ਅਮਰੀਕਾ ਵੱਲੋਂ ਮਿਆਂਮਾਰ ਉੱਤੇ ਪਾਬੰਦੀਆਂ ਲਈ ਤਿਆਰੀਆਂ

ਅਮਰੀਕਾ ਵੱਲੋਂ ਮਿਆਂਮਾਰ ਉੱਤੇ ਪਾਬੰਦੀਆਂ ਲਈ ਤਿਆਰੀਆਂ

ਵਾਸ਼ਿੰਗਟਨ/ਬਿਊਰੋ ਨਿਊਜ਼:
ਰੋਹਿੰਗੀਆ ਭਾਈਚਾਰੇ ਖ਼ਿਲਾਫ਼ ਮਨੁੱਖੀ ਹੱਕਾਂ ਦੇ ਘਾਣ ਲਈ ਜ਼ਿੰਮੇਵਾਰ ਮਿਆਂਮਰ ਦੇ ਸੀਨੀਅਰ ਫ਼ੌਜੀ ਅਧਿਕਾਰੀਆਂ ‘ਤੇ ਪਾਬੰਦੀਆਂ ਲਾਉਣ ਵਾਲਾ ਐਕਟ ਸੈਨੇਟ ਦੀ ਅਹਿਮ ਕਮੇਟੀ ਨੇ ਪਾਸ ਕਰ ਦਿੱਤਾ ਹੈ। ਸੈਨੇਟਰ ਜੌਹਨ ਮੈਕੇਨ ਅਤੇ ਬੇਨ ਕਾਰਡਿਨ ਵੱਲੋਂ ਤਿਆਰ ਬਰਮਾ ਮਨੁੱਖੀ ਅਧਿਕਾਰ ਅਤੇ ਆਜ਼ਾਦੀ ਐਕਟ ਨੂੰ ਸੈਨੇਟ ‘ਚ ਪੇਸ਼ ਕੀਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਵੱਲੋਂ ਦਸਤਖ਼ਤ ਕੀਤੇ ਜਾਣ ਤੋਂ ਪਹਿਲਾਂ ਪ੍ਰਤੀਨਿਧ ਸਭਾ ‘ਚ ਵੀ ਇਸ ਬਿਲ ਨੂੰ ਪ੍ਰਵਾਨਗੀ ਲੈਣੀ ਪਏਗੀ। ਬਿਲ ‘ਚ ਮਿਆਂਮਾਰ ਨਾਲ ਵਿਸ਼ੇਸ਼ ਫ਼ੌਜੀ ਸਹਿਯੋਗ ‘ਤੇ ਪਾਬੰਦੀ ਲਾਉਣ ਦੀ ਤਜਵੀਜ਼ ਹੈ। ਆਰਥਿਕ ਅਤੇ ਸੁਰੱਖਿਆ ਪਾਬੰਦੀਆਂ ਦੇ ਨਾਲ ਨਾਲ ਮਿਆਂਮਾਰ ਦੀ ਸੱਤਾ ਆਮ ਲੋਕਾਂ ਦੇ ਹਵਾਲੇ ਕਰਨ ਦੀ ਹਮਾਇਤ ਵੀ ਕੀਤੀ ਜਾਵੇਗੀ। ਐਕਟ ਨੂੰ ਰਿਪਬਲਿਕਨ ਅਤੇ ਡੈਮੋਕਰੇਟਿਕ ਪਾਰਟੀਆਂ ਦੇ ਦਰਜਨ ਤੋਂ ਵਧ ਸੈਨੇਟਰਾਂ ਨੇ ਸਹਿਮਤੀ ਦਿੱਤੀ ਹੈ। ਸਾਂਝੇ ਬਿਆਨ ‘ਚ ਮੈਕੇਨ ਅਤੇ ਕਾਰਡਿਨ ਨੇ ਕਿਹਾ ਕਿ ਮਿਆਂਮਾਰ ਦੇ ਲੋਕਾਂ ਨੇ ਆਪਣੇ ਮੁਲਕ ਅਤੇ ਜਮਹੂਰੀਅਤ ਬਾਰੇ ਫ਼ੈਸਲਾ  ਲੈਣਾ ਹੈ।