ਗਾਂਧੀ ਪਰਿਵਾਰ ਦਾ ਕਾਮਾ ਬਣਿਆ ਆਪ ਦਾ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ

ਗਾਂਧੀ ਪਰਿਵਾਰ ਦਾ ਕਾਮਾ ਬਣਿਆ ਆਪ ਦਾ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ

ਰੂਪਨਗਰ: ਕੁਝ ਸਮਾਂ ਪਹਿਲਾਂ ਪੰਜਾਬ ਵਿੱਚ ਵੱਡੇ ਸਿਆਸੀ ਇਨਕਲਾਬ ਦੇ ਸਬਜ਼ਬਾਗ ਦਿਖਾਉਣ ਵਾਲੇ ਉਹ ਆਗੂ ਜੋ ਪੰਜਾਬ ਦੀਆਂ ਸਥਾਪਿਤ ਸਿਆਸੀ ਧਿਰਾਂ ਦੇ ਪੰਜਾਬ ਨਾਲ ਧੋਖਿਆਂ ਦੀ ਦਾਸਤਾਨ ਸੁਣਾ ਕੇ ਲੋਕਾਂ ਨੂੰ ਆਪਣੇ ਨਾਲ ਜੋੜ ਰਹੇ ਸਨ ਹੁਣ ਉਹੀ ਆਗੂ ਮੁੜ ਉਹਨਾਂ ਸਥਾਪਿਤ ਧਿਰਾਂ ਨਾਲ ਜੁੜ ਰਹੇ ਹਨ। ਅੱਜ ਕੱਲ੍ਹ ਚੱਲ ਰਹੇ ਸਿਆਸੀ ਮਾਹੌਲ ਵਿੱਚ ਡਿਗੇ ਕਿਰਦਾਰਾਂ ਦੀ ਇੱਕ ਅਹਿਮ ਇਬਾਰਤ ਦਾ ਦੌਰ ਚੱਲ ਰਿਹਾ ਹੈ। ਇਸ ਦੌਰ ਦਾ ਹਿੱਸਾ ਬਣਦਿਆਂ ਬੀਤੇ ਕੱਲ੍ਹ ਆਮ ਆਦਮੀ ਪਾਰਟੀ ਦੇ ਰੂਪਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰਜੀਤ ਸਿੰਘ ਸੰਦੋਆ ਨੇ ਆਪਣੀ ਫੇਸਬੁੱਕ ਆਈਡੀ 'ਤੇ ਪੋਸਟ ਸਾਂਝੀ ਕਰਦਿਆਂ ਖੁਦ ਨੂੰ ਗਾਂਧੀ ਪਰਿਵਾਰ ਦਾ ਕਾਮਾ ਦੱਸਿਆ। 

ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਚੰਗਾ ਸਿਆਸੀ ਬਦਲ ਸਮਝਦਿਆਂ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਸੀ ਤੇ ਸਥਾਪਿਤ ਧਿਰਾਂ ਦੇ ਆਗੂਆਂ ਨਾਲ ਟੱਕਰ ਲੈਂਦਿਆਂ ਆਪਣਾ ਨੁਕਸਾਨ ਵੀ ਕਰਵਾਇਆ। ਹੁਣ ਇਹਨਾਂ ਆਗੂਆਂ ਵੱਲੋਂ ਕੀਤੇ ਜਾ ਰਹੇ ਅਜਿਹੇ ਫੈਂਸਲੇ ਇਹਨਾਂ ਨੌਜਵਾਨਾਂ ਨੂੰ ਸ਼ਰਮਸਾਰ ਕਰ ਰਹੇ ਹਨ।

ਰੂਪਨਗਰ ਜ਼ਿਲ੍ਹੇ ਤੋਂ ਆਪ ਦੇ ਨੌਜਵਾਨ ਆਗੂ ਕਮਿੱਕਰ ਸਿੰਘ ਡਾਢੀ ਨੇ ਆਪਣਾ ਦਰਦ ਕੁਝ ਇਸ ਤਰ੍ਹਾਂ ਬਿਆਨ ਕੀਤਾ।

ਅਮਰਜੀਤ ਸਿੰਘ ਸੰਦੋਆ ਨੂੰ ਰੂਪਨਗਰ ਹਲਕੇ ਦੇ ਲੋਕਾਂ ਨੇ ਬਿਨ੍ਹਾਂ ਕਿਸੇ ਰਾਜਨੀਤਕ ਪਿਛੋਕੜ ਤੋਂ ਆਮ ਆਦਮੀ ਪਾਰਟੀ ਪੱਖੀ ਚੱਲੀ ਲਹਿਰ ਦੇ ਚਲਦਿਆਂ ਵੱਡੇ ਫਰਕ ਨਾਲ ਜਿਤਾਇਆ ਸੀ। ਪਰ ਬੀਤੇ ਕੱਲ੍ਹ ਅਮਰਜੀਤ ਸਿੰਘ ਸੰਦੋਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਕਾਂਗਰਸ ਲਈ ਇਹ ਇੱਕ ਵੱਡੀ ਪ੍ਰਾਪਤੀ ਹੈ। ਕੈਪਟਨ ਨੇ ਖ਼ੁਦ ਸੰਦੋਆ ਦਾ ਆਪਣੀ ਪਾਰਟੀ ਵਿੱਚ ਸੁਆਗਤ ਕੀਤਾ।

ਪਿਛਲੇ ਲਗਭਗ ਇੱਕ ਹਫ਼ਤੇ ਤੋਂ ਹੀ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਚਰਚਾ ਜ਼ੋਰਾਂ ’ਤੇ ਸੀ। ਉਂਝ ਬੀਤੇ ਦਿਨੀਂ ਸੰਦੋਆ ਨੇ ਕਿਹਾ ਸੀ ਕਿ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਹੇ ਕਿਉਂਕਿ ਉਹ ਵਿਕਾਊ ਨਹੀਂ ਹਨ। ‘ਰੋਪੜ ਦੇ ਲੋਕਾਂ ਨੇ ਮੇਰੇ ਉੱਤੇ ਭਰੋਸਾ ਕਰ ਕੇ ਮੈਨੂੰ ਵਿਧਾਨ ਸਭਾ ਵਿੱਚ ਭੇਜਿਆ ਸੀ, ਮੈਂ ਲੋਕਾਂ ਦਾ ਭਰੋਸਾ ਨਹੀਂ ਤੋੜ ਸਕਦਾ।’
 
ਸੰਦੋਆ ਪਿਛਲੇ ਕੁਝ ਸਮੇਂ ਤੋਂ ਕਿਵੇਂ ਨਾ ਕਿਵੇਂ ਲਗਾਤਾਰ ਖ਼ਬਰਾਂ ਵਿੱਚ ਬਣੇ ਰਹੇ ਹਨ। ਇੱਕ ਵਾਰ ਉਹ ਉਦੋਂ ਚਰਚਾ ਦਾ ਵਿਸ਼ਾ ਬਣੇ ਸਨ, ਜਦੋਂ ਰੋਪੜ ਲਾਗਲੇ ਇਲਾਕਿਆਂ ਵਿੱਚ ਕਥਿਤ ਰੇਤ–ਮਾਫ਼ੀਆ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਸੀ ਤੇ ਫਿਰ ਦੂਜੀ ਵਾਰ ਜਦੋਂ ਉਨ੍ਹਾਂ ਨੂੰ ਕੈਨੇਡਾ ਦੇ ਮਹਾਂਨਗਰ ਟੋਰਾਂਟੋ ਦੇ ਹਵਾਈ ਅੱਡੇ ਤੋਂ ਬੇਰੰਗ ਵਾਪਸ ਭੇਜ ਦਿੱਤਾ ਗਿਆ ਸੀ ਤੇ ਕੈਨੇਡਾ ਵਿੱਚ ਸਿਆਸੀ ਰੈਲੀਆਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ