ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਭਾਣਜੀ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਦੀ ਸਪੁੱਤਰੀ ਬਲਜੀਤ ਕੌਰ ਬਣੀ ਜਰਮਨੀ ਦੀ ਪਹਿਲੀ ਦਸਤਾਰਧਾਰੀ ਡਾਕਟਰ

ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਭਾਣਜੀ ਅਤੇ ਜਥੇਦਾਰ ਰੇਸ਼ਮ ਸਿੰਘ ਬੱਬਰ ਦੀ ਸਪੁੱਤਰੀ ਬਲਜੀਤ ਕੌਰ ਬਣੀ ਜਰਮਨੀ ਦੀ ਪਹਿਲੀ ਦਸਤਾਰਧਾਰੀ ਡਾਕਟਰ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 16 ਮਈ (ਮਨਪ੍ਰੀਤ ਸਿੰਘ ਖਾਲਸਾ):- ਗੁਰਦੁਆਰਾ ਦਸ਼ਮੇਸ਼ ਸਿੰਘ ਸਭਾ ਕਲੋਨ ਵਿਖੇ ਪਰਿਵਾਰ ਵਲੋਂ ਉਨ੍ਹਾਂ ਦੀ ਸਪੁੱਤਰੀ ਬੀਬੀ ਬਲਜੀਤ ਕੌਰ ਦੀ ਡਿਗਰੀ (ਡਾਕਟਰ ਆਫ ਡੈਂਟਲ ਸਰਜਰੀ) ਪ੍ਰਾਪਤ ਹੋਣ ਤੇ ਗੁਰੂ ਸਾਹਿਬ ਦੇ ਸ਼ੁਕਰਾਨੇ ਵਜੋਂ ਸ੍ਰੀ ਸਾਹਿਜ ਪਾਠ ਦੇ ਭੋਗ ਪਾਏ ਗਏ। ਮਾਣ ਵਾਲੀ ਗੱਲ ਹੈ ਕਿ ਡਾ.ਬਲਜੀਤ ਕੌਰ ਨੇ ਪੂਰਨ ਤੌਰ ਤੇ ਸਿੱਖੀ ਸਰੂਪ ਵਿੱਚ ਵਿਚਰਦਿਆਂ ਅੰਮ੍ਰਿਤ ਛੱਕ, ਪਹਿਲੀ ਜਰਮਨੀ ਦੀ ਪਹਿਲੀ ਦਸਤਾਰਧਾਰੀ ਡਾਕਟਰ ਬਣ ਕੇ ਸਮੁੱਚੀ ਕੌਮ ਦਾ ਮਾਣ ਵਧਾਇਆ। ਸਮਾਗਮ ਮੌਕੇ ਭਾਈ ਰਣਜੀਤ ਸਿੰਘ ਨੇ ਸ਼ਬਦ ਕੀਰਤਨ ਦੀ ਆਰੰਭਤਾ ਕੀਤੀ, ਡਾ.ਬਲਜੀਤ ਕੌਰ ਨੇ ਵੀ ਕੀਰਤਨ ਗਾਇਨ ਕੀਤਾ। ਉਪਰੰਤ ਭਾਈ ਮਨਦੀਪ ਸਿੰਘ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਕੀਰਤਨ ਦਵਾਰਾ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਜਗਜੀਤ ਸਿੰਘ ਨੇ ਕਥਾ ਦੁਆਰਾ ਬਹੁਤ ਹੀ ਵਿਸਥਾਰ ਨਾਲ ਜੀਵਨ ਦੇ ਅਤੇ ਕੌਮ ਦੇ ਹਰ ਪੱਖ ਨੂੰ ਛੋਹਦਿਆਂ ਸੰਗਤਾਂ ਨੂੰ ਜਾਗਰੂਕ ਕਰਨ ਵਾਲੇ ਸ਼ਬਦਾਂ ਨਾਲ ਚਾਨਣਾ ਪਾਇਆ ਅਤੇ ਕਿਹਾ ਕੇ ਬੱਚੀ ਬਲਜੀਤ ਕੌਰ ਅੱਜ ਦੇ ਬੱਚਿਆਂ ਲਈ ਰੋਲ ਮਾਡਲ ਹੈ ਅਤੇ ਸਾਨੂੰ ਆਪਣੇ ਬੱਚਿਆਂ ਤੇ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਵੀ ਆਪਣੀ ਸਿੱਖ ਕੌਮ ਦਾ ਮਾਣ ਵਧਾਉਣ। ਪ੍ਰਬੰਧਕ ਕਮੇਟੀ ਵੱਲੋਂ ਗੁਰੂ ਘਰ ਦੇ ਵਜ਼ੀਰ ਵੱਲੋੰ ਡਾ.ਬਲਜੀਤ ਕੌਰ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਆਪਣੀ ਹੱਡ ਬੀਤੀ ਦੱਸੀ ਅਤੇ ਕਿਹਾ ਕੀ ਉਹ ਇੱਕ ਗ਼ਰੀਬ ਪਰਿਵਾਰ ਵਿੱਚੋ ਸਨ ਅਤੇ ਉਨ੍ਹਾਂ ਦੀ ਦਿੱਲੀ ਖੁਆਇਸ਼ ਸੀ ਕਿ ਉਨ੍ਹਾਂ ਦੇ ਬੱਚੇ ਉੱਚ ਵਿੱਦਿਆ ਪ੍ਰਾਪਤ ਕਰਨ ਜੋ ਕਿ ਉਨ੍ਹਾਂ ਸਮਿਆਂ ਵੇਲ਼ੇ ਉਨ੍ਹਾਂ ਵਾਸਤੇ ਸੰਭਵ ਨਹੀਂ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਓਟ ਆਸਰਾ ਲੈਂਦਿਆਂ ਅਤੇ ਸ਼ਹੀਦਾਂ ਸਿੰਘਾ ਦੇ ਪਹਿਰੇ ਸਦਕਾ ਬੱਚੀ ਦੀ ਪੜ੍ਹਾਈ ਅਤੇ ਉਨ੍ਹਾਂ ਦਾ ਸੁਪਨਾ ਸਾਕਾਰ ਹੋਇਆ।

ਉਪ੍ਰੰਤ ਜਰਮਨੀ ਦੀਆਂ ਪੰਥਕ ਜੱਥੇਬੰਦੀਆਂ ਦੇ ਨੁਮਾਇੰਦੇ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲ੍ਹੀ ਅਤੇ ਫੈਡਰੇਸ਼ਨ ਦੇ ਆਗੂ ਭਾਈ ਜਤਿੰਦਰਵੀਰ ਸਿੰਘ ਨੇ ਇਸ ਖੁਸ਼ੀ ਦੀ ਘੜੀ ਸਮੇਂ ਜਿੱਥੇ ਸੰਗਤਾਂ ਨੂੰ ਆਪਣੇ ਬੱਚਿਆਂ ਦੀ ਉਚੇਰੀ ਵਿੱਦਿਆ ਲਈ ਚਾਨਣਾ ਪਾਇਆ ਤਾਂ ਕਿ ਸਾਡੇ ਬੱਚੇ ਇਨ੍ਹਾਂ ਦੇਸ਼ਾਂ ਵਿੱਚ ਉੱਚ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਸਿੱਖ ਕੌਮ ਦੀ ਪਹਿਚਾਣ ਨੂੰ ਹੋਰ ਚਾਰ ਚੰਨ ਲਾ ਸਕਣ, ਉਥੇ ਹੀ ਬੀਬੀ ਬਲਜੀਤ ਕੌਰ ਦੀ ਮਿਸਾਲ ਦੇਂਦਿਆਂ ਸਿੱਖੀ ਸਰੂਪ ਵਿੱਚ ਵਿਚਰਦਿਆਂ ਆਪਣੀ ਪੜ੍ਹਾਈ ਪੂਰੀ ਕਰਨ ਲਈ ਪ੍ਰੇਰਿਆ । ਕਿਉਂ ਕਿ ਕਈ ਵਾਰ ਬੱਚੇ ਕੇਸ ਕਤਲ ਕਰਵਾਉਣ ਲਈ ਵਿਦਿਅਕ ਅਦਾਰਿਆਂ ਅੰਦਰ ਆਉਣ ਵਾਲੀਆਂ ਛੋਟੀਆਂ, ਮੋਟੀਆਂ ਸਮੱਸਿਆਵਾਂ ਨੂੰ ਬਹਾਨਾ ਬਣਾ ਲੈਂਦੇ ਹਨ। ਨਾਲ ਹੀ ਬੁਲਾਰਿਆਂ ਵਲੋਂ ਸਿੱਖ ਸੰਘਰਸ਼ ਤੇ ਝਾਤ ਪਾਈ ਗਈ। ਬੁਲਾਰਿਆਂ ਵੱਲੋ ਇਹ ਖ਼ਾਸ ਤੌਰ ਤੇ ਕਿਹਾ ਗਿਆ ਕਿ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਉੱਚ ਵਿੱਦਿਆ ਹਾਸਲ ਕਰਨਾ ਬਹੁਤ ਹੀ ਜ਼ਰੂਰੀ ਹੈ। ਆਈਆਂ ਪੰਥਕ ਸਖਸ਼ੀਅਤਾਂ ਵਿੱਚੋਂ ਭਾਈ ਰਾਜਿੰਦਰ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਜਸਵੰਤ ਸਿੰਘ ਬੱਬਰ, ਭਾਈ ਅਮਰਜੀਤ ਸਿੰਘ ਬੱਬਰ, ਭਾਈ ਬਲਵਿੰਦਰ ਸਿੰਘ, ਭਾਈ ਪ੍ਰਤਾਪ ਸਿੰਘ ਬੱਬਰ, ਭਾਈ ਰਾਮਪਾਲ ਸਿੰਘ ਬੱਬਰ, ਭਾਈ ਅਵਤਾਰ ਸਿੰਘ ਪੱਡਾ ਆਦਿ ਮੌਜੂਦ ਸਨ।

ਅੰਤ ਵਿੱਚ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਭਰਾਤਾ ਭਾਈ ਸਰਦੂਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਬਹੁਤ ਹੀ ਭਾਵੁਕ ਹੁੰਦਿਆਂ ਉਸ ਸਮੇਂ ਦੌਰਾਨ ਉਨ੍ਹਾਂ ਦੇ ਸਾਰੇ ਪਰਿਵਾਰ ਨੇ ਕਿਵੇਂ ਜਾਬਰ ਹਕੂਮਤ ਦਾ ਕਹਿਰ ਝੱਲਿਆ ਦਾ ਵਰਨਣ ਕੀਤਾ ਅਤੇ ਕਿਵੇਂ ਉਨ੍ਹਾਂ ਦੀ ਭੈਣ ਜੀ ਨੇ ਤਸੀਹੇ ਝੱਲਣ ਅਤੇ ਅਤੀ ਬਿਮਾਰ ਹੋਣ ਦੇ ਬਾਵਜੂਦ ਬੱਚੀ ਦੀ ਬਿਹਤਰੀਨ ਪਰਵਰਿਸ਼ ਕੀਤੀ।