ਮੌਸੂਲ ਬਾਗ਼ੀਆਂ ਹੱਥੋਂ ਮੁਕਤ : ਸੁਸ਼ਮਾ ਵਲੋਂ ਕੈਪਟਨ ਨੂੰ ਇਰਾਕ ‘ਚ ਫਸੇ ਭਾਰਤੀਆਂ ਦੀ ਵਾਪਸੀ ਦਾ ਭਰੋਸਾ

ਮੌਸੂਲ ਬਾਗ਼ੀਆਂ ਹੱਥੋਂ ਮੁਕਤ : ਸੁਸ਼ਮਾ ਵਲੋਂ ਕੈਪਟਨ ਨੂੰ ਇਰਾਕ ‘ਚ ਫਸੇ ਭਾਰਤੀਆਂ ਦੀ ਵਾਪਸੀ ਦਾ ਭਰੋਸਾ

ਮੌਸੂਲ/ਚੰਡੀਗੜ੍ਹ/ਬਿਊਰੋ ਨਿਊਜ਼ :
ਇਰਾਕੀ ਸੁਰੱਖਿਆ ਬਲਾਂ ਨੇ ਮੋਸੂਲ ਸ਼ਹਿਰ ਨੂੰ ਬਾਗ਼ੀਆਂ ਦੇ ਕਬਜ਼ੇ ਵਿਚੋਂ ਭਾਵੇਂ ਮੁਕਤ ਕਰਵਾ ਲਿਆ ਹੈ ਪਰ ਥੋੜ੍ਹੇ ਹਿੱਸੇ ਤਕ ਸੀਮਤ ਹੋਏ ਜਹਾਦੀਆਂ ਵੱਲੋਂ ਅਜੇ ਵੀ ਟੱਕਰ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਥੇ ਫਸੇ 39 ਭਾਰਤੀਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੰਜਾਬੀ ਹਨ, ਦੀ ਵਤਨ ਵਾਪਸੀ ਦੀ ਉਮੀਦ ਬੱਝ ਗਈ ਹੈ।
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿੱਤਾ ਕਿ ਸਾਲ 2014 ਤੋਂ ਇਰਾਕੀ ਸ਼ਹਿਰ ਮੌਸੂਲ ਵਿੱਚ ਬੰਦੀ ਬਣਾਏ 39 ਭਾਰਤੀਆਂ ਨੂੰ ਲੱਭਣ ਲਈ ਮੰਤਰਾਲਾ ਹਰੇਕ ਕੋਸ਼ਿਸ਼ ਕਰ ਰਿਹਾ ਹੈ। ਇਸ ਦੌਰਾਨ ਇਰਾਕੀ ਅਧਿਕਾਰੀਆਂ ਨੇ ਵੀ ਭਰੋਸਾ ਦਿੱਤਾ ਕਿ ਉਹ ਭਾਰਤੀ ਨਾਗਰਿਕਾਂ ਨੂੰ ਲੱਭਣ ਲਈ ਸਹਿਯੋਗ ਦੇਣਗੇ। ਇਰਾਕੀ ਫੌਜ ਵੱਲੋਂ ਮੌਸੂਲ ਨੂੰ ਆਈਐਸਆਈਐਸ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਮਗਰੋਂ ਪਰਿਵਾਰਾਂ ਨੂੰ ਇਨ੍ਹਾਂ ਬੰਦੀਆਂ ਨੂੰ ਲੱਭਣ ਵਿੱਚ ਦਿੱਕਤਾਂ ਆ ਰਹੀਆਂ ਹਨ। ਇਸ ਬਾਰੇ ਰਿਪੋਰਟਾਂ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਨੂੰ ਫੋਨ ਕਰ ਕੇ ਉਨ੍ਹਾਂ ਤੋਂ ਦਖ਼ਲ ਦੀ ਮੰਗ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਆਈਐਸਆਈਐਸ ਦੀ ਹਾਰ ਤੋਂ ਬਾਅਦ ਪਰਿਵਾਰਾਂ ਨੂੰ ਆਪਣੇ ਮੈਂਬਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਉਨ੍ਹਾਂ ਨੂੰ ਵਾਪਸ ਲਿਆਉਣ ਵਿੱਚ ਕੇਂਦਰ ਸਰਕਾਰ ਦੇ ਸਹਿਯੋਗ ਦੀ ਲੋੜ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੁੱਖ ਮੰਤਰੀ ਨੂੰ ਭਰੋਸਾ ਦਿੱਤਾ ਕਿ ਮੌਸੂਲ ਵਿੱਚ ਨਿਰਮਾਣ ਵਾਲੀ ਥਾਂ ਤੋਂ ਆਈਐਸਆਈਐਸ ਵੱਲੋਂ ਅਗਵਾ ਕੀਤੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਮੰਤਰਾਲਾ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਕੇਂਦਰੀ ਮੰਤਰੀ ਨੇ ਦੱਸਿਆ ਕਿ ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ ਨੂੰ ਉਥੋਂ ਦੀ ਸਰਕਾਰ ਨਾਲ ਸਹਿਯੋਗ ਅਤੇ ਫਸੇ ਭਾਰਤੀਆਂ ਦੀ ਵਾਪਸੀ ਵਿੱਚ ਮਦਦ ਲਈ ਇਰਾਕ ਭੇਜਿਆ ਗਿਆ ਹੈ। ਸੁਸ਼ਮਾ ਸਵਰਾਜ ਨੇ ਕਿਹਾ ਕਿ ਉਨ੍ਹਾਂ ਭਾਰਤੀ ਸਫ਼ਾਰਤਖਾਨੇ ਨੂੰ ਇਰਾਕ ਵਿੱਚ ਫਸੇ ਲੋਕਾਂ ਦੀ ਹਰੇਕ ਸੰਭਵ ਮਦਦ ਕਰਨ ਦਾ ਵੀ ਆਦੇਸ਼ ਦਿੱਤਾ ਹੈ। ਹਵਾਈ ਅੱਡਿਆਂ ਉਤੇ ਏਅਰ ਇੰਡੀਆ ਦੇ ਅਧਿਕਾਰੀਆਂ ਨੂੰ ਵੀ ਭਾਰਤੀਆਂ ਦੀ ਵਾਪਸੀ ਦਾ ਆਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲਾਪਤਾ ਭਾਰਤੀਆਂ ਨੂੰ ਲੱਭਣ ਲਈ ਮੰਤਰਾਲੇ ਨੇ ਆਪਣੇ ਸਾਰੇ ਉਪਲਬਧ ਸਰੋਤਾਂ ਨੂੰ ਸਰਗਰਮ ਕਰ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਹਰੇਕ ਕਦਮ ਚੁੱਕੇਗੀ।
ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਰਾਕੀ ਅਧਿਕਾਰੀਆਂ ਨੇ ਮੌਸੁਲ ਵਿੱਚ ਬੰਦੀ ਬਣਾਏ 39 ਭਾਰਤੀਆਂ ਨੂੰ ਲੱਭਣ ਲਈ ਹਰੇਕ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਹੈਦਰ ਅਲ-ਅਬਦੀ ਇਰਾਕੀ ਸੁਰੱਖਿਆ ਬਲਾਂ ਨੂੰ ਜਿੱਤ ਦੀ ਵਧਾਈ ਦੇਣ ਮੌਸੂਲ ਪੁੱਜੇ ਅਤੇ ਉਨ੍ਹਾਂ ਨੇ ਇਰਾਕ ਦੇ ‘ਬਹਾਦਰ ਜਵਾਨਾਂ’ ਦੀ ਪ੍ਰਸੰਸਾ ਕੀਤੀ ਸੀ। ਮਹੀਨਿਆਂ ਤਕ ਚੱਲੇ ਇਸ ਸੰਘਰਸ਼ ਦੌਰਾਨ ਸ਼ਹਿਰ ਵੀਰਾਨ ਹੋ ਗਿਆ ਹੈ। ਖਾਸ ਤੌਰ ‘ਤੇ ਸ਼ਹਿਰ ਦਾ ਪੁਰਾਣਾ ਹਿੱਸਾ ਉੱਜੜ ਗਿਆ ਹੈ। ਕਈ ਇਮਾਰਤਾਂ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਈਆਂ ਹਨ। ਸ੍ਰੀ ਅਬਦੀ ਦੇ ਮੌਸੂਲ ਦੌਰੇ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਸੀ ਕਿ ਉਹ ‘ਆਜ਼ਾਦ’ ਮੌਸੂਲ ਦਾ ਦੌਰਾ ਕਰਕੇ ਜਵਾਨਾਂ ਨੂੰ ‘ਅਹਿਮ ਫ਼ਤਹਿ’ ਦੀ ਵਧਾਈ ਦੇ ਰਹੇ ਹਨ। ਸ੍ਰੀ ਅਬਦੀ ਨੇ ਬਾਅਦ ਵਿੱਚ ਕਿਹਾ ਕਿ ‘ਜਿੱਤ ਯਕੀਨੀ’ ਸੀ ਅਤੇ ਉਹ ‘ਆਪਣੇ ਜਵਾਨਾਂ ਦੇ ਸਨਮਾਨ ਤੇ ਉਤਸ਼ਾਹ’ ਲਈ ਰਸਮੀ ਐਲਾਨ ਕਰ ਰਹੇ ਹਨ। ਸੋਮਵਾਰ ਨੂੰ ਇਕ ਸੀਨੀਅਰ ਕਮਾਂਡਰ ਨੇ ਕਿਹਾ ਕਿ ਇਰਾਕੀ ਸੁਰੱਖਿਆ ਬਲਾਂ ਦੀ ਜਹਾਦੀਆਂ ਨਾਲ ਲੜਾਈ ਜਾਰੀ ਹੈ ਪਰ ਇਹ ਜੰਗ ਅੰਤ ਦੇ ਕਰੀਬ ਹੈ। ਅਤਿਵਾਦ ਵਿਰੋਧੀ ਸਰਵਿਸ ਦੇ ਲੈਫ. ਜਨਰਲ ਸਾਮੀ ਅਲ-ਅਰਿਧੀ ਨੇ ਕਿਹਾ ਕਿ ਜਹਾਦੀ ਪੁਰਾਣੇ ਸ਼ਹਿਰ ਦੇ ਤਕਰੀਬਨ 200 ਮੀਟਰ ਘੇਰੇ ਤਕ ਸੀਮਤ ਹੋ ਗਏ ਹਨ। ਉਨ੍ਹਾਂ ਨੇ ਸਮਰਪਣ ਦੀ ਗੱਲ ਨਹੀਂ ਸਵਕਾਰੀ ਪਰ ਅਪਰੇਸ਼ਨ ਆਖਰੀ ਪੜਾਅ ਉਤੇ ਹੈ। ਉਮੀਦ ਹੈ ਕਿ ਇਹ ਲੜਾਈ ਜਲਦੀ ਸਮਾਪਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜਵਾਨਾਂ ਨੂੰ ਇਸ ਇਲਾਕੇ ਵਿੱਚ ਤਿੰਨ ਤੋਂ ਚਾਰ ਹਜ਼ਾਰ ਨਾਗਰਿਕਾਂ ਦੇ ਹੋਣ ਬਾਰੇ ਸੂਚਨਾ ਮਿਲੀ ਸੀ ਪਰ ਇਸ ਦੀ ਸੁਤੰਤਰ ਤੌਰ ‘ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਦੱਸਣਯੋਗ ਹੈ ਕਿ ਆਈਐਸ ਖ਼ਿਲਾਫ਼ ਲੜ ਰਹੇ ਅਮਰੀਕਾ ਦੀ ਅਗਵਾਈ ਵਾਲੇ ਫ਼ੌਜੀ ਗਠਜੋੜ ਦੇ ਸਮਰਥਨ ਨਾਲ ਇਰਾਕੀ ਸੁਰੱਖਿਆ ਬਲਾਂ ਨੇ ਮੌਸੂਲ ਨੂੰ ਮੁੜ ਹਾਸਲ ਕਰਨ ਲਈ ਅਕਤੂਬਰ ਵਿੱਚ ਮੁਹਿੰਮ ਸ਼ੁਰੂ ਕੀਤੀ ਸੀ। ਇਸ ਸ਼ਹਿਰ ਉਤੇ ਜਹਾਦੀਆਂ ਨੇ 2014 ਦੇ ਅੱਧ ਵਿੱਚ ਕਬਜ਼ਾ ਕਰ ਲਿਆ ਸੀ। ਸੰਯੁਕਤ ਰਾਸ਼ਟਰ ਨੇ ਦੱਸਿਆ ਕਿ ਮੌਸੂਲ ਅਪਰੇਸ਼ਨ ਦੌਰਾਨ ਤਕਰੀਬਨ 9,20,000 ਲੋਕ ਘਰ-ਬਾਰ ਛੱਡ ਕੇ ਚਲੇ ਗਏ ਹਨ। ਯੂਐਨ ਦੀ ਸ਼ਰਨਾਰਥੀਆਂ ਬਾਰੇ ਏਜੰਸੀ (ਯੂਐਨਐਚਸੀਆਰ) ਨੇ ਕਿਹਾ ਕਿ ਨਾਗਰਿਕਾਂ ਨੂੰ ਆਪਣੇ ਘਰਾਂ ਵਿੱਚ ਪਰਤਣ ਲਈ ਕਈ ਮਹੀਨੇ ਲੱਗ ਸਕਦੇ ਹਨ।