ਕਿਸਾਨ ਅੰਦੋਲਨ ਦੌਰਾਨ ਗੁਰੂ ਕੇ ਲੰਗਰ ਨੂੰ ਸਰਕਾਰੀ ਨੋਟਿਸ ਬਨਾਮ ਕਾਰਪੋਰੇਟ

ਕਿਸਾਨ ਅੰਦੋਲਨ ਦੌਰਾਨ ਗੁਰੂ ਕੇ ਲੰਗਰ ਨੂੰ ਸਰਕਾਰੀ ਨੋਟਿਸ ਬਨਾਮ ਕਾਰਪੋਰੇਟ

ਗੁਰੂ ਨਾਨਕ ਦਾ ਸਭਿਆਚਾਰ ਵਾਸਕੋ ਡੀ ਗਾਮਾ ਦੇ ਸਭਿਆਚਾਰ ਨਾਲੋਂ ਮਹਾਨ ਤੇ ਲੋਕ ਪਖੀ           

ਪ੍ਰਿੰ. ਸਰਵਣ ਸਿੰਘ

ਗੁਰੂ ਨਾਨਕ ਦੇਵ ਤੇ ਵਾਸਕੋ ਡੀ ਗਾਮਾ ਦਾ ਜਨਮ 1469 ਈਸਵੀ ਵਿੱਚ ਹੋਇਆ। ਗੁਰੂ ਨਾਨਕ ਰਾਇ ਭੋਇ ਦੀ ਤਲਵੰਡੀ ਵਿੱਚ ਜਨਮੇ। ਵਾਸਕੋ ਡੀ ਗਾਮਾ ਪੁਰਤਗਾਲ ਦੇ ਸ਼ਹਿਰ ਸਾਈਨਜ਼ ਵਿੱਚ ਜੰਮਿਆ।ਦੋਹਾਂ ਨੇ ਹਜ਼ਾਰਾਂ ਮੀਲਾਂ ਦਾ ਸਫ਼ਰ ਕੀਤਾ. ਉਹ ਸਫ਼ਰ ਬੜਾ ਦੁਸ਼ਵਾਰ ਸੀ । ਵਿਚਾਰਨ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਔਝੜ ਪੈਂਡਿਆਂ ਦਾ ਉਦੇਸ਼ ਕੀ ਸੀ?

ਬਾਲਕ ਨਾਨਕ ਦੀਆਂ ਮੱਝਾਂ ਰਾਏ ਬੁਲਾਰ ਦੀ ਪੈਲੀ’ਚ ਜਾ ਵੜੀਆਂ। ਉਲਾਂਭਾ ਮਿਲਿਆ. ਮਹਿਤਾ ਕਾਲੂ ਨੇ ਪੁੱਤਰ ਨੂੰ ਵੀਹ ਰੁਪਈਏ ਦੇ ਕੇ ਕਿਹਾ ਕਿ ਜਾ, ਕੋਈ ਸੌਦਾ ਪੱਤਾ ਕਰ ਤੇ ਕੰਮ ਧੰਦੇ ਲੱਗ।

ਗੁਰੂ ਨਾਨਕ ਨੇ ਭੁੱਖੇ ਰਾਹੀਆਂ ਨੂੰ ਲੰਗਰ ਛਕਾ ਕੇ ਸੱਚਾ ਸੌਦਾ ਕਰ ਲਿਆ।ਕਾਰਲ ਮਾਰਕਸ ਦੀ ਵਿਚਾਰਧਾਰਾ ਬਾਅਦ ਵਿੱਚ ਆਈ। ਗੁਰੂ ਨਾਨਕ ਦੀ ਸੱਚੇ ਸੌਦੇ ਵਾਲੀ ਮਿਸਾਲ ਨਾਲ ਸਭ ਨੂੰ ਇਕੋ ਪੰਗਤ ਵਿੱਚ ਬਿਠਾ ਕੇ ਖਾਣਾ ਖੁਆਉਣ ਦੀ ਪਿਰਤ ਪੈ ਗਈ ਜਿਸ ਨੂੰ ਗੁਰੂ ਦੇ ਸਿੱਖਾਂ ਨੇ ‘ਗੁਰੂ ਕਾ ਲੰਗਰ’ ਨਾਂ ਦੇ ਦਿੱਤਾ. ਉਹ ਪਿਰਤ ਅੱਜ ਵੀ ਕਾਇਮ ਹੈ। ਅਜੋਕੇ ਪਦਾਰਥਵਾਦੀ ਦੌਰ’ਚ ਵੀ ਗੁਰਦਵਾਰਿਆਂ ਤੇ ਹੋਰਨੀਂ ਥਾਈਂ ਲੋੜਵੰਦਾਂ ਨੂੰ ਲੋੜ ਅਨੁਸਾਰ ਲੰਗਰ ਪਰੋਸਿਆ ਜਾਂਦੈ। ਉਥੇ ਧਰਮ, ਨਸਲ, ਜਾਤ ਬਰਾਦਰੀ ਨਹੀਂ ਵੇਖੀ ਜਾਂਦੀ। ਊਚ ਨੀਚ ਨਹੀਂ ਪਰਖੀ ਜਾਂਦੀ।

ਗੁਰੂ ਨਾਨਕ ਦੇਵ ਜੀ ਨੇ ’ਚ ਫੁਰਮਾਇਆ, ਕਿਸੇ ਦਾ ਹੱਕ ਮਾਰਨਾ, ਮਾਇਆ’ਚ ਖਚਤ ਹੋਣਾ, ਮਾਇਆ’ਕੱਠੀ ਕਰਨ ਅਤੇ ਸਾਰੀ ਉਮਰ ਮਾਇਆ ਖ਼ਾਤਰ ਹੀ ਪਾਪੜ ਵੇਲੀ ਜਾਣੇ ਪਾਪ ਹਨ। ਮਾਇਆ ਦੇ ਮਾੜੇ ਰੋਲ ਬਾਰੇ ਗੁਰੂ ਨਾਨਕ ਦੇਵ ਜੀ ਨੇ ਲਿਖਿਆ: ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ ॥ਯਾਨੀ ਲੁੱਟ ਖੋਹ ਕਰੇ ਬਿਨਾਂ ਮਾਇਆ’ਕੱਠੀ ਨਹੀਂ ਹੁੰਦੀ ਅਤੇ ਮਰਨ ਵੇਲੇ ਨਾਲ ਨਹੀਂ ਜਾਂਦੀ। ਬੰਦਾ ਕਿਰਤ ਕਰੇ, ਵੰਡ ਛਕੇ ਤੇ ਨਾਮ ਜਪੇ।ਸਰਬੱਤ ਦਾ ਭਲਾ ਇਸੇ ਵਿੱਚ ਹੈ। ਇਸੇ ਸੰਬੰਧ ਵਿੱਚ ਗੁਰੂ ਨਾਨਕ ਦੇਵ ਨੇ ਚਾਰ ਉਦਾਸੀਆਂ ਕੀਤੀਆਂ ।ਪੈਦਲ ਸਫ਼ਰ ਦੌਰਾਨ ਬਾਣੀ ਰਚੀ, ਮੁਸਲਮਾਨ ਮਰਦਾਨੇ ਨੇ ਰਬਾਬ ਵਜਾਈ, ਸਿੱਧਾਂ ਜੋਗੀਆਂ ਨਾਲ ਗੋਸ਼ਟਾਂ ਕੀਤੀਆਂ ਤੇ ਖ਼ੁਦ ਅਮਲ ਕਰ ਕੇ ਵਿਖਾਇਆ।

ਵਾਸਕੋ ਡੀ ਗਾਮਾ ਨੂੰ ਮਲਾਹਗੀਰੀ ਦਾ ਸ਼ੌਕ ਸੀ. ਜੁਆਨ ਹੋਇਆ ਤਾਂ ਪੁਰਤਗਾਲ ਦੇ ਬਾਦਸ਼ਾਹ ਨੇ ਉਸ ਨੂੰ ਸਮੁੰਦਰੀ ਬੇੜਾ ਦੇ ਕੇ ਇੰਡੀਆ ਭੇਜਿਆ। ਉਸ ਦਾ ਉਦੇਸ਼ ਸੀ, ਨਵਾਂ ਮੁਲਕ ਲੱਭਣਾ, ਵਪਾਰ ਕਰਨਾ ਤੇ ਦੌਲਤ’ਕੱਠੀ ਕਰਨਾ। ਇਹ ਉਦੇਸ਼ ਗੁਰੂ ਨਾਨਕ ਦੇਵ ਜੀ ਦੇ ਸੱਚੇ ਸੌਦੇ ਤੋਂ ਉਲਟ ਸੀ। ਪੂਰਬ ਤੇ ਪੱਛਮ ਦੀ ਟੱਕਰ ਸੀ।

ਗੁਰੂ ਨਾਨਕ1496 ਵਿੱਚ ਉਦਾਸੀ ਦੇ ਪੰਧ ਪਏ. ਵਾਸਕੋ ਡੀ ਗਾਮਾ ਨੇ ਪਹਿਲਾ ਸਮੁੰਦਰੀ ਬੇੜਾ8 ਜੁਲਾਈ 1497 ਨੂੰ ਠੇਲ੍ਹਿਆ। ਉਹ20 ਮਈ 1498 ਨੂੰ ਕਾਲੀਕਟ ਪੁੱਜਾ. ਗੁਰੂ ਨਾਨਕ ਵਾਂਗ ਨਾ ਕਿਸੇ ਨਾਲ ਗੋਸ਼ਟ ਕੀਤੀ ਤੇ ਨਾ ਜੀਵਨ ਦਾ ਉਦੇਸ਼ ਦੱਸਿਆ. ਇੰਡੀਆ ਪਹੁੰਚਾ ਤੇ ਮਸਾਲਿਆਂ ਦੇ ਬੇੜੇ ਭਰ ਕੇ ਯੂਰਪ ਵਿੱਚ ਮਹਿੰਗੇ ਭਾਅ ਵੇਚਣ ਲੈ ਗਿਆ. ਗੁਰੂ ਨਾਨਕ ਦਾ ਮਿਸ਼ਨ ਸਚਿਆਰਾ ਜੀਵਨ ਜਿਊਣਾ ਸੀ ਜਦ ਕਿ ਵਾਸਕੋ ਡੀ ਗਾਮਾ ਨੂੰ ਭੇਜਣ ਵਾਲੇ ਬਾਦਸ਼ਾਹ ਦਾ ਮੰਤਵ ਮਾਇਆ ’ਕੱਠੀ ਕਰਨਾ ਸੀ.

ਵਾਸਕੋ ਡੀ ਗਾਮੇ ਨੇ ਚਾਰ ਗੇੜੇ ਲਾਏ. ਚੌਥਾ ਗੇੜਾ ਲਾਉਂਦਿਆਂ 24 ਦਸੰਬਰ 1524 ਨੂੰ ਕੇਰਲਾ ਦੇ ਸ਼ਹਿਰ ਕੋਚੀ’ਚ ਚਲਾਣਾ ਕਰ ਗਿਆ। ਪਹਿਲਾਂ ਉਹਦੀ ਦੇਹ ਕੋਚੀ ਵਿੱਚ ਦਫ਼ਨ ਹੋਈ। ਫਿਰ1539 ਵਿੱਚ ਪੁਰਤਗਾਲ ਲਿਜਾ ਕੇ ਦੁਬਾਰਾ ਦਫਨਾਈ ਗਈ। ਗੁਰੂ ਨਾਨਕ ਦੇਵ ਜੀ ਨੇ ਵੀ ਚਾਰ ਉਦਾਸੀਆਂ ਕੀਤੀਆਂ। ਫਿਰ ਰਾਵੀ ਕੰਢੇ ਕਰਤਾਰਪੁਰ ਵਸਾਇਆ. ਖ਼ੁਦ ਖੇਤੀਬਾੜੀ ਕੀਤੀ, ਲੰਗਰ ਲਾਏ ਤੇ 1539 ਵਿੱਚ ਕਰਤਾਰਪੁਰ ਜੋਤੀ ਜੋਤਿ ਸਮਾਏ।ਉਨ੍ਹਾਂ ਦੇ ਹਿੰਦੂ ਪੈਰੋਕਾਰ ਸਸਕਾਰ ਕਰਨ ਤੇ ਮੁਸਲਮਾਨ ਪੈਰੋਕਾਰ ਦਫਨ ਕਰਨ ਲਈ ਬਹਿਸੇ। ਚਾਦਰ ਚੁੱਕੀ ਤਾਂ ਦੇਹ ਗ਼ਾਇਬ ਸੀ, ਫੁੱਲ ਪਏ ਸਨ. ਫੁੱਲ ਵੰਡ ਲਏ ਗਏ ਤੇ ਚਾਦਰ ਪਾੜ ਲਈ ਗਈ. ਜਿਥੇ ਉਹ ਚਾਦਰ ਪਾੜੀ ਸੀ‘ਆਜ਼ਾਦੀ’ ਦੇ ਨਾਂ ਉਤੇ1947 ਵਿੱਚ ਉਥੋਂ ਪੰਜਾਬ ਵੀ ਪਾੜ ਦਿੱਤਾ ਗਿਆ!

ਸਮੇਂ ਦਾ ਗੇੜ ਵੇਖੋ. ਵਾਸਕੋ ਡੀ ਗਾਮਾ ਨੂੰ ਬਿਖੜੇ ਪੈਂਡਿਆਂ’ਤੇ ਪਾਉਣ ਵਾਲੇ ਵਿਸ਼ਵੀਕਰਨ ਦੇ ਦੌਰ ਤਕ ਪੁੱਜਦਿਆਂ ਮਲਟੀਨੈਸ਼ਨਲ ਕੰਪਨੀਆਂ ਬਣਾ ਕੇ, ਵੀ. ਟੀ. ਓ. ਤੇ ਆਈ. ਐੱਮ. ਐੱਫ. ਰਾਹੀਂ ਕੁਲ ਦੁਨੀਆ ਦੀ ਮਾਇਆ’ਕੱਠੀ ਕਰਨ ਡਹੇ ਹਨ। ਮਾਇਆ ’ਕੱਠੀ ਕੇ ਉਹ ਜੰਗੀ ਹਥਿਆਰ ਬਣਾ ਰਹੇ, ਮੁਲਕਾਂ ਨੂੰ ਵੰਡ ਰਹੇ, ਆਪਸ ਵਿੱਚ ਲੜਾ ਰਹੇ, ਨਸ਼ੇ ਵਰਤਾਅ ਰਹੇ, ਦਹਿਸ਼ਤ ਫੈਲਾਅ ਰਹੇ, ਵੱਡੇ ਵੱਡੇ ਮੌਲ ਬਣਾ ਰਹੇ, ਵਣਜ ਵਪਾਰ ਵਧਾ ਰਹੇ, ਕਰੰਸੀ ਦੀ ਖੇਡ ਖੇਡ ਰਹੇ ਅਤੇ ਲੋਕਰਾਜਾਂ ਦੀ ਪੱਟੀ ਮੇਸ ਕਰਨ ਲਈ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੂੰ ਖਰੀਦ ਰਹੇ ਹਨ! ਖਲਕਤ ਬਲਦੀ ਦੇ ਮੂੰਹ ਦੇ ਰੱਖੀ ਹੈ ਉਨ੍ਹਾਂ ਨੇ. ਮਾਇਆ ਦਾ ਖਿਲਾਰਾ, ਮਾੜਾ ਪਸਾਰਾ, ਵੋਟਾਂ ਦੀ ਵੇਚ ਵੱਟ, ਚੁਣੇ ਹੋਏ ਮੈਂਬਰਾਂ ਤੇ ਸਿਆਸੀ ਪਾਰਟੀਆਂ ਦੀ ਖਰੀਦੋ ਫਰੋਖ਼ਤ, ਹੁਣ ਸਭ ਦੇ ਸਾਹਮਣੇ ਹੈ। ਆਹ ਖੇਤੀਬਾੜੀ ਦੇ ਕਾਰਪੋਰੇਟੀ ਕਾਨੂੰਨ ਬਣਾਉਣੇ, ਕਿਸਾਨਾਂ ਦੀਆਂ ਜ਼ਮੀਨਾਂ ਹਥਿਆ ਕੇ ਅੰਬਾਨੀ ਅੰਡਾਨੀ ਵਰਗਿਆਂ ਲਈ ਮਾਇਆ ਦੇ ਢੇਰ ਲਾਉਣ ਦਾ ਹੀ ਜੁਗਾੜ ਹਨ. ਲੋਹੜਾ ਇਹ ਕਿ ਗੁਰੂ ਕਾ ਲੰਗਰ ਚਲਾਉਣ ਵਾਲਿਆਂ ਨੂੰ ਵੀ ਹੁਣ ਕਟਹਿਰੇ’ਚ ਖੜ੍ਹੇ ਕਰਨ ਦਾ ਤੋਰਾ ਤੋਰ ਲਿਆ ਗਿਐ! ਅਜੇ ਪਤਾ ਨਹੀਂ ਹੋਰ ਕਿਥੋਂ ਤਕ ਜਾਵੇਗੀ ਵਾਸਕੋ ਡੀ ਗਾਮਾ ਦੀ ਉਲਾਦ?