ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਨੇ ਭਾਰਤ ਦੇ ਖੇਤੀ ਕਾਨੂੰਨਾਂ ਖਿਲਾਫ ਤਿੰਨ ਬਿੱਲ ਪੇਸ਼ ਕੀਤੇ

ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਨੇ ਭਾਰਤ ਦੇ ਖੇਤੀ ਕਾਨੂੰਨਾਂ ਖਿਲਾਫ ਤਿੰਨ ਬਿੱਲ ਪੇਸ਼ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਅੱਜ ਪੰਜਾਬ ਵਿਧਾਨ ਸਭਾ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਬਿੱਲ ਪੇਸ਼ ਕੀਤੇ। ਇਹਨਾਂ ਬਿੱਲਾਂ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪੇਸ਼ ਕੀਤਾ। ਮੁੱਖ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਨਾਲ ਖੜ੍ਹੀ ਹੈ ਅਤੇ ਜੇ ਭਾਰਤ ਦੀ ਸਰਕਾਰ ਉਹਨਾਂ ਦੀ ਪੰਜਾਬ ਸਰਕਾਰ ਨੂੰ ਬਰਖਾਸਤ ਕਰਨਾ ਚਾਹੇ ਤਾਂ ਉਹ ਉਸ ਤੋਂ ਵੀ ਨਹੀਂ ਡਰਦੇ। ਉਹਨਾਂ ਕਿਹਾ ਕਿ ਉਹ ਪਹਿਲਾਂ ਵੀ ਪੰਜਾਬ ਦੇ ਹੱਕਾਂ ਲਈ ਅਸਤੀਫੇ ਦੇ ਚੁੱਕੇ ਹਨ ਅਤੇ ਹੁਣ ਵੀ ਜੇ ਹਾਲਾਤ ਬਣਦੇ ਨੇ ਤਾਂ ਉਹ ਅਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਵਿਚ ਜਾਣ ਲਈ ਤਿਆਰ ਹਨ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ "ਕਿਸਾਨ ਉਪਜ ਵਪਾਰ ਅਤੇ ਵਣਜ (ਤਰੱਕੀ ਅਤੇ ਸਰਲਤਾ) ਸਪੈਸ਼ਲ ਪ੍ਰੋਵੀਜ਼ਨ ਤੇ ਪੰਜਾਬ ਸੋਧ ਬਿੱਲ 2020; ਭਰੋਸੇਮੰਦ ਕੀਮਤ ਅਤੇ ਖੇਤੀਬਾੜੀ ਸੇਵਾਵਾਂ ਸਪੈਸ਼ਲ ਪ੍ਰੋਵੀਜ਼ਨ ਤੇ ਪੰਜਾਬ ਸੋਧ ਬਿੱਲ 2020; ਜ਼ਰੂਰੀ ਵਸਤੂਆਂ ਸਪੈਸ਼ਲ ਪ੍ਰੋਵੀਜ਼ਨ ਤੇ ਪੰਜਾਬ ਸੋਧ ਬਿੱਲ 2020" ਇਹ ਤਿੰਨ ਬਿੱਲ ਪੇਸ਼ ਕੀਤੇ। 

ਹੁਣ ਇਹਨਾਂ ਬਿੱਲਾਂ 'ਤੇ ਵਿਧਾਨ ਸਭਾ ਵਿਚ ਬਹਿਸ ਚੱਲ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਇਹਨਾਂ ਬਿੱਲਾਂ 'ਤੇ ਰਾਸ਼ਟਰਪਤੀ ਦੇ ਦਸਤਖਤ ਜ਼ਰੂਰੀ ਹਨ ਪਰ ਸਰਕਾਰ ਇਹਨਾਂ ਬਿੱਲਾਂ 'ਤੇ ਕਾਨੂੰਨੀ ਲੜਾਈ ਲੜੇਗੀ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਇਸ ਗੱਲ ਦਾ ਧਿਆਨ ਰੱਖੇ ਕਿ ਪੰਜਾਬ ਸਰਹੱਦੀ ਸੂਬਾ ਹੈ ਅਤੇ ਇੱਥੇ ਫੇਰ 1984 ਵਰਗੇ ਹਾਲਾਤ ਬਣ ਸਕਦੇ ਹਨ।