ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਬਿਆਨ: ਕੀ ਮਾਇਨੇ ਹੋ ਸਕਦੇ ਹਨ?

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਦਾ ਬਿਆਨ: ਕੀ ਮਾਇਨੇ ਹੋ ਸਕਦੇ ਹਨ?

ਦੇਸ਼ ਆਪਣੀਆਂ ਭਾਈਵਾਲੀਆਂ ਬਾਰੇ ਨਵੇਂ ਸਿਰਿਓਂ ਸੋਚ ਰਹੇ ਹਨ

ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਪਾਕਿਸਤਾਨ ਨੂੰ ਪ੍ਰਮਾਣੂ ਹਥਿਆਰ ਸਾਂਭ ਰੱਖਣ ਤੋਂ ਅਯੋਗ ਕਹਿ ਕੇ ‘ਦੁਨੀਆ ਦਾ ਸਭ ਤੋਂ ਖ਼ਤਰਨਾਕ ਰਾਸ਼ਟਰ’ ਕਿਹਾ ਹੈ। ਅਮਰੀਕਾ ਉਹ ਹੈ ਜਿੱਥੋਂ ਦੁਨੀਆ ਦੀ ਸਿਆਸਤ ਘੁੰਮਦੀ ਹੈ। ਘੱਟੋ-ਘੱਟ ਦੱਖਣੀ ਏਸ਼ੀਆ ਦੀ ਸਿਆਸਤ ਵਿੱਚ ਤਾਂ ਬਿਲਕੁਲ ਇਹੀ ਸੱਚ ਹੈ। ਅਮਰੀਕੀ ਰਾਸ਼ਟਰਪਤੀ ਨੇ ਕੇਵਲ ਇਹੀ ਨਹੀਂ ਸਗੋਂ ਨਾਲ ਇਹ ਵੀ ਆਖਿਆ ਕਿ ਹੁਣ ਦੁਨੀਆ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਅਤੇ ‘ਦੇਸ਼ ਆਪਣੀਆਂ ਭਾਈਵਾਲੀਆਂ ਬਾਰੇ ਨਵੇਂ ਸਿਰਿਓਂ ਸੋਚ ਰਹੇ ਹਨ, ਸੰਸਾਰ ਅਮਰੀਕਾ ਵੱਲ ਦੇਖ ਰਿਹਾ ਹੈ, ਇਹ ਚੁਟਕਲਾ ਨਹੀਂ ਸਗੋਂ ਅਮਰੀਕਾ ਦੇ ਦੁਸ਼ਮਣ ਵੀ ਅਮਰੀਕਾ ਵੱਲ ਵੇਖ ਰਹੇ ਹਨ। ਬਾਈਡਨ ਨੇ ਕਿਹਾ ਕਿ ਅਮਰੀਕਾ ਕੋਲ ਦੁਨੀਆ ਦੀ ਅਗਵਾਈ ਕਰਨ ਦੀ ਸਮਰੱਥਾ ਹੈ ਜਿਹੜੀ ਪਹਿਲਾਂ ਕਦੇ ਨਹੀਂ ਸੀ। ਕਿਸੇ ਨੇ ਕਦੇ ਇਹ ਸੋਚਿਆ ਸੀ ਕਿ ਅਸੀਂ ਅਜਿਹੀ ਹਾਲਤ ਵਿੱਚ ਪਹੁੰਚ ਜਾਵਾਂਗੇ ਜਿੱਥੇ ਚੀਨ ਆਪਣੀ ਭੂਮਿਕਾ ਪਰਸਪਰ ਰੂਸ, ਭਾਰਤ ਅਤੇ ਪਾਕਿਸਤਾਨ ਨਾਲ ਅੰਕਣ ਲੱਗ ਜਾਵੇਗਾ।’ ਬਾਈਡਨ ਦੀ ਸਾਰੀ ਗੱਲਬਾਤ ਦੱਖਣੀ ਏਸ਼ੀਆ ਦੀ ਭੂ-ਸਿਆਸੀ ਵਿਉਂਤਬੰਦੀ ਦੇ ਪ੍ਰਸੰਗ ਵਿੱਚ ਸੀ। 

ਹੁਣ ਤਕ ਦੱਖਣੀ ਏਸ਼ੀਆ ਵਿੱਚ ਪਾਕਿਸਤਾਨ ਅਮਰੀਕਾ ਦੇ ਸਭ ਤੋਂ ਨੇੜਲੇ ਭਾਈਵਾਲਾਂ ਵਿੱਚੋਂ ਇਕ ਰਿਹਾ ਹੈ। ਪਾਕਿਸਤਾਨ ਪਰਮਾਣੂ ਅਤੇ ਹੋਰ ਹਥਿਆਰਾਂ ਨੂੰ ਬਣਾਉਣ ਵਰਤਣ ਦੇ ਮਾਮਲੇ ਵਿਚ ਲਗਭਗ ਸਦਾ ਹੀ ਅਮਰੀਕਾ ਨਾਲ ਜੁੜਿਆ ਰਿਹਾ ਹੈ। ਪਹਿਲੀ ਵਾਰ ਪ੍ਰਮਾਣੂ ਹਥਿਆਰ ਪਰਖਣ ਵੇਲੇ ਦੇ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੇ ਕਿਹਾ ਕਿ ਪਾਕਿਸਤਾਨੀ ਪਰਮਾਣੂ ਪ੍ਰੋਗਰਾਮ ਕਿਸੇ ਦੇਸ਼ ਲਈ ਖਤਰਾ ਨਹੀਂ ਸਗੋਂ ਬਾਕੀ ਆਜ਼ਾਦ ਦੇਸ਼ਾਂ ਵਾਂਗ ਪਾਕਿਸਤਾਨ ਦੇ ਖ਼ੁਦਮੁਖਤਿਆਰ, ਪ੍ਰਭੂਸੱਤਾ ਰਾਜ ਅਤੇ ਅੰਦਰੂਨੀ ਏਕਤਾ ਬਣਾਈ ਰੱਖਣ ਲਈ ਜ਼ਰੂਰੀ ਹੱਕ ਹੈ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦੋ ਗੱਲਾਂ ਬਾਈਡਨ ਨੂੰ ਪੁੱਛੀਆਂ ਹਨ, ਇਕ, ਉਸ ਨੇ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਬਾਰੇ ਇਹ ਰਾਏ ਕਿਸ ਜਾਣਕਾਰੀ ਦੇ ਆਧਾਰ ’ਤੇ ਬਣਾਈ ਹੈ, ਦੂਜੀ, ਸੰਸਾਰ ਭਰ ਦੀਆਂ ਜੰਗਾਂ ਵਿੱਚ ਸ਼ਾਮਲ ਤਾਂ ਅਮਰੀਕਾ ਰਿਹਾ ਹੈ ਪਾਕਿਸਤਾਨ ਤਾਂ ਪ੍ਰਮਾਣੂ ਦੇ ਖ਼ਿਲਾਫ਼ ਰਿਹਾ ਹੈ। 

ਸਾਡੇ ਲਈ ਵਿਚਾਰਨ ਵਾਲੀ ਗੱਲ ਇਹ ਹੈ ਕਿ ਅਮਰੀਕਾ ਜੋ ਹੁਣ ਤਕ ਪਾਕਿਸਤਾਨ ਦਾ ਹਰ ਪੱਖ ਤੋਂ ਭਾਈਵਾਲ ਰਿਹਾ ਹੈ ਉਹ ਇਸ ਤਰ੍ਹਾਂ ਕਿਵੇਂ ਪਲਟ ਗਿਆ? ਪਾਕਿਸਤਾਨ ਬਾਰੇ ਏਡੀ ਵੱਡੀ ਗੱਲ ਆਖੇ ਜਾਣ ਦਾ ਇੱਕ ਮਤਲਬ ਤਾਂ ਸਾਫ਼ ਹੈ ਕਿ ਅਮਰੀਕਾ ਪਾਕਿਸਤਾਨ ਨਾਲ ਭਾਈਵਾਲੀ ਵਿਚੋਂ ਨਿਕਲ ਰਿਹਾ ਹੈ। ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਪਾਕਿਸਤਾਨ ਵਿੱਚ ਰਾਜਨੀਤਕ ਧਿਰ ਬਦਲੀ ਹੈ ਜਿਸ ਬਾਰੇ ਵਿਚਾਰਵਾਨ ਇਹੀ ਆਖਦੇ ਹਨ ਕਿ ਅਮਰੀਕਾ ਦੇ ਹੱਥ ਨਾਲ ਬਦਲੀ ਹੈ ਅਰਥਾਤ ਹੁਣ ਜੋ ਵਰਤਮਾਨ ਸਰਕਾਰ ਹੈ ਉਹ ਅਮਰੀਕਾ ਦੀ ਮਰਜੀ ਦੀ ਹੈ ਅਤੇ ਪਾਕਿਸਤਾਨ ਨੇ ਉੱਧਰਲੇ ਇਸ਼ਾਰੇ ਕਰਕੇ ਹੀ ਚੀਨ ਨਾਲ ਬਣ ਰਹੀ ਨਵੀਂ ਸਾਂਝ ਵਾਲੀ ਸੜਕ (ਚੀਨ ਪਾਕਿਸਤਾਨ ਇਕਨੌਮਿਕ ਕੌਰੀਡੋਰ) ਰੱਦ ਕੀਤੀ ਹੈ। ਜੇ ਇਸ ਸਮੇਂ ਵੀ ਅਮਰੀਕੀ ਰਾਸ਼ਟਰਪਤੀ ਨੇ ਪਾਕਿਸਤਾਨ ਦੇ ਖ਼ਿਲਾਫ਼ ਏਡੀ ਗੱਲ ਆਖੀ ਹੈ ਤਾਂ ਇਸਦਾ ਇਕ ਮਤਲਬ ਇਹ ਹੈ ਕਿ ਉਨ੍ਹਾਂ ਨੂੰ ਪਾਕਿਸਤਾਨ ਨਾਲ ਭਾਈਵਾਲੀ ਰੱਖਣ ਵਿਚ ਕੋਈ ਲਾਹਾ ਨਜ਼ਰ ਨਹੀਂ ਆ ਰਿਹਾ। ਪਾਕਿਸਤਾਨੀ ਵਿਦੇਸ਼ ਮੰਤਰੀ ਇਸ ਬਿਆਨ ਨੂੰ ਇਕਰਾਰੇ ਫਰਜ ਦੀ ਘਾਟ ਕਰਕੇ ਪੈਦਾ ਹੋਈ ਗ਼ਲਤਫਹਿਮੀ ਆਖਦਾ ਹੈ ਅਰਥਾਤ ਅਮਰੀਕਾ ਆਪਣੀ ਥਾਂ ਤੋਂ ਪਿੱਛੇ ਹਟ ਗਿਆ ਹੈ। 

ਅਮਰੀਕੀ ਨੁਕਤਾ ਨਿਗਾਹ ਤੋਂ ਸੋਚਣ ਵਾਲੇ ਲੋਕ ਇਹ ਆਖਦੇ ਹਨ ਕਿ ਪਾਕਿਸਤਾਨ ਦੋਹੀਂ ਪਾਸੀਂ ਖੇਡੀ ਜਾ ਰਿਹਾ ਸੀ, ਉਹ ਤਾਲਿਬਾਨ ਅਤੇ ਅਮਰੀਕਾ ਦੋਵਾਂ ਨਾਲ ਸਬੰਧ ਪਾਲੀ ਜਾ ਰਿਹਾ ਸੀ। ਪਰ ਇਸੇ ਤਰਕ ਨਾਲ ਇਹ ਵੀ ਵੇਖਣਾ ਹੋਵੇਗਾ ਕਿ ਭਾਰਤ ਵੀ ਅਮਰੀਕਾ ਅਤੇ ਰੂਸ-ਚੀਨ ਨਾਲ ਬਰਾਬਰ ਸਬੰਧ ਰੱਖ ਰਿਹਾ ਹੈ। ਦੋ ਬੇੜੀਆਂ ਵਿੱਚ ਪੈਰ ਰੱਖਣ ਵਿੱਚ ਭਾਰਤ ਪਾਕਿਸਤਾਨ ਨਾਲੋਂ ਮੂਹਰੇ, ਵੱਧ ਸਾਫ਼ ਅਤੇ ਨਸ਼ਰ ਹੈ। ਇੱਥੇ ਇਹ ਗੱਲ ਵੇਖੀ ਜਾ ਸਕਦੀ ਹੈ ਕਿ ਕੀ ਭਾਰਤ ਨੇ ਇੱਕ ਬੇੜੀ ਵਿੱਚੋਂ ਪੈਰ ਚੁੱਕ ਲਿਆ ਹੈ! 

ਇੱਕ ਕਾਰਨ ਇਹ ਹੋ ਸਕਦਾ ਹੈ ਕਿ ਇਸਲਾਮੀਅਤ ਨਾਲ ਟੱਕਰਨ ਵਾਲੇ ਧਾਰਮਕ-ਰਾਜਨੀਤਕ ਵਿਚਾਰ ਵਿਚ ਇਸਲਾਮ ਨੂੰ ਪਛਾੜਨ ਦੀ ਬੜੀ ਦੇਰ ਤੋਂ ਜੱਦੋਜਹਿਦ ਚੱਲ ਰਹੀ ਹੈ। ਪਰਮਾਣੂ ਹਥਿਆਰ ਦੀ ਮਾਲਕੀ ਵਾਲਾ ਇਕੋ ਇਸਲਾਮੀ ਰਾਸ਼ਟਰ ਪਾਕਿਸਤਾਨ ਹੈ। ਪੱਛਮ ਦੀ ਮਰਜ਼ੀ ਦੇ ਖ਼ਿਲਾਫ਼ ਛੋਟੇ ਵੱਡੇ ਹਥਿਆਰ ਵਰਤਣ ਵਾਲੇ ਲੋਕਾਂ ਵਿੱਚ ਵਧੇਰੇ ਗਿਣਤੀ ਇਸਲਾਮ ਨਾਲ ਜੁੜੇ ਹੋਏ ਬੰਦਿਆਂ ਦੀ ਹੈ। ਸੰਯੁਕਤ ਰਾਸ਼ਟਰ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਇਮਰਾਨ ਖਾਨ ਦਾ ਪਿਛਲਾ ਭਾਸ਼ਣ ਇਕ ਤਰੀਕੇ ਨਾਲ ਪੱਛਮ ਤੋਂ ਤੋੜ ਵਿਛੋੜੇ ਅਤੇ ਇਸਲਾਮ ਦੀ ਅਗਵਾਈ ਵੱਲ ਸੰਕੇਤਕ ਸੀ। ਹੋ ਸਕਦਾ ਹੈ ਕਿ ਪੱਛਮ ਨੂੰ ਪਾਕਿਸਤਾਨ ਵਿੱਚੋਂ ਮੁਸਲਮਾਨ ਲੋਕਾਈ ਦੀ ਸਾਂਝੀ ਅਗਵਾਈ ਦੀ ਕੋਈ ਭਿਣਕ ਪੈ ਰਹੀ ਹੋਵੇ! 

ਇਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਹੁਣ ਅਮਰੀਕਾ ਅਫ਼ਗਾਨਿਸਤਾਨ ਵਿੱਚੋਂ ਨਿਕਲ ਗਿਆ ਹੈ। ਉਸ ਦਾ ਖ਼ਤਰਾ, ਲੋੜ ਅਤੇ ਜੋਖਮ ਪਹਿਲਾਂ ਨਾਲੋਂ ਬਹੁਤ ਘਟ ਗਿਆ ਹੈ। ਪਾਕਿਸਤਾਨ ਦੇ ਕੁਝ ਸੱਜਣ ਇਹ ਆਖਦੇ ਹਨ ਕਿ ਅਮਰੀਕਾ ਪਾਕਿਸਤਾਨ ਨੂੰ ਅਫ਼ਗਾਨਿਸਤਾਨ ਅਤੇ ਹੋਰਾਂ ਰਾਸ਼ਟਰਾਂ ਵਿਰੁੱਧ ਜਵਾਬੀ ਧੌਂਸ ਦੇ ਸੰਦ ਵਜੋਂ ਹੀ ਵੇਖਦਾ ਰਿਹਾ ਹੈ। ਅਮਰੀਕਾ ਨੂੰ ਉਸ ਤਰੀਕੇ ਪਹਿਲਾਂ ਵਾਂਗ ਪਾਕਿਸਤਾਨ ਦੀ ਰਾਸ਼ਟਰ ਵਜੋਂ ਭੂਗੋਲਿਕ ਲੋੜ ਨਾ ਰਹੀ ਹੋਵੇ।

ਇਹ ਵੀ ਹੋ ਸਕਦਾ ਹੈ ਕਿ ਰੂਸ ਯੂਕਰੇਨ ਜੰਗ ਦੇ ਚਲਦਿਆਂ ਪ੍ਰਮਾਣੂ ਖ਼ਤਰੇ ਦੀ ਸੰਭਾਵਨਾ ਬਹੁਤ ਜ਼ਿਆਦਾ ਵਧੀ ਹੋਈ ਹੈ। ਅੰਦਰੋਂ ਅੰਦਰੀ ਇਹ ਨੀਤੀ ਬਣੀ ਹੋਵੇ ਕਿ ਪ੍ਰਮਾਣੂ ਹਥਿਆਰ ਘਟਾਏ ਜਾਣ। ਸਭ ਤੋਂ ਕਮਜ਼ੋਰ ਪਾਸਿਓਂ ਹੀ ਘਟਾਏ ਜਾਣ ਦੀ ਸ਼ੁਰੂਆਤ ਵੱਲ ਇਹ ਕੋਈ ਪਹਿਲਾ ਕਦਮ ਹੋ ਸਕਦਾ ਹੈ। ਜੇ ਇਹ ਕਾਰਨ ਹੋਇਆ ਤਾਂ ਪਾਕਿਸਤਾਨ ਤੋਂ ਬਾਅਦ ਦੂਜਾ ਨੰਬਰ ਭਾਰਤ ਦਾ ਵੀ ਹੋ ਸਕਦਾ ਹੈ। ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਪਰਮਾਣੂ ਹਥਿਆਰਾਂ ਦੇ ਰੱਖ ਰਖਾਓ ਸਬੰਧੀ ਕੋਈ ਨਵੀਂ ਨੀਤੀ ਲਿਆਂਦੀ ਜਾਣੀ ਹੋਵੇ। ਇਹ ਪ੍ਰਮਾਣੂ ਹਥਿਆਰਾਂ ਦਾ ਖ਼ਤਰਾ ਘਟਾਉਣ ਦੇ ਨਾਲ ਨਾਲ ਪ੍ਰਮਾਣੂ ਹਥਿਆਰਾਂ ਦੀ ਸਾਂਭ ਸੰਭਾਲ ਲਈ ਨਵਾਂ ਸਾਮਾਨ ਵੇਚਣ ਦਾ ਨਿਸ਼ਾਨਾ ਵੀ ਹੋ ਸਕਦਾ ਹੈ।

ਉਪਰੋਕਤ ਸਾਰੇ ਕਾਰਨ ਤਾਂ ਅਨੁਮਾਨਤ ਹਨ ਪਰ ਜੇ ਕਾਰਨ ਪਾਕਿਸਤਾਨ ਦੀ ਥਾਂ ਅਮਰੀਕਾ ਵੱਲੋਂ ਭਾਰਤ ਦੀ ਚੋਣ ਦਾ ਹੋਇਆ ਜਿਸ ਦੀ ਸਭ ਤੋਂ ਵੱਧ ਸੰਭਾਵਨਾ ਵੀ ਹੈ ਤਾਂ ਪੰਜਾਬ ਭੂਗੋਲਿਕ ਤੌਰ ’ਤੇ ਸਭ ਤੋਂ ਕੇਂਦਰੀ ਧਰਤੀ ਹੋਵੇਗੀ। ਬੇਸ਼ੱਕ ਇਹ ਚੋਣ ਦਾ ਕਾਰਨ ਰਾਜਨੀਤਿਕ ਨਾਲੋਂ ਵਪਾਰਕ ਵਧੇਰੇ ਹੋਵੇਗਾ ਪਰ ਸਿੱਖਾਂ ਉੱਪਰ ਇਸ ਦੇ ਅਸਰ ਰਾਜਨੀਤਕ ਵਧੇਰੇ ਹੋਣਗੇ। ਸਿੱਖ ਅਜੇ ਰਾਜਨੀਤਕ ਤੌਰ ’ਤੇ ਦੁਨੀਆ ਦੀ ਕਿਸੇ ਵੀ ਤਾਕਤ ਨਾਲ ਬੱਝੇ ਨਹੀਂ ਹੋਏ। ਜੇ ਭੂ-ਸਿਆਸੀ ਹਾਲਾਤ ਦਾ ਕੇਂਦਰ ਪੰਜਾਬ ਬਣਦਾ ਹੈ ਤਾਂ ਇਸ ਪਾਸੇ ਇੱਕ ਪਾਸਾ ਕਰਨਾ ਹੀ ਪੈਣਾ ਹੈ ਜਿਵੇਂ ਭਾਰਤ ਅਤੇ ਪਾਕਿਸਤਾਨ ਕਰ ਰਹੇ ਹਨ। ਇਹ ਇੱਕ ਪਾਸਾ ਅਕਾਲ ਤਖ਼ਤ ਸਾਹਿਬ ਤੋਂ ਹੋਣਾ ਹੈ ਜੇ ਉਸ ਤੋਂ ਉਰੇ ਕਿਸੇ ਧਿਰ ਜਾਂ ਬੰਦੇ ਨੇ ਕਰਨਾ ਚਾਹਿਆ ਤਾਂ ਉਹ ਨੇਪਰੇ ਨਹੀਂ ਚੜ੍ਹਨਾ ਜਾਂ ਗੁਰੂ ਆਸ਼ੇ ਅਨੁਸਾਰ ਨਹੀਂ ਹੋਵੇਗਾ।