ਫ਼ੌਜੀ ਦੀ ਜ਼ਮੀਨ ਵਾਪਸੀ ਲਈ ਸੁਖਬੀਰ ਬਾਦਲ ਵੱਲੋਂ ਪੁਲੀਸ ਨੂੰ ਅਲਟੀਮੇਟਮ

ਫ਼ੌਜੀ ਦੀ ਜ਼ਮੀਨ ਵਾਪਸੀ ਲਈ ਸੁਖਬੀਰ ਬਾਦਲ ਵੱਲੋਂ ਪੁਲੀਸ ਨੂੰ ਅਲਟੀਮੇਟਮ

ਕੈਪਸ਼ਨ-ਲੋਕਾਂ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ।
ਬਟਾਲਾ/ਬਿਊਰੋ ਨਿਊਜ਼ :
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਟਾਲਾ ਵਿਚ ਜਬਰ ਵਿਰੋਧੀ ਲਹਿਰ ਤਹਿਤ ਤਰਨ ਤਾਰਨ ਤੋਂ ਆਏ ਇੱਕ ਫੌਜੀ ਜਵਾਨ ਨੂੰ ਜ਼ਮੀਨ ਦੇ ਮਾਮਲੇ ਸਬੰਧੀ ਨਿਆਂ ਦਿਵਾਉਣ ਲਈ ਪੁਲੀਸ ਨੂੰ 48 ਘੰਟਿਆਂ ਦਾ ਅਲਟੀਮੇਟਮ ਦਿੱਤਾ। ਉਨ੍ਹਾਂ ਕਿਹਾ ਕਿ ਜਵਾਨ ਦੀ ਜ਼ਮੀਨ ਉੱਤੇ ਕਥਿਤ ਤੌਰ ‘ਤੇ ਕਾਂਗਰਸੀ ਆਗੂਆਂ ਦੀ ਸ਼ਹਿ ‘ਤੇ ਕੁਝ ਲੋਕਾਂ ਨੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਨੇ ਐਸਐਸਪੀ ਨੂੰ ਸਪਸ਼ਟ ਕੀਤਾ ਕਿ ਉਹ ਫੌਜੀ ਨੂੰ ਨਿਆਂ ਦਿਵਾਉਣ ਨਹੀਂ ਤਾਂ ਅਕਾਲੀ ਦਲ ਸੰਘਰਸ਼ ਸ਼ੁਰੂ ਕਰੇਗਾ।
ਸ੍ਰੀ ਬਾਦਲ ਨੇ ਦੱਸਿਆ ਕਿ ਜਵਾਨ ਜਸਪਾਲ ਸਿੰਘ ਨੇ ਤਰਨ ਤਾਰਨ ਦੇ ਡੀਸੀ ਕੋਲ ਪਹੁੰਚ ਕੀਤੀ ਪਰ ਇਨਸਾਫ਼ ਨਹੀਂ ਮਿਲਿਆ। ਜਸਪਾਲ ਨੇ ਦੱਸਿਆ ਕਿ ਕਾਂਗਰਸੀ ਵਿਧਾਇਕ ਦੇ ਕਰਿੰਦਿਆਂ ਵੱਲੋਂ ਉਸ ਦੀ ਪਿੰਡ ਰਾਹਲ ਚਾਹਲ ਵਿਚਲੀ 16 ਕਨਾਲ ਜ਼ਮੀਨ ‘ਤੇ ਕਬਜ਼ਾ ਕੀਤਾ ਗਿਆ ਹੈ। ਜਬਰ ਵਿਰੋਧੀ ਲਹਿਰ ਤਹਿਤ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂਆਂ ਦੀ ਸ਼ਹਿ ਉੱਤੇ ਅਕਾਲੀ ਵਰਕਰਾਂ ਨਾਲ ‘ਧੱਕਾ’ ਹੋ ਰਿਹਾ ਹੈ ਤੇ ਅਜਿਹਾ ਕਰਨ ਵਾਲੇ ਅਧਿਕਾਰੀਆਂ ਨੂੰ ਉਹ ਸਿਰਫ਼ ਚੇਤਾਵਨੀ ਦੇ ਸਕਦੇ, ਸਨਮਾਨ ਨਹੀਂ। ਉਨ੍ਹਾਂ ਕਿਹਾ ਕਿ ਜੇ ਅਕਾਲੀ ਵਰਕਰਾਂ ਖ਼ਿਲਾਫ਼ ਝੂਠੇ ਕੇਸ ਦਰਜ ਕੀਤੇ ਗਏ ਤਾਂ ਥਾਣਿਆਂ ਦਾ ਘਿਰਾਓ ਕੀਤਾ ਜਾਵੇਗਾ। ਕਰਜ਼ਾ ਮੁਆਫ਼ੀ ਬਾਰੇ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਸਰਕਾਰ ਕਰਜ਼ੇ ਮੁਆਫ਼ ਨਹੀਂ ਕਰ ਸਕਦੀ। ਕਰਜ਼ਾ ਮੁਆਫ਼ੀ ਦਾ ਵਾਅਦਾ ਕਰਦਿਆਂ ਕਿਸਾਨਾਂ ਕੋਲੋਂ ਫਾਰਮ ਭਰਵਾ ਕੇ ਧੋਖਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਅਜਨਾਲਾ ਦੇ ਮੇਜਰ ਸਿੰਘ ਨੇ ਖ਼ੁਦਕੁਸ਼ੀ ਕੀਤੀ ਅਤੇ ਇਹ ਲਿਖਤੀ ਨੋਟ ਛੱਡ ਗਿਆ ਕਿ ਉਸ ਨੇ ਕਾਂਗਰਸ ਨੂੰ ਵੋਟ ਪਾਈ ਪਰ ਕਰਜ਼ਾ ਮੁਆਫ਼ ਨਾ ਹੋਣ ਕਾਰਨ ਉਹ ਖ਼ੁਦਕੁਸ਼ੀ ਕਰ ਰਿਹਾ ਹੈ। ਬਟਾਲਾ ਤੋਂ ਅਕਾਲੀ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਕਾਂਗਰਸ ਦੀਆਂ ਵਧੀਕੀਆਂ ਦਾ ਜਵਾਬ ਵਰਕਰ ਇੱਕਜੁੱਟ ਹੋ ਕੇ ਦੇਣਗੇ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਲਿਤਾਂ ਅਤੇ ਖੇਤ ਮਜ਼ਦੂਰਾਂ ਨੂੰ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਕਰਜ਼ੇ ਮੁਆਫ ਨਹੀਂ ਹੋਣਗੇ। ਲੋਕਾਂ ਨੂੰ ਗੁਮਰਾਹ ਕਰਨ ਦੇ ਦੋਸ਼ ਹੇਠ ਵਿੱਤ ਮੰਤਰੀ ਮਨਪ੍ਰੀਤ ਬਾਦਲ ਖ਼ਿਲਾਫ਼ ਕੇਸ ਦਰਜ ਹੋਣਾ ਚਾਹੀਦਾ ਹੈ।