ਘੁਬਾਇਆ ਪਰਿਵਾਰ ਕਰੋੜਾਂ ਰੁਪਏ ਦੇ ਕਰਜ਼ੇ ਹੇਠ

ਘੁਬਾਇਆ ਪਰਿਵਾਰ ਕਰੋੜਾਂ ਰੁਪਏ ਦੇ ਕਰਜ਼ੇ ਹੇਠ

ਕਰਜ਼ਾ ਨਾ ਮੋੜਿਆ ਤਾਂ ਨਿਲਾਮ ਹੋਵੇਗੀ ਗਹਿਣੇ ਪਈ ਜ਼ਮੀਨ
ਬਠਿੰਡਾ/ਬਿਊਰੋ ਨਿਊਜ਼ :
ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਪਰਿਵਾਰ ਕਰੋੜਾਂ ਰੁਪਏ ਦਾ ਕਰਜ਼ਈ ਹੋ ਗਿਆ ਹੈ। ਬੈਂਕ ਨੇ ਘੁਬਾਇਆ ਪਰਿਵਾਰ ਨੂੰ ਕਰਜ਼ਾ ਵਸੂਲੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਸਟੇਟ ਬੈਂਕ ਆਫ਼ ਇੰਡੀਆ ਨੇ ਨੋਟਿਸ ਵਿੱਚ ਸਪਸ਼ਟ ਕੀਤਾ ਹੈ ਕਿ ਜੇ 60 ਦਿਨਾਂ ਵਿੱਚ ਕਰਜ਼ ਨਾ ਮੋੜਿਆ ਤਾਂ ਬੈਂਕ ਵੱਲੋਂ ਗਹਿਣੇ ਪਈ ਜ਼ਮੀਨ ਨਿਲਾਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਮੈਸਰਜ਼ ਘੁਬਾਇਆ ਐਜੂਕੇਸ਼ਨਲ ਸੁਸਾਇਟੀ ਪਿੰਡ ਸੁਖੇੜਾ ਬੋਦਲਾ (ਫ਼ਾਜ਼ਿਲਕਾ) ਵੱਲੋਂ ਸਟੇਟ ਬੈਂਕ ਆਫ ਇੰਡੀਆ ਤੋਂ ਕਰਜ਼ਾ ਲਿਆ ਗਿਆ ਸੀ ਜੋ ਹੁਣ ਵਿਆਜ ਸਮੇਤ 8.77 ਕਰੋੜ ਰੁਪਏ ਹੋ ਗਿਆ ਹੈ। ਘੁਬਾਇਆ ਐਜੂਕੇਸ਼ਨਲ ਸੁਸਾਇਟੀ ਵੱਲੋਂ ਘੁਬਾਇਆ ਕਾਲਜ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਚਲਾਇਆ ਜਾ ਰਿਹਾ ਹੈ। ਸਟੇਟ ਬੈਂਕ ਆਫ਼ ਇੰਡੀਆ ਦੀ ਜਲਾਲਾਬਾਦ (ਪੱਛਮੀ) ਸ਼ਾਖ਼ਾ ਨੇ ਵਿੱਤੀ ਸੁਰੱਖਿਆ ਐਕਟ 2002 ਦੀ ਧਾਰਾ 13(2) ਤਹਿਤ ਘੁਬਾਇਆ ਪਰਿਵਾਰ ਨੂੰ ਵਸੂਲੀ ਨੋਟਿਸ ਜਾਰੀ ਕੀਤਾ ਹੈ। ਬੈਂਕ ਨੇ ਗਹਿਣੇ ਰੱਖੀ ਜਾਇਦਾਦ ਦੀ ਵਿਕਰੀ ਜਾਂ ਲੀਜ਼ ‘ਤੇ ਵੀ ਰੋਕ ਲਾ ਦਿੱਤੀ ਹੈ। ਸੂਤਰਾਂ ਅਨੁਸਾਰ ਘੁਬਾਇਆ ਪਰਿਵਾਰ ਨੇ ਦਸੰਬਰ 2008 ਵਿੱਚ ਇਸ ਬੈਂਕ ਤੋਂ ਕਰਜ਼ਾ ਲਿਆ ਸੀ। ਇਸ ਕਰਜ਼ੇ ਬਦਲੇ ਰਿਹਾਇਸ਼ੀ ਮਕਾਨ, ਪਿੰਡ ਸੁਖੇੜਾ ਬੋਦਲਾ, ਪਿੰਡ ਘੁਬਾਇਆ ਤੇ ਜਲਾਲਾਬਾਦ ਵਿਚਲੀ ਜਾਇਦਾਦ ਬੈਂਕ ਕੋਲ ਗਹਿਣੇ ਰੱਖੀ ਹੋਈ ਹੈ। ਘੁਬਾਇਆ ਐਜੂਕੇਸ਼ਨਲ ਸੁਸਾਇਟੀ ਤੋਂ ਇਲਾਵਾ ਸੁਸਾਇਟੀ ਦੇ 10 ਮੈਂਬਰ ਤੇ ਗਾਰੰਟਰ ਹਨ, ਜਿਨ੍ਹਾਂ ਵਿੱਚ ਸੁਸਾਇਟੀ ਦੀ ਚੇਅਰਪਰਸਨ ਕ੍ਰਿਸ਼ਨਾ ਰਾਣੀ ਹਨ, ਜੋ ਸੰਸਦ ਮੈਂਬਰ ਘੁਬਾਇਆ ਦੀ ਪਤਨੀ ਹੈ ਤੇ ਸੰਸਦ ਮੈਂਬਰ ਦਾ ਲੜਕਾ ਇੰਜਨੀਅਰ ਵਰਿੰਦਰ ਸਿੰਘ ਸੁਸਾਇਟੀ ਦਾ ਜਨਰਲ ਸਕੱਤਰ ਹੈ। ਸ਼ੇਰ ਸਿੰਘ ਘੁਰਾਇਆ ਸਣੇ ਪੰਜ ਜਣੇ ਇਸ ਵਿੱਚ ਗਾਰੰਟਰ ਹਨ। ਸੁਸਾਇਟੀ ਦੇ ਸਰਪ੍ਰਸਤ ਖ਼ੁਦ ਸ਼ੇਰ ਸਿੰਘ ਘੁਬਾਇਆ ਹਨ।
ਸਰਕਾਰ ਨੇ ਵਜ਼ੀਫ਼ੇ ਦੀ ਰਕਮ ਨਹੀਂ ਦਿੱਤੀ : ਸੰਸਦ ਮੈਂਬਰ
ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬੈਂਕ ਨਾਲ ਸੈਂਟਲਮੈਂਟ ਚੱਲ ਰਹੀ ਹੈ, ਜੋ ਆਖ਼ਰੀ ਪੜਾਅ ‘ਤੇ ਹੈ। ਉਨ੍ਹਾਂ ਕਿਹਾ ਕਿ ਬੈਂਕ ਨੇ ਇਸ ਦੇ ਬਾਵਜੂਦ ਨੋਟਿਸ ਜਾਰੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਤਿੰਨ ਵਰ੍ਹਿਆਂ ਤੋਂ ਉਨ੍ਹਾਂ ਨੂੰ ਵਜ਼ੀਫਿਆਂ ਦੀ ਕਰੀਬ 5 ਕਰੋੜ ਦੀ ਰਕਮ ਜਾਰੀ ਨਹੀਂ ਕੀਤੀ ਹੈ। ਵਜ਼ੀਫਾ ਰਕਮ ਬੈਂਕ ਵਿੱਚ ਹੀ ਆਉਣੀ ਹੈ, ਜਿਸ ਕਰਕੇ ਬੈਂਕ ਇਸ ਰਕਮ ਨੂੰ ਕਰਜ਼ੇ ਵਿੱਚ ਅਡਜਸਟ ਕਰ ਲਵੇ। ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਪਤਨੀ ਐਜੂਕੇਸ਼ਨਲ ਸੁਸਾਇਟੀ ਦੀ ਚੇਅਰਪਰਸਨ ਹੈ ਪਰ ਉਹ ਸੁਸਾਇਟੀ ਦੇ ਮੈਂਬਰ ਨਹੀਂ ਹਨ।