ਬਿਹਾਰ ਚੋਣਾਂ: ਭਾਜਪਾ ਵਲੋਂ ਨਿਤੀਸ਼ ਦੀ ਸਿਆਸੀ ਹੋਂਦ ਨੂੰ ਖਤਮ ਕਾਰਨ ਦੀਆਂ ਤਿਆਰੀਆਂ

ਬਿਹਾਰ ਚੋਣਾਂ: ਭਾਜਪਾ ਵਲੋਂ ਨਿਤੀਸ਼ ਦੀ ਸਿਆਸੀ ਹੋਂਦ ਨੂੰ ਖਤਮ ਕਾਰਨ ਦੀਆਂ ਤਿਆਰੀਆਂ

ਬਿਹਾਰ ਵਿੱਚ  ਵੋਟਾਂ ਪੈਣ ਦਾ ਸਮਾਂ ਦੋ ਹਫ਼ਤਿਆਂ ਤੋਂ ਵੀ ਰਹਿ ਗਿਆ ਘੱਟ 
ਨਾਮਜ਼ਦਗੀਆਂ ਤੋਂ ਬਾਅਦ ਚੋਣ ਪ੍ਰਚਾਰ ਵਿਚ ਤੇਜ਼ੀ    

ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ

ਗਰੀਬ ਅਤੇ ਬਾਰਾਂ ਕਰੋੜ ਅਬਾਦੀ ਵਾਲੇ ਸੂਬੇ ਬਿਹਾਰ ਵਿੱਚ ਪਹਿਲੇ ਪੜਾਅ ਦੀਆਂ ਵੋਟਾਂ ਪੈਣ ਦਾ ਸਮਾਂ ਦੋ ਹਫ਼ਤਿਆਂ ਤੋਂ ਵੀ ਘੱਟ ਰਹਿ ਗਿਆ ਹੈ। ਨਾਮਜ਼ਦਗੀਆਂ ਤੋਂ ਬਾਅਦ ਚੋਣ ਪ੍ਰਚਾਰ ਤੇਜ਼ੀ ਫੜ ਰਿਹਾ ਹੈ। ਕੋਰੋਨਾ ਮਹਾਂਮਾਰੀ ਦੌਰਾਨ ਵਿਰੋਧੀ ਪਾਰਟੀਆਂ ਸਮੇਤ ਗਰੀਬ ਜਨਤਾ ਦੀ ਪੁਰਜ਼ੋਰ ਮੰਗ ਕਿ ਅਜੇ ਬਿਹਾਰ ਵਿੱਚ ਚੋਣਾਂ ਨਾ ਕਰਾਈਆਂ ਜਾਣ, ਨੂੰ ਠੁਕਰਾ ਕੇ ਦਿੱਲੀ ਵਿੱਚ ਬੈਠੀ ਭਾਜਪਾ (ਐੱਨ ਡੀ ਏ) ਸਰਕਾਰ ਅਤੇ ਪਿਛਲੇ ਪੰਦਰਾਂ ਸਾਲ ਤੋਂ ਰਾਜ ਕਰਦੀਆਂ ਪਾਰਟੀਆਂ ਨੇ ਅਜਿਹੇ ਸਮੇਂ ਨੂੰ ਆਪਣੇ ਲਈ ਢੁੱਕਵਾਂ ਸਮਝਦੇ ਹੋਏ, ਕੋਰੋਨਾ, ਭੁੱਖਮਰੀ, ਗਰੀਬੀ, ਬੇਰੁਜ਼ਗਾਰੀ, ਹੜ੍ਹਾਂ ਆਦਿ ਬਿਪਤਾ ਦੇ ਸਮੇਂ ਚੋਣਾਂ ਦਾ ਐਲਾਨ ਕਰਾ ਦਿੱਤਾ। ਅਗਲੀ ਗੱਲ ਵੱਖਰੀ ਹੈ ਕਿ ਰਾਜ ਕਰਦੇ ਗੱਠਜੋੜ ਨੇ ਜਿੰਨਾ ਇਨ੍ਹਾਂ ਚੋਣਾਂ ਨੂੰ ਹਲਕੇ ਵਿੱਚ ਲਿਆ ਸੀ, ਸੂਬੇ ਦੀ ਤਸਵੀਰ ਉਸ ਮੁਤਾਬਕ ਬਣ ਨਹੀਂ ਰਹੀ।

ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਭਾਰਤ ਵਿੱਚ ਜ਼ਿਆਦਾਤਰ ਬੀ ਜੇ ਪੀ ਦੀਆਂ ਨਿਰੋਲ ਜਾਂ ਫਿਰ ਗਠਜੋੜ ਦੀਆਂ ਸਰਕਾਰਾਂ ਹਨ। ਉਨ੍ਹਾਂ ਦੇ ਕੰਮਾਂ ਦਾ ਚੰਗਾ-ਮਾੜਾ ਅਸਰ ਬਾਕੀ ਸੂਬਿਆਂ ਵਿੱਚ ਪੈਂਦਾ ਹੈ। ਤੁਸੀਂ ਉੱਤਰ ਪ੍ਰਦੇਸ਼ ਨੂੰ ਹੀ ਲਵੋ, ਜੋ ਸੂਬਾ ਜਾਤੀਵਾਦੀ ਵਿਵਾਦਾਂ ਵਿੱਚ ਫਸ ਚੁੱਕਾ ਹੈ। ਯੋਗੀ ਦੇ ਰਾਜ ਵਿੱਚ ਦਲਿਤਾਂ ’ਤੇ ਹਮਲੇ ਵਧੇ ਹਨ। ਗੋਰਖਪੁਰ, ਜੌਨਪੁਰ, ਆਗਰਾ, ਸਹਾਰਨਪੁਰ, ਅਯੁੱਧਿਆ ਵਿੱਚ ਅਜਿਹੀਆਂ ਘਟਨਾਵਾਂ ਪਿਛਲੇ ਸਮੇਂ ਦੇਖਣ ਨੂੰ ਮਿਲੀਆਂ ਹਨ। ਕਾਰਨ, ਠਾਕੁਰ ਜਾਤੀ ਆਪਣਾ ਗਲਬਾ ਦਲਿਤਾਂ ਉੱਪਰ ਸਥਾਪਤ ਕਰਨਾ ਚਾਹੁੰਦੀ ਹੈ। ਦੂਜੇ ਪਾਸੇ ਦਲਿਤ ਆਪਣੇ ਅਧਿਕਾਰਾਂ ਲਈ ਸੰਘਰਸ਼ਸ਼ੀਲ ਹਨ, ਜਿਸ ਕਰਕੇ ਹਿੰਸਾ ਵਧਦੀ ਹੈ ਅਤੇ ਵਧ ਰਹੀ ਹੈ। ਹਾਥਰਸ ਵਿੱਚ ਚਾਰ ਠਾਕੁਰ ਲੜਕਿਆਂ ਵੱਲੋਂ ਇੱਕ ਉੱਨੀ ਸਾਲ ਦੀ ਦਲਿਤ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਕਾਰਨ ਦੋਵੇਂ ਜਾਤੀਆਂ ਆਹਮੋ-ਸਾਹਮਣੇ ਹਨ, ਜਿਸ ਕਰਕੇ ਠਾਕੁਰ ਯੋਗੀ ਅਤੇ ਭਾਜਪਾ ਵਾਲੇ ਫਸੇ ਪਏ ਹਨ। ਇਸ ਘਟਨਾ ਦਾ ਜਾਣੇ-ਅਣਜਾਣੇ ਬਿਹਾਰ ਦੀਆਂ ਚੋਣਾਂ ਵਿੱਚ ਅਸਰ ਪੈਣਾ ਲਾਜ਼ਮੀ ਹੈ, ਕਿਉਂਕਿ ਬਿਹਾਰ ਵਿੱਚ ਪਛੜੀਆਂ ਸ਼੍ਰੇਣੀਆਂ ਅਤੇ ਗਰੀਬ ਜਨਤਾ ਕਾਫ਼ੀ ਗਿਣਤੀ ਵਿੱਚ ਹੈ। ਅਜਿਹੀਆਂ ਘਟਨਾਵਾਂ ਕਰਕੇ ਭਾਜਪਾ ਸਹਿਯੋਗੀ ਵੀ ਦੂਰ ਹੋ ਰਹੇ ਹਨ। ਉਹ ਸੋਚਣ ’ਤੇ ਵੀ ਮਜਬੂਰ ਹੋ ਰਹੇ ਹਨ।

ਅਗਲੀ ਗੱਲ, ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅੱਜਕੱਲ੍ਹ ਨਿਤੀਸ਼ ਚਿਹਰੇ ਦੀ ਵੀ ਇੰਨੀ ਖਿੱਚ ਨਹੀਂ ਰਹੀ, ਜਿੰਨੀ ਪਹਿਲਾਂ ਹੋਇਆ ਕਰਦੀ ਸੀ ਜਾਂ ਮਹਿਸੂਸ ਕੀਤੀ ਜਾਂਦੀ ਸੀ, ਕਿਉਂਕਿ ਪ੍ਰਧਾਨ ਮੰਤਰੀ ਨੇ ਨਿਤੀਸ਼ ਦੇ ਮੁਕਾਬਲੇ ਆਪਣਾ ਕੱਦ ਕਾਫ਼ੀ ਉੱਚਾ ਕਰ ਲਿਆ ਹੈ। ਅਜਿਹਾ ਮੋਦੀ ਸਾਹਿਬ ਮਹਿਸੂਸ ਕਰ ਰਹੇ ਹਨ। ਉਂਜ ਭਾਵੇਂ ਬਿਹਾਰ ਦੀਆਂ 243 ਸੀਟਾਂ ਵਿੱਚੋਂ ਇੱਕ ਸੀਟ ਵੱਧ ਦੇ ਕੇ ਭਾਵ 122 ਸੀਟਾਂ ਦੇ ਕੇ ਉਸ ਦਾ ਮਾਣ ਰੱਖਣ ਦੀ ਗੱਲ ਆਖੀ ਹੈ। ਨਾਲ ਇਹ ਵੀ ਭਾਜਪਾ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਗੱਠਜੋੜ ਜਿੱਤਣ ਤੋਂ ਬਾਅਦ ਵੀ ਨਿਤੀਸ਼ ਹੀ ਮੁੱਖ ਮੰਤਰੀ ਹੋਣਗੇ। ਭਾਜਪਾ ਨੂੰ ਅਜਿਹਾ ਇਸ ਕਰਕੇ ਕਹਿਣਾ ਪਿਆ, ਕਿਉਂਕਿ ਭਾਜਪਾ ਦੇ ਕੁਝ ਸਹਿਯੋਗੀਆਂ ਨੇ ਇਹ ਨਾਅਰਾ ਵੀ ਦਿੱਤਾ ਹੈ ਕਿ “ਮੋਦੀ ਤੇਰੇ ਨਾਲ ਵੈਰ ਨਹੀਂ, ਨਿਤੀਸ਼ ਤੇਰੀ ਖੈਰ ਨਹੀਂ” ਪਰ ਅਸਲ ਵਿੱਚ ਜਿਨ੍ਹਾਂ ਨੂੰ ਭਾਜਪਾ ਵੱਲੋਂ ਟਿਕਟ ਨਹੀਂ ਮਿਲੀ, ਉਨ੍ਹਾਂ ਚਿਰਾਗ ਪਾਸਵਾਨ ਦੀ ਪਾਰਟੀ ਦੀ ਟਿਕਟ ਲਈ ਹੈ ਜਾਂ ਬਾਕੀ ਪਾਰਟੀਆਂ ਵਿੱਚੋਂ ਕਿਸੇ ਦੀ। ਕਈਆਂ ਨੇ ਕਾਂਗਰਸ ਦਾ ਪੱਲਾ ਵੀ ਫੜਿਆ ਹੈ। ਉਂਜ ਵੀ ਸ਼ਰਦ ਯਾਦਵ ਦੀ ਬੇਟੀ ਅਤੇ ਬਿਹਾਰੀ ਬਾਬੂ ਸ਼ਤਰੂਘਨ ਸਿਨ੍ਹਾ ਦਾ ਲੜਕਾ ਵੀ ਕਾਂਗਰਸ ਦੇ ਲੜ ਲੱਗਾ ਹੈ। ਕੀ ਇਹ ਹਵਾ ਦਾ ਰੁਖ ਹੈ?

ਅਗਲਾ ਮੁੱਦਾ ਜੋ ਅੱਜਕੱਲ੍ਹ ਨਿਤੀਸ਼ ਐਂਡ ਕੰਪਨੀ ਨੂੰ ਘੇਰ ਰਿਹਾ ਹੈ, ਉਹ ਹੈ ਨਿਤੀਸ਼ ਦਾ ਤਾਜ਼ਾ ਬਿਆਨ, ਜਿਸ ਵਿੱਚ ਉਸ ਨੇ ਆਖਿਆ ਹੈ ਕਿ ਬਿਹਾਰ ਵਿੱਚ ਭਾਰੀ ਉਦਯੋਗ ਆਦਿ ਇਸ ਕਰਕੇ ਨਹੀਂ ਲੱਗੇ ਅਤੇ ਨਾ ਹੀ ਲੱਗ ਸਕਦੇ ਹਨ, ਕਿਉਂਕਿ ਬਿਹਾਰ ਕਿਸੇ ਪਾਸਿਓਂ ਵੀ ਸਮੁੰਦਰ ਨਾਲ ਨਹੀਂ ਜੁੜਦਾ, ਵਿਰੋਧੀ ਪੰਜਾਬ, ਹਰਿਆਣਾ ਅਤੇ ਬਾਕੀ ਸੂਬਿਆਂ ਦੀਆਂ ਉਦਾਹਰਣਾਂ ਦੇ ਕੇ ਉਸ ਨੂੰ ਸਵਾਲ ਪੁੱਛ ਰਹੇ ਹਨ, ਜਿਸ ਕਰਕੇ ਉਹ ਲਾਜਵਾਬ ਹੋ ਗਿਆ ਹੈ। ਜਿਵੇਂ ਤੁਸੀਂ ਜਾਣਦੇ ਹੋ ਪਿਛਲੇ ਪੰਦਰਾਂ ਸਾਲਾਂ ਤੋਂ ਬਿਹਾਰੀ ਰਾਜਾ ਨਿਤੀਸ਼ ਹੀ ਹੈ। ਇਸ ਕਰਕੇ ਬਿਹਾਰ ਦੀ ਤਰੱਕੀ ਬਾਰੇ ਸੋਚਣਾ, ਕਰਨਾ, ਉਸ ਦਾ ਹੀ ਫ਼ਰਜ਼ ਹੈ। ਪਿਛਲੇ ਪੰਦਰਾਂ ਸਾਲਾਂ ਤੋਂ ਬਿਹਾਰ ਨਵੀਆਂ ਯੂਨੀਵਰਸਿਟੀਆਂ, ਕਾਲਜਾਂ, ਹਸਪਤਾਲਾਂ ਤੋਂ ਸੱਖਣਾ ਪਿਆ ਹੈ। ਸਾਰੇ ਸਵਾਲ ਸੱਤਾ ਤੋਂ ਪੁੱਛੇ ਜਾਂਦੇ ਹਨ। ਇਸ ਕਰਕੇ ਜਨਤਾ ਯਾਨੀ ਨਵੀਂ ਪੜ੍ਹੀ-ਲਿਖੀ ਪੀੜ੍ਹੀ ਵਿਕਾਸ ਸੰਬੰਧੀ ਸਵਾਲ ਪੁੱਛ ਰਹੀ ਹੈ। ਨਵੀਂ ਪੀੜ੍ਹੀ ਸਾਫ਼ ਸਵਾਲ ਕਰ ਰਹੀ ਹੈ ਕਿ ਸਾਨੂੰ ਜਾਤੀਵਾਦੀ, ਝਗੜੇ, ਨਫ਼ਰਤ, ਊਚ-ਨੀਚ ਨਹੀਂ ਚਾਹੀਦੀ। ਸਾਨੂੰ ਰੁਜ਼ਗਾਰ, ਵਿੱਦਿਆ ਚਾਹੀਦੀ ਹੈ, ਜਿਸ ਨੂੰ ਮੁਹਈਆ ਕਰਾਉਣ ਵਿੱਚ ਤੁਸੀਂ ਅਸਮਰੱਥ ਰਹੇ ਹੋ।

ਤੁਸੀਂ ਅਖ਼ਬਾਰਾਂ, ਟੈਲੀਵਿਜ਼ਨਾਂ ਅਤੇ ਬਾਕੀ ਸਾਧਨਾਂ ਰਾਹੀਂ ਜਾਣਿਆ ਹੋਵੇਗਾ ਕਿ ਐੱਨ ਡੀ ਏ ਵਿੱਚ ਸਭ ਕੁਝ ਠੀਕ-ਠਾਕ ਨਹੀਂ ਚੱਲ ਰਿਹਾ। ਭਾਜਪਾ ਵਿੱਚੋਂ ਨੌਂ ਪਾਰਟੀ ਲੀਡਰ ਉਨ੍ਹਾਂ ਚੱਲਦੇ ਕਰ ਦਿੱਤੇ ਜਾਂ ਉਹ ਪਾਰਟੀ ਨੂੰ ਵੱਖ-ਵੱਖ ਕਾਰਨਾਂ ਕਰਕੇ ਅਲਵਿਦਾ ਆਖ ਗਏ। ਇਸੇ ਤਰ੍ਹਾਂ ਨਿਤੀਸ਼ ਦੀ ਪਾਰਟੀ ਵਿੱਚ ਹੋਇਆ। ਉਸ ਨੇ ਵੀ ਵੱਖ ਵੱਖ ਕਾਰਨਾਂ ਕਰਕੇ ਡੇਢ ਦਰਜਨ ਪਾਰਟੀ ਕਾਰਕੁਨਾਂ, ਮਨਿਸਟਰਾਂ ਅਤੇ ਬਾਕੀ ਪਾਰਟੀ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂ ਇਓਂ ਆਖ ਲਵੋ ਕਿ ਉਹਨਾਂ ਡੁੱਬਦਾ ਜਹਾਜ਼ ਦੇਖ ਕੇ ਆਪ ਛਾਲਾਂ ਮਾਰ ਦਿੱਤੀਆਂ। ਇਹ ਸਭ ਤਾਂ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ।

ਨਿਤੀਸ਼ ਬਾਰੇ ਨੌਜਵਾਨ ਵਰਗ ਇੰਨਾ ਜਾਗਰੂਕ ਹੋ ਚੁੱਕਾ ਹੈ ਕਿ ਉਹ ਸਿਰਫ਼ ਨਿਤੀਸ਼ ਵਿਰੋਧੀ ਹੋ ਚੁੱਕਾ ਹੈ। ਚਿਰਾਗ ਪਾਸਵਾਨ ਨੇ ਆਪਣੀ ਇੱਕ ਐੱਨ ਡੀ ਟੀ ਵੀ ਇੰਟਰਵਿਊ ਵਿੱਚ ਕਿਹਾ ਕਿ ਮੇਰੇ ਪਾਪਾ ਜੀ ਦਾ ਮੰਨਣਾ ਸੀ ਕਿ ਬਿਹਾਰ ਦੀ ਭਲਾਈ ਲਈ ਨਿਤੀਸ਼ ਦਾ ਹਾਰਨਾ ਜ਼ਰੂਰੀ ਹੈ। ਇਸ ਕਰਕੇ ਮੇਰੀ ਮੁੱਖ ਲੜਾਈ ਨਿਤੀਸ਼ ਖਿਲਾਫ਼ ਹੈ। ਤਾਹੀਉਂ ਤਾਂ ਨਿਤੀਸ਼ ਨੂੰ ਸਵਾਲ ਕਰਦਾ ਹਾਂ, ਨਾ ਕਿ ਤੇਜਸਵੀ ਨੂੰ। ਨਿਤੀਸ਼ ਨੂੰ ਹਰਾਉਣਾ ਮੇਰਾ ਮੁੱਖ ਮੁੱਦਾ ਹੈ। ਉਸ ਦੀ ਜਗ੍ਹਾ ਕੌਣ ਆਵੇ, ਇਹ ਮੇਰਾ ਮੁੱਦਾ ਨਹੀਂ ਹੈ।

ਜਿਵੇਂ ਸਭ ਜਾਣਦੇ ਹਨ ਕਿ ਬਿਹਾਰ ਵਿਧਾਨ ਸਭਾ ਦੀ ਚੋਣ ਨਾ ਮੁੱਖ ਮੰਤਰੀ ਨਿਤੀਸ਼ ਕੁਮਾਰ ਲੜਦਾ ਹੈ, ਨਾ ਹੀ ਵਿਧਾਨ ਸਭਾ ਦੀ ਚੋਣ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਲੜਦਾ ਹੈ। ਇਹ ਦੋਵੇਂ ਰਿਸਕ ਨਹੀਂ ਲੈਂਦੇ। ਦੋਵੇਂ ਐੱਮ ਐੱਲ ਸੀ ਬਣ ਕੇ ਫਿਰ ਅਹੁਦਿਆਂ ’ਤੇ ਬਿਰਾਜਮਾਨ ਹੁੰਦੇ ਹਨ। ਇਸ ਵਾਰ ਤੇਜਸਵੀ ਨੇ ਆਪਣੀ ਨਾਮਜ਼ਦਗੀ ਦਾਖਲ ਕਰਦਿਆਂ ਨਿਤੀਸ਼ ਕੁਮਾਰ ਨੂੰ ਲਲਕਾਰਿਆ ਹੈ ਕਿ ਜੇਕਰ ਤੂੰ ਬਿਹਾਰ ਦਾ ਕੁਝ ਸੰਵਾਰਿਆ ਹੈ ਤਾਂ ਜਿੱਥੋਂ ਮਰਜ਼ੀ ਮੇਰੇ ਮੁਕਾਬਲੇ ਚੋਣ ਲੜ ਕੇ ਦੇਖ ਲੈ, ਤੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਕਿੰਨੇ ਪਾਣੀ ਵਿੱਚ ਹੈਂ। ਸੂਚਨਾਵਾਂ ਮੁਤਾਬਕ ਦਿਨੋ-ਦਿਨ ਤੇਜਸਵੀ ਮੁਹਿੰਮ ਭਖ ਰਹੀ ਹੈ। ਉਹ ਆਪਣੀ ਚੋਣ ਮੁਹਿੰਮ ਦੌਰਾਨ ਜਾਤ-ਪਾਤ ਤੋਂ ਉੱਪਰ ਉੱਠ ਕੇ ਮੁੱਦਿਆਂ ’ਤੇ ਜਨਤਾ ਤੋਂ ਵੋਟ ਮੰਗ ਰਿਹਾ ਹੈ। ਉਸ ਨੇ ਤਾਂ ਨਿਤੀਸ਼ ਨੂੰ ਸਾਫ਼-ਸਾਫ਼ ਆਖਿਆ ਹੈ ਕਿ  ਅਗਰ ਦਮ ਹੈ ਤਾਂ ਪਿਛਲੇ 15 ਸਾਲਾਂ ਵਿੱਚ ਕੀਤੇ ਕੰਮਾਂ ਦੇ ਸਿਰ ’ਤੇ ਵੋਟ ਮੰਗ।

ਲਾਲੂ ਸਾਹਿਬ ਭਾਵੇਂ ਅੱਜ-ਕੱਲ੍ਹ ਜੇਲ ਵਿੱਚ ਹਨ ਫਿਰ ਵੀ ਨਿਤੀਸ਼ ਕੁਮਾਰ ਦਾ ਚੋਣਾਂ ਵਿੱਚ ਰਾਹ ਆਸਾਨ ਨਹੀਂ ਹੈ, ਕਿਉਂਕਿ ਕੋਰੋਨਾ ਤੋਂ ਬਾਅਦ ਲਾਕਡਾਊਨ ਦੌਰਾਨ ਪ੍ਰਵਾਸੀ ਮੁੱਦੇ ਨੂੰ ਠੀਕ ਤਰ੍ਹਾਂ ਨਾ ਨਜਿੱਠਣ ਕਾਰਨ ਨਿਤੀਸ਼ ਦੀ ਲੋਕਪ੍ਰਿਯਤਾ ਵਿੱਚ ਕਾਫ਼ੀ ਗਿਰਾਵਟ ਆਈ ਹੈ। ਲਾਕਡਾਊਨ ਦੌਰਾਨ ਜਿਵੇਂ ਨਿਤੀਸ਼ ਨੇ ਰੇਲ ਗੱਡੀਆਂ ਦੀ, ਮਜ਼ਦੂਰਾਂ ਦੀ ਵਾਪਸੀ ਲਈ ਮੰਗ ਨਹੀਂ ਰੱਖੀ, ਨਾ ਹੀ ਰੇਲ ਕਿਰਾਇਆ ਆਦਿ ਦਾ ਪ੍ਰਬੰਧ ਕੀਤਾ ਗਿਆ, ਕਿਉਂਕਿ ਨਿਤੀਸ਼ ਦੁਖੀ, ਬੇਰੁਜ਼ਗਾਰਾਂ ਦੀ ਸੂਬਾ ਘਰ ਵਾਪਸੀ ’ਤੇ ਖੁਸ਼ ਨਹੀਂ ਸੀ, ਜਿਸਦਾ ਇੱਕ ਕਾਰਨ ਭਾਜਪਾ ਨਾਲ ਸਾਂਝ  ਹੋ ਸਕਦਾ ਹੈ। ਉਂਜ ਵੀ ਪਿਛਲੇ ਪੰਦਰਾਂ ਸਾਲਾਂ ਤੋਂ ਲਗਾਤਾਰ ਇੱਕ ਚਿਹਰਾ ਦੇਖਦੇ ਹੋਏ ਜਨਤਾ ਲਗਦਾ ਹੈ ਉਕਤਾ ਚੁੱਕੀ ਹੈ।

ਮਹਾਂਗਠਜੋੜ ਨੇ ਬਿਹਾਰ ਵਿੱਚ ਤੇਜਸਵੀ ਨੂੰ ਆਪਣਾ ਲੀਡਰ ਚੁਣਿਆ ਹੈ। ਭਾਵ ਜਿੱਤਣ ਦੀ ਸੂਰਤ ਵਿੱਚ ਉਹ ਹੀ ਮੁੱਖ ਮੰਤਰੀ ਹੋਵੇਗਾ। ਉਸ ਨੇ ਵੀ ਸੀਟਾਂ ਦੀ ਵੰਡ ਕਰਨ ਲੱਗਿਆਂ ਬਹੁਤੀ ਫਰਾਖ਼ਦਿਲੀ ਨਹੀਂ ਦਿਖਾਈ, ਭਾਈਵਾਲਾਂ ਨੇ ਤਬਦੀਲੀ ਵਾਸਤੇ ਸਭ ਕਬੂਲ ਕਰ ਲਿਆ ਹੈ। ਸਭ ਨੇ ਆਪੋ-ਆਪਣੀ ਚੋਣ ਮੁਹਿੰਮ ਤੇਜ਼ ਕਰ ਦਿੱਤੀ ਹੈ। ਖੱਬੇ ਪੱਖੀਆਂ (ਸਭ ਗਰੁੱਪਾਂ) ਨੂੰ ਭਾਵੇਂ ਢਾਈ ਦਰਜਨ ਦੇ ਕਰੀਬ ਸੀਟਾਂ ਦਿੱਤੀਆਂ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਉਹ ਸਭ ਵੀ ਬੜੀ ਸੁਹਿਰਦਤਾ ਨਾਲ ਲੋਕਾਂ ਦੇ ਮੁੱਦਿਆਂ ’ਤੇ ਆਪਣਾ ਚੋਣ ਪ੍ਰਚਾਰ ਕਰਨਗੇ ਅਤੇ ਚੰਗੇ ਸਿੱਟੇ ਕੱਢਣਗੇ।

ਡਾ. ਕਨ੍ਹੱਈਆ ਕੁਮਾਰ ਨੇ ਕਿਹਾ ਹੈ ਕਿ ਮੈਂ ਸਭ ਉਨ੍ਹਾਂ ਸੀਟਾਂ ’ਤੇ ਜਾਵਾਂਗਾ, ਜਿੱਥੇ-ਜਿੱਥੇ ਮਹਾਂਗਠਜੋੜ ਵਾਲੇ ਜ਼ਰੂਰਤ ਸਮਝਣਗੇ। ਅਸੀਂ ਲੋਕ ਪੱਖੀ, ਜਨਤਾ ਪੱਖੀ ਮੁੱਦਿਆਂ ’ਤੇ ਜਿਵੇਂ ਬਿਜਲੀ, ਪਾਣੀ, ਸਿੱਖਿਆ, ਸਿਹਤ, ਬੇਰੁਜ਼ਗਾਰੀ ਆਦਿ ਮੁੱਦਿਆਂ ’ਤੇ ਚੋਣ ਲੜਾਂਗੇ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸਾਥੀ ਜਿੱਤਣ ਤੋਂ ਬਾਅਦ ਵੀ ਅਤੇ ਹਾਰਨ ਤੋਂ ਬਾਅਦ ਵੀ ਆਪਣੇ ਹਲਕੇ ਯਾਨੀ ਆਪਣੀ ਜਨਤਾ ਵਿੱਚ ਸੇਵਾ ਨਿਭਾਉਂਦੇ ਰਹਿਣਗੇ। ਵੋਟ ਪਾਉਣ ਤੋਂ ਪਹਿਲਾਂ ਚੰਗੇ ਉਮੀਦਵਾਰ ਦੀ ਚੰਗੀ ਤਰ੍ਹਾਂ ਪਛਾਣ ਕਰੋ ਤਾਂ ਕਿ ਪਿੱਛੋਂ ਪਛਤਾਉਣਾ ਨਾ ਪਵੇ।