ਜਾਧਵ ਦੇ ਪਾਸਪੋਰਟ ਅਤੇ ਹੋਰਨਾਂ ਸਵਾਲਾਂ ਬਾਰੇ ਭਾਰਤ ਜਵਾਬ ਨਹੀਂ ਦੇ ਰਿਹਾ: ਪਾਕਿ

ਜਾਧਵ ਦੇ ਪਾਸਪੋਰਟ ਅਤੇ ਹੋਰਨਾਂ ਸਵਾਲਾਂ ਬਾਰੇ ਭਾਰਤ ਜਵਾਬ ਨਹੀਂ ਦੇ ਰਿਹਾ: ਪਾਕਿ

ਇਸਲਾਮਾਬਾਦ/ਬਿਊਰੋ ਨਿਊਜ਼:
ਪਾਕਿਸਤਾਨ ਨੇ ਕਿਹਾ ਹੈ ਕਿ ਮੌਤ ਦੀ ਸਜ਼ਾਯਾਫਤਾ ਕੁਲਭੂਸ਼ਨ ਜਾਧਵ ਦੇ ਪਾਸਪੋਰਟ ਅਤੇ ਉਸ ਦੀਆਂ ਸੇਵਾਵਾਂ ਦੇ ਵੇਰਵਿਆਂ ਬਾਰੇ ਸਵਾਲਾਂ ਦਾ ਭਾਰਤ ਨੇ ਕੋਈ ਜਵਾਬ ਨਹੀਂ ਦਿੱਤਾ ਹੈ, ਜੋ ਬੇਹੱਦ ‘ਅਫ਼ਸੋਸਨਾਕ’ ਹੈ। ਵਿਦੇਸ਼ ਦਫ਼ਤਰ ਦੇ ਤਰਜਮਾਨ ਡਾ. ਮੁਹੰਮਦ ਫੈਸਲ ਨੇ ਕਿਹਾ ਕਿ ਪਾਕਿਸਤਾਨ ਨੇ ‘ਭਾਰਤੀ ਜਲ ਸੈਨਾ ਦੇ ਕਮਾਂਡਰ ਕੁਲਭੂਸ਼ਨ ਜਾਧਵ’ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਨੇ ਪਾਕਿਸਤਾਨ ਵਿੱਚ ਕਈ ਅਤਿਵਾਦੀ ਘਟਨਾਵਾਂ ਵਿੱਚ ਸ਼ਮੂਲੀਅਤ ਕਬੂਲੀ ਹੈ। ਉਨ੍ਹਾਂ ਕਿਹਾ, ‘ਇਹ ਅਫਸੋਸਨਾਕ ਹੈ ਕਿ ਭਾਰਤ ਨੇ ਕਮਾਂਡਰ ਜਾਧਵ ਕੋਲ ਹੁਸੈਨ ਮੁਬਾਰਕ ਪਟੇਲ ਦਾ ਪਾਸਪੋਰਟ ਕਿਵੇਂ ਆਇਆ ਅਤੇ ਉਸ ਦੀ ਜਲ ਸੈਨਾ ਤੋਂ ਸੇਵਾਮੁਕਤੀ ਦੇ ਵੇਰਵਿਆਂ ਬਾਰੇ ਅਜੇ ਤਕ ਸਾਨੂੰ ਕੋਈ ਜਵਾਬ ਨਹੀਂ ਦਿੱਤਾ ਹੈ।’ ਜ਼ਿਕਰਯੋਗ ਹੈ ਕਿ 47 ਸਾਲਾ ਜਾਧਵ ਨੂੰ ਪਾਕਿਸਤਾਨੀ ਫ਼ੌਜੀ ਅਦਾਲਤ ਨੇ ਅਪਰੈਲ ਵਿੱਚ ਜਾਸੂਸੀ ਅਤੇ ਅਤਿਵਾਦ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਪਰ ਕੌਮਾਂਤਰੀ ਨਿਆਂ ਅਦਾਲਤ ਨੇ ਭਾਰਤ ਦੀ ਅਪੀਲ ‘ਤੇ ਮਈ ਵਿੱਚ ਇਸ ਸਜ਼ਾ ਨੂੰ ਰੋਕ ਦਿੱਤਾ ਸੀ।
ਪਾਕਿਸਤਾਨ ਦਾ ਦਾਅਵਾ ਹੈ ਕਿ ਜਾਧਵ ਦੇ ਇਰਾਨ ਤੋਂ ਗੜਬੜਗ੍ਰਸਤ ਬਲੋਚਿਸਤਾਨ ਸੂਬੇ ਵਿੱਚ ਦਾਖ਼ਲ ਹੋਣ ਉਤੇ ਉਸ ਦੇ ਸੁਰੱਖਿਆ ਬਲਾਂ ਨੇ 3 ਮਾਰਚ, 2016 ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਭਾਰਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਾਧਵ ਨੂੰ ਇਰਾਨ, ਜਿਥੇ ਉਹ ਸੇਵਾਮੁਕਤੀ ਬਾਅਦ ਕਾਰੋਬਾਰ ਕਰ ਰਿਹਾ ਸੀ, ਤੋਂ ਅਗਵਾ ਕਰ ਕੇ ਲਿਆਂਦਾ ਗਿਆ ਹੈ।