀਤੇ ਵਿਸਾਹਘਾਤਾਂ ਅਤੇ ਡੇਰੇ ਵਿੱਚ ਵਾਪਰ ਰਹੀਆਂ ਸਾਰੀਆਂ ਘਟਨਾਵਾਂ ਬਾਰੇ ਕਹਾਣੀਆਂ ਘੜਨ ਅਤੇ ਉਪਜਾਉਣ ਵਿੱਚ ਰੁੱਝੇ ਹੋਏ ਹਨ। ਸਾਨੂੰ ਬਾਬੇ ਦੀ ਜੀਵਨ ਸ਼ੈਲੀ, ਉਸ ਦੇ ‘ਪ੍ਰਮੁੱਖ ਸੇਵਕਾਂ’ ਦੇ ਰਹਿਣ-ਸਹਿਣ ਦੇ ਢੰਗ ਬਾਰੇ ਸੁਆਦਲੇ ਵੇਰਵੇ ਦੇ ਕੇ ਆਨੰਦਿਤ ਕੀਤਾ ਜਾ ਰਿਹਾ ਹੈ- ਜਿਵੇਂ ਇਨ੍ਹਾਂ ਸਾਰੇ ਸਾਲਾਂ ਦੌਰਾਨ ਡੇਰੇ ਵਿੱਚ ਆਉਣ ਜਾਣ ਵਾਲੇ ਸਿਆਸਤਦਾਨਾਂ ਨੂੰ ਤਾਂ ਇਹ ਕੁਝ ਪਤਾ ਹੀ ਨਹੀਂ ਸੀ। ਡੇਰਾ ਅਤੇ ਇਸ ਦੇ ਸ਼ਰਧਾਲੂ ਬਿਲਕੁਲ ਹੀ ਸਿੱਧੜ ਬਣਾ ਕੇ ਪੇਸ਼ ਕੀਤੇ ਜਾ ਰਹੇ ਹਨ ਜੋ ਆਪੂੰ ਬਣੇ ਗੁਰੂ ਦੇ ਅਨੁਯਾਈ ਹਨ। ਇਸ ਨੂੰ ਨਵੀਂ ਲੱਭਤ ਮੰਨਿਆ ਜਾ ਰਿਹਾ ਹੈ। ਅਤੇ ਕੋਈ ਵੀ ਇਸ ਗੱਲੋਂ ਪੁਲੀਸ ਦੀ ਨਾਕਾਮੀ (ਜਾਂ ਸਾਜ਼ਿਸ਼) ਬਾਰੇ ਗੱਲ ਨਹੀਂ ਕਰ ਰਿਹਾ ਕਿ ਕੋਈ ਪ੍ਰਮੁੱਖ ਅਹੁਦੇਦਾਰ ਸੁਰੱਖਿਆ ਬਲਾਂ ਦੇ ਜਾਲ ਵਿੱਚੋਂ ਬਚ ਕੇ ਨਿਕਲਣ ਵਿੱਚ ਕਿਵੇਂ ਕਾਮਯਾਬ ਹੋਇਆ।

‘ਨਵੇਂ ਭਾਰਤ’ ਦੇ ‘ਨਵੇਂ ਮਾਪਦੰਡ’
ਸਾਨੂੰ ਵਾਰ ਵਾਰ ਇਹ ਦੱਸਿਆ ਜਾਂਦਾ ਹੈ ਕਿ ਅਸੀਂ ਹੁਣ ‘ਨਵੇਂ ਭਾਰਤ’ ਵਿੱਚ ਰਹਿੰਦੇ ਹਾਂ ਜਿਸ ਨੇ ਸਹੀ ਅਤੇ ਗ਼ਲਤ, ਕਾਮਯਾਬੀ ਅਤੇ ਨਾਕਾਮੀ, ਨੈਤਿਕ ਅਤੇ ਅਨੈਤਿਕ ਤਰੀਕਿਆਂ ਬਾਰੇ ਆਪਣੇ ‘ਨਵੇਂ ਮਾਪਦੰਡ’ ਬਣਾ ਲਏ ਹਨ। ਗਿਆਨ ਦੇ ਪੁਰਾਣੇ ਮਾਪਦੰਡ, ਵਿਕਾਸ ਬਾਰੇ ਪੁਰਾਣੇ ਵਿਚਾਰ ਅਤੇ ਵਿਚਾਰਾਂ ‘ਤੇ ਅਮਲ ਕਰਨ ਵਾਲੇ ਪੁਰਾਣੇ ਵਿਅਕਤੀਆਂ ਨੂੰ ਪੁਰਾਣੀ ਕਰੰਸੀ ਵਾਂਗ ਅਧਿਕਾਰਤ ਤੌਰ ‘ਤੇ ਇੱਕ ਤਰ੍ਹਾਂ ਕਬਾੜ ਵਿੱਚ ਸੁੱਟ ਦਿੱਤਾ ਗਿਆ ਹੈ। ਗਣਿਤਕ ਸਿਧਾਂਤਾਂ ਅਤੇ ਵਿਗਿਆਨਕ ਸਮੀਕਰਣਾਂ ਦੀ ਥਾਂ ਨਾਅਰਿਆਂ ਅਤੇ ਜੁਮਲਿਆਂ ਨੇ ਲੈ ਲਈ ਹੈ।
ਪੁਰਾਣੇ ਭਾਰਤ ਵਿੱਚ ਅਰਥ ਸ਼ਾਸਤਰ ਨੂੰ ਵਿਗਿਆਨ, ਚਾਹੇ ਅਨਿਸ਼ਚਿਤ ਵਿਗਿਆਨ ਹੀ ਸਹੀ, ਸਮਝਿਆ ਜਾਂਦਾ ਸੀ ਅਤੇ ਅਰਥਸ਼ਾਸਤਰੀਆਂ ਨੂੰ ਆਪਣੇ ਖੇਤਰ ਦੇ ਗਿਆਨ ਤੇ ਅੰਦਰੂਨੀ ਆਰਥਿਕ ਸਰਗਰਮੀਆਂ ਅਤੇ ਆਲਮੀ ਸ਼ਕਤੀਆਂ ਦਰਮਿਆਨ ਸਬੰਧ ਦੇਖ ਸਕਣ ਦੀ ਸਮਰੱਥਾ ਕਾਰਨ ਅਰਥਸ਼ਾਸਤਰੀਆਂ ਦਾ ਸਤਿਕਾਰ ਕੀਤਾ ਜਾਂਦਾ ਸੀ। ਦੂਜੇ ਪਾਸੇ ਨਵੇਂ ਭਾਰਤ ਵਿੱਚ ਹਾਰਵਰਡ ਦੇ ਅਰਥਸ਼ਾਸਤਰੀਆਂ ਦਾ ਮਖੌਲ ਉਡਾਇਆ ਜਾਂਦਾ ਹੈ ਜਦੋਂਕਿ ਆਮ ਸਿੱਧੇ ਸਾਦੇ ਸਿਆਸੀ ਬਿਆਨਾਂ ਨੂੰ ਸਤਿ ਧਰਮ ਦੀ ਗੱਲ ਵਜੋਂ ਦਰਸਾਉਣ ‘ਤੇ ਜ਼ੋਰ ਦਿੱਤਾ ਜਾਂਦਾ ਹੈ।
ਪਿਛਲੇ ਕੁਝ ਦਿਨਾਂ ਵਿੱਚ ਨਵੇਂ ਭਾਰਤ ਦੇ ਨਵੇਂ ਸ਼ਾਸਕਾਂ ਦੇ ਇਸ ਕਿਸਮ ਦੇ ਨਵੇਂ ਗਿਆਨ ਦੀ ‘ਮਿਰਚਾਂ ਦੀ ਫ਼ਸਲ’ ਸਾਨੂੰ ਵੱਢਣੀ ਪਈ ਹੈ। ਭਾਰਤੀ ਰਿਜ਼ਰਵ ਬੈਂਕ ਦੇ ਅੰਕੜਿਆਂ ਦੇ ਆਧਾਰ ਉੱਤੇ ਅਸੀਂ ਹੁਣ ਜਾਣਦੇ ਹਾਂ ਕਿ ਨੋਟਬੰਦੀ ਦੀ ਸਾਰੀ ਪ੍ਰਕਿਰਿਆ ਸਮੇਂ ਅਤੇ ਰਾਸ਼ਟਰੀ ਊਰਜਾਵਾਂ ਦੀ ਬਰਬਾਦੀ ਹੀ ਸੀ। ਸਰਕਾਰ ਦੇ ਆਪਣੇ ਅੰਕੜਿਆਂ ਦੇ ਆਧਾਰ ਉੱਤੇ ਅਸੀਂ ਹੁਣ ਇਹ ਵੀ ਜਾਣਦੇ ਹਾਂ ਕਿ ਆਰਥਿਕ ਵਿਕਾਸ ਦੀ ਦਰ ਖ਼ਤਰਨਾਕ ਢੰਗ ਨਾਲ ਧੀਮੀ ਹੋ ਗਈ ਹੈ। ਮਜ਼ਬੂਤ ਜਾਪਦਾ ਅਰਥਚਾਰਾ ਅਚਾਨਕ ਹੁਣ ਕੁਝ ਅਨਿਸ਼ਚਿਤ ਜਾਪ ਰਿਹਾ ਹੈ।
ਫਿਰ ਵੀ ਸਾਨੂੰ ਨਰਮੀ ਨਾਲ ਦੱਸਿਆ ਗਿਆ ਹੈ ਕਿ ਆਰਥਿਕ ਮੰਦੀ ਨਾਲ ਨੋਟਬੰਦੀ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਪਿਛਲੇ ਕੁਝ ਦਿਨਾਂ ਦੌਰਾਨ ਕੇਂਦਰੀ ਮੰਤਰੀਆਂ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਨੂੰ ਤੋਤੇ ਵਾਂਗ ਇਹ ਰਟ ਲਾਈ ਰੱਖਣ ਲਈ ਵਰਤਿਆ ਹੈ ਕਿ ਨੋਟਬੰਦੀ ਸਚਮੁੱਚ ਬਹੁਤ ਹੀ ਸਫਲ ਰਹੀ।
ਇਸ ਸਰਕਾਰੀ ‘ਜਾਦੂਗਰੀ’ ਦੇ ਸੰਦਰਭ ਵਿੱਚ ਮੈਂ ਕੌਸ਼ਿਕ ਬਾਸੂ ਦੀ ਨਵੀਂ ਪੁਸਤਕ ‘ਐਨ ਇਕੌਨੋਮਿਸਟ ਇਨ ਦਿ ਰੀਅਲ ਵਰਲਡ, ਦਿ ਆਰਟ ਔਫ ਪੌਲਿਸੀ ਮੇਕਿੰਗ ਇਨ ਇੰਡੀਆ’ ਦੀ ਸਿਫ਼ਾਰਿਸ਼ ਕਰਦਾ ਹਾਂ। ਬਾਸੂ ਨੇ ਯੂਪੀਏ ਦੇ ਰਾਜ ਦੌਰਾਨ ਮੁੱਖ ਆਰਥਿਕ ਸਲਾਹਕਾਰ ਵਜੋਂ ਆਪਣੇ ਕਾਰਜ ਕਾਲ ਦਾ ਵੇਰਵਾ ਦਿੱਤਾ ਹੈ। ਇਹ ਪੁਸਤਕ ਸਾਡੇ ਕੌਮੀ ਅਰਥਚਾਰੇ ਵਿਚਲੇ ਪੇਚੀਦਾ ਸਬੰਧਾਂ ਦੀ ਝਲਕ ਪੇਸ਼ ਕਰਦੀ ਹੈ।
ਪਰ ਇਸ ਤੋਂ ਜ਼ਿਆਦਾ ਰੂਹ ਫੂਕਣ ਵਾਲੀ ਗੱਲ ਇਹ ਹੈ ਕਿ ਬਾਸੂ ਨੇ ਪੂਰੀ ਤਰ੍ਹਾਂ ਅਲੰਕਾਰ ਮੁਕਤ ਸੁਰ ਵਰਤੀ ਹੈ; ਇੱਕ ਥਾਂ ਤਾਂ ਉਹ ਆਤਮ-ਨਿਖੇਧੀ ਭਰੇ ਢੰਗ ਨਾਲ ਆਪਣੇ ਘਰ ਕੰਮ ਕਰਨ ਵਾਲੀ ਬੀਬੀ ਦੇ ਸ਼ਬਦਾਂ  ਵਿੱਚ ਦੱਸਦੇ ਹਨ ਕਿ ਉਹ ਉਨ੍ਹਾਂ ਨੂੰ ਹੀ ‘ਭਾਰਤ ਵਿੱਚ ਵਧ ਰਹੀਆਂ ਕੀਮਤਾਂ ਲਈ ਜ਼ਿੰਮੇਵਾਰ’ ਵਿਅਕਤੀ ਸਮਝਦੀ ਸੀ।
ਮੈਨੂੰ ਅੰਤਿਮ ਅਧਿਆਇ ਵਿਚਲੀ ਜਾਣਕਾਰੀ ਸਭ ਤੋਂ ਸੁਆਦਲੀ ਜਾਪੀ। ਇਸ ਦੀ ਇਬਾਰਤ ਇਉਂ ਹੈ: ”ਰਾਸ਼ਟਰ ਦੀ ਰਹਿਨੁਮਾਈ ਕਰ ਰਹੇ ਨੀਤੀਘਾੜਿਆਂ ਨੂੰ ਬਹੁਤ ਕੁਝ ਜਾਣਨ ਦੀ ਲੋੜ ਹੁੰਦੀ ਹੈ, ਇਸ ਤੋਂ ਅਹਿਮ ਇਹ ਗੱਲ ਹੈ ਕਿ ਉਨ੍ਹਾਂ ਨੂੰ ਇਹ ਜਾਣਨ ਦੀ ਲੋੜ ਹੁੰਦੀ ਹੈ ਕਿ ਉਹ ਕੀ ਕੁਝ ਨਹੀਂ ਜਾਣਦੇ। ਇਤਿਹਾਸ ਵਿੱਚ ਨੀਤੀਗਤ ਤੌਰ ਉੱਤੇ ਸਭ ਤੋਂ ਵੱਡੀਆਂ ਗ਼ਲਤੀਆਂ ਇਸ ਕਰਕੇ ਹੋਈਆਂ ਕਿਉਂਕਿ ਆਗੂਆਂ ਨੇ ਆਪਣੇ ਗਿਆਨ ਅਤੇ ਯੋਗਤਾ ਦਾ ਅਧਿਕ-ਮੁਲਾਂਕਣ ਕਰ ਲਿਆ ਸੀ। ਮਿਸਾਲ ਵਜੋਂ 1958 ਵਿੱਚ ਚੀਨ ਵੱਲੋਂ ਅਗਾਂਹ ਵੱਡੀ ਛਲਾਂਗ ਲਾਉਣ ਕਾਰਨ ਲਿਖਤੀ ਮਨੁੱਖੀ ਇਤਿਹਾਸ ਦਾ ਸਭ ਤੋਂ ਵੱਡਾ ਕਾਲ ਪਿਆ ਸੀ; ਧਿਆਨ ਨਾਲ ਯੋਜਨਾਬੰਦੀ ਕੀਤੇ ਬਿਨਾਂ ਲਾਗੂ ਕੀਤੀ ਗਈ ਮੁਆਵਜ਼ਾ ਨੀਤੀ ਕਾਰਨ 1923 ਵਿੱਚ ਜਰਮਨੀ ਵਿੱਚ ਅਤਿ ਦੀ ਮਹਿੰਗਾਈ ਹੋਈ। ਆਪਣੀਆਂ ਸੀਮਾਵਾਂ ਬਾਰੇ ਜਾਣਨਾ ਇਸ ਕਰਕੇ ਲਾਜ਼ਮੀ ਹੈ ਕਿਉਂਕਿ ਕਿਸੇ ਵੀ ਕੌਮੀ ਅਰਥਚਾਰੇ, ਇੱਥੋਂ ਤਕ ਕਿ ਸਭ ਤੋਂ ਛੋਟੇ ਅਰਥਚਾਰਿਆਂ, ਲਈ ਜੋ ਕੁਝ ਵੀ ਆਗੂ ਜਾਣਦਾ ਅਤੇ ਸਿੱਧੇ ਤੌਰ ‘ਤੇ ਕਰ ਸਕਦਾ ਹੈ, ਉਹ ਬਹੁਤ ਹੀ ਸੀਮਿਤ ਹੋਵੇਗਾ।”
ਨਵੇਂ ਭਾਰਤ ਵਿੱਚ ਇਸ ਨੂੰ ਸਿੱਧਾ ਕੁਫ਼ਰ ਹੀ ਸਮਝਿਆ ਜਾਣਾ ਚਾਹੀਦਾ ਹੈ।
ਸਿੱਟੇ ਵਿੱਚ ਕੌਸ਼ਿਕ ਬਾਸੂ ਚਿਤਾਵਨੀ ਦਿੰਦੇ ਹਨ ਕਿ ਮੌਜੂਦਾ ਰਾਸ਼ਟਰਵਾਦ ਨੂੰ ਇਸ ਆਲਮੀ ਏਜੰਡੇ ਲਈ ਰਸਤਾ ਛੱਡ ਦੇਣਾ ਚਾਹੀਦਾ ਹੈ ਕਿ ਆਪਣੀਆਂ ਸੰਕੀਰਣ ਪਛਾਣਾਂ ਦਾ ਲਿਹਾਜ਼ ਕੀਤੇ ਬਿਨਾਂ ਸਾਰੇ ਲੋਕ ਇਸ ਨੂੰ ਆਕਾਰ ਦੇ ਸਕਦੇ ਅਤੇ ਇਸ ਦੀ ਪਾਲਣਾ ਕਰ ਸਕਦੇ ਹਨ।”
ਪ੍ਰੋਫ਼ੈਸਰ ਬਾਸੂ, ਇਹ ਗੱਲ ਨਵੇਂ ਭਾਰਤ ਵਿੱਚ ਤੁਹਾਡੇ ਉੱਤੇ ਰਾਸ਼ਟਰ-ਵਿਰੋਧੀ ਹੋਣ ਦਾ ਇਲਜ਼ਾਮ ਲਗਵਾ ਸਕਦੀ ਹੈ।

ਗ਼ਰੀਬ ਆਦਮੀ ਲਈ ਡੇਰਾ ਸੱਚਾ ਸੌਦਾ ਸੀ ਕਲੱਬ
ਪਿਛਲੇ ਹਫ਼ਤੇ ਇਸ ਕਾਲਮ ਵਿੱਚ ਮੈਂ ਦਲੀਲ ਦਿੱਤੀ ਸੀ ਕਿ ਹੋਰ ਡੇਰਿਆਂ ਵਾਂਗ ਡੇਰਾ ਸੱਚਾ ਸੌਦਾ ਵੀ ਆਪਣੇ ਸ਼ਰਧਾਲੂਆਂ ਦੀਆਂ ਮਨੋਵਿਗਿਆਨਕ, ਭਾਵਨਾਤਮਿਕ, ਵਿੱਦਿਅਕ ਅਤੇ ਸਿਹਤ ਸਬੰਧੀ ਜ਼ਰੂਰਤਾ ਉੱਤੇ ਧਿਆਨ ਦਿੰਦਾ ਹੈ। ਮੈਂ ਇਹ ਵਿਚਾਰ ਪੇਸ਼ ਕੀਤਾ ਸੀ ਕਿ ਡੇਰਾ ਸੱਚਾ ਸੌਦਾ ਗ਼ਰੀਬ ਆਦਮੀ ਲਈ ਲਾਇਨਜ਼ ਕਲੱਬ ਜਾਂ ਰੋਟਰੀ ਕਲੱਬ ਵਾਂਗ ਸੀ।
ਕਈ ਰੋਟਰੀਅਨ ਅਤੇ ਲਾਇਨਜ਼ ਇਸ ਤੁਲਨਾ ਤੋਂ ਪ੍ਰਸੰਨ ਨਹੀਂ ਹਨ ਅਤੇ ਉਨ੍ਹਾਂ ਨੇ ਮੇਰੇ ਕੋਲ ਆਪਣੀ ਨਾਖ਼ੁਸ਼ੀ ਦਾ ਪ੍ਰਗਟਾਵਾ ਵੀ ਕੀਤਾ ਹੈ। ਪੰਜਾਬ ਦੇ ਸਾਬਕਾ ਚੀਫ ਇੰਜਨੀਅਰ ਅਤੇ ਰੋਟਰੀ ਡਿਸਟ੍ਰਿਕਟ (ਜਿਸ ਵਿੱਚ ਹਰਿਆਣਾ, ਪੰਜਾਬ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਸ਼ਾਮਲ ਹਨ) ਦੇ ਸਾਬਕਾ ਡਿਸਟ੍ਰਿਕਟ ਗਵਰਨਰ ਮਨਮੋਹਨ ਸਿੰਘ ਹੋਰਾਂ ਨੇ ਰੋਟਰੀ ਕਲੱਬ ਦੀਆਂ ਸਮਾਜ ਲਈ ਲਾਹੇਵੰਦ ਸਰਗਰਮੀਆਂ ਦੇ ਵੇਰਵੇ ਮੈਨੂੰ ਲਿਖ ਭੇਜੇ ਹਨ। ਮੈਨੂੰ ਇੱਕ ਵਾਰ ਰੋਟਰੀਅਨ ਮਨਮੋਹਨ ਸਿੰਘ ਨਾਲ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਦੋਂਕਿ ਇੱਕ ਹੋਰ ਉੱਘੇ ਰੋਟਰੀਅਨ ਰਾਜਾ ਸਾਬੂ ਨੂੰ ਮੈਂ ਕਈ ਵਾਰ ਮਿਲ ਚੁੱਕਿਆ ਹਾਂ। ਡੇਰੇ ਅਤੇ ਕਲੱਬਾਂ ਦੀ ਤੁਲਨਾ ਉਨ੍ਹਾਂ ਨੂੰ ਸ਼ਾਇਦ ਨਾਪਸੰਦ ਹੋਵੇ, ਪਰ ਇਸ ਦਾ ਮਕਸਦ ਰੋਟਰੀ ਜਾਂ ਲਾਇਨਜ਼ ਮੁਹਿੰਮਾਂ ਨੂੰ ਛੁਟਿਆਉਣਾ ਹਰਗਿਜ਼ ਨਹੀਂ ਸੀ। ਤੇ ਨਾ ਹੀ ਇਨ੍ਹਾਂ ਸਥਾਪਤ ਸਿਵਿਲ ਸੁਸਾਇਟੀ ਗਰੁੱਪਾਂ ਵੱਲੋਂ ਕੀਤੇ ਗਏ ਸਮਾਜ ਭਲਾਈ ਕਾਰਜਾਂ ਨੂੰ ਬਦਨਾਮ ਕਰਨਾ ਹੀ ਮੇਰਾ ਮਕਸਦ ਸੀ। ਪਰ ਕੋਈ ਵੀ ਸਮਾਜਿਕ ਅਧਿਐਨਕਰਤਾ ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਕਿ ਹਜ਼ਾਰਾਂ ਲੱਖਾਂ ਸ਼ਰਧਾਲੂਆਂ (ਚਾਹੇ ਗੁਮਰਾਹ ਹੀ ਸਹੀ) ਨੇ ਡੇਰੇ ਵੱਲੋਂ ਮੁਹੱਈਆ ਕੀਤੀ ਜਾਂਦੀ ਭਾਈਚਾਰਕ ਇਕਮੁੱਠਤਾ ਤੋਂ ਬਲ ਹਾਸਲ ਕੀਤਾ ਅਤੇ ਉਹ ਇਹ ਮੰਨਦੇ ਰਹੇ ਕਿ ਡੇਰਾ ਸਮਾਜ ਵਿੱਚ ਬਦਲਾਅ ਲਿਆ ਰਿਹਾ ਸੀ।

ਫ਼ੋਟੋਆਂ ਦਾ ਸ਼ੌਕੀ
ਚਾਹੁੰਦਾ ਹਾਂ ਕਿ ਸਾਡੇ ਗਣਤੰਤਰ ਦੇ ਨਵੇਂ ਮੁਖੀ ਨੂੰ ਕੋਈ ਇਹ ਦੱਸੇ ਕਿ ਰਾਸ਼ਟਰਪਤੀ ਭਵਨ ਵਿੱਚ ਕਿਸੇ ਨੂੰ ਕੋਈ ਵੀ ਸਨਮਾਨ ਦਿੰਦਿਆਂ ਉਨ੍ਹਾਂ ਨੂੰ ਆਪਣਾ ਚਿਹਰਾ ਕੈਮਰੇ ਵੱਲ ਘੁਮਾਉਣ ਦੀ ਜ਼ਰੂਰਤ ਨਹੀਂ ਹੈ। ਜੇ ਹੋਵੇ ਵੀ ਤਾਂ ਐਵਾਰਡ ਲੈਣ ਵਾਲੇ ਨੂੰ ਕੈਮਰੇ ਵੱਲ ਦੇਖਣ ਦੀ ਉਤਸੁਕਤਾ ਹੋਣੀ ਚਾਹੀਦੀ ਹੈ।
ਬਹਰਹਾਲ, ਕੌਫ਼ੀ ਪੀਣ ਦਾ ਸਮਾਂ ਹੋ ਗਿਆ ਹੈ। ਸ਼ੁਕਰ ਹੈ ਕਿ ਕਾਲੀ ਕੌਫ਼ੀ ‘ਤੇ ਹਾਲੇ ਪਾਬੰਦੀ ਨਹੀਂ ਲੱਗੀ। ਆਓ, ਤੁਸੀਂ ਵੀ ਮੇਰੇ ਨਾਲ ਕਾਲੀ ਕੌਫ਼ੀ ਸਾਂਝੀ ਕਰੋ।
(‘ਪੰਜਾਬੀ ਟ੍ਰਿਬਿਊਨ’ ਤੋਂ ਧੰਨਵਾਦ ਸਹਿਤ)