ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਵਿਨੋਦ ਖੰਨਾ ਦਾ ਦੇਹਾਂਤ

ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਵਿਨੋਦ ਖੰਨਾ ਦਾ ਦੇਹਾਂਤ

ਕਈ ਮਹੀਨਿਆਂ ਤੋਂ ਜੂਝ ਰਹੇ ਸਨ ਕੈਂਸਰ ਦੀ ਬਿਮਾਰੀ ਨਾਲ
ਮੁੰਬਈ/ਬਿਊਰੋ ਨਿਊਜ਼ :
ਬਜ਼ੁਰਗ ਅਦਾਕਾਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਵਿਨੋਦ ਖੰਨਾ ਦਾ  ਇੱਥੇ ਇਕ ਹਸਪਤਾਲ ਵਿੱਚ ਕੈਂਸਰ ਕਾਰਨ ਦੇਹਾਂਤ ਹੋ ਗਿਆ। ਉਹ 70 ਸਾਲਾਂ ਦੇ ਸਨ। ‘ਅਮਰ ਅਕਬਰ ਐਂਥਨੀ’, ‘ਕੁਰਬਾਨੀ’ ਅਤੇ ‘ਇਨਸਾਫ਼’ ਵਰਗੀਆਂ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਉਨ੍ਹਾਂ ਨੂੰ ਬੌਲੀਵੁੱਡ ਦੀ ਧੜਕਣ ਵਜੋਂ ਜਾਣਿਆ ਜਾਂਦਾ ਸੀ।
ਇਸ ਅਦਾਕਾਰ ਦੇ ਭਰਾ ਪ੍ਰਮੋਦ ਖੰਨਾ ਨੇ ਦੱਸਿਆ ਕਿ ”ਉਨ੍ਹਾਂ 11:20 ਵਜੇ ਆਖ਼ਰੀ ਸਾਹ ਲਿਆ। ਇਹ ਸਾਡੇ ਲਈ ਦੁਖਦਾਈ ਪਲ ਹੈ। ਅਸੀਂ ਮੀਡੀਆ ਨੂੰ ਸਾਡੀ ਨਿੱਜਤਾ ਬਰਕਰਾਰ ਰੱਖਣ ਦੀ ਅਪੀਲ ਕਰਦੇ ਹਾਂ।” ਵਿਨੋਦ ਖੰਨਾ ਨੂੰ ਡੀਹਾਈਡਰੇਸ਼ਨ (ਸਰੀਰ ਵਿੱਚ ਪਾਣੀ ਦੀ ਘਾਟ) ਦੀ ਸਮੱਸਿਆ ਕਾਰਨ 31 ਮਾਰਚ ਨੂੰ ਸਰ ਐਚਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਹਸਪਤਾਲ ਦੇ ਅਧਿਕਾਰਕ ਬਿਆਨ ਵਿੱਚ ਕਿਹਾ ਗਿਆ ਕਿ ਉਹ ਮਸਾਨੇ ਦੇ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦੇ ਪਰਿਵਾਰ ਵਿੱਚ ਪਿੱਛੇ ਪਤਨੀ ਕਵਿਤਾ ਖੰਨਾ ਅਤੇ ਚਾਰ ਬੱਚੇ ਰਾਹੁਲ, ਅਕਸ਼ੈ, ਸਾਕਸ਼ੀ ਅਤੇ ਸ਼ਰਧਾ ਹਨ। ਵਿਨੋਦ ਖੰਨਾ ਦੀ ਪਹਿਲੀ ਪਤਨੀ ਦੇ ਬੱਚੇ ਰਾਹੁਲ ਤੇ ਅਕਸ਼ੈ ਅਦਾਕਾਰ ਹਨ। ਇਸ ਦੌਰਾਨ ਪਰਿਵਾਰ, ਮਿੱਤਰਾਂ ਤੇ ਬੌਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦੀ ਹਾਜ਼ਰੀ ਵਿੱਚ ਵਰਲੀ ਸ਼ਮਸ਼ਾਨਘਾਟ ਵਿੱਚ ਵਿਨੋਦ ਖੰਨਾ ਦਾ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਪੁੱਤਰਾਂ ਰਾਹੁਲ ਤੇ ਸਾਕਸ਼ੀ ਨੇ ਅੰਤਮ ਰਸਮਾਂ ਨੇਪਰੇ ਚਾੜ੍ਹੀਆਂ। ਚਿਤਾ ਨੂੰ ਅਗਨੀ ਸਾਕਸ਼ੀ ਨੇ ਦਿਖਾਈ।
ਫਿਲਮੀ ਦੁਨੀਆ ਦੇ ਸਭ ਤੋਂ ਸੁਨੱਖੇ ਅਦਾਕਾਰਾਂ ਵਿੱਚੋਂ ਇਕ ਸ੍ਰੀ ਖੰਨਾ ਨੇ 1968 ਵਿੱਚ ‘ਮਨ ਕਾ ਮੀਤ’ ਨਾਲ ਕਰੀਅਰ ਦੀ ਸ਼ੁਰੂਆਤ ਕੀਤੀ। ਸ਼ੁਰੂਆਤੀ ਫਿਲਮਾਂ ਵਿੱਚ ਉਹ ਖਲਨਾਇਕ ਜਾਂ ਸਹਾਇਕ ਦੀ ਭੂਮਿਕਾ ਵਿੱਚ ਨਜ਼ਰ ਆਏ। ਉਨ੍ਹਾਂ ਦੀ ਸਮਰੱਥਾ ਦਾ ਪਹਿਲੀ ਵਾਰ ਪਤਾ ਗੁਲਜ਼ਾਰ ਦੀ 1971 ਵਿੱਚ ਆਈ ਫਿਲਮ ‘ਮੇਰੇ ਅਪਨੇ’ ਵਿੱਚ ਲੱਗਿਆ। ਉਨ੍ਹਾਂ ‘ਮੇਰਾ ਗਾਓਂ ਮੇਰਾ ਦੇਸ਼’, ‘ਰੇਸ਼ਮਾ ਔਰ ਸ਼ੇਰਾ’, ‘ਐਲਾਨ’ ਅਤੇ ‘ਦਯਾਵਾਨ’ ਸਣੇ ਕਈ ਸੁਪਰਹਿੱਟ ਫਿਲਮਾਂ ਕੀਤੀਆਂ। ਆਪਣੀ ਅਦਾਕਾਰੀ ਦੇ ਸਿਖਰ ਉਤੇ ਸ੍ਰੀ ਖੰਨਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਉਦੋਂ ਹੈਰਾਨ ਕਰ ਦਿੱਤਾ ਸੀ, ਜਦੋਂ ਉਹ ਅਦਾਕਾਰੀ ਛੱਡ ਕੇ 1982 ਵਿੱਚ ਪੰਜ ਸਾਲਾਂ ਲਈ ਓਸ਼ੋ ਰਜਨੀਸ਼ ਦੇ ਪੁਣੇ ਵਿਚਲੇ ਆਸ਼ਰਮ ਵਿੱਚ ਚਲੇ ਗਏ।
ਅੱਸੀਵਿਆਂ ਦੇ ਅਖ਼ੀਰ ਵਿੱਚ ਉਹ ਫਿਰ ਫਿਲਮੀ ਦੁਨੀਆ ਵਿੱਚ ਪਰਤੇ ਅਤੇ ‘ਇਨਸਾਫ਼’ ਅਤੇ ‘ਸੱਤਿਆਮੇਵ ਜਯਤੇ’ ਵਰਗੀਆਂ ਫਿਲਮਾਂ ਨਾਲ ਮੁੜ ਸਫ਼ਲਤਾ ਦੇ ਝੰਡੇ ਗੱਡੇ। ਉਹ ਆਖ਼ਰੀ ਵਾਰ 2015 ਵਿੱਚ ਸ਼ਾਹਰੁਖ ਖ਼ਾਨ ਦੀ ਫਿਲਮ ‘ਦਿਲਵਾਲੇ’ ਵਿੱਚ ਦਿਸੇ। ਉਹ ਸਿਆਸਤ ਵਿੱਚ ਵੀ ਸਰਗਰਮੀ ਨਾਲ ਭਾਗ ਲੈਂਦੇ ਸਨ ਅਤੇ ਇਸ ਸਮੇਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨ। ਉਨ੍ਹਾਂ ਇਹ ਸੀਟ ਚਾਰ ਵਾਰ ਜਿੱਤੀ।
ਵਿਨੋਦ ਖੰਨਾ ਦੇ ਸਮਕਾਲੀ ਸ਼ਤਰੂਘਨ ਸਿਨਹਾ ਨੇ ਇਸ ਮੌਤ ਨੂੰ ਨਿੱਜੀ ਘਾਟਾ ਦੱਸਿਆ। ਗਾਇਕਾ ਆਸ਼ਾ ਭੋਸਲੇ ਨੇ ਉਨ੍ਹਾਂ ਨੂੰ ਸੁਘੜ ਇਨਸਾਨ ਦੱਸਿਆ, ਜੋ ਆਖ਼ਰੀ ਸਮੇਂ ਤੱਕ ਸਟਾਰ ਰਿਹਾ। ਰਿਸ਼ੀ ਕਪੂਰ ਨੇ ਉਨ੍ਹਾਂ ਨਾਲ ਬਿਤਾਏ ਸਮੇਂ ਨੂੰ ਚੇਤੇ ਕੀਤਾ। ਸੁਪਰਸਟਾਰ ਰਜਨੀਕਾਂਤ, ਫਿਲਮਸਾਜ਼ ਕਰਨ ਜੌਹਰ, ਅਦਾਕਾਰ ਅਕਸ਼ੈ ਕੁਮਾਰ, ਅਜੈ ਦੇਵਗਨ ਤੇ ਸੰਜੇ ਦੱਤ ਨੇ ਉਨ੍ਹਾਂ ਦੀ ਮੌਤ ਉਤੇ ਦੁੱਖ ਪ੍ਰਗਟਾਇਆ।
‘ਬਾਹੂਬਲੀ’ ਦਾ ਪ੍ਰੀਮੀਅਰ ਰੱਦ :
ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ‘ਬਾਹੂਬਲੀ’ ਦਾ ਪ੍ਰੀਮੀਅਰ ਅਦਾਕਾਰ ਵਿਨੋਦ ਖੰਨਾ ਦੇ ਦੇਹਾਂਤ ਕਾਰਨ ਰੱਦ ਕਰ ਦਿੱਤਾ ਗਿਆ। ਫਿਲਮ ਨਿਰਦੇਸ਼ਕ ਐਸਐਸ ਰਾਜਾਮੌਲੀ ਅਤੇ ‘ਬਾਹੂਬਲੀ’ ਦੇ ਹਿੰਦੀ ਭਾਗ ਦੇ ਪੇਸ਼ਕਰਤਾ ਕਰਨ ਜੌਹਰ ਨੇ ਅਧਿਕਾਰਤ ਬਿਆਨ ਰਾਹੀਂ ਇਹ ਐਲਾਨ ਕੀਤਾ।
ਗੁਰਦਾਸਪੁਰ ਸੰਸਦੀ ਹਲਕੇ ਦੀ ਹੋਵੇਗੀ ਜ਼ਿਮਨੀ ਚੋਣ :
ਚੰਡੀਗੜ੍ਹ : ਗੁਰਦਾਸਪੁਰ ਸੰਸਦੀ ਹਲਕੇ ਤੋਂ ਭਾਜਪਾ ਦੀ ਨੁਮਾਇੰਦਗੀ ਕਰਨ ਵਾਲੇ ਫ਼ਿਲਮ ਅਦਾਕਾਰ ਵਿਨੋਦ ਖੰਨਾ ਦੇ ਅਕਾਲ ਚਲਾਣੇ ਨਾਲ ਹਲਕੇ ਦੀ ਜ਼ਿਮਨੀ ਚੋਣ ਲਈ ਰਾਜਸੀ ਪਾਰਟੀਆਂ ਅੰਦਰ ਹਿੱਲਜੁਲ ਸ਼ੁਰੂ ਹੋ ਗਈ ਹੈ। ਜ਼ਿਮਨੀ ਚੋਣ ਨੂੰ ਹਾਲਾਂਕਿ ਅਜੇ ਦੋ ਕੁ ਮਹੀਨੇ ਦਾ ਸਮਾਂ ਲੱਗ ਸਕਦਾ ਹੈ, ਪਰ ਚੋਣ ਹਾਕਮ ਧਿਰ ਕਾਂਗਰਸ ਅਤੇ ਭਾਜਪਾ ਲਈ ਵੱਡੀ ਚੁਣੌਤੀ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਨੂੰ ਹਾਲੀਆ ਵਿਧਾਨ ਸਭਾ ਚੋਣਾਂ ਦੌਰਾਨ ਨਮੋਸ਼ੀਜਨਕ ਹਾਰ ਝੱਲਣੀ ਪਈ ਸੀ। ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਸੰਸਦੀ ਸੀਟ ਦੀ ਜ਼ਿਮਨੀ ਚੋਣ ਪਹਿਲੀ ਪ੍ਰੀਖਿਆ ਹੋਵੇਗੀ। ਸ੍ਰੀ ਖੰਨਾ ਨੇ ਮਾਝੇ ਦੇ ਇਸ ਸੰਸਦੀ ਹਲਕੇ ਦੀ ਚਾਰ ਵਾਰ ਨੁਮਾਇੰਦਗੀ ਕੀਤੀ ਹੈ। ਉਧਰ ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਸਵਰਗੀ ਖੰਨਾ ਦੇ ਪਰਿਵਾਰ ਵਿਚੋਂ ਕੋਈ ਚੋਣ ਲੜਨੀ ਚਾਹੇ ਤਾਂ ਪਾਰਟੀ ਵਿਚਾਰ ਕਰੇਗੀ।