ਬਾਦਸ਼ਾਹ ਔਰੰਗਜ਼ੇਬ ਦੇ ਆਖ਼ਰੀ ਦਿਨ ਤੇ ਜ਼ਫ਼ਰਨਾਮਾ

ਬਾਦਸ਼ਾਹ ਔਰੰਗਜ਼ੇਬ ਦੇ ਆਖ਼ਰੀ ਦਿਨ ਤੇ ਜ਼ਫ਼ਰਨਾਮਾ
ਨਰਿੰਜਨ ਸਿੰਘ ਸਾਥੀ
 
ਔਰੰਗਜ਼ੇਬ ਬੜਾ ਕੱਟੜ ਤੇ ਕਰੜਾ ਬਾਦਸ਼ਾਹ ਸੀ। ਉਸ ਨੇ ਪੰਜਾਹ ਸਾਲ ਹਿੰਦੁਸਤਾਨ ਉੱਤੇ ਕਰੜੇ ਹੱਥੀਂ ਰਾਜ ਕੀਤਾ। ਕੁਝ ਮੁਸਲਿਮ ਇਤਿਹਾਸਕਾਰ ਉਸ ਨੂੰ ਅਤਿ ਸਾਦਾ, ਪਰੀਸ਼ਰਮੀ, ਧਾਰਮਿਕ ਤੇ ਇਨਸਾਫਪਸੰਦ ਸ਼ਾਸਕ ਲਿਖਦੇ ਹਨ ਪਰ ਹਿੰਦੁਸਤਾਨ ਦੀ ਬਹੁ-ਗਿਣਤੀ ਹਿੰਦੂ ਜਨਤਾ, ਉਸ ਨੂੰ ਇੱਕ ਧਰਮ-ਜਨੂੰਨੀ, ਪੱਖਪਾਤੀ ਤੇ ਅਤਿਆਚਾਰੀ ਹੁਕਮਰਾਨ ਦੇ ਤੌਰ ’ਤੇ ਯਾਦ ਕਰਦੀ ਹੈ। ਜਿਸ ਨੇ ਆਪਣੀ ਸਾਰੀ ਉਮਰ ਇਸਲਾਮ ਨੂੰ ਵਧਾਉਣ ਤੇ ਗੈਰ-ਇਸਲਾਮੀ ਧਰਮਾਂ ਨੂੰ ਗਿਰਾਉਣ ਵਿੱਚ ਹੀ ਬਤੀਤ ਕੀਤੀ। ਉਹ ਸਾਰੀ ਉਮਰ ਰਾਜਪੂਤਾਂ, ਸਿੱਖਾਂ, ਮਰਹੱਟਿਆਂ ਤੇ ਪਠਾਣਾਂ ਦੀ ਤਾਕਤ ਨੂੰ ਨਸ਼ਟ ਕਰਨ ਵਿੱਚ ਹੀ ਲੱਗਾ ਰਿਹਾ। ਨਤੀਜਾ ਇਹ ਹੋਇਆ ਕਿ ਉਸ ਦੀ ਮੌਤ ਉਪਰੰਤ ਇਹ ਸਾਰੀਆਂ ਸ਼ਕਤੀਆਂ ਇਕ ਦਮ ਉੱਭਰ ਕੇ ਆਪਣੇ ਪੈਰਾਂ ’ਤੇ ਖੜੋ ਗਈਆਂ ਤੇ ਮੁਗਲ ਸਾਮਰਾਜ ਦਾ ਮਹਿਲ ਸ਼ਕਤੀਹੀਣ ਹੋ ਕੇ ਧਰਤੀ ਉੱਤੇ ਡਿੱਗ ਪਿਆ।
 
ਐਸੇ ਧੜੱਲੇਦਾਰ ਵਿਅਕਤੀਤਵ ਦੇ ਮਾਲਕ ਬਾਦਸ਼ਾਹ ਔਰੰਗਜ਼ੇਬ ਦੇ ਆਖਰੀ ਦਿਨ ਵੀ ਦੇਖਣ ਵਾਲੇ ਹਨ। ਜਾਪਦਾ ਹੈ, ਆਖਰੀ ਦਿਨਾਂ ਵਿੱਚ ਉਸ ਦੇ ਸੁਭਾਅ ਵਿੱਚ ਕਾਫੀ ਨਿਰਮਾਣਤਾ ਆ ਗਈ ਸੀ। ਇਸ ਦਾ ਇਕ ਪ੍ਰਮਾਣ ਤਾਂ ਇਹੀ ਹੈ ਕਿ 1693ਈ. ਵਿੱਚ ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਤੋਂ ਉਜਾੜ ਦੇਣ ਦਾ ਫੁਰਮਾਨ ਜਾਰੀ ਕਰਨ ਵਾਲਾ ਔਰੰਗਜ਼ੇਬ 1706 ਈਸਵੀ ਵਿੱਚ ਗੁਰੂ ਜੀ ਨੂੰ ਮਿਲਣ ਦੀ ਤੀਬਰ ਇੱਛਾ ਪ੍ਰਗਟ ਕਰਦਾ ਹੈ, ਕਿਉਂਕਿ ‘ਜ਼ਫ਼ਰਨਾਮਾ’ ਪੜ੍ਹ ਕੇ ਉਸ ਨੂੰ ਗੁਰੂ ਜੀ ਨਾਲ ਹੋਈਆਂ ਜ਼ਿਆਦਤੀਆਂ ਦਾ ਅਹਿਸਾਸ ਹੋ ਗਿਆ ਸੀ ਤੇ ਉਹ ਉਨ੍ਹਾਂ ਦੇ ਵਿਚਾਰ ਸੁਣ ਕੇ ਉਨ੍ਹਾਂ ਨਾਲ ਇਨਸਾਫ ਕਰਨਾ ਚਾਹੁੰਦਾ ਸੀ।
 
ਜ਼ਫ਼ਰਨਾਮਾ ਪੜ੍ਹ ਕੇ ਔਰੰਗਜ਼ੇਬ ਨੇ ਲਾਹੌਰ ਤੇ ਸਰਹਿੰਦ ਦੇ ਸੂਬੇਦਾਰਾਂ ਨੂੰ ਇੱਕ ਫੁਰਮਾਨ ਜਾਰੀ ਕੀਤਾ। ਦੋਹਾਂ ਸੂਬੇਦਾਰਾਂ ਨੂੰ ਇਹ ਫੁਰਮਾਨ ਪਹੁੰਚਾਉਣ ਦੀ ਡਿਊਟੀ ਦੋ ਅਹਿਲਕਾਰਾਂ, ਮੁਹੰਮਦ ਬੇਗ ਗੁਰਜਬਰਦਾਰ ਅਤੇ ਸ਼ੇਖ ਯਾਰ ਮੁਹੰਮਦ ਮਨਸਬਦਾਰ ਦੀ ਲਾਈ ਗਈ। ਔਰੰਗਜ਼ੇਬ ਨੇ ਦੋਹਾਂ ਸੂਬੇਦਾਰਾਂ ਨੂੰ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਨੂੰ ਉਨ੍ਹਾਂ ਦੇ ਭਰਮ-ਭੁਲੇਖੇ ਦੂਰ ਕਰ ਕੇ ਮੇਰੇ ਪਾਸ ਆਉਣ ਦਿੱਤਾ ਜਾਵੇ। ਪਰ ਅਫਸੋਸ ਕਿ ਇਹ ਫੁਰਮਾਨ ਸੂਬੇਦਾਰਾਂ ਕੋਲ ਪਹੁੰਚਣ ਤੋਂ ਪਹਿਲਾਂ ਹੀ ਔਰੰਗਜ਼ੇਬ ਦੀ ਮੌਤ ਹੋ ਗਈ।
 
1705 ਈਸਵੀ ਵਿੱਚ ਔਰੰਗਜ਼ੇਬ ਦੀ ਉਮਰ 90 ਸਾਲ ਹੋ ਗਈ ਸੀ ਅਤੇ ਉਹ ਕਪਾਹ ਦੀ ਟਹਿਣੀ ਨਾਲ ਖਿੜੇ ਹੋਏ ਟੀਂਡੇ ਵਿੱਚੋਂ ਬਾਹਰ ਲਟਕਦੀਆਂ ਫੁੱਟੀਆਂ ਵਾਂਗ ਡਿੰਗੂ-ਡਿੰਗੂ ਕਰਦਾ ਸੀ। ਉਮਰ ਦੇ ਭਾਰ ਨਾਲ ਉਸ ਦੀ ਕਮਰ ਝੁਕ ਗਈ ਸੀ। ਉਸ ਦਾ ਰੰਗ ਗੋਰਾ ਤੇ ਦਾਹੜੀ ਸਫੈਦ ਸੀ ਅਤੇ ਉਹ ਲਿਬਾਸ ਵੀ ਸਫੇਦ ਪਹਿਨਦਾ ਸੀ। ਉਹ ਇਕ ਲੰਮੀ ਸੋਟੀ ਦੇ ਸਹਾਰੇ ਬਿਨਾਂ ਤੁਰ ਨਹੀਂ ਸਕਦਾ ਸੀ। ਐਨ ਪੱਕੇ ਹੋਏ ਫਲ ਵਾਂਗ ਉਹ ਕਿਸੇ ਵੇਲੇ ਵੀ ਜ਼ਿੰਦਗੀ ਦੀ ਟਹਿਣੀ ਨਾਲੋਂ ਟੁੱਟ ਸਕਦਾ ਸੀ।
 
ਮਰਹੱਟਿਆਂ ਵਿਰੁੱਧ ਕਈ ਛੋਟੀਆਂ-ਵੱਡੀਆਂ ਜੰਗਾਂ ਜਿੱਤ ਕੇ ਜਦੋਂ ਸ਼ਾਹੀ ਲਸ਼ਕਰ ਨੇ ਦੱਖਣ ਵਿੱਚ ਕ੍ਰਿਸ਼ਨਾ ਨਦੀ ਦੇ ਕੰਢੇ ਦੇਵਾਪੁਰ ਵਿੱਚ ਡੇਰਾ ਕੀਤਾ ਤਾਂ 1705 ਈਸਵੀ ਦੇ ਅਕਤੂਬਰ ਮਹੀਨੇ ਵਿੱਚ ਔਰੰਗਜ਼ੇਬ ਬਿਮਾਰ ਹੋ ਗਿਆ। ਉਸ ਦੇ ਜੋੜਾਂ ਵਿੱਚ ਦਰਦ ਰਹਿਣ ਲੱਗ ਪਿਆ। ਪਰ ਉਸ ਨੇ ਆਪਣਾ ਨਿੱਤ-ਕਰਮ ਨਾ ਛੱਡਿਆ। ਰਾਜ-ਕਾਜ ਦੇ ਸਾਰੇ ਕੰਮ ਕਰਦਾ ਰਿਹਾ। ਦਰਬਾਰ ਵਿੱਚ ਵੀ ਬੈਠਦਾ ਰਿਹਾ। ਨਤੀਜੇ ਵਜੋਂ ਉਸ ਦੀ ਬਿਮਾਰੀ ਵਧ ਗਈ। ਹੁਣ ਦਰਦਾਂ ਦੇ ਨਾਲ ਨਾਲ ਉਹ ਕਈ ਵਾਰੀ ਬੇਹੋਸ਼ ਹੋ ਜਾਂਦਾ ਸੀ। ਸ਼ਾਹੀ ਕੈਂਪ ਵਿੱਚ ਕਈ ਤਰ੍ਹਾਂ ਦੀਆਂ ਅਫਵਾਹਾਂ ਉੱਡਣ ਲੱਗ ਪਈਆਂ। ਅਮੀਰ ਵਜ਼ੀਰ ਡਰਨ ਲੱਗ ਪਏ ਕਿ ਜੇ ਕਿਤੇ ਬਾਦਸ਼ਾਹ ਨੂੰ ਕੁਝ ਹੋ ਗਿਆ ਤਾਂ ਕਿਸੇ ਕਿਲੇ ਜਾਂ ਰਾਜਧਾਨੀ ਤੋਂ ਬਿਨਾਂ ਪੱਧਰੇ ਬੈਠੀ ਮੁਗਲ ਫੌਜ ਦੀ ਦੁਸ਼ਮਣ ਬੋਟੀ-ਬੋਟੀ ਕਰ ਦੇਣਗੇ। ਉਧਰ ਬਾਦਸ਼ਾਹ ਦੀ ਬਿਮਾਰੀ ਹੋਰ ਵੱਧ ਗਈ। ਉਸ ਦਾ ਤੁਰਨਾ-ਫਿਰਨਾ ਵੀ ਬੰਦ ਹੋ ਗਿਆ। ਅਹਿਲਕਾਰ ਤੇ ਦਰਬਾਰੀ ਚਿੰਤਾ ਵਿੱਚ ਡੁੱਬ ਗਏ। ਸ਼ਾਹੀ ਹਕੀਮ ਹਾਜ਼ਕ ਖਾਂ ਬੜੀ ਸਿਆਣਪ ਨਾਲ ਬਾਦਸ਼ਾਹ ਦਾ ਇਲਾਜ ਕਰ ਰਿਹਾ ਸੀ।
 
ਅਮੀਰ ਖਾਂ ਦੱਸਦਾ ਹੈ, "ਇਕ ਦਿਨ ਬਿਮਾਰੀ ਦੀ ਹਾਲਤ ਵਿੱਚ ਬਾਦਸ਼ਾਹ ਸਲਾਮਤ ਫ਼ਾਰਸੀ ਦਾ ਇਕ ਸ਼ੇਅਰ ਗੁਣ ਗੁਣਾ ਰਹੇ ਸਨ, ਜਿਸ ਦੇ ਅਰਥ ਹਨ-
'ਬੰਦੇ ਦੀ ਉਮਰ ਜਦ ਅੱਸੀ ਨੱਬੇ ਵਰ੍ਹਿਆਂ ਦੀ ਹੁੰਦੀ ਹੈ ਤਾਂ ਉਹ ਜ਼ਮਾਨੇ ਦੀਆਂ ਅਨੇਕਾਂ ਸਖਤੀਆਂ ਝੱਲਦਾ ਹੈ ਤੇ ਜਦ ਉਹ ਸੌ ਵਰ੍ਹਿਆਂ ਦਾ ਹੁੰਦਾ ਹੈ ਤਾਂ ਉਸ ਦਾ ਜੀਵਨ ਵੀ ਮੌਤ ਦਾ ਹੀ ਰੂਪ ਬਣ ਜਾਂਦਾ ਹੈ।'
ਮੈਂ ਕਿਹਾ-ਹਜ਼ੂਰ, ਇਹ ਉਪਰਲਾ ਸ਼ੇਅਰ ਸਿਰਫ਼ ਹੇਠਲਾ ਸ਼ੇਅਰ ਕਹਿਣ ਲਈ ਹੀ ਲਿਖਿਆ ਗਿਆ ਹੈ। ਤੁਸੀਂ ਇਹ ਸ਼ੇਅਰ ਪੜ੍ਹਿਆ ਕਰੋ-
ਪਸ ਆਂ ਬਿਹਤਰ ਕਿ ਖੁਦ ਰਾ ਸ਼ਾਦ ਦਾਰੀ।
ਦਰਾਂ ਸ਼ਾਦੀ ਖੁਦਾ ਯਾਦ ਦਾਰੀ।
(ਇਸ ਲਈ ਇਹੀ ਚੰਗਾ ਹੈ ਕਿ ਤੁੂੰ  ਆਪਣੇ-ਆਪ ਨੂੰ ਖੁਸ਼ ਰੱਖ ਤੇ ਇਸ ਖੁਸ਼ੀ ਵਿੱਚ ਖੁਦਾ ਨੂੰ ਯਾਦ ਰੱਖ)।
ਸ਼ਹਿਨਸ਼ਾਹ ਇਹ ਸ਼ੇਅਰ ਸੁਣ ਕੇ ਬੜੇ ਖੁਸ਼ ਹੋਏ ਤੇ ਕਈ ਵਾਰ ਮੈਥੋਂ ਇਹ ਸ਼ੇਅਰ ਸੁਣਿਆ। ਆਖਰ ਕਹਿਣ ਲੱਗੇ-ਤੂੰ ਮੈਨੂੰ ਇਹ ਸ਼ੇਅਰ ਲਿਖ ਦੇ। ਮੈਂ ਲਿਖ ਦਿੱਤਾ। ਹੁਣ ਉਹ ਆਮ ਤੌਰ ’ਤੇ ਇਹੀ ਸ਼ੇਅਰ ਗੁਣ-ਗੁਣਾਉਂਦੇ ਰਹਿੰਦੇ ਸਨ ਤੇ ਖੁਦਾ ਨੇ ਉਨ੍ਹਾਂ ਨੂੰ ਦੁਬਾਰਾ ਸਿਹਤ ਬਖਸ਼ ਦਿੱਤੀ।"
 
ਹਕੀਮ ਹਾਜ਼ਕ ਖਾਂ ਦਵਾਈ ਦੇ ਤੌਰ ’ਤੇ ਬਾਦਸ਼ਾਹ ਨੂੰ ਚੋਬ ਚੀਨੀ ਖਿਲਾਉਂਦਾ ਸੀ। ਸਿਹਤਯਾਬ ਹੋ ਕੇ ਜਿਸ ਦਿਨ ਔਰੰਗਜ਼ੇਬ ਪਹਿਲੀ ਵਾਰ ਦਰਬਾਰ-ਏ-ਆਮ ਵਿੱਚ ਆਇਆ ਤਾਂ ਉਸ ਨੇ ਸ਼ਾਹੀ ਹਕੀਮ ਨੂੰ ਸੋਨੇ ਨਾਲ ਤੋਲਿਆ ਤੇ ਉਸ ਨੂੰ ਹੀਰੇ-ਮੋਤੀਆਂ ਜੜਿਆ ਇਕ ਸਰਪੇਚ ਇਨਾਮ ਦਿੱਤਾ।
 
ਔਰੰਗਜ਼ੇਬ ਜਦੋਂ ਤੁਰਨ ਫਿਰ ਦੇ ਯੋਗ ਹੋ ਗਿਆ ਤਾਂ ਸ਼ਾਹੀ ਲਸ਼ਕਰ ਨੇ ਡੇਢ ਮਹੀਨਾ ਸਫਰ ਕਰ ਕੇ 6 ਦਸੰਬਰ 1705 ਈਸਵੀ ਨੂੰ ਬਹਾਦਰਗੜ੍ਹ ਵਿੱਚ ਆ ਪੜਾਅ ਕੀਤਾ। ਰਮਜ਼ਾਨ ਦਾ ਸਾਰਾ ਮਹੀਨਾ ਔਰੰਗਜ਼ੇਬ ਨੇ ਇੱਥੇ ਹੀ ਗੁਜ਼ਾਰਿਆ। ਇਸ ਦੌਰਾਨ ਉਹ ਦਵਾਈ ਵੀ ਖਾਂਦਾ ਰਿਹਾ ਤੇ ਰੋਜ਼ੇ ਵੀ ਰੱਖਦਾ ਰਿਹਾ। ਬਹਾਦਰਗੜ੍ਹ ਤੋਂ ਫੌਜ ਸਮੇਤ ਕੂਚ ਕਰ ਕੇ ਜਨਵਰੀ 1706 ਈਸਵੀ ਵਿੱਚ ਔਰੰਗਜ਼ੇਬ ਅਹਿਮਦਨਗਰ (ਮਹਾਰਾਸ਼ਟਰ) ਪਹੁੰਚ ਗਿਆ ਤੇ ਇੱਥੇ ਪੱਕਾ ਡੇਰਾ ਕਰ ਲਿਆ।
 
ਇਸ ਸਮੇਂ ਔਰੰਗਜ਼ੇਬ ਦਾ ਤੀਜਾ ਪੁੱਤਰ ਅਹਿਮਦ ਆਜ਼ਮ ਬਾਦਸ਼ਾਹ ਦੇ ਨੇੜੇ ਹੀ ਅਹਿਮਦਾਬਾਦ ਵਿੱਚ ਸੂਬੇਦਾਰ ਸੀ। ਉਹ ਹਰ ਵੇਲੇ ਇਸ ਤਾਕ ਵਿੱਚ ਰਹਿੰਦਾ ਸੀ ਕਿ ਆਪਣੇ ਪਿਤਾ ਤੋਂ ਬਾਅਦ ਉਹ ਹਿੰਦੁਸਤਾਨ ਦਾ ਬਾਦਸ਼ਾਹ ਬਣ ਜਾਵੇ। ਜਦੋਂ ਉਸ ਨੇ ਬਾਦਸ਼ਾਹ ਦੀ ਬਿਮਾਰੀ ਦੀ ਖ਼ਬਰ ਸੁਣੀ ਤਾਂ ਉਹ ਉਸ ਕੋਲ ਜਾਣ ਲਈ ਬਿਹਬਲ ਹੋ ਗਿਆ ਤਾਂ ਜੋ ਮੌਕੇ ’ਤੇ ਹਾਜ਼ਰ ਰਹਿ ਕੇ ਹਾਲਾਤ ਨੂੰ ਆਪਣੇ ਪੱਖ ਵਿੱਚ ਮੋੜ ਸਕੇ। ਉਸ ਨੇ ਬਾਦਸ਼ਾਹ ਤੋਂ ਮਿਲਣ ਦੀ ਆਗਿਆ ਮੰਗੀ ਅਤੇ ਨਾਲ ਹੀ ਲਿਖਿਆ ਕਿ ਮੈਨੂੰ ਅਹਿਮਦਾਬਾਦ ਦਾ ਹਵਾ-ਪਾਣੀ ਰਾਸ ਨਹੀਂ ਆਇਆ। ਔਰੰਗਜ਼ੇਬ ਵੀ ਲਿਫ਼ਾਫ਼ਾ ਦੇਖ ਕੇ ਅੰਦਰਲਾ ਮਜ਼ਮੂਨ ਭਾਂਪ ਜਾਣ ਵਾਲਾ ਆਦਮੀ ਸੀ। ਉਸ ਨੇ ਆਪਣੇ ਅਭਿਲਾਸ਼ਾ-ਗ੍ਰਸਤ ਪੁੱਤਰ ਨੂੰ ਲਿਖਿਆ- ‘‘ਮੈਂ ਵੀ ਬਿਲਕੁਲ ਇਸੇ ਤਰ੍ਹਾਂ ਦਾ ਇਕ ਖ਼ਤ ਆਪਣੇ ਪਿਤਾ ਸ਼ਾਹਜ਼ਹਾਂ ਨੂੰ ਲਿਖਿਆ ਸੀ, ਜਦੋਂ ਉਹ ਬਿਮਾਰ ਸੀ। ਉਸ ਦਾ ਮੈਨੂੰ ਇਹ ਉੱਤਰ ਮਿਲਿਆ ਸੀ- ਹਰ ਬੰਦੇ ਨੂੰ ਹਰ ਪ੍ਰਕਾਰ ਦੀ ਹਵਾ ਰਾਸ ਆ ਜਾਂਦੀ ਹੈ ਪਰ ਲੋਭ-ਲਾਲਚ ਦੀ ਹਵਾ ਰਾਸ ਨਹੀਂ ਆਉਂਦੀ।’’ ਪਰ ਸ਼ਹਿਜ਼ਾਦਾ ਵਾਰ ਵਾਰ ਮਿਲਣ ਦੀ ਆਗਿਆ ਮੰਗਦਾ ਰਿਹਾ। ਆਖਰ ਬਾਦਸ਼ਾਹ ਨੇ ਇਜਾਜ਼ਤ ਦੇ ਦਿੱਤੀ ਤੇ ਮੁਹੰਮਦ ਆਜ਼ਮ 25 ਮਾਰਚ 1706 ਨੂੰ ਆਪਣੇ ਪਿਤਾ ਨੂੰ ਅਹਿਮਦਨਗਰ ਆ ਕੇ ਮਿਲਿਆ। ਉਸ ਨੇ ਦੇਖਿਆ ਕਿ ਭਾਵੇਂ ਬਾਦਸ਼ਾਹ ਦੀ ਸਿਹਤ ਕੁਝ ਸੁਧਰ ਗਈ ਹੈ ਪਰ ਉਹ ਬਹੁਤ ਕਮਜ਼ੋਰ ਹੋ ਗਿਆ ਹੈ। ਪਤਾ ਨਹੀਂ, ਕਿਸ ਵੇਲੇ ਅੱਲਾਹ ਨੂੰ ਪਿਆਰਾ ਹੋ ਜਾਏ।
 
ਸ਼ਾਹੀ ਦਰਬਾਰ ਦਾ ਠਾਠ-ਬਾਠ ਤੇ ਭਰਪੂਰ ਖਜ਼ਾਨਾ ਵੇਖ ਕੇ ਆਜ਼ਮ ਦਾ ਦਿਲ ਹਿੰਦੁਸਤਾਨ ਦੀ ਬਾਦਸ਼ਾਹਤ ਲਈ ਉਤੇਜਕ ਹੋ ਗਿਆ। ਉਸ ਨੇ ਅਮੀਰਾਂ-ਵਜ਼ੀਰਾਂ ਨਾਲ ਜੋੜ-ਤੋੜ ਕਰਨੇ ਸ਼ੁਰੂ ਕਰ ਦਿੱਤੇ। ਬਾਦਸ਼ਾਹ ਦੀ ਖ਼ਬਰ ਸਾਰ ਲੈਣ ਲਈ ਸ਼ਹਿਜ਼ਾਦਾ ਕਾਮ ਬਖਸ਼ ਵੀ ਦਰਬਾਰ ਵਿੱਚ ਆ ਗਿਆ। ਸਭ ਤੋਂ ਛੋਟਾ ਪੁੱਤਰ ਹੋਣ ਕਰ ਕੇ ਔਰੰਗਜ਼ੇਬ ਉਸ ਨੂੰ ਬਹੁਤ ਪਿਆਰ ਕਰਦਾ ਸੀ। ਮੁਹੰਮਦ ਆਜ਼ਮ ਤੋਂ ਵੱਡਾ ਸ਼ਹਿਜ਼ਾਦਾ ਮੁਹੰਮਦ ਮੁਅੱਜ਼ਮ,  ਅਹਿਮਦਨਗਰ ਤੋਂ ਬਹੁਤ ਦੂਰ ਪਿਸ਼ਾਵਰ ਵਿੱਚ ਬੈਠਾ ਸੀ। ਆਜ਼ਮ ਆਪਣੇ ਆਪ ਨੂੰ ਬਹੁਤ ਤਾਕਤਵਰ ਤੇ ਤਖ਼ਤ ਦਾ ਵਾਰਸ ਸਮਝਣ ਲੱਗ ਪਿਆ। ਕਾਮ ਬਖਸ਼ ਨੂੰ ਤਾਂ ਉਹ ਕੁਝ ਸਮਝਦਾ ਈ ਨਹੀਂ ਸੀ। ਬਾਦਸ਼ਾਹ ਦਾ ਉਸ ਨਾਲ ਉਚੇਚਾ ਪਿਆਰ ਉਸ ਨੂੰ ਫੁੱਟੀ ਅੱਖ ਨਹੀਂ ਸੀ ਭਾਉਂਦਾ। ਔਰੰਗਜ਼ੇਬ ਇਹ ਸਭ ਕੁਝ ਦੇਖ ਰਿਹਾ ਸੀ। ਉਸ ਨੂੰ ਆਜ਼ਮ ਦੇ ਇਰਾਦੇ ਨੇਕ ਨਹੀਂ ਜਾਪਦੇ ਸਨ। ਉਸ ਨੇ ਆਪਣੇ ਇਕ ਵਫ਼ਾਦਾਰ ਅਹਿਲਕਾਰ ਹਸਨ ਖਾਂ ਰਾਹੀਂ ਕਾਮ ਬਖਸ਼ ਦੀ ਹਿਫ਼ਾਜ਼ਤ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਿਸ ਨਾਲ ਮੁਹੰਮਦ ਆਜ਼ਮ ਹੋਰ ਵੀ ਖਿੱਝ ਗਿਆ। ਇਸ ਤਰ੍ਹਾਂ ਬਿਮਾਰੀ ਦੇ ਪਹਿਲੇ ਹਮਲੇ ਤੋਂ ਬਾਅਦ ਔਰੰਗਜ਼ੇਬ ਇਕ ਸਾਲ ਤੱਕ ਰਾਜ ਦਾ ਕੰਮ-ਕਾਰ ਚਲਾਉਂਦਾ ਰਿਹਾ। ਨਵੀਆਂ ਮੁਹਿੰਮਾਂ ’ਤੇ ਫੌਜਾਂ ਭੇਜੀਆਂ ਜਾਂਦੀਆਂ ਰਹੀਆਂ। ਸੂਬੇਦਾਰਾਂ ਤੇ ਫੌਜਦਾਰਾਂ ਦੀਆਂ ਨਵੀਆਂ ਨਿਯੁਕਤੀਆਂ ਹੁੰਦੀਆਂ ਰਹੀਆਂ। ਕਿਸੇ ਨੂੰ ਇਨਾਮ ਤੇ ਕਿਸੇ ਨੂੰ ਸਜ਼ਾ ਦਾ ਸਿਲਸਿਲਾ ਵੀ ਜਾਰੀ ਰਿਹਾ। ਆਪਣੀ ਢਿੱਲੀ ਤੇ ਕਮਜ਼ੋਰ ਸਿਹਤ ਹੋਣ ਦੇ ਬਾਵਜੂਦ ਔਰੰਗਜ਼ੇਬ ਦਰਬਾਰ ਵਿਚ ਬੈਠਦਾ ਸੀ। ਉਸ ਨੇ ਆਪਣੇ ਧਾਰਮਿਕ ਫਰਜ਼ਾਂ ਤੋਂ ਕਈ ਕੋਤਾਹੀ ਨਾ ਕੀਤੀ। ਪੰਜੇ ਵਕਤ ਨਮਾਜ਼ ਪੜ੍ਹਦਾ ਰਿਹਾ। ਉਸ ਦੀਆਂ ਉਂਗਲਾਂ ਦੇ ਪੋਟੇ ਕਦੀ ਵੀ ਤਸਬੀਹ (ਮਾਲਾ) ਦੇ ਮਣਕਿਆਂ ਨਾਲੋਂ ਵੱਖ ਨਾ ਹੁੰਦੇ।
 
ਔਰੰਗਜ਼ੇਬ, ਸ਼ਹਿਜ਼ਾਦਾ ਮੁਹੰਮਦ ਆਜ਼ਮ ਤੇ ਕਾਮ ਬਖਸ਼ ਦੇ ਪ੍ਰਸਪਰ ਵਤੀਰੇ ਨੂੰ ਦੇਖ ਰਿਹਾ ਸੀ। ਦੋਵੇਂ ਭਰਾ ਹਰ ਸਮੇਂ ਇਕ ਦੂਜੇ ਦਾ ਗਲਾ ਕੱਟਣ ਨੂੰ ਤਿਆਰ ਰਹਿੰਦੇ ਸਨ। ਉਸ ਨੇ ਸੋਚਿਆ ਕਿ ਮੇਰੇ ਅੱਖਾਂ ਮੀਟਣ ਬਾਅਦ ਇਹ ਦੋਵੇਂ ਇੱਥੇ ਹੀ ਲੜ-ਲੜ ਕੇ ਮਰ ਜਾਣਗੇ। ਦੋਹਾਂ ਨੂੰ ਵੱਖ-ਵੱਖ ਕਰਨ ਲਈ ਉਸ ਨੇ ਮੁਹੰਮਦ ਆਜ਼ਮ ਨੂੰ ਮਾਲਵੇ ਦਾ ਅਤੇ ਕਾਮ ਬਖਸ਼ ਨੂੰ ਬੀਜਾਪੁਰ ਦਾ ਸੂਬੇਦਾਰ ਬਣਾ ਦਿੱਤਾ ਅਤੇ ਦੋਹਾਂ ਨੂੰ ਆਪਣੇ ਆਪਣੇ ਇਲਾਕੇ ਵੱਲ ਤੋਰ ਦਿੱਤਾ।
 
ਸ਼ਹਿਜ਼ਾਦਿਆਂ ਨੂੰ ਗਿਆਂ ਅਜੇ ਚਾਰ-ਪੰਚ ਦਿਨ ਹੀ ਹੋਏ ਸਨ ਕਿ ਔਰੰਗਜ਼ੇਬ ਸਖ਼ਤ ਬਿਮਾਰ ਹੋ ਗਿਆ। ਤੇਜ਼ ਬੁਖਾਰ ਤੇ ਸਰੀਰ ਦੀ ਜਲਣ ਨੇ ਉਸ ਨੂੰ ਨਿਢਾਲ ਕਰ ਦਿੱਤਾ। ਐਸੀ ਹਾਲਤ ਵਿੱਚ ਵੀ ਉਹ ਮਸੀਤ ਵਿੱਚ ਨਮਾਜ਼ ਪੜ੍ਹਨ ਤੇ ਦਰਬਾਰ ਵਿੱਚ ਰਾਜ-ਕਾਜ ਦਾ ਕੰਮ ਨਿਪਟਾਉਣ ਜਾਂਦਾ ਰਿਹਾ। ਤਿੰਨ-ਚਾਰ ਦਿਨ ਇਸੇ ਹੱਠ ਨਾਲ ਉਸ ਨੇ ਰੋਗ ਦਾ ਮੁਕਾਬਲਾ ਕੀਤਾ, ਪਰ ਆਖਰ ਬਿਮਾਰੀ ਨੇ ਉਸ ਨੂੰ ਬਿਸਤਰੇ ਉੱਤੇ ਸੁੱਟ ਲਿਆ। ਅਮੀਰਾਂ, ਵਜ਼ੀਰਾਂ ਤੇ ਹਕੀਮਾਂ ਨੂੰ ਭਾਜੜ ਪੈ ਗਈ। ਜੋਤਸ਼ੀ ਤੇ ਮੌਲਾਣੇ ਬਾਦਸ਼ਾਹ ਦੀ ਸਿਹਤਯਾਬੀ ਲਈ ਰੱਬ ਅੱਗੇ ਦੁਆਵਾਂ ਕਰਨ ਲੱਗੇ। ਜੋਤਸ਼ੀਆਂ ਦੀ ਸਲਾਹ ’ਤੇ ਇਕ ਦਿਨ ਹਾਮਿਦ-ਉੱਦੀਨ ਖਾਂ ਨੇ ਬਾਦਸ਼ਾਹ ਨੂੰ ਕਿਹਾ ਕਿ ਹਜ਼ੂਰ ਦੇ ਹੱਥੋਂ ਇਕ ਹਾਥੀ ਤੇ ਇਕ ਹੀਰੇ ਦਾ ਦਾਨ ਕੀਤਾ ਜਾਵੇ ਪਰ ਔਰੰਗਜ਼ੇਬ ਨੇ ਇਸ ਸੁਝਾਅ ਨੂੰ ਇਹ ਆਖ ਕੇ ਰੱਦ ਕਰ ਦਿੱਤਾ ਕਿ ਇਹ ਤਾਂ ਹਿੰਦੂਆਂ ਦਾ ਰਿਵਾਜ ਹੈ ਅਤੇ ਨਾਲ ਹੀ ਉਸ ਨੇ ਕਾਜ਼ੀ-ਉਲ-ਜ਼ਕਾਤ ਮੁੱਦਾ ਹੈਦਰ ਨੂੰ ਹੁਕਮ ਦਿੱਤਾ ਕਿ ਚਾਰ ਹਜ਼ਾਰ ਰੁਪਏ ਫਕੀਰਾਂ ਤੇ ਗਰੀਬਾਂ ਨੂੰ ਵੰਡ ਦਿੱਤੇ ਜਾਣ। ਬਾਦਸ਼ਾਹ ਦੀ ਹਾਲਤ ਦਿਨੋ-ਦਿਨ ਵਿਗੜਦੀ ਜਾ ਰਹੀ ਸੀ। ਹੁਣ ਉਹ ਬਿਸਤਰੇ ਤੋਂ ਉਠ ਵੀ ਨਹੀਂ ਸੀ ਸਕਦਾ।
 
ਇਰਾਦਤ ਖਾਂ ਲਿਖਦਾ ਹੈ ਕਿ ਬਾਦਸ਼ਾਹ ਨਾਲ ਉਸਦਾ ਇੰਨਾ ਮੋਹ ਸੀ ਕਿ ਜਦੋਂ ਉਸਨੇ ਦੇਖਿਆ ਕਿ ਬਾਦਸ਼ਾਹ ਦਾ ਅੰਤਿਮ ਸਮਾਂ ਨੇੜੇ ਹੈ, ਤਾਂ ਉਹ ਉਸ ਦੇ ਪਲੰਘ ਦੀ ਬਾਹੀ ਫੜ ਕੇ ਹੀ ਬੈਠ ਗਿਆ ਤੇ ਕਿਤੇ ਲਾਂਭੇ ਨਹੀਂ ਗਿਆ। ਇਕ ਦਿਨ ਬਾਦਸ਼ਾਹ ਨੇ ਉਸਨੂੰ ਕਿਹਾ, ”ਹੁਣ ਸਾਡਾ ਵਿਛੜਨ ਦਾ ਵੇਲਾ ਆ ਗਿਆ ਏ। ਇਸ ਲਈ ਜੇ ਕਦੀ ਜਾਣੇ ਜਾਂ ਅਣਜਾਣੇ ਮੈਥੋਂ ਤੇਰੇ ਨਾਲ ਕੋਈ ਵਧੀਕੀ ਹੋ ਗਈ ਹੋਵੇ ਤਾਂ ਆਖ ਕਿ ਤੂੰ ਮੈਨੂੰ ਮੁਆਫ ਕੀਤਾ। ਦਿਲੋਂ ਮਨੋਂ ਇੰਜ ਤਿੰਨ ਵਾਰੀ ਕਹਿ।…” ਫੇਰ ਕਹਿਣ ਲੱਗਾ, ”ਜੇ ਤੇਰੇ ਵੱਲੋਂ ਵੀ ਮੇਰੇ ਪ੍ਰਤੀ ਕਦੀ ਕੋਈ ਅਵੱਗਿਆ ਹੋ ਗਈ ਹੋਵੇ ਤਾਂ ਮੈਂ ਵੀ ਤੈਨੂੰ ਮੁਆਫ ਕਰਦਾ ਹਾਂ।” ਬਾਦਸ਼ਾਹ ਦੇ ਬੋਲ ਸੁਣ ਕੇ ਉਸਦਾ ਗਲਾ ਭਰ ਆਇਆ। ਉਸ ਤੋਂ ਬੋਲ ਨਹੀਂ ਸੀ ਹੁੰਦਾ। ਪਰ ਜਦੋਂ ਬਾਦਸ਼ਾਹ ਨੇ ਵਾਰ-ਵਾਰ ਮਜਬੂਰ ਕੀਤਾ ਤਾਂ ਉਸਨੇ ਬੜੇ ਯਤਨ ਨਾਲ ਤਿੰਨ ਵਾਰ ਕਿਹਾ, ”ਮੈਂ ਤੁਹਾਨੂੰ ਮੁਆਫ ਕਰਦਾ ਹਾਂ” ਸ਼ਹਿਨਸ਼ਾਹ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਉਸਦਾ ਚਿਹਰਾ ਵੀ ਅੱਥਰੂਆਂ ਨਾਲ ਭਿੱਜਾ ਹੋਇਆ ਸੀ।
 
ਔਰੰਗਜ਼ੇਬ ਨੂੰ ਅੰਤਿਮ ਸਮਾਂ ਨਜ਼ਦੀਕ ਦਿਖਾਈ ਦੇ ਰਿਹਾ ਸੀ। ਉਹ ਇਸ ਗੱਲੋਂ ਬੜਾ ਚਿੰਤਤ ਸੀ ਕਿ ਉਸ ਤੋਂ ਬਾਅਦ ਸ਼ਾਹੀ ਫੌਜ ਦਾ ਕੀ ਬਣੇਗਾ ਜੋ ਰਾਜਧਾਨੀ (ਦਿੱਲੀ) ਤੋਂ ਬਹੁਤ ਦੂਰ ਦੱਖਣ ਵਿੱਚ ਡੇਰੇ ਲਾਈ ਬੈਠੀ ਹੈ। ਉਸ ਦੀ ਸੁਰਤੀ ਤਿੰਨਾਂ ਸ਼ਹਿਜ਼ਾਦਿਆਂ ਵੱਲ ਵੀ ਘੁੰਮਦੀ ਸੀ ਤੇ ਉਨ੍ਹਾਂ ਵਿਚਕਾਰ ਤਖ਼ਤ-ਨਸ਼ੀਨੀ ਲਈ ਹੋਣ ਵਾਲਾ ਯੁੱਧ ਵੀ ਦਿਖਾਈ ਦੇ ਰਿਹਾ ਸੀ। (ਦੋ ਸ਼ਹਿਜ਼ਾਦੇ ਮੁਹੰਮਦ ਸੁਲਤਾਨ ਤੇ ਮੁਹੰਮਦ ਅਕਬਰ ਮਰ ਚੁੱਕੇ ਸਨ।) ਸਭ ਤੋਂ ਵੱਧ ਉਸ ਨੂੰ ਆਪਣੀ ਆਤਮਾ ਦੀ ਚਿੰਤਾ ਸੀ।…ਪਤਾ ਨਹੀਂ ਅੱਲਾਹ ਦੀ ਕਚਹਿਰੀ ਵਿੱਚ ਮੇਰੇ ਨਾਲ ਕੀ ਸਲੂਕ ਹੋਵੇਗਾ?…ਔਰੰਗਜ਼ੇਬ ਦੀ ਐਸੀ ਮਨੋਦਸ਼ਾ ਉਸ ਦੀਆਂ ਦੋ ਚਿੱਠੀਆਂ ਵਿੱਚੋਂ ਝਲਕਦੀ ਹੈ, ਜੋ ਉਸ ਨੇ ਉਨ੍ਹਾਂ ਦਿਨਾਂ ਵਿੱਚ ਆਪਣੇ ਪੁੱਤਰਾਂ ਮੁਹੰਮਦ ਆਜ਼ਮ ਤੇ ਕਾਮ ਬਖਸ਼ ਨੂੰ ਲਿਖੀਆਂ।
 
ਮੁਹੰਮਦ ਆਜ਼ਮ ਨੂੰ ਉਸ ਨੇ ਲਿਖਿਆ:
”ਅੱਲਾਹ ਤੈਨੂੰ ਤੰਦਰੁਸਤ ਰੱਖੇ!…ਮੇਰੇ ਉਤੇ ਬਿਰਧ ਅਵਸਥਾ ਆ ਗਈ ਹੈ। ਨਿਰਬਲਤਾ ਨੇ ਮੈਨੂੰ ਦਬਾ ਲਿਆ ਹੈ। ਮੇਰਾ ਸਾਰਾ ਸਮਾਂ ਰਾਜ-ਸੱਤਾ ਵਿੱਚ ਹੀ ਬਤੀਤ ਹੋ ਗਿਆ। ਪਰ ਹੁਣ ਅਫਸੋਸ ਹੀ ਬਾਕੀ ਰਹਿ ਗਿਆ ਹੈ। ਮੇਰਾ ਕੀਮਤੀ ਵਕਤ ਵਿਅਰਥ ਹੀ ਗੁਜ਼ਰ ਗਿਆ। ਜੀਵਨ ਸਦਾ ਨਹੀਂ ਰਹਿੰਦਾ। ਭਵਿੱਖ ਦੀਆਂ ਉਮੀਦਾਂ ਖਤਮ ਹੋ ਰਹੀਆਂ ਹਨ। ਹੁਣ ਮੈਨੂੰ ਬੁਖਾਰ ਤਾਂ ਨਹੀਂ ਹੈ, ਪਰ ਮੇਰੀ ਚਮੜੀ ਤੇ ਹੱਡੀਆਂ ਹੀ ਬਾਕੀ ਰਹਿ ਗਈਆਂ ਹਨ। ਮੇਰਾ ਪੁੱਤਰ (ਕਾਮਬਖਸ਼) ਬੀਜਾਪੁਰ ਵੱਲ ਗਿਆ ਹੈ। ਪਰ ਨੇੜੇ ਹੀ ਹੈ। ਤੂੰ ਹੋਰ ਵੀ ਨੇੜੇ ਹੈਂ। ਆਦਰ ਦਾ ਪਾਤਰ (ਮੁਹੰਮਦ ਮੁਅੱਜ਼ਮ) ਸ਼ਾਹ ਆਲਮ ਬਹੁਤ ਦੂਰ ਹੈ। ਸ਼ਾਹੀ ਕੈਂਪ ਦੇ ਸਾਰੇ ਲੋਕ ਮੇਰੇ ਵਾਂਗ ਭੈਭੀਤ ਹਨ ਤੇ ਪਾਰੇ ਵਾਂਗ ਕੰਬ ਰਹੇ ਹਨ। ਮੈਂ ਇਸ ਸੰਸਾਰ ਵਿੱਚ ਕੁਝ ਲੈ ਕੇ ਨਹੀਂ ਆਇਆ ਸੀ ਤੇ ਨਾ ਹੀ ਹੁਣ ਕੁਝ ਲੈ ਕੇ ਚੱਲਿਆ ਹਾਂ। ਮੈਨੂੰ ਆਪਣੀ ਮੁਕਤੀ ਬਾਰੇ ਬਹੁਤ ਚਿੰਤਾ ਹੈ। ਪਤਾ ਨਹੀਂ ਅੱਗੇ ਜਾ ਕੇ ਮੈਨੂੰ ਕੀ ਕੀ ਤਸੀਹੇ ਮਿਲਣਗੇ? ਬੇਸ਼ੱਕ ਮੈਨੂੰ ਅੱਲਾਹ ਦੇ ਰਹਿਮ ਅਤੇ ਮਿਹਰਬਾਨੀ ਉਤੇ ਯਕੀਨ ਹੈ, ਪਰ ਮੈਨੂੰ ਆਪਣੇ ਕਰਮਾਂ ਤੋਂ ਡਰ ਲਗਦਾ ਹੈ। ਕੁਝ ਵੀ ਹੋਵੇ, ਮੈਂ ਆਪਣੀ ਕਿਸ਼ਤੀ ਲਹਿਰਾਂ ਦੇ ਹਵਾਲੇ ਕਰ ਦਿੱਤੀ ਹੈ। ਭਾਵੇਂ ਸ਼ਾਹੀ ਕੈਂਪ ਦੀ ਰੱਖਿਆ ਖੁਦਾ ਕਰੇਗਾ, ਪਰ ਪਰਗਟ ਰੂਪ ਵਿੱਚ ਤਾਂ ਮੇਰੇ ਪੁੱਤਰਾਂ ਨੂੰ ਹੀ ਉੱਦਮ ਕਰਨਾ ਪਵੇਗਾ।…ਅੱਛਾ ਅਲਵਿਦਾ, ਅਲਵਿਦਾ, ਅਲਵਿਦਾ।”
 
ਉਸ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਕਾਮ ਬਖਸ਼ ਨੂੰ ਵੀ ਇਕ ਚਿੱਠੀ ਲਿਖੀ:
”ਦਿਲ ਵਿੱਚ ਸਮਾਏ ਮੇਰੇ ਪੁੱਤਰ…ਮੈਂ ਆਪਣੀ ਤੁੱਛਤਾ ਦਾ ਅਨੁਭਵ ਕਰਦਾ ਹੋਇਆ ਸੰਸਾਰ ਤੋਂ ਜਾ ਰਿਹਾ ਹਾਂ। ਮੈਂ ਆਪਣੇ ਪਾਪਾਂ ਤੇ ਔਗੁਣਾਂ ਦਾ ਫਲ ਆਪਣੇ ਨਾਲ ਲਿਜਾ ਰਿਹਾ ਹਾਂ। ਜੀਵਨ-ਕਾਰਵਾਂ ਦੇ ਰਾਹਨੁਮਾ ਨੇ ਮੇਰਾ ਸਾਥ ਛੱਡ ਦਿੱਤਾ ਹੈ। ਬਾਰਾਂ ਦਿਨ ਮੈਨੂੰ ਬੁਖਾਰ ਨੇ ਪੀੜ ਸੁੱਟਿਆ। ਹੁਣ ਮੈਂ ਠੀਕ ਹਾਂ। ਮੈਂ ਜਿਧਰ ਦੇਖਦਾ ਹਾਂ, ਅੱਲਾਹ ਹੀ ਅੱਲਾਹ ਦਿਖਾਈ ਦਿੰਦਾ ਹੈ। ਕਮਜ਼ੋਰੀ ਕਾਰਨ ਮੇਰੀ ਕਮਰ ਝੁਕ ਗਈ ਹੈ ਤੇ ਲੱਤਾਂ ਵਿੱਚ ਚੱਲਣ ਦੀ ਸ਼ਕਤੀ ਨਹੀਂ ਰਹੀ। ਮੈਂ ਬੜੇ ਪਾਪ ਕੀਤੇ ਹਨ। ਪਤਾ ਨਹੀਂ, ਉਨ੍ਹਾਂ ਦੀ ਮੈਨੂੰ ਕੀ ਸਜ਼ਾ ਮਿਲੇਗੀ? ਮਾਨਵ-ਜਾਤੀ ਦਾ ਰੱਖਿਅਕ ਸ਼ਾਹੀ ਕੈਂਪ ਦੀ ਰੱਖਿਆ ਕਰੇਗਾ, ਪਰ ਇਸ ਦੀ ਚਿੰਤਾ ਦਾ ਭਾਰ ਮੇਰੇ ਪੁੱਤਰਾਂ ਉਪਰ ਵੀ ਹੈ। ਪਰਜਾ ਦੀ ਰਾਖੀ ਦਾ ਕੰਮ ਹੁਣ ਖੁਦਾ ਨੇ ਮੇਰੇ ਪੁੱਤਰਾਂ ਨੂੰ ਸੌਂਪਿਆ ਹੈ। ਆਜ਼ਮ ਸ਼ਾਹ ਚਲਾ ਗਿਆ ਹੈ। ਸਾਵਧਾਨ, ਕੋਈ ਮੁਸਲਮਾਨ ਨਾ ਮਾਰਿਆ ਜਾਵੇ ਅਤੇ ਉਸ ਦਾ ਭਾਰ ਮੇਰੇ ਸਿਰ ਨਾ ਚੜ੍ਹੇ! ਮੈਂ ਤੇ ਵਿਦਾ ਹੋ ਰਿਹਾ ਹਾਂ। ਤੈਨੂੰ ਤੇ ਤੇਰੀ ਮਾਤਾ ਨੂੰ ਖੁਦਾ ਦੇ ਹਵਾਲੇ ਕਰਦਾ ਹਾਂ। ਬਹਾਦਰ ਸ਼ਾਹ ਜਿਥੇ ਸੀ, ਉਥੇ ਹੀ ਹੈ। ਉਸ ਦਾ ਪੁੱਤਰ ਹਿੰਦੁਸਤਾਨ ਦੇ ਨੇੜੇ ਆ ਰਿਹਾ ਹੈ। ਬੇਦਾਰਬਖਤ (ਮੁਹੰਮਦ ਆਜ਼ਮ ਦਾ ਪੁੱਤਰ) ਗੁਜਰਾਤ ਵਿੱਚ ਹੈ। ਤੇਰੀ ਮਾਤਾ ਉਦੈਪੁਰੀ ਬੇਗਮ ਬਿਮਾਰੀ ਵਿੱਚ ਮੇਰੇ ਨਾਲ ਹੈ ਤੇ ਉਹ ਮੌਤ ਵਿੱਚ ਵੀ ਮੇਰਾ ਸਾਥ ਦੇਣਾ ਚਾਹੁੰਦੀ ਹੈ, ਪਰ ਹਰ ਇਕ ਦਾ ਸਮਾਂ ਨਿਸ਼ਚਿਤ ਹੈ।
 
”ਘਰ-ਬਾਰੀ ਅਤੇ ਦਰਬਾਰੀ ਚਾਹੇ ਕਿੰਨੇ ਵੀ ਧੋਖੇਬਾਜ਼ ਹੋਣ, ਉਨ੍ਹਾਂ ਨਾਲ ਦੁਰਵਿਹਾਰ ਨਹੀਂ ਹੋਣਾ ਚਾਹੀਦਾ। ਕੋਮਲਤਾ ਅਤੇ ਜੁਗਤ ਨਾਲ ਲੋਕ-ਰਾਇ ਬਣਾਉਣੀ ਚਾਹੀਦੀ ਹੈ। ਹੁਣ ਮੈਂ ਜਾ ਰਿਹਾ ਹਾਂ। ਭਲਾ-ਬੁਰਾ ਜੋ ਵੀ ਮੈਂ ਕੀਤਾ, ਤੁਹਾਡੇ ਲਈ ਕੀਤਾ ਹੈ।"
 
”ਕਿਸੇ ਨੇ ਆਪਣੀ ਆਤਮਾ ਨੂੰ ਜਾਂਦੇ ਹੋਏ ਨਹੀਂ ਦੇਖਿਆ, ਪਰ ਮੈਂ ਦੇਖ ਰਿਹਾ ਹਾਂ ਕਿ ਇਹ ਜਾ ਰਹੀ ਹੈ!…”
 
ਫਰਵਰੀ 1707 ਦਾ ਮਹੀਨਾ ਘੋਰ ਸੰਕਟ ਦਾ ਮਹੀਨਾ ਸੀ। ਇਸ ਦੇ ਸ਼ੁਰੂ ਵਿੱਚ ਔਰੰਗਜ਼ੇਬ ਉਤੇ ਬਿਮਾਰੀ ਨੇ ਦੂਜੀ ਵਾਰ ਹਮਲਾ ਕੀਤਾ। ਬਿਮਾਰੀ ਦੇ ਦਿਨਾਂ ਵਿੱਚ ਉਹ ਕਲਮਾ, ਨਮਾਜ਼ ਤੇ ਤਸਬੀਹ ਤੋਂ ਬਿਨਾਂ ਇਹ ਸ਼ੇਅਰ ਅਕਸਰ ਗੁਣ-ਗੁਣਾਇਆ ਕਰਦਾ ਸੀ:
ਬਯਕ ਲਹਿਜ਼, ਬਯਕ ਸਾਇਤ, ਬਯਕ ਦਮ।
ਦਿਗਰਗੂੰ ਮੀਸ਼ਵਦ ਅਹਿਵਾਲਿ ਆਲਮ।
(ਇਕ ਅੱਖ-ਝਮੱਕੇ, ਇਕ ਘੜੀ, ਇਕ ਸੁਆਸ ਵਿੱਚ ਹੀ ਸੰਸਾਰ ਦੇ ਹਾਲਾਤ ਵਿੱਚ ਤਬਦੀਲੀ ਆ ਜਾਂਦੀ ਹੈ)।
 
ਇਕ ਫਰਵਰੀ ਦਾ ਦਿਨ ਚੜ੍ਹਿਆ। ਔਰੰਗਜ਼ੇਬ ਆਪਣੀ ਆਦਤ ਅਨੁਸਾਰ ਤੜਕੇ ਹੀ ਬਿਸਤਰ ਵਿੱਚੋਂ ਉਠ ਗਿਆ। ਬਾਹਰ ਜਾ ਕੇ ਉਸ ਨੇ ਸਵੇਰ ਦੀ ਨਮਾਜ਼ ਅਤੇ ਕਲਮਾ ਪੜ੍ਹਿਆ ਤੇ ਫੇਰ ਸੌਣ ਵਾਲੇ ਕਮਰੇ ਵਿੱਚ ਆ ਕੇ ਤਸਬੀਹ ਫੇਰਨ ਲੱਗ ਪਿਆ। ਉਹ ਅੱਲ੍ਹਾ ਦੀ ਬੰਦਗੀ ਵਿੱਚ ਮਗਨ ਹੋ ਗਿਆ। ਪਰ ਛੇਤੀ ਹੀ ਬੇਹੋਸ਼ ਹੋ ਗਿਆ ਤੇ ਇਕ ਪਾਸੇ ਨੂੰ ਲੁੜਕ ਗਿਆ। ਕਹਿੰਦੇ ਹਨ, ਬੇਹੋਸ਼ੀ ਦੀ ਹਾਲਤ ਵਿੱਚ ਵੀ ਉਸ ਦੀਆਂ ਉਂਗਲਾਂ ਤਸਬੀਹ ਦੇ ਮਣਕਿਆਂ ਉਤੇ ਚਲਦੀਆਂ ਰਹੀਆਂ। ਹਕੀਮਾਂ ਨੇ ਬੜੇ ਓੜ੍ਹ-ਪੋੜ੍ਹ ਕੀਤੇ ਪਰ ਬਾਦਸ਼ਾਹ ਦਾ ਆਖਰੀ ਵਕਤ ਆ ਗਿਆ ਸੀ। ਇਕ ਪਹਿਰ ਦਿਨ ਚੜ੍ਹੇ ਉਸ ਦੀ ਮੌਤ ਹੋ ਗਈ। ਔਰੰਗਜ਼ੇਬ ਕਿਹਾ ਕਰਦਾ ਸੀ ਕਿ ਇਸ ਸੰਸਾਰ ਤੋਂ ਕੂਚ ਕਰਨ ਲਈ ਜੁਮੇ (ਸ਼ੁੱਕਰਵਾਰ) ਦਾ ਦਿਨ ਬਹੁਤ ਸ਼ੁੱਭ ਹੁੰਦਾ ਹੈ। ਖੁਦਾ ਨੇ ਉਸ ਦੀ ਇੱਛਾ ਪੂਰੀ ਕਰ ਦਿੱਤੀ। 21 ਫਰਵਰੀ 1707 ਈ. ਨੂੰ ਸ਼ੁੱਕਰਵਾਰ ਹੀ ਸੀ।
 
ਸ਼ਹਿਜ਼ਾਦਾ ਮੁਹੰਮਦ ਆਜ਼ਮ ਅਗਲੇ ਦਿਨ ਸ਼ਨਿਚਰਵਾਰ ਨੂੰ ਅਹਿਮਦਨਗਰ ਵਿੱਚ ਆਪਣੇ ਮ੍ਰਿਤ ਪਿਤਾ ਕੋਲ ਪਹੁੰਚਾ। ਮੌਤ ਤੋਂ ਤਿੰਨ ਦਿਨ ਬਾਅਦ ਸੋਮਵਾਰ ਨੂੰ ਜਨਾਜ਼ਾ ਨਿਕਲਿਆ। ਔਰੰਗਜ਼ੇਬ ਨੇ ਕੁਝ ਸਮਾਂ ਪਹਿਲਾਂ ਖੁਲਦਾਬਾਦ ਵਿੱਚ ਫਕੀਰ ਸ਼ੇਖ ਜੈਨੁੱਦੀਨ ਦੇ ਮਕਬਰੇ ਦੇ ਵਿਹੜੇ ਵਿੱਚ ਆਪਣੀ ਕਬਰ ਆਪ ਹੀ ਬਣਵਾ ਲਈ ਸੀ।
 
ਔਰੰਗਜ਼ੇਬ ਤੋਂ ਅੱਠ ਕੋਹ ਦੂਰ ਦੌਲਤਾਬਾਦ ਦੇ ਨੇੜੇ ਖੁਲਦਾਬਾਦ ਵਿੱਚ ਬਣੀ ਇਸੇ ਕਬਰ ਵਿੱਚ ਔਰੰਗਜ਼ੇਬ ਨੂੰ ਦਫਨਾ ਦਿੱਤਾ ਗਿਆ। ਤਿੰਨ ਗਜ਼ ਲੰਮੇ ਤੇ ਢਾਈ ਗਜ਼ ਚੌੜੇ ਲਾਲ ਪੱਥਰ ਦੇ ਚਬੂਤਰੇ ਉਤੇ ਥੋੜ੍ਹੀ ਜਿਹੀ ਉੱਚੀ ਬਣੀ ਇਹ ਕਬਰ ਦਿਖਾਈ ਦਿੰਦੀ ਹੈ, ਜਿਸ ਉਤੇ ਮਗਰੋਂ ਨਿਆਜ਼ਬੋ ਦੇ ਕੁਝ ਬੂਟੇ ਬੀਜ ਦਿੱਤੇ ਗਏ।
 
ਔਰੰਗਜ਼ੇਬ ਬਾਰੇ ਪ੍ਰਮਾਣਿਕ ਇਤਿਹਾਸਕਾਰ ਸਰ ਜਾਦੂ ਨਾਥ ਸਰਕਾਰ ਔਰੰਗਜ਼ੇਬ ਦੇ ਚਰਿੱਤਰ ਦਾ ਸੰਖੇਪ ਮੁਲਾਂਕਣ ਇਸ ਤਰ੍ਹਾਂ ਕਰਦੇ ਹਨ:
”ਔਰੰਗਜ਼ੇਬ ਦੇ ਜੀਵਨ ਦੇ ਆਖਰੀ ਸਾਲ ਬੇਹੱਦ ਦੁਖ ਭਰੇ ਸਨ। ਉਸ ਦਾ ਅੱਧੀ ਸਦੀ ਲੰਮਾ ਰਾਜ-ਕਾਲ ਬਿਲਕੁਲ ਅਸਫਲ ਰਿਹਾ।…ਉਸ ਦਾ ਪਰਿਵਾਰਕ ਜੀਵਨ ਵੀ ਪਿਆਰਹੀਣ ਤੇ ਉਦਾਸੀ ਭਰਿਆ ਸੀ। ਉਹ ਉਸ ਸ਼ਾਂਤੀ ਅਤੇ ਆਸ਼ਾਵਾਦ ਤੋਂ ਵੰਚਿਤ ਰਿਹਾ, ਜੋ ਬਿਰਧ ਅਵਸਥਾ ਨੂੰ ਸੁੱਖਮਈ ਤੇ ਗੌਰਵਮਈ ਬਣਾ ਦਿੰਦਾ ਹੈ। ਜੀਵਨ ਦੇ ਆਖਰੀ ਸਾਲਾਂ ਵਿੱਚ ਉਸ ਦੇ ਦਿਲ-ਦਿਮਾਗ ਉਤੇ ਇਕੱਲੇਪਣ ਦਾ ਅਹਿਸਾਸ ਛਾਇਆ ਰਿਹਾ। ਉਸ ਨੂੰ ਹਮੇਸ਼ਾ ਇਹ ਡਰ ਲੱਗਾ ਰਹਿੰਦਾ ਕਿ ਜੇ ਮੇਰੇ ਪੁੱਤਰਾਂ ਨੇ ਵੀ ਮੇਰੀ ਕਮਜ਼ੋਰ ਬਿਰਧ ਅਵਸਥਾ ਵਿੱਚ ਮੇਰੇ ਨਾਲ ਉਹੀ ਸਲੂਕ ਕੀਤਾ ਜੋ ਮੈਂ ਆਪਣੇ ਬਾਪ ਸ਼ਾਹਜਹਾਨ ਨਾਲ ਕੀਤਾ ਸੀ, ਤਾਂ ਕੀ ਹੋਵੇਗਾ?…ਔਰੰਗਜ਼ੇਬ ਵਿੱਚ ਹਮਦਰਦੀ, ਕਲਪਨਾ, ਵਿਆਪਕ ਦ੍ਰਿਸ਼ਟੀ, ਸੁਹਿਰਦਤਾ ਅਤੇ ਉਦਾਰਤਾ ਦਾ ਅਭਾਵ ਸੀ। ਉਸ ਦੇ ਚਰਿੱਤਰ ਦੀਆਂ ਇਨ੍ਹਾਂ ਕਮੀਆਂ ਨੇ ਮੁਗਲ ਸਾਮਰਾਜ ਨੂੰ ਇੰਨਾ ਖੋਖਲਾ ਕਰ ਦਿੱਤਾ ਸੀ ਕਿ ਉਸ ਦੀ ਮੌਤ ਤੋਂ ਬਾਅਦ ਉਹ ਹਵਾ ਦੇ ਇਕ ਬੁੱਲੇ ਨਾਲ ਹੀ ਧੜੰਮ ਕਰਕੇ ਡਿੱਗ ਪਿਆ। ਜੋ ਕੁਝ ਅਯੋਗ, ਬੇਲੋੜਾ ਅਤੇ ਪ੍ਰਕਿਰਤੀ ਦੇ ਵਿਰੁੱਧ ਹੁੰਦਾ ਹੈ, ਕਾਲ ਉਸ ਨੂੰ ਬੜੀ ਬੇਰਹਿਮੀ ਨਾਲ ਮਿਟਾ ਕੇ ਉੜਾ ਦਿੰਦਾ ਹੈ।”