ਕੈਨੇਡੀਅਨ ਪੰਜਾਬੀਆਂ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਭਾਜੀ ਮੋੜਨ’ ਦਾ ਐਲਾਨ

ਕੈਨੇਡੀਅਨ ਪੰਜਾਬੀਆਂ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਭਾਜੀ ਮੋੜਨ’ ਦਾ ਐਲਾਨ

ਖਾਲਸਾ ਡੇਅ ਪਰੇਡ ਮੌਕੇ ਕਿਹਾ-ਸੱਜਣ ਦਾ ਅਪਮਾਨ ਕਰਨ ਵਾਲੇ ਪੰਜਾਬ ਦੇ ਮੰਤਰੀਆਂ ਨਾਲ ਵੀ ਹੋਵੇਗਾ ਇਹੋ ਜਿਹਾ ਸਲੂਕ

ਕੈਪਸ਼ਨ-ਸਰੀ ਵਿੱਚ ਖਾਲਸਾ ਡੇਅ ਪਰੇਡ ਦਾ ਇਕ ਦ੍ਰਿਸ਼।
ਜਲੰਧਰ/ਬਿਊਰੋ ਨਿਊਜ਼ :
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨ ਪੱਖੀ ਦੱਸ ਕੇ ਬਣਦਾ ਮਾਣ-ਸਤਿਕਾਰ ਨਾ ਦੇਣ ਤੋਂ ਪਰਵਾਸੀ ਪੰਜਾਬੀ ਔਖੇ ਹਨ। ਕੈਨੇਡਾ ਵਿੱਚ ਪਰਵਾਸੀ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਇਲਾਕੇ ਸਰੀ ਵਿੱਚ ਸਜਾਏ ਨਗਰ ਕੀਰਤਨ ਦੌਰਾਨ ਬੁਲਾਰਿਆਂ ਨੇ ਮੰਚ ਤੋਂ ਇਹ ਐਲਾਨ ਕੀਤਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਪੰਜਾਬ ਸਰਕਾਰ ਵੱਲੋਂ ਅਪਮਾਨ ਕਰਵਾਇਆ ਹੈ, ਉਸੇ ਤਰ੍ਹਾਂ ਦਾ ਵਤੀਰਾ ਕੈਨੇਡਾ ਆਉਣ ‘ਤੇ ਪੰਜਾਬ ਦੇ ਮੰਤਰੀਆਂ ਨਾਲ ਕੀਤਾ ਜਾਵੇਗਾ। ਇਹ ਨਗਰ ਕੀਰਤਨ ਖਾਲਸਾ ਡੇਅ ਪਰੇਡ ਮੌਕੇ ਸਜਾਇਆ ਗਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇਸ ਵਿੱਚ ਚਾਰ ਲੱਖ ਦੇ ਕਰੀਬ ਪੰਜਾਬੀਆਂ ਨੇ ਹਿੱਸਾ ਲਿਆ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਜਿਹੜਾ ਸਾਰੇ ਸੰਸਾਰ ਵਿੱਚ ਮਹਿਮਾਨਨਿਵਾਜ਼ੀ ਲਈ ਜਾਣਿਆ ਜਾਂਦਾ ਹੈ, ਉਸ ਦੀਆਂ ਰਹੁ ਰੀਤਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਸੱਟ ਮਾਰੀ ਹੈ। ਸ੍ਰੀ ਸੱਜਣ ਨੂੰ ਮਾਣ ਸਨਮਾਨ ਨਾ ਦੇ ਕੇ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ।
ਇਸ ਨਗਰ ਕੀਰਤਨ ਵਿੱਚ ਵੱਡੀ ਪੱਧਰ ‘ਤੇ ਸਿੱਖ ਸੰਗਤ ਹਾਜ਼ਰ ਸੀ। ਨਗਰ ਕੀਰਤਨ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕੈਨੇਡਾ ਆਉਣ ਦੀ ਚੁਣੌਤੀ ਦਿੱਤੀ ਗਈ ਹੈ। ਬੁਲਾਰਿਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲੋਂ ਵੀ ਨਿੰਦਾ ਕੀਤੀ ਕਿ ਉਨ੍ਹਾਂ ਪੰਜਾਬ ਦੇ ਸਾਬਕਾ ਡੀਜੀਪੀ ਕੇ.ਪੀ.ਐਸ. ਗਿੱਲ ਦਾ ਚੋਣ ਜਿੱਤਣ ਤੋਂ ਬਾਅਦ ਸਵਾਗਤ ਕੀਤਾ ਸੀ, ਜਿਸ ਉਪਰ ਦੋਸ਼ ਲੱਗਦੇ ਸਨ ਕਿ ਡੀਜੀਪੀ ਹੁੰਦਿਆਂ ਉਨ੍ਹਾਂ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਕੋਹ-ਕੋਹ ਕੇ ਮਾਰਿਆ। ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਹਰਜੀਤ ਸਿੰਘ ਸੱਜਣ ਬਾਰੇ ਕੀਤੀ ਬਿਆਨਬਾਜ਼ੀ ਦੀ ਵੀ ਸਟੇਜ ਤੋਂ ਤਿੱਖੀ ਆਲੋਚਨਾ ਕੀਤੀ ਗਈ। ਬੁਲਾਰਿਆਂ ਨੇ ਨਗਰ ਕੀਰਤਨ ਵਿੱਚ ਹਾਜ਼ਰ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਹ ਪ੍ਰਣ ਕਰਨ ਕਿ ਜਦੋਂ ਵੀ ਪੰਜਾਬ ਦੇ ਮੰਤਰੀ ਕੈਨੇਡਾ ਦੀ ਧਰਤੀ ‘ਤੇ ਆਉਣ ਤਾਂ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਜਾਵੇ।
ਗਰਮ ਖਿਆਲੀਆਂ ਦੀ ਇਸ ਸਟੇਜ ਉਪਰ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ, ਜਦੋਂ ਕਿ ਮੰਚ ਹੇਠਾਂ ਕੈਪਟਨ ਅਮਰਿੰਦਰ ਸਿੰਘ ਤੇ ਸੁਖਬੀਰ ਬਾਦਲ ਦੀ ਤਸਵੀਰ ਲੱਗੀ ਹੋਈ ਸੀ ਅਤੇ ਨਾਲ ਹੀ ‘ਕੈਪਟਨ ਤੇ ਬਾਦਲ ਵਰਗੇ ਅੰਦਰੋਂ ਸਭ ਇਕ ਹਨ’ ਲਿਖਿਆ ਹੋਇਆ ਸੀ। ਕੈਨੇਡਾ ਦੀ ਰਾਜਧਾਨੀ ਟੋਰਾਂਟੋ ਵਿੱਚ ਵੀ ਪਰਵਾਸੀ ਪੰਜਾਬੀਆਂ ਵਿੱਚ ਇਸ ਗੱਲੋਂ ਭਾਰੀ ਰੋਸ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਬਣਦਾ ਮਾਣ-ਸਤਿਕਾਰ ਨਹੀਂ ਦਿੱਤਾ।