ਦੇਸ਼ ਭਗਤੀ ਦੇ ਨਾਂ 'ਤੇ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਜੁਗਾੜ ਕਰਨ ਲੱਗੇ ਭਾਰਤੀ

ਦੇਸ਼ ਭਗਤੀ ਦੇ ਨਾਂ 'ਤੇ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਜੁਗਾੜ ਕਰਨ ਲੱਗੇ ਭਾਰਤੀ

ਚੰਡੀਗੜ੍ਹ: ਪੁਲਵਾਮਾ ਹਮਲੇ ਦੀ ਆੜ ਵਿਚ ਭਾਰਤ ਅੰਦਰ ਵੱਡੇ ਪੱਧਰ 'ਤੇ ਰਾਜਨੀਤਕ ਗਤੀਵਿਧੀਆਂ ਸਰਗਰਮ ਹਨ। ਇਸ ਹਮਲੇ ਤੋਂ ਬਾਅਦ ਜਿੱਥੇ ਕਸ਼ਮੀਰੀਆਂ ਖਿਲਾਫ ਨਫਰਤ ਦਾ ਮਾਹੌਲ ਸਿਰਜਿਆ ਗਿਆ ਉੱਥੇ ਹੁਣ ਇਸ ਹਮਲੇ ਦੀ ਆੜ ਵਿਚ ਹੀ ਲੰਬੇ ਸਮੇਂ ਤੋਂ ਭਾਰਤ ਵਲੋਂ ਪੰਜਾਬ ਦੇ ਦਰਿਆਈ ਪਾਣੀ ਨੂੰ ਲੁੱਟਣ ਦੀਆਂ ਕੋਸ਼ਿਸ਼ਾਂ ਨੂੰ ਸਿਰੇ ਚੜਾਉਣ ਲਈ ਵੀ ਮਾਹੌਲ ਸਿਰਜਿਆ ਜਾ ਰਿਹਾ ਹੈ। ਦੇਸ਼ ਭਗਤੀ ਦੇ ਨਾਂ 'ਤੇ ਪਾਕਿਸਤਾਨ ਨੂੰ ਸਬਕ ਸਿਖਾਉਣ ਦਾ ਬਹਾਨਾ ਲਾ ਕੇ ਭਾਰਤ ਸਰਕਾਰ ਦੇ ਜਲ ਸਰੋਤਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਹੈ ਕਿ ਪੰਜਾਬ ਦੇ ਸਤਲੁੱਜ, ਰਾਵੀ ਅਤੇ ਬਿਆਸ ਦਰਿਆਵਾਂ ਉੱਤੇ ਬੰਨ੍ਹ ਮਾਰ ਕੇ ਇਹਨਾਂ ਦਾ ਪਾਣੀ ਹਿੰਦੀ ਖੇਤਰ ਦੀ ਯਮੁਨਾ ਨਦੀ ਵਿਚ ਪਾਇਆ ਜਾਵੇਗਾ। 

ਗੌਰਤਲਬ ਹੈ ਕਿ 1947 ਤੋਂ ਬਾਅਦ ਤੋਂ ਹੀ ਭਾਰਤੀ ਹਕੂਮਤ ਪੰਜਾਬ ਨਾਲ ਧੱਕੇਸ਼ਾਹੀਆਂ ਕਰਦੀ ਆਈ ਹੈ ਜਿਸ ਵਿਚ ਪੰਜਾਬ ਦੇ ਪਾਣੀਆਂ ਦੀ ਲੁੱਟ ਦਾ ਮਸਲਾ ਬਹੁਤ ਅਹਿਮ ਹੈ। ਜਿੱਥੇ ਇਕ ਪਾਸੇ ਪੰਜਾਬ ਅਜਿਹੇ ਜਲ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਵਿਧਾਨ ਸਭਾ ਵਿਚ ਬਿਆਨ ਦਿੰਦੇ ਹਨ ਕਿ ਜੇ ਪੰਜਾਬ ਦਾ ਪਾਣੀ ਨਾ ਬਚਾਇਆ ਗਿਆ ਤਾਂ ਆਉਣ ਵਾਲੇ 20 ਸਾਲਾਂ ਵਿਚ ਪੰਜਾਬ ਰੇਗਿਸਤਾਨ ਬਣ ਜਾਵੇਗਾ ਉੱਥੇ ਭੁੱਖੇ ਭਾਰਤ ਦਾ ਢਿੱਡ ਭਰਨ ਵਾਲੇ ਪੰਜਾਬ ਪ੍ਰਤੀ ਭਾਰਤ ਦੀਆਂ ਕਾਣੀਆਂ ਨੀਤੀਆਂ ਵਿਚ ਕੋਈ ਤਬਦੀਲੀ ਨਹੀਂ ਆ ਰਹੀ। 

ਪੰਜਾਬ ਦੇ ਪਾਣੀਆਂ ਨੂੰ ਜਿੱਥੇ ਪਹਿਲਾਂ ਹੀ ਅੰਤਰਰਾਸ਼ਟਰੀ ਰਾਇਪੇਰੀਅਨ ਸਿਧਾਂਤ ਅਤੇ ਭਾਰਤੀ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਰਾਜਸਥਾਨ, ਹਰਿਆਣਾ, ਦਿੱਲੀ ਨੂੰ ਦਿੱਤਾ ਜਾ ਰਿਹਾ ਹੈ ਉੱਥੇ ਹੁਣ ਰਹਿੰਦੇ ਪਾਣੀ ਨੂੰ ਲੁੱਟਣ ਲਈ ਵੀ ਨਵੀਂ ਨੀਤੀ ਬਣਾਈ ਗਈ ਹੈ। ਇਸ ਲੁੱਟ ਨੂੰ ਭਾਰਤ ਦੇ "ਰਾਸ਼ਟਰੀ ਪ੍ਰੋਜੈਕਟ" ਵਜੋਂ ਲਾਗੂ ਕੀਤਾ ਜਾ ਰਿਹਾ ਹੈ। 

ਪੰਜਾਬ ਦੇ ਪਾਣੀਆਂ ਨੂੰ ਯਮੁਨਾ ਵਿਚ ਪਾਉਣ ਦੀ ਭਾਰਤੀ ਨੀਤੀ (ਐਸਵਾਈਐਲ ਨਹਿਰ ਪ੍ਰੋਜੈਕਟ) ਨੂੰ ਜਦੋਂ ਪੰਜਾਬੀਆਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਨਾਕਾਮ ਕਰ ਦਿੱਤਾ ਤਾਂ ਹੁਣ ਇਹ ਨਵੇਂ ਰੂਪ ਵਿਚ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੇਂਦਰੀ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਬਾਗਪਤ ’ਚ ਕਿਹਾ ਸੀ ਕਿ ਯਮੁਨਾ ਦਰਿਆ ਨੂੰ ਸ਼ੁੱਧ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਹੁਣ ਤਿੰਨ ਪ੍ਰਾਜੈਕਟਾਂ ’ਤੇ ਕੰਮ ਸ਼ੁਰੂ ਹੋਣ ਨਾਲ ਪਾਣੀ ਦਾ ਵਹਾਅ ਯਮੁਨਾ ਦਰਿਆ ਵੱਲ ਕਰ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਰਾਵੀ ਦਰਿਆ ’ਤੇ ਸ਼ਾਹਪੁਰ ਕੰਢੀ ਬੰਨ੍ਹ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ।