ਮਿਸ਼ਨ-2019 : ਕਾਂਗਰਸ ਰਾਹੁਲ ਗਾਂਧੀ ‘ਤੇ ਦਾਅ ਖੇਡਣ ਲਈ ਬਜ਼ਿੱਦ

ਮਿਸ਼ਨ-2019 : ਕਾਂਗਰਸ ਰਾਹੁਲ ਗਾਂਧੀ ‘ਤੇ ਦਾਅ ਖੇਡਣ ਲਈ ਬਜ਼ਿੱਦ

ਨਵੀਂ ਦਿੱਲੀ/ਬਿਊਰੋ ਨਿਊਜ਼ :
ਦੇਸ਼-ਵਿਦੇਸ਼ ਦੇ ਬਹੁਗਿਣਤੀ ਸਿਆਸੀ ਪੰਡਿਤਾਂ ਦੀਆਂ ਸਲਾਹਾਂ ਨੂੰ ਦਰਕਿਨਾਰ ਕਰਦਿਆਂ ਕਾਂਗਰਸ ਪਾਰਟੀ ਇਸ ਵਾਰ ਆਗਾਮੀ ਲੋਕ ਸਭਾ ਦੀਆਂ ਚੋਣਾਂ ਵਿਚ ਆਪਣੇ ਪ੍ਰਧਾਨ ਤੇ ਗਾਂਧੀ ਖਾਨਦਾਨ ਦੇ ਚਿਰਾਗ ਰਾਹੁਲ ਗਾਂਧੀ ਉਤੇ ਵੱਡਾ ਦਾਅ ਖੇਡਣ ਦਾ ਮਨ ਬਣਾ ਚੁੱਕੀ ਲਗਦੀ ਹੈ।  ਭਾਵੇਂ ਦੋ ਸਿਆਸੀ ਸ਼ਖਸੀਅਤਾਂ ਦੀ ਆਹਮੋ-ਸਾਹਮਣੇ ਦੀ ਟੱਕਰ ਵਿਚ ਭਾਜਪਾ ਦੇ ਪ੍ਰਧਾਨ ਮੰਤਰੀ ਉਮੀਦਵਾਰ ਨਰਿੰਦਰ ਮੋਦੀ ਕਾਂਗਰਸ ਦੇ ਪ੍ਰਧਾਨ ਉਤੇ ਹਮੇਸ਼ਾ ਭਾਰੀ ਪੈਂਦੇ ਆ ਰਹੇ ਹਨ ਪਰ ਤਮਾਮ ਹਕੀਕਤਾਂ ਤੋਂ ਬੇਖਬਰ ਕਾਂਗਰਸ ਐਨਡੀਏ ਸਰਕਾਰ ਨੂੰ ਮੁੱਦਿਆਂ ਉਤੇ ਘੇਰਨ ਦੀ ਬਜਾਇ ਖੁਦ ਮੁਕਾਬਲਾ ਮੋਦੀ ਬਨਾਮ ਰਾਹੁਲ ਕਰਨ ਉਤੇ ਤੁਲੀ ਪ੍ਰਤੀਤ ਹੋ ਰਹੀ ਹੈ।
ਕਾਂਗਰਸ ਵਰਕਿੰਗ ਕਮੇਟੀ ਨੇ ਤਾਜ਼ਾ ਫੈਸਲੇ ਵਿਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਗਾਮੀ ਲੋਕ ਸਭਾ ਚੋਣਾਂ ਵਿਚ ਭਾਜਪਾ ਦੇ ਟਾਕਰੇ ਲਈ ਹਮਖਿਆਲ ਪਾਰਟੀਆਂ ਨਾਲ ਗੱਠਜੋੜ ਕਰਨ ਦਾ ਅਧਿਕਾਰ ਦਿੱਤਾ ਹੈ। ਇਸ ਦੇ ਨਾਲ ਕਾਂਗਰਸ ਨੇ ਕਿਹਾ ਕਿ ਰਾਹੁਲ ਗਾਂਧੀ 2019 ਦੀਆਂ ਲੋਕ ਸਭਾ ਚੋਣਾਂ ‘ਚ ਪਾਰਟੀ ਦਾ ਚਿਹਰਾ ਹੋਣਗੇ। ਇਹ ਫੈਸਲੇ ਇਥੇ ਨਵੀਂ ਗਠਿਤ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ), ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੁਖੀਆਂ ਤੇ ਵੱਖ ਵੱਖ ਰਾਜਾਂ ਵਿੱਚ ਕਾਂਗਰਸ ਵਿਧਾਨਕ ਪਾਰਟੀ ਦੇ ਮੈਂਬਰਾਂ ਦੀ ਸ਼ਮੂਲੀਅਤ ਵਾਲੀ ਪੰਜ ਘੰਟੇ ਤੋਂ ਵਧ ਚੱਲੀ ਮੀਟਿੰਗ ‘ਚ ਲਏ ਗਏ। ਪਾਰਟੀ ਨੇ ਸ੍ਰੀ ਗਾਂਧੀ ਨੂੰ ਵੱਖ ਵੱਖ ਕੌਮੀ ਤੇ ਖੇਤਰੀ ਪਾਰਟੀਆਂ ਨਾਲ ਮਹਾਂ ਕੌਮੀ ਗਠਜੋੜ ਲਈ ਇਕ ਕਮੇਟੀ ਗਠਿਤ ਕਰਨ ਦਾ ਅਧਿਕਾਰ ਵੀ ਦੇ ਦਿੱਤਾ। ਸ੍ਰੀ ਗਾਂਧੀ ਨੇ ਪਾਰਟੀ ਆਗੂਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਜਨਤਕ ਤੌਰ ‘ਤੇ ਬੇਤੁਕੇ ਬਿਆਨ ਨਾ ਦੇਣ ਜਿਸ ਨਾਲ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚੇ।
ਉਧਰ ਭਾਜਪਾ ਪਿਛਲੇ ਦਿਨੀਂ ਸੰਸਦ ਵਿਚ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾਉਣ ਨੂੰ ਮੁੱਦਾ ਬਣਾ ਰੱਖਿਆ ਹੈ। ਭਾਜਪਾ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਾਂ ਧੱਕੇ ਨਾਲ ਜੱਫੀ ਪਾ ਸਕਦੇ ਹਨ, ਪਰ ਆਗਾਮੀ ਲੋਕ ਸਭਾ ਚੋਣਾਂ ‘ਚ ਲੋਕ ਰਾਹੁਲ ਨੂੰ ਗਲ ਨਹੀਂ ਲਾਉਣਗੇ। ਭਾਜਪਾ ਦੇ ਕੌਮੀ ਮੀਡੀਆ ਇੰਚਾਰਜ ਅਨਿਲ ਬਾਲੂਨੀ ਨੇ ਲੜੀਵਾਰ ਟਵੀਟ ਦੌਰਾਨ ਦਾਅਵਾ ਕੀਤਾ ਕਿ ਕਾਂਗਰਸ ਲੋਕ ਸਭਾ ਦੀਆਂ ਸਿਰਫ 150 ਸੀਟਾਂ ‘ਤੇ ਚੋਣ ਲੜਨ ਦਾ ਫ਼ੈਸਲਾ ਕਰ ਚੁੱਕੀ ਹੈ ਜਦੋਂਕਿ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਸੰਜੋਈ ਬੈਠੇ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਹੁਲ ਗਾਂਧੀ ਨੂੰ ਵਿਰੋਧੀ ਧਿਰਾਂ ਦੇ ਸਾਂਝੇ ਗੱਠਜੋੜ ਦਾ ਉਮੀਦਵਾਰ ਬਣਾਉਣ ਦੀ ਵਕਾਲਤ ਕੀਤੀ ਹੈ। ਆਪਣਾ ਪਹਿਲਾ ਸਟੈਂਡ ਦੁਹਰਾਉਂਦਿਆਂ ਕੈਪਟਨ ਨੇ ਕਿਹਾ ਕਿ ਮੁਲਕ ਦੀ ਅਗਵਾਈ ਕਰਨ ਲਈ ਰਾਹੁਲ ਗਾਂਧੀ ਪੂਰੀ ਤਰ੍ਹਾਂ ਸਮਰੱਥ ਹਨ ਅਤੇ ਉਹ ਨਿਸਚਤ ਤੌਰ ‘ਤੇ ਸਫਲ ਪ੍ਰਧਾਨ ਮੰਤਰੀ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਅਗਲੇ ਵਰ੍ਹੇ ਹੋਣ ਵਾਲੀਆਂ ਸੰਸਦੀ ਚੋਣਾਂ ਲਈ ਵਿਰੋਧੀ ਧਿਰਾਂ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਤਲਾਸ਼ਣੀਆਂ ਚਾਹੀਦੀਆਂ ਹਨ ਅਤੇ ਰਾਹੁਲ ਗਾਂਧੀ ਨੂੰ ਵਿਰੋਧੀ ਪਾਰਟੀਆਂ ਦੇ ਸਾਂਝੇ ਫਰੰਟ ਦੀ ਅਗਵਾਈ ਕਰਨੀ ਚਾਹੀਦੀ ਹੈ ਤਾਂ ਕਿ ਭਾਜਪਾ ਦੀ ਅਗਵਾਈ ਵਾਲੀ ਐਨਡੀਏ. ਸਰਕਾਰ ਨੂੰ ਸੱਤਾ ‘ਤੋਂ ਲਾਂਭੇ ਕੀਤਾ ਜਾ ਸਕੇ।