ਹਾਰ ਬਨਾਮ ਜਿੱਤ : ਡੁੱਲ੍ਹੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ

ਹਾਰ ਬਨਾਮ ਜਿੱਤ : ਡੁੱਲ੍ਹੇ ਬੇਰਾਂ ਦਾ ਹਾਲੇ ਵੀ ਕੁਝ ਨਹੀਂ ਵਿਗੜਿਆ

ਮੈਂ ਇਸ ਹਾਰ ਨੂੰ ਤਿਮਾਹੀ ਪੇਪਰਾਂ ਵਿਚ ਆਏ ਘੱਟ ਨੰਬਰਾਂ ਤੋਂ ਵੱਧ ਕੁਝ ਨਹੀਂ ਸਮਝਦਾ, ਜਿਨ੍ਹਾਂ ਨੰਬਰਾਂ ਨੇ ਵਿਦਿਆਰਥੀ ਨੂੰ  ਪੜ੍ਹਾਈ ਵਿਚ ਹੋਰ ਸਮਾਂ ਲਗਾਉਣ ਲਈ ਪ੍ਰੇਰਤ ਕਰਨਾ ਹੁੰਦਾ ਹੈ ਤੇ ਜਾਂ ਫਿਰ ਕਿਸੇ ਭਲਵਾਨ ਦੀ ਅਸਲ ਕੁਸ਼ਤੀ ਤੋਂ ਪਹਿਲਾਂ ਕਸਰਤ ਕਰਦਿਆਂ ਢਹਿ ਜਾਣ ਤੋਂ ਵੱਧ ਵੀ ਨਹੀਂ ਸਮਝਦਾ, ਜਿਸ ਨੇ ਭਲਵਾਨ ਨੂੰ ਹੋਰ ਡੰਡ ਬੈਠਕਾਂ ਮਾਰਨ ਲਈ ਪ੍ਰੇਰਨਾ ਹੁੰਦਾ ਹੈ।

ਰਜਿੰਦਰ ਸਿੰਘ
ਮੋਬਾਈਲ : (510)  557-6988  (209) 636 0880
Email : raj@gfbontime.com
ਕਿਸੇ ਸਿਆਣੇ ਨੇ ਆਖਿਆ ਹੈ ਕਿ ਕਿਸੇ ਸਿਆਸਤਦਾਨ ਦੀ ਸੋਚ ਪੰਜ ਸਾਲ ਤੋਂ ਅਗਾਂਹ ਨਹੀਂ ਜਾਂਦੀ  ਤੇ ਦਾਨਿਸ਼ਵਰ ਦੀ ਸੋਚ ਪੀੜ੍ਹੀਆਂ ਤੋਂ ਪਿੱਛੇ ਨਹੀਂ ਆਉਂਦੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਅਦ  ਆਮ ਆਦਮੀ ਪਾਰਟੀ ਦੇ ਹਾਰਨ ਤੋਂ ਬਾਅਦ ਬਹੁਤੇ ਪੰਜਾਬੀਆਂ ਲਈ ਧਰਤੀ ਉੱਤੇ ਥੱਲੇ ਹੋਈ ਪਈ ਹੈ। ਜਿੱਥੇ ‘ਆਪ’ ਸਮਰਥਕ ਨਿਰਾਸ਼ਾ, ਦੁੱਖ ਤੇ ਗ਼ੁੱਸੇ ਭਰੇ ਆਲਮ ਵਿਚ ਵਿਚਰ ਰਹੇ ਹਨ, ਉੱਥੇ ਵਿਰੋਧੀਆਂ ਦੇ ਵਿਹੜੇ ਵਿਚ ਖ਼ੁਸ਼ੀ ਠਾਠਾਂ ਮਾਰ ਰਹੀ ਹੈ ਤੇ ਖ਼ਾਸ ਕਰ ‘ਆਪ’ ਲੀਡਰਾਂ ਦੀਆਂ ਬਚਕਾਨਾ ਦਾਅਵਿਆਂ ਦੀ ਸਮਝ ਰੱਖਣ ਵਾਲੇ ਸੱਜਣਾਂ ਲਈ ਟੂਣੇ ਲਾਉਣ ਲਈ ਵੀ ਕਮਾਲ ਦਾ ਮਾਹੌਲ ਸਿਰਜਿਆ ਪਿਆ ਹੈ।
ਮੈਂ ਹਥਲੇ ਲੇਖ ਵਿਚ ਸਿਰਫ਼ ਤੇ ਸਿਰਫ਼ ‘ਆਪ’ ਦੀ ਹਾਰ ਦੇ ਗਰਭ  ਵਿਚ ਛੁਪੇ ਹੋਏ ਸੁਨਹਿਰੇ ਭਵਿੱਖ ਦੇ ਭਰੂਣ ਦੀ ਗੱਲਬਾਤ, ਇਸ ਭਰੂਣ ਦੇ ਜਨਮ ਤੋਂ ਪਹਿਲਾਂ ਹੀ ਹੋਣ ਵਾਲੇ ਗਰਭਪਾਤ ਦੇ ਖ਼ਦਸ਼ਿਆਂ ਦੇ ਕਾਰਨ ਤੇ ਰੋਕਥਾਮ, ਇਸ ਦੇ ਜਨਮ ਤੋਂ ਬਾਅਦ ਹੋਣ ਵਾਲੇ ਸੰਭਾਵੀ ੧ਕੇਮ-ਸਲੰਮੇ ਗੱਭਰੂ ਦੇ ਕੱਦ ਕਾਠ ਦੀ ਬਾਤ ਪਾਵਾਂਗਾ।
‘ਆਪ’ ਦਾ ਬਹੁਤਾ ਵਰਕਰ ਅੱਜ ਘੋਰ ਨਿਰਾਸ਼ਾ ਦੇ ਦੌਰ ਵਿਚੋਂ ਵਿਚਰ ਰਿਹਾ ਹੈ। ਉਹ ‘ਆਪ’ ਦੀ ਹਾਰ ਨੂੰ ਵੋਟਾਂ ਵਿਚ ਹੋਈ ਸੰਭਾਵੀ ਹੇਰਾਫੇਰੀ, ਵੋਟਰਾਂ ਦਾ ਸ਼ਾਇਦ ਵਿਕ ਜਾਣਾ ਤੇ ਹਾਰ ਦੇ ਹੋਰ ਕਈ ਕਾਰਨਾਂ ਵਜੋਂ ਦੇਖ ਰਿਹਾ ਹੈ, ਖ਼ਾਸ ਕਰਕੇ ਸਮਰਥਕ।
ਜ਼ਾਤੀ ਤੌਰ ‘ਤੇ ਮੈਂ ਇਸ ਹਾਰ ਨੂੰ ਆਮ ਆਦਮੀ ਪਾਰਟੀ ਲਈ ਵਰਦਾਨ ਵਜੋਂ ਦੇਖ ਰਿਹਾ ਹਾਂ। ਮੈਨੂ ਇਹ ਹਾਰ ਕਿਸੇ ਲੰਬੀ ਦੌੜ ਦੇ ਘੋੜੇ ਨੂੰ ਅੱਧ ਵਿਚ ਪਹੁੰਚਦਿਆਂ, ਹੋਈ ਥੋੜ੍ਹੀ ਥਕਾਵਟ ਤੋਂ ਵੱਧ ਦਿਖਾਈ ਨਹੀਂ ਦਿੰਦੀ, ਜਿਸ ਦੇ ਸਾਹਵੇਂ ਜਿੱਤ ਪ੍ਰਾਪਤ ਕਰਨ ਲਈ ਥੋੜ੍ਹੀ ਹੋਰ ਮਿਹਨਤ ਤੇ ਹਿੰਮਤ ਦੀ ਲੋੜ ਹੁੰਦੀ ਹੈ। ਮੈਂ ਇਸ ਹਾਰ ਨੂੰ ਤਿਮਾਹੀ ਪੇਪਰਾਂ ਵਿਚ ਆਏ ਘੱਟ ਨੰਬਰਾਂ ਤੋਂ ਵੱਧ ਕੁਝ ਨਹੀਂ ਸਮਝਦਾ, ਜਿਨ੍ਹਾਂ ਨੰਬਰਾਂ ਨੇ ਵਿਦਿਆਰਥੀ ਨੂੰ ਪੜ੍ਹਾਈ ਵਿਚ ਹੋਰ ਸਮਾਂ ਲਗਾਉਣ ਲਈ ਪ੍ਰੇਰਤ ਕਰਨਾ ਹੁੰਦਾ ਹੈ ਤੇ ਜਾਂ ਫਿਰ ਕਿਸੇ ਭਲਵਾਨ ਦੀ ਅਸਲ ਕੁਸ਼ਤੀ ਤੋਂ ਪਹਿਲਾਂ ਕਸਰਤ ਕਰਦਿਆਂ ਢਹਿ ਜਾਣ ਤੋਂ ਵੱਧ ਵੀ ਨਹੀਂ ਸਮਝਦਾ, ਜਿਸ ਨੇ ਭਲਵਾਨ ਨੂੰ ਹੋਰ ਡੰਡ ਬੈਠਕਾਂ ਮਾਰਨ ਲਈ ਪ੍ਰੇਰਨਾ ਹੁੰਦਾ ਹੈ। ਸ਼ਾਇਦ ਬਹੁਤ ਸਾਰੇ ਸੱਜਣਾਂ ਨੂੰ ਇਹ ਗੱਲ ਅੱਤਕਥਨੀ ਲੱਗੇ ਪਰ ਇਹ ਸਚਾਈ ਹੈ ਕਿ ਆਮ ਆਦਮੀ ਪਾਰਟੀ ਲਈ ਜਿੱਥੇ ਇਹ ਹਾਰ ਆਉਣ ਵਾਲੇ ਸਮੇਂ ਵਿਚ ਸੁਨਹਿਰੀ ਭਵਿੱਖ ਵਜੋਂ ਸਾਬਤ ਹੋ ਸਕਦੀ ਹੈ, ਉਥੇ ਇਨ੍ਹਾਂ ਚੋਣਾਂ ਵਿਚ ਹੋਣ ਵਾਲੀ ਜਿੱਤ ਪਾਰਟੀ ਦੇ ਪਤਨ ਦਾ ਕਾਰਨ ਬਣ ਸਕਦੀ ਸੀ। ਉੱਘੇ ਸ਼ਾਇਰ ਜ਼ਫ਼ਰ ਦੀਆਂ ਸਤਰਾਂ ਦਾ ਇਸ ਸੰਦਰਭ ਵਿਚ ਜ਼ਿਕਰ ਕਰਨਾ ਚਾਹਾਂਗਾ, ‘ਦੁਨੀਆ ਦੀ ਕੋਈ ਮਾੜੀ ਤੋਂ ਮਾੜੀ ਘਟਨਾ ਵੀ ਐਸੀ ਨਹੀਂ ਜਿਸ ਵਿਚ ਚੰਗੀ  ਸੰਭਾਵਨਾ ਦੀ ਸੰਭਾਵਨਾ ਨਾ ਹੋਵੇ।’
ਆਸ ਦੇ ਉਲਟ ਕੀਤੀ ਗੱਲ ਨੂੰ ਸਹੀ ਸਾਬਤ ਕਰਨ ਲਈ ਕੁਝ ਕਾਰਨ ਤੇ ਸੁਝਾਅ, ਜਾਂ ਇੰਜ ਕਹਿ ਲਵੋ ਕਿ ਉਹ ਕੀ ਕਾਰਨ ਹਨ ਕਿ ਇਸ ਵਕਤ ਹੋਈ ਜਿੱਤ ਪਾਰਟੀ ਦੇ ਪਤਨ ਦਾ ਕਾਰਨ ਬਣ ਸਕਦੀ ਸੀ।
1. ਪਾਰਟੀ ਦੀ ਉੱਚ ਲੀਡਰਸ਼ਿਪ ਪੰਜਾਬ ਵਰਗੇ ਵੱਡੇ ਸੂਬੇ ਦੀ ਵਾਗਡੋਰ ਸੰਭਾਲਣ ਦੇ ਕਦਾਚਿਤ ਵੀ ਕਾਬਲ ਨਹੀਂ ਸੀ। ਗੈਰ ਸਿਆਸੀ ਤਜਰਬੇਕਾਰੀ, ਬੇਈਮਾਨ ਅਫ਼ਸਰਸ਼ਾਹੀ ਕੋਲੋਂ ਬੁਰੀ ਤਰ੍ਹਾਂ ਮਾਤ ਖਾ ਸਕਦੀ ਸੀ।
2. ਪੰਜਾਬ ਉੱਚ ਲੀਡਰਸ਼ਿਪ ਦੇ, ਮੁੱਖ ਮੰਤਰੀ ਦੇ ਦਾਅਵੇ ਦੇ ਮਾਮਲੇ ਵਿਚ ਦੁਫਾੜ ਜਾਂ ਚੋ-ਫਾੜ ਹੋ ਸਕਣ ਦੀਆਂ ਸੰਭਾਵਨਾਵਾਂ ਅਤਿ ਪ੍ਰਬਲ ਸਨ।
3. ਗੈਰ ਪੰਜਾਬੀ ਲੀਡਰਸ਼ਿਪ ਦੀ ਗ਼ੈਰਹਾਜ਼ਰੀ ਵਿਚ, ਲੋਕ ਸਭਾ ਚੋਣਾਂ ਵਿਚ ਕਮਾਲ ਦੀ ਕਾਰਗੁਜ਼ਾਰੀ ਦਿਖਾਉਣ ਵਾਲੇ ਪੰਜਾਬੀ ਯੋਧਿਆਂ ਵਿਚ ਗੈਰ ਪੰਜਾਬੀ ਸ਼ਖ਼ਸੀਅਤਾਂ ਦੀ ਦਾਖ਼ਲਅੰਦਾਜ਼ੀ ਹਮੇਸ਼ਾ ਲਈ ਜ਼ਰੂਰੀ ਹੋ ਜਾਣੀ ਸੀ। ਇਸ ਨੂੰ ਪੰਜਾਬੀਆਂ ਨੇ ਜ਼ਿਆਦਾ ਦੇਰ ਤਕ ਬਰਦਾਸ਼ਤ ਨਹੀਂ ਸੀ ਕਰਨਾ।
4. ਪੰਜਾਬ ਵਿਚਲੇ, ਬਿਨਾਂ ਸ਼ੱਕ ਮਿਹਨਤੀ,  ਪਰ ਸੌੜੀ ਸੋਚ ਵਾਲੇ ਕੁਝ  ਲੀਡਰਾਂ ਨੂੰ ਦੂਜੇ ਸਾਥੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਨਹੀਂ ਸੀ ਆਉਣਾ।
5. ਲੀਡਰਾਂ ਤੇ ਖ਼ਾਸ ਕਰ ਵਲੰਟੀਅਰ ਸੱਜਣਾਂ ਨੂੰ ਆਲੋਚਨਾ ਤੇ ਵਿਰੋਧ ਵਿਚਲਾ ਫ਼ਰਕ ਸਮਝ ਨਹੀਂ ਸੀ ਆਉਣਾ।
6. ਦਿੱਲੀ ਬੈਠੀ ਉੱਚ ਲੀਡਰਸ਼ਿਪ ਨੂੰ ਦਾਅਵਿਆਂ ਅਤੇ ਯਥਾਰਥ ਵਿਚਲੇ ਫ਼ਰਕ ਸਮਝਣ ਦਾ ਮੌਕਾ ਨਹੀਂ ਸੀ ਮਿਲਣਾ।
ਸੋ ਕੁਲ ਮਿਲਾ ਕੇ ਇਹ ਹਾਰ ਦਸੰਬਰ ਵਿਚ ਕਣਕਾਂ ਲਈ ਵਰਦਾਨ ਬਣ ਕੇ ਵਰ੍ਹਣ ਵਾਲੀਆਂ ਕਣੀਆਂ ਵਾਂਗ ਸਾਬਤ ਹੋ ਸਕਦੀ ਹੈ।
ਬਸ਼ਰਤੇ ਕਿ ਪਾਰਟੀ ਸੰਜੀਦਗੀ ਨਾਲ ਇਸ ਹਾਰ ਵਿਚੋਂ ਨਿਕਲਣ ਵਾਲੀਆਂ ਜਿੱਤ ਦੀਆਂ ਪ੍ਰਬਲ ਸੰਭਨਾਵਾਂ ਨੂੰ ਸਮਝੇ। ਇਨ੍ਹਾਂ ਪੰਜਾਂ ਸਾਲਾਂ ਵਿਚ-
1. ਵਿਰੋਧੀ ਧਿਰ ਵਿਚ ਬੈਠ ਕੇ ਬਹੁਤਾਤ ਨਵੇਂ ਚੁਣੇ ਉਮੀਦਵਾਰ  ਸਿਆਸਤ, ਅਫ਼ਸਰਸ਼ਾਹੀ, ਕਾਨੂੰਨ ਤੇ ਹੋਰ ਸਿਆਸੀ ਪ੍ਰਕਿਰਿਆਵਾਂ ‘ਤੇ  ਬਿਨਾਂ ਕਿਸੇ ਦਬਾਅ ਤੋਂ, ਪਕੜ ਮਜ਼ਬੂਤ ਕਰ ਕੇ ਆਉਣ ਵਾਲੇ ਪੰਜਾਂ ਸਾਲਾਂ ਵਿਚ ਇਕ ਨਿੱਗਰ, ਤਜਰਬੇਕਾਰ ਤੇ ਇਮਾਨਦਾਰ ਸਿਆਸੀ ਧਿਰ ਵਜੋਂ ਉੱਭਰ ਸਕਦੇ ਹਨ।
2. ਵਿਰੋਧੀ ਧਿਰ ਵਿਚ ਬੈਠ ਕੇ, ਸੱਤਾ ਧਿਰ ਨੂੰ ਇਕ ਇਮਾਨਦਾਰ ਤੇ ਸਕਾਰਾਤਮਕ ਚੁਣੌਤੀ ਵਜੋਂ ਟੱਕਰ ਦੇ ਕੇ ਪੰਜਾਬ ਦੇ ਲੋਕਾਂ ਦਾ ਮਨ ਜਿੱਤ ਸਕਦੇ ਹਨ।
3. ਬੈਂਸ ਭਰਾਵਾਂ, ਸੁਖਪਾਲ ਖਹਿਰਾ ਜਾਂ ਐਚ.ਐਸ. ਫੂਲਕਾ ਵਿਚੋਂ ਕਿਸੇ ਇਕ ਨੂੰ ਪਾਰਟੀ ਵਿਚ ਉਭਾਰ ਕੇ ਸਾਹਮਣੇ ਲੈ ਕੇ ਆਉਣਾ ਜ਼ਰੂਰੀ ਹੈ ਤਾਂ ਕਿ 2022 ਦੇ ਨੇੜੇ ਜਾ ਕੇ ਇਹ ਆਪਸ ਵਿਚ ਇਕ ਦੂਜੇ ਨੂੰ ਢਾਹੁਣ ਦੀ ਬਜਾਏ ਮੋਢੇ ਨਾਲ ਮੋਢਾ ਲਾਉਣ ਦੇ ਸਮਰੱਥ ਹੋਣਗੇ।
5. ਪਾਰਟੀ ਵਲੋਂ ਸੀਟਾਂ ਦਾ ਛਲਾਵਾ ਦਿਖਾ ਕੇ, ਵਲੰਟੀਅਰਾਂ ਨੂੰ ਭਰਮਾਉਣ ਤੋਂ ਸੰਕੋਚ ਕਰ ਕੇ ਸਿਰਫ਼ ਤੇ ਸਿਰਫ਼ ਉੱਚੇ ਸਿਧਾਂਤ ਦੀ ਦੱਸ ਪਾ ਕੇ, ਸਿਧਾਂਤ ਨਾਲ ਜੁੜਨ ਲਈ ਪ੍ਰੇਰਿਆ ਜਾ ਸਕੇਗਾ।
6. ਉੱਚ ਲੀਡਰਸ਼ਿਪ ਵਲੋਂ, ਕਿਸੇ  ਨੀਤੀ ਦਾ ਦਲੀਲ ਸਹਿਤ ਵਿਰੋਧ ਕਰਨ ਵਾਲੇ ਲੀਡਰਾਂ ਨੂੰ ਹਾਸ਼ੀਏ ‘ਤੇ ਬਿਠਾਉਣ ਦੀ ਬਜਾਏ ਉਸ ਦੇ  ਆਲੋਚਨਾਤਮਕ  ਦਲੀਲ ਵਿਚਲੀ, ਸੁਹਿਰਦ ਸੋਚ ਨੂੰ ਸਮਝਣ ਦਾ ਯਤਨ ਕਰਨਗੇ।
7. ਸਭ ਤੋਂ ਅਹਿਮ ਗੱਲ ਇਹ ਵੀ ਸਮਝਣ ਵਾਲੀ ਹੈ ਕਿ ਅਕਾਲੀ ਦਲ ਦਾ ਵਿਰੋਧੀ ਧਿਰ ਵਿਚ ਬੈਠ ਕੇ ਚੱਲਣ ਵਾਲਾ ‘ਫਰੈਂਡਲੀ ਮੈਚ’ ਹੁਣ ਇੱਕ ਉਸਾਰੂ ਬਹਿਸ ਵਿਚ ਤਬਦੀਲ ਕੀਤਾ ਜਾ ਸਕੇਗਾ।
ਪਾਰਟੀ ਦੀ ਹੋਈ ਪਹਿਲੀ ਬੈਠਕ ਵਿਚ, 100 ਸੀਟਾਂ ਦੇ ਕੀਤੇ ਦਾਅਵੇ ਦਾ  ਮੈਂ ਜ਼ੋਰਦਾਰ ਸ਼ਬਦਾਂ ਵਿਚ ਵਿਰੋਧ ਕਰਦਿਆਂ ਇਹ ਗੱਲ ਕਹੀ ਸੀ ਕਿ ਸੀਟਾਂ ਨਾਲ ਪਾਰਟੀ ਨੂੰ ਨਾ ਬੰਨ੍ਹੋ, ਸੀਟਾਂ ਨਾ ਮਿਲਣ ਦੀ ਸੂਰਤ ਵਿਚ ਵਲੰਟੀਅਰ ਦਾ ਲੱਕ ਟੁੱਟ ਜਾਵੇਗਾ ਕਿਉਂਕਿ ਲੰਬੀ ਦੌੜ ਦੇ ਦੌੜਾਕ ਟਰੈਕ ਦੇ ਚੱਕਰ ਨਹੀਂ ਗਿਣਦੇ। ਟੇਢੇ ਮੇਢੇ ਰਸਤਿਆਂ ‘ਤੇ ਸਿਰ ਸੁੱਟ ਕੇ ਦੌੜਨ ਵਿਚ ਵਿਸ਼ਵਾਸ ਰੱਖਦੇ ਹਨ ਪਰ ਬਦਕਿਸਮਤੀ ਹੈ ਕਿ ਬਹੁਤੇ ਪਰਵਾਸੀ ਭਰਾ ਵੀ ਉਸਾਰੂ ਆਲੋਚਨਾ ਤੇ ਵਿਰੋਧ ਵਿਚਲਾ ਫ਼ਰਕ ਨਹੀਂ ਸਮਝ ਸਕੇ।
ਅਸਲ ਵਿਚ ਕਿਸੇ ਵੀ ਪਾਰਟੀ ਨੂੰ ਪੂਰਨ ਤੌਰ ‘ਤੇ ਸਥਾਪਤ ਕਰਨ ਲਈ ਘੱਟੋ-ਘੱਟ ਦਸ ਸਾਲ ਦਾ ਸਮਾਂ ਚਾਹੀਦਾ ਹੈ। ਇਸ ਤੋਂ ਘੱਟ ਸਮੇਂ ਵਿਚ ਸਥਾਪਤ ਹੋਣ ਵਾਲੀਆਂ ਪਾਰਟੀਆਂ ਦੇ ਖਿੱਲਰਦਿਆਂ ਦੇਰ ਨਹੀਂ ਲੱਗਦੀ।  ਪੂਰਨ ਤੌਰ ‘ਤੇ ਜਥੇਬੰਦਕ ਢਾਂਚੇ ਤੋਂ ਬਗੈਰ ਰਵਾਇਤੀ ਪਾਰਟੀਆਂ ਨਾਲ ਲੜਨ ਦੀ ਹਿੰਮਤ ਕਰਨਾ ਵੀ ਆਪਣੇ ਆਪ ਵਿਚ ਮਿਸਾਲ ਹੈ, ਪਰ 100 ਸੀਟਾਂ ਦੇ ਦਾਅਵੇ ਕਰਨੇ ਸੰਪੂਰਨ ਰੂਪ ਵਿਚ ਸੰਜੀਦਗੀ ਤੇ ਤਜਰਬੇ ਦੀ ਘਾਟ ਦਾ ਸੰਕੇਤ ਸਨ ਕਿਉਂਕਿ ਦਿੱਲੀ ਵਾਲੇ ਸੁਪਰ ਬੰਪਰ ਨੂੰ ਦੁਹਰਾਉਣਾ ਜੇਕਰ ਅਸੰਭਵ ਨਾ ਵੀ ਹੋਵੇ ਤਾਂ ਅਤਿ ਮੁਸ਼ਕਲ ਜ਼ਰੂਰ ਹੈ। ਸੋ, ਪੰਜ ਸਾਲ ਦਾ ਮੌਕਾ, ਪੂਰਨ ਰੂਪ ਵਿਚ ਤਜਰਬੇਕਾਰੀ ਹਾਸਲ ਕਰਨ ਲਈ, ਜਥੇਬੰਦਕ ਹੋਣ ਲਈ, ਕੀਤੀਆਂ ਹੋਈਆਂ ਗ਼ਲਤੀਆਂ ਦਾ ਮੰਥਨ ਕਰ ਕੇ ਢੁਕਵੇਂ ਫ਼ੈਸਲੇ ਲੈਣ ਲਈ, ਪੰਜਾਬੀਆਂ ਦੀ ਵਾਗਡੋਰ ਸੰਭਾਲਣ ਲਈ ਕਿਸੇ ਹਿੰਮਤੀ ਪੰਜਾਬੀ ਨੂੰ ਉਭਾਰਨ ਲਈ ਕਾਫ਼ੀ ਹਨ। ਖ਼ੈਰ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ।  ਜਦੋਂ ਜਾਗੋ, ਉਦੋਂ ਸਵੇਰਾ।