ਝੂਠੇ ਕੇਸਾਂ ਵਿਚ ਫਸਾਏ ਜਾਂਦੇ ਸਿੱਖ ਨੌਜਵਾਨਾਂ ਦੇ ਮਾਮਲਿਆਂ ਦੀ ਪੈਰਵਾਈ ਕਰੇ ਸ਼੍ਰੋਮਣੀ ਕਮੇਟੀ: ਗਿਆਨੀ ਹਰਪ੍ਰੀਤ ਸਿੰਘ

ਝੂਠੇ ਕੇਸਾਂ ਵਿਚ ਫਸਾਏ ਜਾਂਦੇ ਸਿੱਖ ਨੌਜਵਾਨਾਂ ਦੇ ਮਾਮਲਿਆਂ ਦੀ ਪੈਰਵਾਈ ਕਰੇ ਸ਼੍ਰੋਮਣੀ ਕਮੇਟੀ: ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਮੀਰੀ ਪੀਰੀ ਦਿਹਾੜੇ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਝੂਠੇ ਕੇਸਾਂ ਵਿਚ ਫਸਾਏ ਜਾਂਦੇ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਸ਼੍ਰੋਮਣੀ ਕਮੇਟੀ ਨੂੰ ਕਰਨੀ ਚਾਹੀਦੀ ਹੈ। 

ਖਾਲਿਸਤਾਨ ਦੇ ਨਾਂ ’ਤੇ ਸਿੱਖ ਨੌਜਵਾਨਾਂ ਨੂੰ ਪੁਲੀਸ ਵਲੋਂ ਹਿਰਾਸਤ ਵਿਚ ਲਏ ਜਾਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਸਿੱਖ ਨੂੰ ਝੂਠੇ ਕੇਸ ਵਿਚ ਨਹੀਂ ਫਸਾਇਆ ਜਾਣਾ ਚਾਹੀਦਾ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਆਖਿਆ ਕਿ ਅਜਿਹੇ ਕੇਸਾਂ ਦੀ ਪੈਰਵਾਈ ਕੀਤੀ ਜਾਵੇ ਤਾਂ ਜੋ ਬੇਕਸੂਰ ਸਿੱਖ ਨੌਜਵਾਨਾਂ ਨੂੰ ਬਚਾਇਆ ਜਾ ਸਕੇ।

ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਵਿਚੋਂ ਗੁਰੂ ਗ੍ਰੰਥ ਸਾਹਿਬ ਜੀ ਦੇ 267 ਪਾਵਨ ਸਰੂਪ ਘੱਟ ਹੋਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇਸ ਮਾਮਲੇ ਦੀ ਤੁਰੰਤ ਨਿਰਪੱਖ ਜਾਂਚ ਕਰਾਈ ਜਾਵੇ ਅਤੇ ਜਾਂਚ ਰਿਪੋਰਟ ਅਕਾਲ ਤਖਤ ਸਾਹਿਬ ’ਤੇ ਭੇਜੀ ਜਾਵੇ। 

ਉਨ੍ਹਾਂ ਨੇ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਵਿਚ ਨਵੇਂ ਮੈਂਬਰਾਂ ਦੀ ਭਰਤੀ ’ਤੇ ਵੀ ਫਿਲਹਾਲ ਰੋਕ ਲਾਈ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੂੰ ਪੱਤਰ ਭੇਜ ਕੇ ਆਦੇਸ਼ ਕੀਤਾ ਗਿਆ ਹੈ ਕਿ 267 ਪਾਵਨ ਸਰੁਪ ਘੱਟ ਹੋਣ ਦੇ ਮਾਮਲੇ ਦੀ ਤੁਰੰਤ ਨਿਰਪੱਖ ਜਾਂਚ ਕਰਾਈ ਜਾਵੇ। ਇਸ ਵਿਚ ਅਧਿਕਾਰੀ, ਕਰਮਚਾਰੀ ਜਾਂ ਕੋਈ ਹੋਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। 

ਚੀਫ ਖਾਲਸਾ ਦੀਵਾਨ ਬਾਰੇ ਪੁੱਜੀ ਸ਼ਿਕਾਇਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸੰਸਥਾ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਅੰਮ੍ਰਿਤਧਾਰੀ ਅਤੇ ਗੈਰ ਅੰਮ੍ਰਿਤਧਾਰੀ ਮੈਂਬਰਾਂ ਸਮੇਤ ਸੰਸਥਾ ਦੇ ‘ਓ ਫਾਰਮ’ ਬਾਰੇ 15 ਦਿਨਾਂ ਵਿਚ ਜਾਣਕਾਰੀ ਦਿੱਤੀ ਜਾਵੇ। ਇਹ ਫਾਰਮ ਅੰਮ੍ਰਿਤਧਾਰੀ ਹੋਣ ਬਾਰੇ ਇਕ ਤਰ੍ਹਾਂ ਦਾ ਸਵੈ ਘੋਸ਼ਣਾ ਪੱਤਰ ਹੈ। ਉਨ੍ਹਾਂ ਆਖਿਆ ਕਿ ਹੁਣ ਤਕ ਦੀਵਾਨ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਹੁਣ ਮੁੜ ਸ਼ਿਕਾਇਤ ਮਿਲੀ ਹੈ ਕਿ ਦੀਵਾਨ ਵਲੋਂ ਨਵੇਂ ਮੈਂਬਰਾਂ ਵਜੋਂ ਪਤਿਤ ਵਿਅਕਤੀ ਨਾਮਜ਼ਦ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸਿੱਖ ਸੰਸਥਾ ਨੂੰ ਆਦੇਸ਼ ਦਿੱਤਾ ਕਿ ਜਦੋਂ ਤਕ ‘ਓ ਫਾਰਮ’ ਨਹੀਂ ਭੇਜੇ ਜਾਂਦੇ, ਉਸ ਵੇਲੇ ਤਕ ਨਵੇਂ ਮੈਂਬਰ ਨਾਮਜ਼ਦ ਨਾ ਕੀਤੇ ਜਾਣ। ਉਨ੍ਹਾਂ ਕਿਹਾ ਕਿ ਚੀਫ ਖਾਲਸਾ ਦੀਵਾਨ ਕੌਮ ਦੀ ਨਾਮਵਰ ਸੰਸਥਾ ਹੈ ਅਤੇ ਇਸ ਦੀ ਹੋਂਦ ਨੂੰ ਬਣਾਏ ਰੱਖਣਾ ਜ਼ਰੂਰੀ ਹੈ। 

ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਪਬਲੀਕੇਸ਼ਨ ਵਿਭਾਗ ਵਿਚੋਂ ਸਰੂਪ ਘਟਣ ਦੇ ਮਾਮਲੇ ਬਾਰੇ ਇਕ ਕਮੇਟੀ ਬਣਾਈ ਹੈ, ਜਿਸ ਵਿਚ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਮਾਨ ਸਿੰਘ, ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ, ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਕੰਗ, ਜਗਸੀਰ ਸਿੰਘ ਮਾਂਘੇਆਣਾ, ਗੁਰਤੇਜ ਸਿੰਘ ਢੰਡ, ਸਰਵਣ ਸਿੰਘ ਕੁਲਾਰ ਅਤੇ ਮੀਤ ਸਕੱਤਰ ਸਿਮਰਨਜੀਤ ਸਿੰਘ ਨੂੰ ਕੋਆਰਡੀਨੇਟਰ ਬਣਾਇਆ ਗਿਆ ਹੈ।