ਬੀਬੀ ਖਾਲੜਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਨ ਲਈ ਵਲਟੋਹਾ ਅਤੇ ਡਿੰਪਾ ਦੀ ਮੰਗ ਦਾ ਸਖਤ ਨੋਟਿਸ ਲਿਆ
ਤਰਨਤਾਰਨ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਅਕਾਲੀ ਦਲ ਬਾਦਲ ਦੇ ਮੁਖ ਬੁਲਾਰੇ ਪ੍ਰੋ. ਵਿਰਸਾ ਸਿੰਘ ਵਲਟੋਹਾ ਤੇ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਜਸਬੀਰ ਸਿੰਘ ਡਿੰਪਾ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਮੰਗ ਕਰਕੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਆਪਣਾ ਚੋਣ ਮੈਨੀਫੈਸਟੋ ਕਹਿਣ ਦੇ ਦੋਸ਼ ਵਿਚ ਸ੍ਰੀ ਅਕਾਲ ਤਖਤ ਸਾਹਿਬ ਉਤੇ ਤਲਬ ਕਰਨ ਤੇ ਸਜਾ ਲਾਉਣ ਦੇ ਬਿਆਨ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਹੈ ਕਿ ਜਥੇਦਾਰ ਨੂੰ ਤਲਬ ਜ਼ਰੂਰ ਕਰਨਾ ਚਾਹੀਦਾ ਹੈ, ਪਰ ਉਹਨਾਂ ਨੂੰ ਜਿਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਤੇ ਢੁਹਾਇਆ।
ਉਹਨਾਂ ਕਿਹਾ, "ਜਿਹਨਾਂ ਸ੍ਰੀ ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕੀਤਾ ਅਤੇ ਕਰਵਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਉਤੇ ਮੱਥਾ ਟੇਕਣ ਆਈ ਸੰਗਤ ਦਾ ਕਤਲੇਆਮ ਕੀਤਾ ਤੇ ਕਰਵਾਇਆ। 25 ਹਜ਼ਾਰ ਸਿੱਖ ਨੌਜਵਾਨਾਂ ਦੀਆਂ ਲਾਵਾਰਿਸ ਲਾਸ਼ਾਂ ਕਰਾਰ ਦੇ ਕੇ ਸਸਕਾਰੀਆਂ ਤੇ ਜਿਹਨਾਂ ਨੇ ਇਸ ਕੰਮ ਵਿਚ ਉਹਨਾਂ ਦੀ ਮਦਦ ਕੀਤੀ। ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਜ਼ਰੂਰ ਤਲਬ ਕੀਤਾ ਜਾਣਾ ਚਾਹੀਦਾ ਹੈ, ਜਿਹਨਾਂ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੁੱਕ ਕੇ ਸ਼ਹੀਦ ਕੀਤਾ ਤੇ ਕਰਵਾਇਆ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਲੱਤ ਲਾਈ ਤੇ ਲੁਆਈ। ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਤਲਬ ਜਰੂਰ ਕੀਤਾ ਜਾਣਾ ਚਾਹੀਦਾ ਹੈ ਜਿਹਨਾਂ ਨੇ ਪੰਜਾਬ ਦੇ ਲੋਕਾਂ ਦੀ ਲੁੱਟ-ਕੁੱਟ ਕੀਤੀ ਅਤੇ ਕਰਵਾਈ ਤੇ ਹੁਣ ਅਰਬਾਂ ਖਰਬਾਂ ਦੇ ਮਾਲਕ ਬਣ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ, ਜਦੋਂ ਕਿ ਪੰਜਾਬ ਦੀ ਜਵਾਨੀ ਤੇ ਕਿਸਾਨੀ ਗਰੀਬੀ ਤੇ ਬੇਰੁਜ਼ਗਾਰੀ ਦਾ ਸਰਾਪ ਸਹਿੰਦੀ ਹੋਈ ਆਤਮ-ਹੱਤਿਆਵਾਂ ਕਰ ਰਹੀ ਹੈ ਜਾਂ ਪ੍ਰਦੇਸਾਂ ਵਿਚ ਜਾ ਕੇ ਰੁਲਣ ਲਈ ਮਜ਼ਬੂਰ ਹੈ। ਇਹੀ ਲੋਕ ਸਨ ਜਿਹਨਾਂ ਨੇ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਪ੍ਰੇਰਿਆ ਤੇ ਹੁਣ ਆਪਣੀ ਆਤਮਾ ਵੇਚ ਕੇ ਰਾਜਸਤਾ ਦਾ ਸੁੱਖ ਮਾਣ ਰਹੇ ਹਨ।"
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਦਰਅਸਲ ਇਹੀ ਨਿਖੇੜਾ ਹੈ, ਜਿਹੜਾ ਬੀਬੀ ਪਰਮਜੀਤ ਕੌਰ ਖਾਲੜਾ ਪੰਜਾਬ ਦੀ ਰਾਜਨੀਤੀ ਵਿਚ ਕਰਨਾ ਚਾਹੁੰਦੇ ਹਨ। ਇਸ ਵੇਲੇ ਪੰਜਾਬ ਦੀ ਰਾਜਨੀਤੀ ਵਿਚ ਨੈਤਿਕਤਾ ਜਾਂ ਸਦਾਚਾਰ ਨਾਂ ਦੀ ਕੋਈ ਚੀਜ ਨਹੀਂ। ਹਰ ਹੀਲੇ-ਵਸੀਲੇ ਚੋਣ ਜਿਤਣ ਲਈ ਹਰ ਕਿਸਮ ਦੀ ਠੱਗੀ ਤੇ ਝੂਠ-ਫਰੇਬ-ਪਾਖੰਡ ਕੀਤੇ ਜਾ ਰਹੇ ਹਨ। ਜਿਸ ਮਾਇਆ ਬਾਰੇ ਗੁਰੂ ਸਾਹਿਬ ਨੇ ਕਿਹਾ ਹੈ, 'ਪਾਪਾ ਬਾਝਹੁ ਹੋਵੇ ਨਾਹੀ ਮੁਇਆ ਸਾਥਿ ਨ ਜਾਈ', ਲੋਕਾਂ ਦੀ ਲੁਟ ਤੇ ਕੁਟ ਨਾਲ ਇਕੱਠੀ ਕੀਤੀ ਉਸ ਮਾਇਆ ਦੀ ਅੰਨ੍ਹੀ ਵਰਤੋਂ ਕਰਕੇ ਤੇ ਮੀਡੀਏ ਦੇ ਵੱਡੇ ਹਿੱਸੇ ਨੂੰ ਖਰੀਦ ਕੇ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੂੰ ਭਰਮਾਉਣ ਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਕਿਹਾ ਹੈ ਕਿ ਬੀਬੀ ਪਰਮਜੀਤ ਕੌਰ ਖਾਲੜਾ ਪੰਜਾਬ ਦੀ ਰਾਜਨੀਤੀ ਵਿਚੋਂ ਇਸ ਠੱਗੀ ਤੇ ਝੂਠ-ਫਰੇਬ ਨੂੰ ਖਤਮ ਕਰਨ ਲਈ ਨੈਤਿਕਤਾ ਤੇ ਸਦਾਚਾਰ ਦਾ ਬੋਲਬਾਲਾ ਕਰਨਾ ਚਾਹੁੰਦੇ ਹਨ, ਜਿਸਦਾ ਸੋਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਹੈ ਅਤੇ ਇਹ ਗਲ ਬੀਬੀ ਪਰਮਜੀਤ ਕੌਰ ਖਾਲੜਾ ਨੇ ਪਹਿਲੀ ਵਾਰ ਨਹੀਂ ਕਹੀ। ਇਹੀ ਐਲਾਨ ਬਹੁਜਨ ਸਮਾਜ ਪਾਰਟੀ ਦੇ ਬਾਨੀ ਪ੍ਰਧਾਨ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਪਾਰਲੀਮੈਂਟ ਵਿਚ ਬੋਲਦਿਆਂ ਆਪਣੀ ਪਹਿਲੀ ਤਕਰੀਰ ਵਿਚ ਕੀਤਾ ਸੀ। ਪਹਿਲੀ ਵਾਰ ਉਨ੍ਹਾਂ ਨੇ ਪਾਰਲੀਮੈਂਟ ਵਿਚ ਕਿਹਾ ਸੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਕਸ਼ਮੀਰ ਤੋਂ ਕੰਨਿਆਕੁਮਾਰੀ ਤਕ ਫੈਲਾਉਣਾ ਚਾਹੁੰਦਾ ਹਾਂ।
ਇਹੀ ਗਲ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਕੈਨੇਡਾ ਵਿਖੇ ਸੰਗਤ ਨੂੰ ਸੰਬੋਧਨ ਕਰਦਿਆਂ ਆਪਣੀ ਆਖਰੀ ਤਕਰੀਰ ਵਿਚ ਕਹੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਕੀਵੀਂ ਸਦੀ ਸਿਰਜਣ ਵਾਲੇ ਫਿਲਾਸਫਰ ਅਜਿਹੇ ਸਿਧਾਂਤ ਲਿਆ ਰਹੇ ਹਨ ਜਿਸ ਨੂੰ ਉਹ ਨੈਤਿਕਤਾ ਆਧਾਰਿਤ ਰਾਜਨੀਤੀ ਕਹਿੰਦੇ ਹਨ। ਇਹੀ ਸਾਡੇ ਸਤਿਗੁਰ ਦੀ ਬਖਸ਼ੀ ਧਰਮ ਆਧਾਰਿਤ ਰਾਜਨੀਤੀ ਹੈ, ਜਿਹੜੀ ਮੰਨਦੀ ਹੈ ਕਿ ਜਦੋਂ ਰਾਜਾ ਧਰਮ ਤੋਂ ਦੂਰ ਹੋ ਜਾਏ ਤਾਂ ਉਹ ਸ਼ੀਹ ਬਣ ਜਾਂਦਾ ਏ ਤੇ ਅਹਿਲਕਾਰ ਕੁਤੇ ਬਣ ਜਾਂਦੇ ਨੇ ਤੇ ਜੇ ਚੰਗਾ ਰਾਜ ਤੇ ਚੰਗਾ ਸਮਾਜ ਸਿਰਜਣਾ ਚਾਹੁੰਦੇ ਹੋ ਤਾਂ ਧਰਮ ਦਾ ਕੁੰਡਾ ਰਾਜ ਦੇ ਉਪਰ ਹੋਣਾ ਚਾਹੀਦਾ ਏ। ਇਹ ਫਿਲਾਸਫੀ ਸਿਰਫ ਸਿੱਖਾਂ ਨੂੰ ਨਹੀਂ ਬਲਕਿ ਸਮੁਚੀ ਮਾਨਵਤਾ ਨੂੰ ਸਾਡੇ ਸਤਿਗੁਰਾਂ ਨੇ ਦਿਤੀ ਸੀ। ਪਰਿਵਾਰਕ, ਸਮਾਜਿਕ ਤੇ ਰਾਜਨੀਤਕ ਬੀਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਅਜਿਹੀ ਰਾਜਨੀਤੀ ਹੀ ਕੰਮ ਆ ਸਕਦੀ ਹੈ। ਇਸੇ ਧਾਰਨਾ ਦੀ ਵਿਆਖਿਆ ਬੀਬੀ ਪਰਮਜੀਤ ਕੌਰ ਖਾਲੜਾ ਕਰ ਰਹੀ ਹੈ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)