ਪੁਲਿਸ ਦੀ ਢਿੱਲੀ ਕਾਰਗੁਜਾਰੀ ਤੋਂ ਨਰਾਜ਼ ਹਨ ਮਾਪੇ , ਜਿੰਮੇਵਾਰੀ ਤੈਅ ਕਰਨ ਦੀ ਕੀਤੀ ਮੰਗ

ਪੁਲਿਸ ਦੀ ਢਿੱਲੀ ਕਾਰਗੁਜਾਰੀ ਤੋਂ ਨਰਾਜ਼ ਹਨ ਮਾਪੇ , ਜਿੰਮੇਵਾਰੀ ਤੈਅ ਕਰਨ ਦੀ ਕੀਤੀ ਮੰਗ

ਟੈਕਸਾਸ ਸਕੂਲ ਗੋਲੀਬਾਰੀ ਕਾਂਡ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 29 ਮਈ (ਹੁਸਨ ਲੜੋਆ ਬੰਗਾ)-ਟੈਕਸਾਸ ਦੇ ਰੌਬ ਐਲੀਮੈਂਟਰੀ ਸਕੂਲ ਵਿਚ ਵਾਪਰੇ ਗੋਲੀਕਾਂਡ  ਨੂੰ ਲੈ ਕੇ ਮਾਪਿਆਂ ਦੇ ਮੰਨਾਂ ਵਿਚ ਕਈ ਤਰਾਂ ਦੇ ਸਵਾਲ ਉਠ ਰਹੇ ਹਨ। ਮਾਪੇ ਪੁਲਿਸ ਵੱਲੋਂ ਕੀਤੇ ਜਾ ਰਹੇ ਦਾਅਵੇ ਨੂੰ ਵੀ ਰੱਦ ਕਰ ਰਹੇ ਹਨ ਤੇ ਮੰਗ ਕਰ ਰਹੇ ਹਨ ਕਿ 19 ਬੱਚਿਆਂ ਤੇ 2 ਅਧਿਆਪਕਾਂ ਦੀ ਹੋਈ ਮੌਤ ਲਈ ਜਿੰਮੇਵਾਰੀ ਤੈਅ ਕੀਤੀ ਜਾਵੇ। ਅਲਫਰੈਡ ਗਾਰਜ਼ਾ ਜਿਸ ਦੀ ਬੱਚੀ ਇਸ ਸਕੂਲ ਵਿਚ ਪੜਦੀ ਸੀ, ਗੋਲੀਬਾਰੀ ਸਮੇ ਹੋਰ ਮਾਪਿਆਂ ਨਾਲ ਸਕੂਲ ਦੇ ਬਾਹਰ ਮੌਜੂਦ ਸੀ। ਅਧਿਕਾਰੀਆਂ ਵੱਲੋਂ ਬੀਤੇ ਦਿਨ ਕੀਤੀ ਪ੍ਰੈਸ ਕਾਨਫੰਰਸ ਵਿਚ ਕਿਹਾ ਗਿਆ ਹੈ ਕਿ ਪਹਿਲਾ ਪੁਲਿਸ ਅਫਸਰ ਗੰਨਮੈਨ ਦੇ ਮਾਰੇ ਜਾਣ ਤੋਂ ਇਕ ਘੰਟੇ ਦੇ ਵੀ ਵਧ ਸਮੇਂ ਤੋਂ ਪਹਿਲਾਂ ਸਕੂਲ ਵਿਚ ਦਾਖਲ ਹੋਇਆ ਸੀ। ਅਲਫਰੈਡ ਗਾਰਜ਼ਾ ਨੇ ਪੁਲਿਸ ਦੇ ਇਸ ਦਾਅਵੇ ਨੂੰ ਰੱਦ ਕੀਤਾ ਹੈ ਤੇ ਕਿਹਾ ਹੈ ਕਿ ਮੇਰਾ ਇਸ ਉਪਰ ਵਿਸ਼ਵਾਸ਼ ਨਹੀਂ ਹੈ। ਗਾਰਜ਼ਾ ਨੇ ਕਿਹਾ ਹੈ ਕਿ ਇਸ ਗੱਲ ਦਾ ਕੋਈ ਮਹੱਤਵ ਨਹੀਂ ਹੈ ਕਿ ਪੁਲਿਸ ਅਫਸਰ ਲੰਬਾ ਸਮਾਂ ਪਹਿਲਾਂ ਉਥੇ ਮੌਜੂਦ ਸੀ। ਮੱਹਤਵ ਇਸ ਗੱਲ ਦਾ ਹੈ ਕਿ ਤੁਰੰਤ ਕਾਰਵਾਈ ਕਿਉਂ ਨਹੀਂ ਕੀਤੀ ਗਈ? ਜੇਕਰ ਤੁਰੰਤ ਕਾਰਵਾਈ ਕੀਤੀ ਜਾਂਦੀ ਤਾਂ ਮੇਰੀ ਬੱਚੀ ਸਮੇਤ ਕਈ ਮਾਸੂਮਾਂ ਦੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਸਨ। ਪੁਲਿਸ ਵੱਲੋਂ ਦਿੱਤੇ ਗਏ ਵੇਰਵੇ ਭੰਬਲਭੂਸੇ ਵਾਲੇ ਹਨ ਪਰੰਤੂ ਇਕ ਗੱਲ ਸਾਫ ਹੋਈ ਹੈ ਕਿ ਪੁਲਿਸ ਨੇ ਗੰਨਮੈਨ ਖਿਲਾਫ ਕਾਰਵਾਈ ਕਰਨ ਵਿਚ ਦੇਰੀ ਕੀਤੀ ਜਿਸ ਕਾਰਨ ਪੀੜਤ ਪਰਿਵਾਰਾਂ ਵਿਚ ਰੋਸ ਹੈ ਤੇ ਪੂਰੇ ਉਵਾਲਡੇ ਸ਼ਹਿਰ ਦੇ ਲੋਕ ਦੁੱਖੀ ਹਨ। ਇਕ ਹੋਰ ਔਰਤ ਜੈਨਫਰ ਗੈਟਨ ਨੇ ਇਕ ਨਿਊਜ਼ ਚੈਨਲ ਉਪਰ ਗੱਲਬਾਤ ਕਰਦਿਆਂ ਕਿਹਾ ਕਿ ''ਅਸੀਂ ਅਧਿਕਾਰੀਆਂ ਨੂੰ ਕਾਰਵਾਈ ਕਰਨ ਦੀ ਬੇਨਤੀ ਕੀਤੀ, ਉਨਾਂ ਕੋਲੋਂ ਕਾਰਵਾਈ ਦੀ ਭੀਖ ਮੰਗੀ। ਮੇਰਾ ਇਕ ਪੁਲਿਸ ਅਫਸਰ ਨਾਲ ਸਾਹਮਣਾ ਹੋਇਆ। ਮੈਨੂੰ ਲੱਗਾ ਕਿ ਉਹ ਜੋ ਕੁਝ ਸਕੂਲ ਅੰਦਰ ਚੱਲ ਰਿਹਾ ਸੀ, ਉਸ ਬਾਰੇ ਗੰਭੀਰ ਨਹੀਂ ਸਨ।'' ਮੌਕੇ ਦੇ ਹੋਰ ਗਵਾਹਾਂ ਨੇ ਵੀ ਪੁਲਿਸ ਦੀ ਕਾਰਵਾਈ ਬਾਰੇ ਇਸ ਕਿਸਮ ਦੇ ਦੋਸ਼ ਲਾਏ ਹਨ।  ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਡਾਇਰੈਕਟਰ ਮੈਕਕਰਾਅ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਗੰਨਮੈਨ ਦੇ ਸਕੂਲ ਵਿਚ ਦਾਖਲ ਹੋਣ ਤੋਂ ਦੋ ਮਿੰਟ ਬਾਅਦ ਤੇ ਗੰਨਮੈਨ ਦੇ  ਮਾਰੇ ਜਾਣ ਤੋਂ ਇਕ ਘੰਟਾ ਪਹਿਲਾਂ ਪਹਿਲਾ ਪੁਲਿਸ ਅਫਸਰ ਸਕੂਲ ਵਿਚ ਦਾਖਲ ਹੋ ਗਿਆ ਸੀ । ਮੈਕਰਾਅ ਨੇ ਕਿਹਾ ਕਿ ਤਕਰੀਬਨ 70 ਮਿੰਟ ਦੇ ਸਮੇ ਦੌਰਾਨ ਹੋਰ ਪੁਲਿਸ ਅਫਸਰ ਸਕੂਲ ਦੀ ਇਮਾਰਤ ਵਿਚ ਪੁੱਜੇ। ਉਹ ਹੋਰ ਸਾਧਨਾਂ ਦੀ ਮੰਗ ਕਰ ਰਹੇ ਸਨ ਪਰ ਕਿਸੇ ਨੇ ਵੀ ਸਕੂਲ ਦੇ ਉਸ ਕਮਰੇ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਜਿਥੇ ਗੰਨਮੈਨ ਸਲਵਾਡੋਰ ਰਾਮੋਸ ਲੁਕਿਆ ਹੋਇਆ ਸੀ। ਉਸ ਨੇ ਕਿਹਾ   ਗੰਨਮੈਨ ਦੇ ਮਾਰੇ ਜਾਣ ਤੋਂ 45 ਮਿੰਟ ਪਹਿਲਾਂ 19 ਪੁਲਿਸ ਅਫਸਰ ਖੜੇ ਵੇਖੇ ਗਏ। ਇਸੇ ਦੌਰਾਨ ਇਹ ਵੀ ਇੰਕਸ਼ਾਫ ਹੋਇਆ ਹੈ ਕਿ ਜਿਸ ਅਫਸਰ ਨੇ ਉਸ ਕਮਰੇ ਜਿਸ ਵਿਚ ਗੰਨਮੈਨ ਮੌਜਦ ਸੀ, ਦੇ ਦਰਵਾਜ਼ੇ ਨੂੰ ਤੋੜ ਕੇ ਅੰਦਰ ਨਾ ਜਾਣ ਦਾ ਨਿਰਨਾ ਲਿਆ ਸੀ,  ਉਹ ਪੁਲਿਸ ਅਫਸਰ ਸਕੂਲ ਡਿਸਟ੍ਰਿਕਟ ਪੁਲਿਸ ਮੁੱਖੀ ਸੀ । ਗੰਨਮੈਨ ਵਿਰੁੱਧ ਕਾਰਵਾਈ ਦਾ ਅੰਤਿਮ ਨਿਰਨਾ ਬਾਰਡਰ ਪੈਟਰੋਲ ਏਜੰਟਸ ਦੇ ਮੌਕੇ ਉਪਰ ਪਹੁੰਚਣ 'ਤੇ ਲਿਆ ਗਿਆ ਜਿਸ ਵਿਚ ਉਨਾਂ ਨੂੰ ਸਫਲਤਾ ਵੀ ਮਿਲੀ।9