ਪੁਖਤਾ ਸਬੂਤ ਮਿਲਣ ਮਗਰੋਂ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸੁਮੇਧ ਸੈਣੀ ਨੂੰ ਕੀਤਾ ਤਲਬ

ਪੁਖਤਾ ਸਬੂਤ ਮਿਲਣ ਮਗਰੋਂ ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਸੁਮੇਧ ਸੈਣੀ ਨੂੰ ਕੀਤਾ ਤਲਬ

ਚੰਡੀਗੜ੍ਹ: ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਮਾਮਲਿਆਂ ਵਿਚ ਬੀਤੇ ਦਿਨੀਂ ਪੰਜਾਬ ਪੁਲਿਸ ਦੀ ਸਿਟ ਵਲੋਂ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫਤਾਰੀ ਕਰਨ ਤੋਂ ਬਾਅਦ ਹੁਣ ਸਿਟ ਨੇ ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਤਲਬ ਕਰ ਲਿਆ ਹੈ। ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਲਗਾਤਾਰ ਸਿੱਖ ਜਥੇਬੰਦੀਆਂ ਵਲੋਂ ਚੱਕੀ ਜਾ ਰਹੀ ਹੈ ਕਿਉਂਕਿ ਮੰਨਿਆ ਜਾਂਦਾ ਹੈ ਕਿ ਇਹਨਾਂ ਗੋਲੀਕਾਂਡਾਂ ਵਿਚ ਮੁੱਖ ਹੁਕਮ ਸੁਮੇਧ ਸੈਣੀ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਜਾਰੀ ਕੀਤੇ ਗਏ ਸਨ। 

ਭਰੋਸੇਯੋਗ ਸੂਤਰਾਂ ਦਾ ਦੱਸਣਾ ਹੈ ਕਿ ਸਿਟ ਵੱਲੋਂ ਸਾਬਕਾ ਪੁਲੀਸ ਮੁਖੀ ਨੂੰ 25 ਫਰਵਰੀ ਨੂੰ ਆਈਪੀਐੱਸ ਅਧਿਕਾਰੀ ਪ੍ਰਬੋਧ ਕੁਮਾਰ ਦੀ ਅਗਵਾਈ ਵਾਲੀ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਸੈਣੀ ਨੂੰ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ’ਚ ਤਲਬ ਕੀਤਾ ਗਿਆ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ’ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਾਪਰਨ ਤੋਂ ਬਾਅਦ 14 ਅਕਤੂਬਰ 2015 ਨੂੰ ਕੋਟਕਪੂਰਾ ਦੇ ਚੌਕ ਵਿਚ ਰੋਸ ਪ੍ਰਦਰਸ਼ਨ ਕਰ ਰਹੀ ਸਿੱਖ ਸੰਗਤ ’ਤੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ ਸੀ ਤੇ ਗੋਲੀ ਵੀ ਚਲਾਈ ਗਈ ਸੀ। ਇਸ ਦੌਰਾਨ ਕਈ ਲੋਕ ਜ਼ਖ਼ਮੀ ਹੋ ਗਏ ਸਨ। ਕੈਪਟਨ ਸਰਕਾਰ ਵੱਲੋਂ ਬਣਾਏ ਗਏ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਅਗਸਤ 2018 ਨੂੰ ਕੋਟਕਪੂਰਾ ਥਾਣੇ ’ਚ ਕੇਸ ਦਰਜ ਕੀਤਾ ਗਿਆ ਸੀ। ਕਮਿਸ਼ਨ ਨੇ ਸਾਬਕਾ ਪੁਲੀਸ ਮੁਖੀ ਵੱਲੋਂ ਦਿੱਤੇ ਹਲਫ਼ੀਆ ਬਿਆਨ ਦੇ ਆਧਾਰ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦੇ ਨਾਲ ਤਾਇਨਾਤ ਕਈ ਆਈਏਐੱਸ ਅਫਸਰਾਂ ਦੀ ਭੂਮਿਕਾ ’ਤੇ ਵੀ ਸ਼ੱਕ ਦੀ ਉਂਗਲ ਧਰੀ ਸੀ। 

ਇਕ ਅਖਬਾਰ ਵਿਚ ਛਪੀ ਖ਼ਬਰ ਵਿਚ ਸਾਹਮਣੇ ਆਇਆ ਹੈ ਕਿ ਸਿਟ ਨਾਲ ਜੁੜੇ ਇੱਕ ਉੇੱਚ ਅਫਸਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਸੁਮੇਧ ਸੈਣੀ ਖ਼ਿਲਾਫ ਕੋਟਕਪੂਰਾ ਗੋਲੀ ਕਾਂਡ ਸਬੰਧੀ ਪੁਖ਼ਤਾ ਸਬੂਤ ਹਨ। ਪੁਲਿਸ ਸੂਤਰਾਂ ਦਾ ਇਹ ਵੀ ਦੱਸਣਾ ਹੈ ਕਿ ਸਿਟ ਵੱਲੋਂ ਗ੍ਰਿਫ਼ਤਾਰ ਕੀਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੇ ਵੀ ਪੁੱਛਗਿੱਛ ਦੌਰਾਨ ਤਤਕਾਲੀ ਪੁਲੀਸ ਮੁਖੀ ਦੀ ਕੋਟਕਪੂਰਾ ਗੋਲੀ ਕਾਂਡ ਵਿੱਚ ਭੂਮਿਕਾ ਸਬੰਧੀ ਕੁੱਝ ਖੁਲਾਸੇ ਕੀਤੇ ਹਨ। ਪੁਲੀਸ ਦੇ ਸਾਬਕਾ ਤੇ ਮੌਜੂਦਾ ਸੀਨੀਅਰ ਅਫਸਰਾਂ ਨੂੰ ਤਲਬ ਕੀਤੇ ਜਾਣ ਕਰ ਕੇ ਅਕਾਲੀਆਂ ਖ਼ਾਸ ਕਰ ਕੇ ਬਾਦਲ ਪਰਿਵਾਰ ਵਿੱਚ ਘਬਰਾਹਟ ਪਾਈ ਜਾ ਰਹੀ ਹੈ। 

ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੁਮੇਧ ਸਿੰਘ ਸੈਣੀ ਵੱਲੋਂ ਦਾਇਰ ਇੱਕ ਪਟੀਸ਼ਨ ‘ਤੇ ਪੰਜਾਬ ਪੁਲੀਸ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਸਾਬਕਾ ਪੁਲੀਸ ਮੁਖੀ ਨੂੰ ਜੇਕਰ ਗ੍ਰਿਫ਼ਤਾਰ ਕਰਨਾ ਹੈ ਤਾਂ ਇੱਕ ਹਫ਼ਤੇ ਦਾ ਅਗਾਊਂ ਨੋਟਿਸ ਦਿੱਤਾ ਜਾਵੇ। ਇਸ ਪਟੀਸ਼ਨ ’ਤੇ ਸੁਣਵਾਈ 26 ਫ਼ਰਵਰੀ ਨੂੰ ਹੋਣੀ ਹੈ ਅਤੇ ਸਿਟ ਨੇ ਹਾਈ ਕੋਰਟ ’ਚ ਹੋਣ ਵਾਲੀ ਸੁਣਵਾਈ ਤੋਂ ਮਹਿਜ਼ ਇੱਕ ਦਿਨ ਪਹਿਲਾਂ ਹੀ ਸੈਣੀ ਨੂੰ ਤਲਬ ਕਰ ਲਿਆ ਹੈ।