ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਯਾਦ ਨੂੰ ਸਮਰਪਿਤ ਸਮਾਗਮ

ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਯਾਦ ਨੂੰ ਸਮਰਪਿਤ ਸਮਾਗਮ

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਨ ਦੇ ਦੋਸ਼ ਹੇਠ ਸਾਬਕਾ ਫੌਜੀ ਮੁਖੀ ਅਰੁਣ ਸ੍ਰੀਧਰ ਵੈਦਯਾ ਦਾ ਕਤਲ ਕਰਨ ਵਾਲੇ ਸਿੱਖ ਨੌਜਵਾਨਾਂ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਯਾਦ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਪਾਏ ਗਏ। ਇਸੇ ਤਰ੍ਹਾਂ ਉਨ੍ਹਾਂ ਦੇ ਜੱਦੀ ਪਿੰਡ ਗਦਲੀ ਵਿਖੇ ਅਖੰਡ ਪਾਠ ਦੇ ਭੋਗ ਪਾ ਕੇ ਸ਼ਹੀਦੀ ਸਮਾਗਮ ਮਨਾਇਆ ਗਿਆ।
ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚ ਅਖੰਡ ਪਾਠ ਦੇ ਭੋਗ ਸਮੇਂ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਮੈਨੇਜਰ ਸੁਲੱਖਣ ਸਿੰਘ ਹਾਜ਼ਰ ਸਨ। ਸਿੱਖ ਜਥੇਬੰਦੀਆਂ ਦਲ ਖ਼ਾਲਸਾ ਵੱਲੋਂ ਕੰਵਰਪਾਲ ਸਿੰਘ ਬਿੱਟੂ, ਫੈਡਰੇਸ਼ਨ ਪੀਰ ਮੁਹੰਮਦ ਵੱਲੋਂ ਕਰਨੈਲ ਸਿੰਘ ਪੀਰ ਮੁਹੰਮਦ, ਮਾਨ ਦਲ ਵੱਲੋਂ ਅਮਰੀਕ ਸਿੰਘ ਨੰਗਲ, ਗਗਨਦੀਪ ਸਿੰਘ ਤੇ ਹੋਰ ਹਾਜ਼ਰ ਸਨ। ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਆਖਿਆ ਕਿ ਜਿਨ੍ਹਾਂ ਵੀ ਧਾੜਵੀਆਂ ਨੇ ਗੁਰੂ ਘਰਾਂ ‘ਤੇ ਹਮਲੇ ਕੀਤੇ ਹਨ, ਸਿੱਖ ਕੌਮ ਨੇ ਉਨ੍ਹਾਂ ਨੂੰ ਸਬਕ ਸਿਖਾਇਆ ਹੈ। ਅਜਿਹੇ ਹੀ ਸ਼ਹੀਦਾਂ ਦੀ ਯਾਦ ਵਿਚ ਇਹ ਸਮਾਗਮ ਕੀਤਾ ਗਿਆ। ਇਸ ਮੌਕੇ ਭਾਈ ਜਿੰਦਾ ਦੇ ਭਰਾ ਭੁਪਿੰਦਰ ਸਿੰਘ, ਸਤਵੰਤ ਸਿੰਘ ਦੇ ਭਰਾ ਵਰਿਆਮ ਸਿੰਘ ਅਤੇ ਭਾਈ ਮਨਜੀਤ ਸਿੰਘ ਨੂੰ ਸਿਰੋਪੇ ਬਖ਼ਸ਼ਿਸ਼ ਕੀਤੇ ਗਏ।
ਇਸੇ ਤਰ੍ਹਾਂ ਭਾਈ ਜਿੰਦਾ ਦੇ ਪਿੰਡ ਗਦਲੀ ਵਿੱਚ ਵੱਖਰਾ ਸਮਾਗਮ ਕੀਤਾ ਗਿਆ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਾਰਗ ਕੀਤੇ ਗਏ ਪੰਜ ਪਿਆਰੇ ਅਤੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ, ਭਾਈ ਮੋਹਕਮ ਸਿੰਘ ਤੇ ਹੋਰ ਸ਼ਾਮਲ ਹੋਏ। ਭੋਗ ਮਗਰੋਂ  ਭਾਈ ਦਾਦੂਵਾਲ ਨੇ ਸੱਦਾ ਦਿੱਤਾ ਕਿ ਦਸ ਨਵੰਬਰ ਨੂੰ ਹੋਣ ਵਾਲੇ ਸਰਬੱਤ ਖ਼ਾਲਸਾ ਵਿੱਚ ਵੱਡੀ ਗਿਣਤੀ ਸਿੱਖ ਸੰਗਤਾਂ ਸ਼ਾਮਲ ਹੋਣ। ਇਸ ਵਿੱਚ ਕਈ ਪੰਥਕ ਫ਼ੈਸਲੇ ਲਏ ਜਾਣਗੇ। ਪੰਜ ਪਿਆਰਿਆਂ ਨੇ ਆਖਿਆ ਕਿ ਪੰਥ ਅਤੇ ਭਾਈ ਹਵਾਰਾ ਵੱਲੋਂ ਸਰਬੱਤ ਖ਼ਾਲਸਾ ਸਬੰਧੀ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਸਿੱਖ ਕੌਮ ਦੇ ਸਹਿਯੋਗ ਨਾਲ ਪੂਰਾ ਕਰਨ ਦਾ ਯਤਨ ਕਰਨਗੇ।