ਹਾਰ ਦੀ ਸਮੀਖਿਆ ਮੀਟਿੰਗ ਦੌਰਾਨ ‘ਆਪ’ ਆਗੂਆਂ ਨੇ ਦਿੱਲੀ ਦੀ ਲੀਡਰਸ਼ਿਪ ਵਿਰੁੱਧ ਕੱਢੀ ਭੜਾਸ
ਕੈਪਸ਼ਨ-ਆਪ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਨਾਲ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।
ਜਲੰਧਰ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਹਾਰ ਦੇ ਕਾਰਨ ਲੱਭਣ ਲਈ ਕੀਤੀ ਸਮੀਖਿਆ ਮੀਟਿੰਗ ਵਿੱਚ ਹਾਜ਼ਰ ਜਿੱਤੇ ਤੇ ਹਾਰੇ ਉਮੀਦਵਾਰਾਂ ਨੇ ਦਿੱਲੀ ਦੀ ਲੀਡਰਸ਼ਿਪ ਤੇ ਖ਼ਾਸ ਕਰ ਕੇ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਵਿਰੁੱਧ ਭੜਾਸ ਕੱਢੀ। ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ ਪੰਜਾਬ ਇਕਾਈ ਭਵਿੱਖ ਵਿੱਚ ਖ਼ੁਦਮੁਖਤਾਰੀ ਨਾਲ ਚੱਲੇਗੀ ਤੇ ਫੈਸਲੇ ਲਵੇਗੀ। ਮੀਟਿੰਗ ਵਿੱਚ ਇਹ ਗੱਲ ਵੀ ਉੱਭਰੀ ਕਿ ਪੰਜਾਬ ਚੋਣਾਂ ਲਈ ਦਿੱਲੀ ਦੀ ਲੀਡਰਸ਼ਿਪ ਵੱਲੋਂ ਘੜੀ ਰਣਨੀਤੀ ਪੂਰੀ ਤਰ੍ਹਾਂ ਫੇਲ੍ਹ ਹੋਈ।
ਇਹ ਮੀਟਿੰਗ ਜਲੰਧਰ ਛਾਉਣੀ ਦੇ ਉਮੀਦਵਾਰ ਐਚ.ਐਸ. ਵਾਲੀਆ ਦੇ ਜਲੰਧਰ ਕੁੰਜ ਇਲਾਕੇ ਵਿਚਲੇ ਘਰ ਵਿੱਚ ਸੱਤ ਘੰਟੇ ਤੱਕ ਚੱਲੀ। ਮੀਟਿੰਗ ਵਿੱਚ ਆਪ ਉਮੀਦਵਾਰਾਂ ਤੋਂ ਇਲਾਵਾ ਹੋਰ ਕਿਸੇ ਵੀ ਆਗੂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਸੀ। ਮੀਡੀਆ ਨੂੰ ਵੀ ਨੇੜੇ ਨਹੀਂ ਜਾਣ ਦਿੱਤਾ ਗਿਆ। ਮੀਟਿੰਗ ਵਿੱਚ ਸੂਬਾਈ ਲੀਡਰਸ਼ਿਪ ਇਸ ਗੱਲ ‘ਤੇ ਇਕ ਮੱਤ ਸੀ ਕਿ ਚੋਣਾਂ ਤੋਂ ਪਹਿਲਾਂ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਨਾ ਐਲਾਨਣਾ ਘਾਟੇ ਵਾਲਾ ਸੌਦਾ ਰਿਹਾ। ਕੁਝ ਉਮੀਦਵਾਰਾਂ ਨੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਵਿਚੋਂ ਕੱਢਣ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਉਸ ਤੋਂ ਬਾਅਦ ਲੋਕ ਮਨਾਂ ਵਿੱਚ ‘ਆਪ’ ਉਸ ਤਰ੍ਹਾਂ ਦਾ ਥਾਂ ਨਹੀਂ ਬਣਾ ਸਕੀ, ਜਿਸ ਤਰ੍ਹਾਂ ਦੀ ਪਹਿਲਾਂ ਸੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦੇ ਦਿੱਤੇ ਬਿਆਨ ਨਾਲ ਵੀ ਲੋਕਾਂ ਨੇ ‘ਆਪ’ ਤੋਂ ਮੂੰਹ ਮੋੜ ਲਿਆ।
ਮੀਟਿੰਗ ਤੋਂ ਬਾਅਦ ਪਾਰਟੀ ਦੇ ਸੂਬਾਈ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਭਵਿੱਖ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਫੈਸਲੇ ਪੰਜਾਬ ਦੀ ਲੀਡਰਸ਼ਿਪ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੀ.ਏ.ਸੀ. ਦਾ ਸਤਿਕਾਰ ਕਰਦੇ ਹਨ ਤੇ ਇਸ ਮੀਟਿੰਗ ਵਿਚ ਹੋਏ ਫੈਸਲਿਆਂ ਬਾਰੇ ਕਮੇਟੀ ਨੂੰ ਜਾਣੂ ਕਰਵਾ ਦੇਣਗੇ। ਇਹ ਪੁੱਛੇ ਜਾਣ ‘ਤੇ ਕਿ ਪਰਵਾਸੀ ਪੰਜਾਬੀ ਸੰਜੈ ਸਿੰਘ ਤੇ ਦੁਰਗੇਸ਼ ਪਾਠਕ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਕਰ ਰਹੇ ਹਨ ਤਾਂ ਸ੍ਰੀ ਘੁੱਗੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਬਾਰੇ ਬਹੁਤ ਜ਼ਿਆਦਾ ਨਾਂਹ-ਪੱਖੀ ਪ੍ਰਚਾਰ ਕੀਤਾ ਹੋਇਆ ਸੀ, ਜਿਸ ਦਾ ਪਾਰਟੀ ਨੂੰ ਨੁਕਸਾਨ ਵੀ ਝੱਲਣਾ ਪਿਆ।
ਸੂਤਰਾਂ ਅਨੁਸਾਰ ਸੀਨੀਅਰ ਆਗੂਆਂ ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਨੇ ਵੀ ਇਸ ਮੁੱਦੇ ਨੂੰ ਉਠਾਇਆ ਕਿ ਜਦੋਂ ਦਿੱਲੀ ਦੇ ਆਗੂ ਪੰਜਾਬ ਬਾਰੇ ਪੁੱਠੇ-ਸਿੱਧੇ ਫੈਸਲੇ ਲੈ ਰਹੇ ਸਨ ਤਾਂ ਉਨ੍ਹਾਂ ਸਮੇਤ ਪੰਜਾਬ ਦੇ ਹੋਰ ਆਗੂ ਵੀ ਚੁੱਪ ਕਰ ਕੇ ਬੈਠੇ ਰਹੇ ਅਤੇ ਇਸ ਜ਼ਿੰਮੇਵਾਰੀ ਤੋਂ ਉਹ ਭੱਜ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਲਈ ਦਿੱਲੀ ਵਾਲਿਆਂ ਨੇ ਜੋ ਰਣਨੀਤੀ ਘੜੀ ਸੀ, ਉਹ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ। ਖ਼ੁਦਮੁਖਤਾਰੀ ਦਾ ਮਤਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੜ੍ਹਿਆ। ਸਾਰੇ ਆਗੂਆਂ ਨੇ ਹੱਥ ਖੜ੍ਹੇ ਕਰ ਕੇ ਇਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ਮਤਾ ਪਾਸ ਕਰਨ ਤੋਂ ਪਹਿਲਾਂ ਹੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਆਪਣੀ ਉਡਾਣ ਦਾ ਸਮਾਂ ਹੋਣ ਕਰ ਕੇ ਜਾ ਚੁੱਕੇ ਸਨ। ਸੰਸਦ ਮੈਂਬਰ ਭਗਵੰਤ ਮਾਨ ਵੀ ਇਸ ਤੋਂ ਪਹਿਲਾਂ ਹੀ ਚਲੇ ਗਏ ਸਨ।
ਸੂਬਾਈ ਤੇ ਜ਼ਿਲ੍ਹਾ ਪ੍ਰਧਾਨਾਂ ਦੀ ਹੋਵੇਗੀ ਨਿਯੁਕਤੀ :
‘ਆਪ’ ਦਾ ਪੰਜਾਬ ਯੂਨਿਟ ਜਿੱਥੇ ਆਪਣੀ ਵਰਕਿੰਗ ਕਮੇਟੀ ਬਣਾਏਗਾ, ਉਥੇ ਸੂਬਾਈ ਪ੍ਰਧਾਨ ਅਤੇ ਜ਼ਿਲ੍ਹਿਆਂ ਦੇ ਪ੍ਰਧਾਨ ਵੀ ਬਣਾਏ ਜਾਣਗੇ। ਪੰਜਾਬ ਵਿੱਚ ਸਾਰੀਆਂ ਬਲਾਕ ਸਮਿਤੀਆਂ, ਜ਼ਿਲ੍ਹਾ ਪ੍ਰੀਸ਼ਦਾਂ ਅਤੇ ਨਗਰ ਨਿਗਮਾਂ ਦੀਆਂ ਚੋਣਾਂ ਲੜਨ ਦਾ ਵੀ ਫੈਸਲਾ ਕੀਤਾ ਗਿਆ। ਸ੍ਰੀ ਘੁੱਗੀ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਵੱਲੋਂ ਉਮੀਦਵਾਰਾਂ ਲਈ ਭੇਜੇ ਪੈਸਿਆਂ ਦਾ ਹਿਸਾਬ-ਕਿਤਾਬ ਜਲਦੀ ਵੈੱਬਸਾਈਟ ‘ਤੇ ਪਾ ਦਿੱਤਾ ਜਾਵੇਗਾ। ਪਾਰਟੀ ਦੀ ਵੈੱਬਸਾਈਟ ਤੋਂ ਹਿਸਾਬ-ਕਿਤਾਬ ਦੱਸਣ ਵਾਲਾ ਕਾਲਮ ਪਿਛਲੇ ਛੇ ਮਹੀਨਿਆਂ ਤੋਂ ਬੰਦ ਪਿਆ ਹੈ।
ਬਰਨਾਲਾ ਜ਼ਿਲ੍ਹੇ ਦੇ ਤਿੰਨੋਂ ਵਿਧਾਇਕ ਨਹੀਂ ਲੈਣਗੇ ਸੁਰੱਖਿਆ :
ਬਰਨਾਲਾ : ਆਮ ਆਦਮੀ ਪਾਰਟੀ ਰਾਜਨੀਤੀ ਕਰਨ ਨਹੀਂ ਸਗੋਂ ਰਾਜਨੀਤੀ ਨੂੰ ਬਦਲਣ ਦੇ ਇਰਾਦੇ ਨਾਲ ਮੈਦਾਨ ਵਿੱਚ ਆਈ ਹੈ ਜਿਸ ਵਿੱਚ ਪਾਰਟੀ ਕਾਮਯਾਬ ਵੀ ਹੋਈ ਕਿਉਂਕਿ ਕਾਂਗਰਸ ਸਰਕਾਰ ਵੱਲੋਂ ਵੀਆਈਪੀ ਕਲਚਰ ਨੂੰ ਖਤਮ ਕਰਨ ਦਾ ਫੈਸਲਾ ‘ਆਪ’ ਦੀ ਸੋਚ ਦਾ ਨਤੀਜਾ ਹੈ। ਇਹ ਦਾਅਵਾ ਮਹਿਲ ਕਲਾਂ ਵਿਖੇ ਜ਼ਿਲਾ ਬਰਨਾਲਾ ਤੋਂ ਆਪ ਦੇ ਤਿੰਨੋਂ ਵਿਧਾਇਕਾਂ ਗੁਰਮੀਤ ਸਿੰਘ ਮੀਤ ਹੇਅਰ, ਕੁਲਵੰਤ ਸਿੰਘ ਪੰਡੋਰੀ ਅਤੇ ਪਿਰਮਲ ਸਿੰਘ ਖਾਲਸਾ ਨੇ ਮਹਿਲ ਕਲਾਂ ਪਾਰਟੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਸੀਟਾਂ ਤੋਂ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਾ ਹੀ ਲਾਲ ਬੱਤੀ ਅਤੇ ਨਾ ਹੀ ਕੋਈ ਗੰਨਮੈਨ ਲੈਣਗੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਹੋਣ ਕਰਕੇ ‘ਆਪ’ ਦੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਚੋਣ ਵਾਅਦਿਆਂ ‘ਤੇ ਤਿੱਖੀ ਨਜ਼ਰ ਹੈ, ਕਾਂਗਰਸ ਸਰਕਾਰ ਵੱਲੋਂ ਕੀਤੇ ਚੰਗੇ ਕੰਮਾਂ ਦਾ ਸਵਾਗਤ ਅਤੇ ਗਲਤ ਫੈਸਲਿਆਂ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।
Comments (0)