ਹੌਲੀ ਦਾ ਤਿਉਹਾਰ , ਪਿਆਰ ਤੇ ਰੰਗਾਂ ਦਾ ਪ੍ਤੀਕ

ਹੌਲੀ  ਦਾ ਤਿਉਹਾਰ , ਪਿਆਰ ਤੇ ਰੰਗਾਂ ਦਾ ਪ੍ਤੀਕ

ਫੱਗਣ ਦੇ ਮਹੀਨੇ ਵੇ ਘਰ ਹੋਲੀ ਆਈ।

ਜਿਨ੍ਹਾਂ ਘਰ ਲਾਲ ਉਨ੍ਹਾਂ ਰਲ ਕੇ ਮਨਾਈ।

ਫੱਗਣ ਦੇ ਮਹੀਨੇ ਸਰ੍ਹੋਂ ਖੇਤੀ ਫੁੱਲੀ ਏ,

ਹੋਲੀ ਦੀ ਬਹਾਰ ਧਰਤੀ ‘ਤੇ ਡੁੱਲ੍ਹੀ ਏ।

ਭਾਰਤ ਵਿੱਚ ਬਹੁਤ ਸਾਰੇ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਇਨ੍ਹਾਂ ਮੇਲੇ-ਤਿਉਹਾਰਾਂ ਦਾ ਸੰਬੰਧ ਰੁੱਤਾਂ ਅਤੇ ਮੌਸਮ ਨਾਲ ਵੀ ਹੁੰਦਾ ਹੈ।ਹੋਲੀ ਬਸੰਤ ਰੁੱਤ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਭਾਰਤੀ ਤਿਉਹਾਰ ਹੈ। ਇਹ ਪਰਵ ਹਿੰਦੂ ਪੰਚਾਂਗ ਦੇ ਅਨੁਸਾਰ ਫ਼ਾਲਗੁਨ ਮਹੀਨਾ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੰਗਾਂ ਦਾ ਤਿਉਹਾਰ ਕਿਹਾ ਜਾਣ ਵਾਲਾ ਇਹ ਪਰਵ ਪਾਰੰਪਰਕ ਰੂਪ ਤੋਂ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲਾਂ ਦਿਨ ਨੂੰ "ਹੋਲਿਕਾ ਜਲਾਈ" ਜਾਂਦੀ ਹੈ, ਜਿਸਨੂੰ "ਹੋਲਿਕਾ ਦਹਿਨ" ਵੀ ਕਹਿੰਦੇ ਹੈ।ਦੂਜੇ ਦਿਨ ਲੋਕੀਂ ਇਕ-ਦੂਜੇ ’ਤੇ ਰੰਗ ਤੇ ਗੁਲਾਲ ਆਦਿ ਸੁੱਟ ਕੇ ਹੋਲੀ ਮਨਾਉਂਦੇ ਹਨ। ਇਸ ਦਿਨ ਕਈ ਲੋਕ ਢੋਲ ਵਜਾ ਕੇ ਹੋਲੀ ਦੇ ਗੀਤ ਗਾਉਂਦੇ ਹੋਏ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਾਉਂਦੇ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਆਪਣੇ ਗਿਲੇ-ਸ਼ਿਕਵੇ ਭੁਲਾ ਕੇ ਇੱਕ-ਦੂਜੇ ਤੇ ਰੰਗ-ਗੁਲਾਲ ਆਦਿ ਮਲਦੇ ਹਨ। ਇਕ-ਦੂਜੇ ਨੂੰ ਰੰਗਣ ਅਤੇ ਗਾਉਣ-ਵਜਾਉਣ ਦਾ ਦੌਰ ਦੁਪਹਿਰ ਤੱਕ ਚੱਲਦਾ ਰਹਿੰਦਾ ਹੈ। ਇਸ ਤੋਂ ਬਾਅਦ ਲੋਕੀਂ ਨਹਾ-ਧੋ ਕੇ ਨਵੇਂ ਕੱਪੜੇ ਪਾਉਂਦੇ ਹਨ ਅਤੇ ਮਠਿਆਈਆਂ ਆਦਿ ਵੰਡਦੇ ਹਨ। ਉੱਤਰੀ ਭਾਰਤ ਵਿੱਚ ਇਸ ਦਿਨ ਗੁਜੀਆ ਨਾਂ ਦੀ ਮਠਿਆਈ ਖਾਣ ਦਾ ਰਿਵਾਜ ਹੈ। ਇਸ ਦਿਨ ਮਠਿਆਈ ਦੀਆਂ ਦੁਕਾਨਾਂ ਤੇ ਇਸ ਨੂੰ ਖਰੀਦਣ ਦੇ ਲਈ ਲੋਕਾਂ ਦੀ ਭਾਰੀ ਭੀੜ ਲੱਗੀ ਰਹਿੰਦੀ ਹੈ। ਲੋਕ ਆਪਣੇ ਗੁਆਂਢੀਆਂ ਅਤੇ ਸੰਬੰਧੀਆਂ ਦੇ ਘਰਾਂ ਵਿੱਚ ਵੀ ਮਠਿਆਈ ਆਦਿ ਲੈ ਕੇ ਜਾਂਦੇ ਹਨ।ਹੋਲੀ ਦਾ ਤਿਉਹਾਰ ਬਸੰਤ ਪੰਚਮੀ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਉਸੀ ਦਿਨ ਪਹਿਲੀ ਵਾਰ ਗੁਲਾਲ ਉੜਾਇਆ ਜਾਂਦਾ ਹੈ। ਇਸ ਦਿਨ ਨਾਲ ਫਾਗ ਅਤੇ ਧਮਾਰ ਦਾ ਗਾਨਾ ਅਰੰਭ ਹੋ ਜਾਂਦਾ ਹੈ। ਖੇਤਾਂ ਵਿੱਚ ਸਰਸੋਂ ਖਿੜ ਉੱਠਦੀ ਹੈ। ਬਾਗ-ਬਗੀਚੇ ਵਿੱਚ ਫੁੱਲਾਂ ਦੀ ਆਕਰਸ਼ਕ ਛੇਵਾਂ ਛਾ ਜਾਂਦੀ ਹੈ। ਦਰਖਤ-ਬੂਟੇ, ਪਸ਼ੁ-ਪੰਛੀ ਅਤੇ ਮਨੁੱਖ ਸਭ ਖੁਸ਼ੀ ਨਾਲ ਪਰਿਪੂਰਣ ਹੋ ਜਾਂਦੇ ਹਨ। ਖੇਤਾਂ ਵਿੱਚ ਕਣਕ ਦੀਆਂ ਬਾਲੀਆਂ ਇਠਲਾਨੇ ਲੱਗਦੀਆਂ ਹਨ। ਕਿਸਾਨਾਂ ਦਾ ਹਰਦਏ ਖੁਸ਼ੀ ਨਾਲ ਨਾਚ ਉੱਠਦਾ ਹੈ। ਬੱਚੇ-ਬੂੜੇ ਸਾਰੇ ਵਿਅਕਤੀ ਸਭ ਕੁਝ ਸੰਕੋਚ ਅਤੇ ਰੂੜੀਆਂ ਭੁੱਲ ਕੇ ਢੋਲਕ-ਝਾਂਝ-ਮੰਜੀਰਾ ਦੀ ਧੁਨ ਨਾਲ ਨਾਚ-ਸੰਗੀਤ ਅਤੇ ਰੰਗਾਂ ਵਿੱਚ ਡੁੱਬ ਜਾਂਦੇ ਹੈ। ਚਾਰਾਂ ਤਰਫ ਰੰਗਾਂ ਦੀ ਫੁਆਰ ਫੂਟ ਪੈਂਦੀ ਹੈ। ਹੋਲੀ ਦੇ ਦਿਨ ਅੰਬ ਮੰਜਰੀ ਅਤੇ ਚੰਦਨ ਨੂੰ ਮਿਲਾਕੇ ਖਾਣ ਦੀ ਵੱਡੀ ਵਡਿਆਈ ਹੈ।

  ਖਾਲਸਾ ਪੰਥ ਵਿੱਚ ਵੀ ਹੋਲੀ ਦੇ ਤਿਉਹਾਰ ਦੀ ਵਿਸ਼ੇਸ਼ ਮਹੱਤਤਾ ਹੈ। ਸਿੱਖਾਂ ਵਿੱਚ ਇਹ ਤਿਉਹਾਰ ਹੋਲਾ-ਮਹੱਲਾ ਦੇ ਨਾਂ ਨਾਲ ਪ੍ਰਚੱਲਿਤ ਹੈ। ਹੋਲਾ-ਮਹੱਲਾ ਮਨਾਉਣ ਦੀ ਰਵਾਇਤ ਸਿੱਖਾਂ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਈ ਸੀ। ਇਸ ਮੌਕੇ ਮੁੱਖ ਸਮਾਗਮ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤੇ ਜਾਂਦੇ ਹਨ। ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ‘ਹੋਲਾ-ਮਹੱਲਾ’ ਦਾ ਤਿਉਹਾਰ ਮਨਾਉਂਦੀਆਂ ਹਨ। ਖਾਲਸਾ ਪੰਥ ਵਿੱਚ ਇਸ ਤਿਉਹਾਰ ਦਾ ਸੰਬੰਧ ਸੂਰਮਤਾਈ ਨਾਲ ਵੀ ਜੁੜਿਆ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਜ਼ੁਲਮ ਦਾ ਟਾਕਰਾ ਕਰਨ ਲਈ ਖਾਲਸੇ ਨੂੰ ਯੁੱਧ-ਕਲਾ ਵਿੱਚ ਨਿਪੁੰਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਹੋਲੀ ਦੇ ਪਰੰਪਰਾਈ ਪੱਖ ਤੋਂ ਹਟ ਕੇ ਇਸ ਤਿਉਹਾਰ ਦਾ ਸੰਬੰਧ ਸੂਰਮਤਾਈ ਨਾਲ ਜੋੜਿਆ। ਹੋਲਾ-ਮਹੱਲਾ ਵਿੱਚ ਸ਼ਾਮਿਲ ਸ਼ਸਤਰਧਾਰੀ ਨਿਹੰਗ ਸਿੰਘ ਦੋ ਦਲ ਬਣਾ ਕੇ ਇੱਕ-ਦੂਜੇ ਉੱਤੇ ਹਮਲਾ ਕਰਦੇ ਹਨ ਅਤੇ ਕਈ ਪ੍ਰਕਾਰ ਦੇ ਕਰਤਬ ਦਿਖਾਉਂਦੇ ਹਨ। ਇਸ ਮੌਕੇ ਦੀਵਾਨ ਸਜਦੇ ਹਨ, ਕਥਾ-ਕੀਰਤਨ ਅਤੇ ਬੀਰ ਰਸੀ ਵਾਰਾਂ ਗਾਈਆਂ ਜਾਂਦੀਆਂ ਹਨ। ਸਮੁੱਚੇ ਭਾਰਤ ਸਮੇਤ ਦੇਸ਼ਾਂ-ਵਿਦੇਸ਼ਾਂ ਤੋਂ ਸਿੱਖ ਸੰਗਤਾਂ ਹੋਲਾ-ਮਹੱਲਾ ਮਨਾਉਣ ਲਈ ਸ਼੍ਰੀ ਆਨੰਦਪੁਰ ਸਾਹਿਬ ਪੁੱਜਦੀਆਂ ਹਨ। ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਏ ਜਾਣ ਵਾਲੇ ਇਸ ਪਵਿੱਤਰ ਤਿਉਹਾਰ ਵਿੱਚ ਨਿਹੰਗ ਸਿੰਘਾਂ ਦੁਆਰਾ ਕੀਤੀ ਜਾਂਦੀ ਘੋੜਸਵਾਰੀ ਅਤੇ ਗਤਕੇਬਾਜ਼ੀ ਦੇ ਜੌਹਰ ਦੇਖਣਯੋਗ ਹੁੰਦੇ ਹਨ। ਇਸ ਤਰ੍ਹਾਂ ਦੇ ਅਲੌਕਿਕ ਨਜ਼ਾਰੇ ਨੂੰ ਦੇਖ ਕੇ ਹਰ ਕੋਈ ਨਿਹਾਲ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਨੇ ਵੀ ਆਪਣੇ ਅਧਿਆਤਮਵਾਦੀ ਸੰਦੇਸ਼ ਨੂੰ ਆਮ ਲੋਕਾਂ ਤੱਕ ਸਹਿਜੇ ਢੰਗ ਨਾਲ ਪਹੁੰਚਾਉਣ ਲਈ ਹੋਲੀ ਦੇ ਤਿਉਹਾਰ ਨੂੰ ਇੱਕ ਸੰਚਾਰ-ਜੁਗਤ ਦੇ ਤੌਰ ਤੇ ਵਰਤਿਆ ਹੈ।

ਪੁਰਾਤਨ ਸਮੇਂ ਵਿੱਚ ਖੇਡੀ ਜਾਂਦੀ ਹੋਲੀ ਅਤੇ ਅਜੋਕੇ ਸਮੇਂ ਵਿੱਚ ਖੇਡੀ ਜਾਂਦੀ ਹੋਲੀ ਵਿੱਚ ਕਾਫੀ ਕੁਝ ਬਦਲ ਗਿਆ ਹੈ। ਪੁਰਾਤਨ ਸਮੇਂ ਵਿੱਚ ਲੋਕ ਕੁਦਰਤੀ ਰੰਗਾਂ ਦੇ ਨਾਲ ਹੋਲੀ ਖੇਡਦੇ ਸਨ, ਜਿਨ੍ਹਾਂ ਦਾ ਨਿਰਮਾਣ ਹਲਦੀ, ਚੰਦਨ ਅਤੇ ਮਹਿੰਦੀ ਆਦਿ ਨਾਲ ਕੀਤਾ ਜਾਂਦਾ ਸੀ। ਕੁਦਰਤੀ ਰੰਗਾਂ ਦੇ ਮਹੱਤਵ ਨੂੰ ਪੁਰਾਣੇ ਲੋਕ ਭਲੀਭਾਂਤ ਜਾਣਦੇ ਸਨ। ਇਹ ਰੰਗ ਸਾਡੀ ਚਮੜੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਸਨ ਸਗੋਂ ਇਹ ਰੰਗ ਸਾਡੇ ਵਾਲਾਂ ਨੂੰ ਚਮਕਦਾਰ ਬਣਾਉਂਦੇ ਸਨ। ਅੱਜਕਲ੍ਹ ਹੋਲੀ ਵਿੱਚ ਜਿਹੜੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਨ੍ਹਾਂ ਵਿੱਚ ਰਸਾਇਣਕ ਪਦਾਰਥਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜੋ ਸਾਡੀ ਸਿਹਤ ‘ਤੇ ਬੁਰਾ ਅਸਰ ਪਾਉਂਦੇ ਹਨ। ਇਸ ਦੇ ਨਾਲ ਹੀ ਹੋਲੀ ਮੌਕੇ ਕਈ ਥਾਈਂ ਮਾਰ-ਕੁੱਟ ਅਤੇ ਲੜਾਈ-ਝਗੜੇ ਦੀਆਂ ਘਟਨਾਵਾਂ ਵੀ ਵਾਪਰ ਜਾਂਦੀਆਂ ਹਨ। ਜਦਕਿ ਰੰਗਾਂ ਦੇ ਤਿਉਹਾਰ ਹੋਲੀ ਦਾ ਇਹ ਪ੍ਰਕਾਰਜ ਬਿਲਕੁਲ ਵੀ ਨਹੀਂ ਹੈ। ਹੋਲੀ ਦਾ ਮੰਤਵ ਤਾਂ ਆਪਸੀ ਵੈਰ-ਵਿਰੋਧ ਭੁਲਾ ਕੇ ਗਿਲੇ-ਸ਼ਿਕਵਿਆਂ ਨੂੰ ਦੂਰ ਕਰਕੇ ਭਾਈਚਾਰੇ ਦੀ ਭਾਵਨਾ ਨੂੰ ਹਲੂਣਾ ਦੇਣ ਹੈ। ਇਸ ਲਈ ਇਹ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਹੋਲੀ ਦੇ ਤਿਉਹਾਰ ਨੂੰ ਸਾਫ-ਸੁਥਰੇ ਅਤੇ ਚੰਗੇ ਤਰੀਕੇ ਨਾਲ ਮਨਾਈਏ ਤਾਂ ਕਿ ਇਸ ਤਿਉਹਾਰ ਦਾ ਜੋ ਮਕਸਦ ਹੈ ਉਸ ਤੋਂ ਅਸੀਂ ਕਿਤੇ ਖੁੰਝ ਨਾ ਜਾਈਏ।ਆਧੁਨਿਕਤਾ ਦੇ ਦੌਰ ਵਿੱਚ ਬੇਸ਼ੱਕ ਕਈ ਨਵੀਆਂ ਚੀਜ਼ਾਂ ਵੀ ਇਸ ਨਾਲ ਜੁੜ ਗਈਆਂ ਹਨ ਪਰ ਫਿਰ ਵੀ ਪੇਂਡੂ ਪੱਧਰ ‘ਤੇ ਇਸ ਦਾ ਪੁਰਾਤਨ ਸਰੂਪ ਹਾਲੇ ਵੀ ਬਰਕਰਾਰ ਹੈ। ਇਸ ਨੂੰ ਮਨਾਉਣ ਦਾ ਅਸਲ ਉਦੇਸ਼ ਮਨੁੱਖਤਾ ਦੇ ਦਿਲਾਂ ਵਿੱਚ ਪਿਆਰ ਤੇ ਭਾਈਚਾਰੇ ਦੀ ਭਾਵਨਾ ਨੂੰ ਉਜ਼ਾਗਰ ਕਰਨਾ ਹੈ।ਤੁਹਾਨੂੰ ਸਾਰਿਆਂ ਨੂੰ ਹੋਲੀ ਅਤੇ ਹੋਲਾ ਮਹੱਲਾ ਦੀਆਂ ਬਹੁਤ ਸ਼ੁਭਕਾਮਨਾਵਾਂ।

  

 ਰਵਨਜੋਤ ਕੌਰ ਸਿੱਧੂ ਰਾਵੀ

 

 

Attachments area